ਸਿੱਖ ਲੀਡਰਸ਼ਿਪ : ਸਿਖ਼ਰ ਤੋਂ ਪਤਨ ਦੀ ਰਾਹ ’ਤੇ

09/22/2023 6:01:16 PM

ਭਾਰਤ ਵਿਚ ਸਿੱਖਾਂ ਦੀ ਗਿਣਤੀ ਭਾਵੇਂ ਬਹੁਤ ਥੋੜ੍ਹੀ ਹੈ ਪਰ ਇਨ੍ਹਾਂ ਨੇ ਆਪਣੇ ਕਿਰਦਾਰ ਅਤੇ ਜਜ਼ਬੇ ਨਾਲ ਦੇਸ਼ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਸਿੱਖ ਧਰਮ ਦੀ ਸ਼ੁਰੂਆਤ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਸੰਪੂਰਨਤਾ ਕੀਤੀ। ਪਹਿਲੇ ਪੰਜ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਸਿਆਸਤ ਤੋਂ ਪਾਸੇ ਰੱਖਿਆ ਤੇ ਨਿਰੋਲ ਧਾਰਮਿਕਤਾ ਤੇ ਮਨੁੱਖਤਾ ਦੇ ਭਲੇ ਵੱਲ ਧਿਆਨ ਦਿੱਤਾ।

ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗਲ ਰਾਜੇ ਜਹਾਂਗੀਰ ਵਲੋਂ ਲਾਹੌਰ ਵਿਖੇ ਸ਼ਹੀਦ ਕਰ ਦੇਣ ਤੋਂ ਬਾਅਦ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਕਾਰਵਾਈ ਤੋਂ ਇਹ ਮਹਿਸੂਸ ਕਰ ਲਿਆ ਸੀ ਕਿ ਮੁਗ਼ਲ ਰਾਜ ਦੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਸਿੱਖ ਪੰਥ ਨੂੰ ਖੁਦ ਤਾਕਤਵਰ ਹੋਣਾ ਪਵੇਗਾ।

ਉਨ੍ਹਾਂ ਨੇ ਸਿੱਖਾਂ ਨੂੰ ਇਹ ਸੰਦੇਸ਼ ਦੇਣ ਲਈ ‘ਮੀਰੀ ਤੇ ਪੀਰੀ’ ਦੀਆਂ ਦੋ ਤਲਵਾਰਾਂ ਪਹਿਨਣੀਆਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਸਿੱਖ ਪੰਥ ਧਰਮ ਤੇ ਸ਼ਕਤੀ ਦੋਵਾਂ ਦਾ ਪ੍ਰਤੀਕ ਬਣ ਗਿਆ। ਇਸ ਤੋਂ ਬਾਅਦ ਨੌਵੇਂ ਗੁਰੂ ਸਾਹਿਬ ਦੀ ਕਸ਼ਮੀਰੀ ਪੰਡਿਤਾਂ ’ਤੇ ਮੁਗਲਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਦਿੱਤੀ ਗਈ ਸ਼ਹਾਦਤ ਨੇ ਇਸ ਪ੍ਰੰਪਰਾ ਨੂੰ ਹੋਰ ਵੀ ਤਾਕਤ ਦਿੱਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਕ ਤਾਕਤਵਰ ਫੌਜ ਤਿਆਰ ਕਰ ਕੇ ਮੁਗਲ ਹਕੂਮਤ ਨਾਲ ਜੰਗਾਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ।

ਗੁਰੂ ਸਾਹਿਬ ਨੇ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਸਿੱਖਾਂ ਨੂੰ ‘ਰਾਜ ਕਰੇਗਾ ਖਾਲਸਾ’ ਦਾ ਸੰਦੇਸ਼ ਦਿੱਤਾ ਤੇ 3 ਸਤੰਬਰ 1708 ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ 1710 ਨੂੰ ਸਰਹੰਦ ਫ਼ਤਿਹ ਕਰ ਕੇ ਗੁਰੂ ਜੀ ਦੇ ਉਦੇਸ਼ ਨੂੰ ਪੂਰਾ ਕੀਤਾ।

ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲੀਡਰਸ਼ਿਪ ਦੀ ਘਾਟ ਕਾਰਨ ਸਿੱਖ ਛੋਟੇ-ਛੋਟੇ ਗਰੁੱਪਾਂ, ਜਿਨ੍ਹਾਂ ਨੂੰ ਜਥਾ ਕਿਹਾ ਜਾਂਦਾ ਸੀ, ਵਿਚ ਵੰਡੇ ਗਏ ਅਤੇ ਇਕ ਲੰਬੇ ਅਰਸੇ ਬਾਅਦ 1748 ਵਿਚ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਇਹ ਸਾਰੇ ਗਰੁੱਪ ਦਲ ਖਾਲਸਾ ਦੇ ਨਿਸ਼ਾਨ ਥੱਲੇ ਇਕੱਠੇ ਹੋ ਗਏ। ਦਲ ਖਾਲਸਾ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਦਿੱਤੀ ਗਈ ਅਤੇ ਵੱਖ-ਵੱਖ 12 ਮਿਸਲਾਂ ਹੋਂਦ ਵਿਚ ਆਈਆਂ। ਇਨ੍ਹਾਂ 12 ਮਿਸਲਾਂ ਵਿਚ ਸਭ ਤੋਂ ਵੱਧ ਨਾਮੀ ਮਿਸਲ ਸ਼ੁਕਰਚੱਕੀਆ ਮਿਸਲ ਸੀ ਤੇ ਇਸ ਦੇ ਰਾਜੇ ਦਾ ਨਾਂ ਚੜ੍ਹਤ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੇ ਰਾਜਾ ਬਣੇ ਤੇ ਉਨ੍ਹਾਂ 1799 ’ਚ ਲਾਹੌਰ ’ਤੇ ਕਬਜ਼ਾ ਕਰ ਲਿਆ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਚਾਰ ਸੂਬਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਦੇ ਨਾਂ ਲਾਹੌਰ, ਪਿਸ਼ਾਵਰ, ਕਸ਼ਮੀਰ ਅਤੇ ਮੁਲਤਾਨ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਆਪਣੇ ਰਾਜ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਉਥੇ ਸਾਰੇ ਫ਼ਿਰਕਿਆਂ ਵਿਚ ਭਾਈਚਾਰਕ ਸਾਂਝ ਨੂੰ ਵੀ ਬਹੁਤ ਮਜ਼ਬੂਤ ਕਰਨ ਵਿਚ ਸਫਲਤਾ ਦਿਖਾਈ। ਮਹਾਰਾਜਾ ਰਣਜੀਤ ਸਿੰਘ ਦੀ ਫੌਜੀ ਤਾਕਤ ਤੋਂ ਅੰਗਰੇਜ਼ ਵੀ ਡਰਦੇ ਸਨ।

ਇਸ ਲਈ ਉਨ੍ਹਾਂ ਆਪਣੇ ਅਧੀਨ ਇਲਾਕੇ ਨੂੰ ਬਚਾਉਣ ਲਈ ਮਹਾਰਾਜਾ ਰਣਜੀਤ ਸਿੰਘ ਨਾਲ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਸੰਧੀ ਕੀਤੀ। 27 ਜੂਨ 1839 ਨੂੰ ਮਹਾਰਾਜਾ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਤੇ ਉਨ੍ਹਾਂ ਤੋਂ ਬਾਅਦ ਆਪਸੀ ਖਿੱਚੋਤਾਣ ਤੇ ਡੋਗਰਿਆਂ ਦੀ ਅੰਗਰੇਜ਼ਾਂ ਨਾਲ ਮਿਲੀਭੁਗਤ ਕਾਰਨ ਮਹਾਰਾਜਾ ਵਲੋਂ ਬਣਾਏ ਸਿੱਖ ਰਾਜ ਦਾ ਖ਼ਾਤਮਾ ਹੋ ਗਿਆ ਤੇ ਅੰਗਰੇਜ਼ਾਂ ਨੇ ਇਹ ਸਾਰਾ ਇਲਾਕਾ ਆਪਣੇ ਕਬਜ਼ੇ ਹੇਠ ਕਰ ਲਿਆ।

ਕੁਝ ਸਾਲਾਂ ਬਾਅਦ ਸਿੱਖਾਂ ਵਿਚ ਧਰਮ ਤਬਦੀਲੀ ਦਾ ਰੁਝਾਨ ਸ਼ੁਰੂ ਹੋ ਗਿਆ। ਕਈ ਸਿੱਖ ਇਸਾਈ ਬਣ ਗਏ ਤੇ ਇਸ ਦੇ ਜਵਾਬ ਵਿਚ ਉਸ ਸਮੇਂ ਦੇ ਸਿੱਖ ਆਗੂਆਂ ਵਲੋਂ 1870 ਵਿਚ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਗਈ, ਜਿਸ ਦੀ ਅਗਵਾਈ ਠਾਕਰ ਸਿੰਘ ਸੰਧਾਵਾਲੀਆ, ਜਵਾਹਰ ਸਿੰਘ ਕਪੂਰ ਤੇ ਗਿਆਨੀ ਦਿੱਤ ਸਿੰਘ ਆਦਿ ਨੇ ਕੀਤੀ ਤੇ ਇਸ ਲਹਿਰ ਦੇ ਸਾਰਥਕ ਨਤੀਜੇ ਮਿਲੇ ਅਤੇ ਸਿੱਖਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ।

ਬਾਅਦ ਵਿਚ ਅੰਗਰੇਜ਼ ਹਕੂਮਤ ਨੇ ਜਦੋਂ ਇਹ ਦੇਖਿਆ ਕਿ ਇਸ ਇਲਾਕੇ ਵਿਚ ਸਿੱਖ ਇਕ ਬਹੁਤ ਹੀ ਘੱਟ ਆਬਾਦੀ ਵਾਲਾ ਫਿਰਕਾ ਹੈ ਤੇ ਇਸ ਇਲਾਕੇ ਵਿਚ ਮੁਸਲਿਮ ਬਹੁ-ਗਿਣਤੀ ਵਿਚ ਹਨ ਤੇ ਹਿੰਦੂ ਆਬਾਦੀ ਦੂਜੇ ਨੰਬਰ ’ਤੇ ਹੈ ਤਾਂ ਅੰਗਰੇਜ਼ ਹਕੂਮਤ ਨੇ ਇਹ ਸਮਝ ਲਿਆ ਸੀ ਕਿ ਹਿੰਦੋਸਤਾਨ ’ਤੇ ਰਾਜ ਕਰਨ ਲਈ ਸਿੱਖਾਂ ਨੂੰ ਕਮਜ਼ੋਰ ਕਰਨਾ ਪਵੇਗਾ ਅਤੇ ਇਸੇ ਕਾਰਨ ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਆਪਸ ਵਿਚ ਪਾੜਨ ਦੀ ਨੀਤੀ ਅਪਣਾਈ।

ਅੰਗਰੇਜ਼ਾਂ ਨੂੰ ਇਹ ਪਤਾ ਲਗ ਚੁੱਕਾ ਸੀ ਕਿ ਸਿੱਖਾਂ ਨੂੰ ਇਹ ਤਾਕਤ ਗੁਰਦੁਆਰਿਆਂ ਤੋਂ ਮਿਲਦੀ ਹੈ ਤੇ ਗੁਰਦੁਆਰਿਆਂ ਕਾਰਨ ਹਿੰਦੂ-ਸਿੱਖ ਅਤੇ ਮੁਸਲਿਮ ਇਕੱਠੇ ਰਹਿੰਦੇ ਹਨ। ਇਹ ਇਕੱਠ ਤੋੜਨ ਲਈ ਅੰਗਰੇਜ਼ਾਂ ਨੇ ਭਾਸ਼ਾ ਦਾ ਸਹਾਰਾ ਲਿਆ ਅਤੇ ਹਿੰਦੀ ਨੂੰ ਹਿੰਦੂਆਂ ਨਾਲ, ਉਰਦੂ ਨੂੰ ਮੁਸਲਮਾਨਾਂ ਨਾਲ ਤੇ ਪੰਜਾਬੀ ਨੂੰ ਸਿੱਖਾਂ ਨਾਲ ਜੋੜ ਦਿੱਤਾ।

ਅੰਗਰੇਜ਼ਾਂ ਨੇ ਗੁਰਦੁਆਰਿਆਂ ਵਿਚ ਆਪਣੇ ਖਾਸ ਮਹੰਤਾਂ ਨੂੰ ਕਾਬਜ਼ ਕਰਵਾ ਕੇ ਰੱਖਿਆ। ਇਸ ਕਾਰਨ ਸਿੱਖਾਂ ਵੱਲੋਂ 1920 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੀ ਸੰਸਥਾ ਬਣਾਈ ਤੇ ਨਾਲ ਹੀ ਇਕ ਸਿਆਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਵੀ ਤਿਆਰ ਕੀਤਾ ਗਿਆ। ਆਖਿਰ ਇਸ ਕਮੇਟੀ ਵੱਲੋਂ ਚਲਾਏ ਗਏ ਮੋਰਚੇ ਅੱਗੇ ਨਾ ਟਿਕਦੇ ਹੋਏ ਅੰਗਰੇਜ਼ ਹਕੂਮਤ ਨੇ ਸਿੱਖ ਗੁਰਦੁਆਰਾ ਐਕਟ 1925 ਪਾਸ ਕਰ ਦਿੱਤਾ ਤੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲ ਆ ਗਿਆ।

ਆਜ਼ਾਦੀ ਮਿਲਣ ’ਤੇ ਸਿੱਖਾਂ ਦੀ ਤਕਰੀਬਨ 95 ਫੀਸਦੀ ਤੋਂ ਵੱਧ ਆਬਾਦੀ ਹਿੰਦੋਸਤਾਨ ਵਿਚ ਆ ਗਈ ਸੀ ਅਤੇ ਸਿੱਖਾਂ ਨੇ ਜਲਦੀ ਹੀ ਆਪਣੇ ਹੋਏ ਨੁਕਸਾਨ ਨੂੰ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੇ ਕਾਮਯਾਬੀਆਂ ਦੀਆਂ ਪੁਲਾਂਘਾਂ ਪੁੱਟੀਆਂ। ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਕਈ ਚੋਣਾਂ ਹੋਈਆਂ ਅਤੇ ਸਿੱਖ ਵੀ ਹੋਰਨਾਂ ਲੋਕਾਂ ਵਾਂਗ ਇਨ੍ਹਾਂ ਚੋਣਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ।

ਸਿੱਖਾਂ ਦੀ ਬਹੁਗਿਣਤੀ ਅਕਾਲੀ ਦਲ ਨਾਲ ਜੁੜੀ ਰਹੀ ਤੇ ਅਕਾਲੀ ਦਲ ਦੇ ਲੀਡਰਾਂ ਮਾਸਟਰ ਤਾਰਾ ਸਿੰਘ, ਹੁਕਮ ਸਿੰਘ, ਬਲਦੇਵ ਸਿੰਘ, ਗੁਰਨਾਮ ਸਿੰਘ, ਸੰਤ ਫ਼ਤਹਿ ਸਿੰਘ, ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਆਗੂਆਂ ਵਜੋਂ ਮਾਨਤਾ ਮਿਲਦੀ ਰਹੀ।

ਇਸ ਤੋਂ ਇਲਾਵਾ ਕਈ ਕਾਂਗਰਸੀ ਸਿੱਖ ਵੀ ਵੱਡੇ ਲੀਡਰਾਂ ਵਜੋਂ ਉਭਰਦੇ ਰਹੇ ਪਰ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਆਪਣੇ ਵਲੋਂ ਪਹਿਲਾਂ ਲਏ ਗਏ ਫੈਸਲਿਆਂ ਤੋਂ ਪਿਛਾਂਹ ਪਰਤਣ ਲੱਗਾ, ਜਿਸ ਕਾਰਨ ਪਿਛਲੀਆਂ ਕਈ ਚੋਣਾਂ ਤੋਂ ਬਾਅਦ ਪਹਿਲੀ ਵਾਰ 2017 ਵਿਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਤੋਂ ਵੀ ਅੱਗੇ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਤਿੰਨ ਸੀਟਾਂ ’ਤੇ ਸੁੰਗੜ ਕੇ ਰਹਿ ਗਈ। ਇਸ ਸਭ ਕੁਝ ਵਾਪਰਨ ਤੋਂ ਬਾਅਦ ਵੀ ਸਿੱਖ ਲੀਡਰਸ਼ਿਪ ਸਿੱਖਾਂ ਵਿਚ ਆਪਣੀ ਸਾਖ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੀ ਅਤੇ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ 6 ਫੀਸਦੀ ਤੋਂ ਕੁਝ ਪੁਆਇੰਟ ਵੱਧ ਵੋਟਾਂ ਹਾਸਲ ਕਰਨ ਵਿਚ ਹੀ ਕਾਮਯਾਬ ਹੋ ਸਕਿਆ।

ਅਜੋਕੇ ਸਮੇਂ ਵਿਚ ਕਈ ਅਕਾਲੀ ਦਲ ਹੋਂਦ ਵਿਚ ਆ ਚੁੱਕੇ ਹਨ। ਸਿੱਖਾਂ ਵਿਚ ਆਪਣੇ ਲੀਡਰਾਂ ਪ੍ਰਤੀ ਭਰੋਸਾ ਖਤਮ ਹੋ ਗਿਆ ਹੈ ਤੇ ਸਿੱਖ ਨੌਜਵਾਨ ਨਵੀਂ ਪੈਦਾ ਹੋਣ ਵਾਲੀ ਲੀਡਰਸ਼ਿਪ ਵੱਲ ਦੇਖਣ ਲੱਗੇ ਹਨ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਦੀ ਰਹਿਨੁਮਾਈ ਨੂੰ ਕਬੂਲ ਕਰਨ।

ਇਸ ਦੁਚਿੱਤੀ ਕਾਰਨ ਨੌਜਵਾਨ ਕੋਈ ਸਹੀ ਫੈਸਲਾ ਲੈਣ ਦੇ ਸਮਰੱਥ ਨਹੀਂ ਲੱਗ ਰਹੇ। ਇਨ੍ਹਾਂ ਹਾਲਾਤ ਵਿਚ ਸਿੱਖ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੰਗੇ ਕਿਰਦਾਰ ਵਾਲੇ ਚਿਹਰੇ ਅੱਗੇ ਲਿਆਉਣ ਅਤੇ ਪੰਜਾਬੀਆਂ ਲਈ ਠੋਸ ਪ੍ਰੋਗਰਾਮ ਉਲੀਕਣ, ਨਹੀਂ ਤਾਂ ਨੌਜਵਾਨੀ ਤਾਂ ਕੁਰਾਹੇ ਪਵੇਗੀ ਹੀ ਸਗੋਂ ਸਿੱਖ ਲੀਡਰਸ਼ਿਪ ਵੀ ਹੌਲੀ-ਹੌਲੀ ਪਤਨ ਦੇ ਰਾਹ ਪੈ ਜਾਵੇਗੀ।

ਇਕਬਾਲ ਸਿੰਘ ਚੰਨੀ

Rakesh

This news is Content Editor Rakesh