''ਉਹ ਮੈਨੂੰ ਕੁੱਟਦੀ ਹੈ ਅਤੇ ਸੈਕਸ ਲਈ ਮਜਬੂਰ ਕਰਦੀ ਹੈ''

11/22/2017 4:14:49 AM

ਵਿਜੇ ਬੱਤਰਾ ਦਾ ਕਹਿਣਾ ਹੈ ਕਿ ਜਦੋਂ ਆਪਣੀ ਪਤਨੀ ਦੀਆਂ ਪੋਰਨੋਗ੍ਰਾਫਿਕ ਖੁਸ਼ਫਹਿਮੀਆਂ ਸਮੇਤ ਉਸ ਦੀ ਕਾਮ ਵਾਸਨਾ ਦੀ ਪੂਰਤੀ ਕਰਨ 'ਚ ਉਹ ਨਾਕਾਮ ਰਿਹਾ ਤਾਂ ਉਸ ਨੇ ਉਸ ਨਾਲ ਜੋ ਸਲੂਕ ਕੀਤਾ, ਉਸ ਕਾਰਨ ਉਸ ਨੂੰ 4 ਰਾਤਾਂ ਸੜਕਾਂ 'ਤੇ ਗੁਜ਼ਾਰਨ ਲਈ ਮਜਬੂਰ ਹੋਣਾ ਪਿਆ।
ਵਿਜੇ ਨੇ ਦੱਸਿਆ ਕਿ ਸਿਰਫ 6 ਮਹੀਨਿਆਂ ਤਕ ਚੱਲੇ ਵਿਆਹੁਤਾ ਜੀਵਨ ਵਿਚ ਉਹ ਜਦੋਂ ਵੀ ਆਪਣੀ ਪਤਨੀ ਦੀ ਕਾਮ ਵਾਸਨਾ ਦੀ ਪੂਰਤੀ ਕਰਨ ਤੋਂ ਇਨਕਾਰ ਕਰਦਾ, ਉਦੋਂ-ਉਦੋਂ ਉਸ ਨੂੰ ਨਾ ਸਿਰਫ ਅਪਮਾਨਿਤ ਹੋਣਾ ਪਿਆ, ਸਗੋਂ ਮਾਰ-ਕੁਟਾਈ ਵੀ ਝੱਲਣੀ ਪਈ। 
ਉਸ ਨੇ ਦੱਸਿਆ, ''ਇਥੋਂ ਤਕ ਕਿ ਬੁਖਾਰ ਦੀ ਸਥਿਤੀ 'ਚ ਵੀ ਉਹ ਮੈਨੂੰ ਸੈਕਸ ਕਰਨ ਲਈ ਮਜਬੂਰ ਕਰਦੀ ਸੀ ਅਤੇ ਕਹਿੰਦੀ ਸੀ ਕਿ ਪਤੀ ਹੋਣ ਦੇ ਨਾਤੇ ਮੈਨੂੰ ਉਸ ਦੀ ਹਰੇਕ ਸੈਕਸ ਉਤੇਜਨਾ ਦੀ ਪੂਰਤੀ ਕਰਨੀ ਪਵੇਗੀ। ਉਹ ਬੁਰੇ ਸਲੂਕ ਤੋਂ ਬਾਜ਼ ਨਹੀਂ ਆਉਂਦੀ ਸੀ ਤੇ ਅਕਸਰ ਮੈਨੂੰ ਇੰਨੀ ਬੁਰੀ ਤਰ੍ਹਾਂ ਦੰਦੀਆਂ ਵੱਢਦੀ ਕਿ ਖੂਨ ਵਗਣ ਲੱਗਦਾ ਸੀ।''
ਹਾਰ ਕੇ ਉਹ ਆਪਣੀ ਪਤਨੀ ਦੇ ਸਲੂਕ ਵਿਰੁੱਧ ਸ਼ਿਕਾਇਤ ਕਰਨ ਲਈ ਪੁਲਸ ਕੋਲ ਗਿਆ ਪਰ ਪੁਲਸ ਨੇ ਉਸ ਨੂੰ ਕਿਹਾ ਕਿ ਇਸ ਮਾਮਲੇ ਵਿਚ ਉਹ ਕੁਝ ਨਹੀਂ ਕਰ ਸਕਦੀ ਕਿਉਂਕਿ ਪਤਨੀ ਦੇ ਯੌਨ ਹਮਲਿਆਂ ਤੋਂ ਪਤੀ ਨੂੰ ਬਚਾਉਣ ਲਈ ਕਾਨੂੰਨ 'ਚ ਕੋਈ ਵਿਵਸਥਾ ਨਹੀਂ ਹੈ। 
ਇਕ ਪਾਸੇ ਤਾਂ ਭਾਰਤ ਵਿਚ 'ਬਲਾਤਕਾਰ' ਨੂੰ ਅਪਰਾਧਿਕ ਕਾਰਾ ਕਰਾਰ ਦਿੱਤੇ ਜਾਣ ਦੀ ਦੁਹਾਈ ਮਚੀ ਹੋਈ ਹੈ, ਜਦਕਿ ਦੂਜੇ ਪਾਸੇ ਵਿਜੇ ਬੱਤਰਾ ਵਰਗੇ ਲੋਕ ਆਪਣੀਆਂ ਪਤਨੀਆਂ ਹੱਥੋਂ ਯੌਨ ਹਿੰਸਾ ਦਾ ਸ਼ਿਕਾਰ ਹਨ ਪਰ ਇਸ ਦੀ ਮੀਡੀਆ ਵਿਚ ਚਰਚਾ ਨਹੀਂ ਹੁੰਦੀ। ਸਪੱਸ਼ਟ ਹੈ ਕਿ ਉਨ੍ਹਾਂ ਕੋਲ ਤਲਾਕ ਦੀ ਅਰਜ਼ੀ ਦੇਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਪਰ ਤਲਾਕ ਉਨ੍ਹਾਂ ਨੂੰ ਵਿੱਤੀ ਅਤੇ ਭਾਵਨਾਤਮਕ ਤੌਰ 'ਤੇ ਤਬਾਹ ਕਰ ਦਿੰਦਾ ਹੈ। 
ਬੀਤੇ ਐਤਵਾਰ 'ਕੌਮਾਂਤਰੀ ਪੁਰਸ਼ ਦਿਵਸ' ਮੌਕੇ ਕੌਮੀ ਰਾਜਧਾਨੀ ਖੇਤਰ ਵਿਚ ਕਈ ਦਰਜਨ ਮਰਦਾਂ ਨੇ ਗੁਰੂਗ੍ਰਾਮ ਦੀ ਲਈਅਰ ਵੈਲੀ ਗਰਾਊਂਡ ਤੋਂ ਲੈ ਕੇ ਲਾਲ ਕਿਲੇ ਤਕ ਇਕ ਰੈਲੀ ਕੱਢੀ ਤਾਂ ਕਿ ਵਿਆਹੁਤਾ ਜੀਵਨ ਵਿਚ 'ਜ਼ਬਰਦਸਤੀ ਸੈਕਸ' ਨੂੰ ਅਪਰਾਧਿਕ ਕਰਾਰ ਦੇਣ ਵਿਰੁੱਧ ਲੋਕ-ਰਾਏ ਬਣ ਸਕੇ ਕਿਉਂਕਿ ਇਹ ਮਾਮਲਾ ਇਸ ਸਮੇਂ ਦਿੱਲੀ ਹਾਈਕੋਰਟ ਦੇ ਵਿਚਾਰ-ਅਧੀਨ ਹੈ। 
ਪਤਨੀ ਪੀੜਤ ਮਰਦਾਂ ਲਈ ਬਣੀ ਐੱਸ. ਆਈ. ਐੱਫ. ਨਾਮੀ ਹੈਲਪਲਾਈਨ ਨੂੰ ਦੇਸ਼ ਭਰ 'ਚੋਂ ਹਰ ਮਹੀਨੇ 5000 ਤੋਂ ਜ਼ਿਆਦਾ ਫੋਨ ਆਉਂਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਫੋਨ ਅਜਿਹੇ ਪਤੀਆਂ ਵਲੋਂ ਕੀਤੇ ਜਾਂਦੇ ਹਨ, ਜੋ ਆਪਣੀਆਂ ਪਤਨੀਆਂ ਹੱਥੋਂ ਘਰੇਲੂ ਹਿੰਸਾ ਦੇ ਸ਼ਿਕਾਰ ਹਨ। ਇਹ ਹਿੰਸਾ ਸਰੀਰਕ ਵੀ ਹੁੰਦੀ ਹੈ ਤੇ ਸੈਕਸ ਹਮਲੇ ਦੇ ਰੂਪ ਵਿਚ ਵੀ ਪਰ ਜਿਸ ਦਿਨ ਪਤੀ ਨੇ ਆਪਣੀ ਪਤਨੀ ਦੀ ਕਾਮ ਵਾਸਨਾ ਸ਼ਾਂਤ ਕਰਨ ਤੋਂ ਇਨਕਾਰ ਕੀਤਾ, ਉਸੇ ਦਿਨ ਉਸ 'ਤੇ ਕਈ ਮਨਘੜਤ ਮਾਮਲੇ ਦਰਜ ਹੋ ਗਏ ਅਤੇ ਅਜਿਹੇ ਕਈ ਪਤੀ ਸਮਾਜਿਕ ਅਪਮਾਨ ਝੱਲਣ ਦੇ ਨਾਲ-ਨਾਲ ਅਦਾਲਤਾਂ ਵਿਚ ਮੁਕੱਦਮਿਆਂ ਦਾ ਸਾਹਮਣਾ ਵੀ ਕਰ ਰਹੇ ਹਨ। 
36 ਸਾਲਾ ਰਾਕੇਸ਼ ਜੋਸ਼ੀ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਸੈਕਸ ਤੋਂ ਇਨਕਾਰ ਕਰਦਾ ਸੀ, ਉਸ ਦੀ ਪਤਨੀ ਉਸ 'ਤੇ ਸਰੀਰਕ ਹਮਲਾ ਕਰ ਦਿੰਦੀ ਸੀ। ਸ਼ੁਰੂ ਵਿਚ ਤਾਂ ਉਹ ਉਸ ਨੂੰ ਭਾਵਨਾਤਮਕ ਤੌਰ 'ਤੇ ਵੀ ਅਪਮਾਨਿਤ ਕਰਦੀ ਰਹੀ। 
ਜੋਸ਼ੀ ਇਕ ਕਾਲ ਸੈਂਟਰ ਵਿਚ ਕੰਮ ਕਰਦਾ ਸੀ, ਜਿਥੇ ਕਈ ਵਾਰ ਉਹ ਇੰਨਾ ਥੱਕ ਜਾਂਦਾ ਸੀ ਕਿ ਸੈਕਸ ਕਰਨ ਦੀ ਸਥਿਤੀ ਵਿਚ ਹੀ ਨਹੀਂ ਹੁੰਦਾ ਸੀ ਪਰ ਉਸ ਦੀ ਪਤਨੀ ਸੈਕਸ ਤੋਂ ਇਨਕਾਰ ਕਰਨ 'ਤੇ ਉਸ ਨੂੰ ਨਾਮਰਦ ਹੋਣ ਦਾ ਉਲਾਂਭਾ ਦਿੰਦੀ ਤੇ ਬਲੈਕਮੇਲ ਕਰਦੀ ਸੀ। ਅਜਿਹੀ ਸਥਿਤੀ 'ਚ ਮਜਬੂਰ ਹੋ ਕੇ ਉਸ ਨੂੰ ਉਸ ਨਾਲ ਸੈਕਸ ਕਰਨਾ ਪੈਂਦਾ ਸੀ। 
ਜਦੋਂ ਜੋਸ਼ੀ ਨੇ ਆਪਣੀ ਪਤਨੀ ਵਲੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਤਾਂ ਉਸ ਦੀ ਪਤਨੀ ਨੇ ਉਸੇ ਦਿਨ ਪੁਲਸ ਬੁਲਾ ਲਈ ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਇਕ ਦਿਨ ਤਾਂ ਉਹ ਸੈਕਸ ਕਰਨ ਦੀ ਨੀਅਤ ਨਾਲ ਭੁੱਖੀ ਸ਼ੇਰਨੀ ਵਾਂਗ ਉਸ 'ਤੇ ਟੁੱਟ ਪਈ ਪਰ ਜਿਵੇਂ ਹੀ ਉਸ ਨੇ ਪਤਨੀ ਨੂੰ ਧੱਕਾ ਦੇ ਕੇ ਪਿਛਾਂਹ ਕੀਤਾ, ਉਸ ਨੇ ਫੋਨ ਕਰ ਕੇ ਪੁਲਸ ਬੁਲਾ ਲਈ। ਆਖਿਰ ਉਨ੍ਹਾਂ ਦੀ ਮਕਾਨ ਮਾਲਕਣ ਨੇ ਵਿਚ ਪੈ ਕੇ ਕਿਸੇ ਤਰ੍ਹਾਂ ਮਾਮਲਾ ਸੁਲਝਾਇਆ।
ਅਜਿਹੇ ਪਤਨੀ-ਪੀੜਤ ਮਰਦਾਂ ਦਾ ਕਹਿਣਾ ਹੈ ਕਿ ਉਹ ਸਮਾਜ ਵਿਚ ਮਜ਼ਾਕ ਦੇ ਪਾਤਰ ਬਣ ਗਏ ਹਨ। ਦਿੱਲੀ ਦੇ 35 ਸਾਲਾ ਵਪਾਰੀ ਸੂਰਜ ਤਿਆਗੀ ਦੀ ਪਤਨੀ ਨੇ ਉਸ ਨੂੰ ਸਿੱਧੇ ਤੌਰ 'ਤੇ ਧਮਕਾਉਂਦਿਆਂ ਕਿਹਾ ਕਿ ਜੇ ਉਸ ਨੇ ਉਸ ਦੀ ਕਾਮ ਵਾਸਨਾ ਸ਼ਾਂਤ ਨਾ ਕੀਤੀ ਤਾਂ ਉਹ ਕਿਸੇ ਹੋਰ ਮਰਦ ਨਾਲ ਨਾਜਾਇਜ਼ ਸੰਬੰਧ ਬਣਾ ਲਵੇਗੀ। ਇਹ ਔਰਤ ਘਰ ਦਾ ਕੋਈ ਕੰਮ ਨਹੀਂ ਕਰਦੀ ਤੇ ਆਪਣੇ ਬੇਟੇ ਲਈ ਖਾਣਾ ਵੀ ਸੂਰਜ ਨੂੰ ਹੀ ਬਣਾਉਣਾ ਪੈਂਦਾ ਹੈ ਤੇ ਸਕੂਲ ਤੋਂ ਉਸ ਨੂੰ ਲਿਆਉਣ-ਲਿਜਾਣ ਤੋਂ ਲੈ ਕੇ ਹੋਮਵਰਕ ਤਕ ਕਰਵਾਉਣਾ ਪੈਂਦਾ ਹੈ। 
ਬੀਤੇ ਐਤਵਾਰ ਰੈਲੀ ਕੱਢਣ ਵਾਲੇ 'ਮੈਨ ਵੈੱਲਫੇਅਰ ਟਰੱਸਟ' ਦੇ ਪ੍ਰਧਾਨ ਅਮਿਤ ਲਖਾਨੀ ਨੇ ਦੋਸ਼ ਲਾਇਆ ਹੈ ਕਿ ਅਜਿਹੀਆਂ ਸਥਿਤੀਆਂ ਦੇ ਬਾਵਜੂਦ ਭਾਰਤੀ ਪਤੀਆਂ ਨੂੰ ਜਾਣਬੁੱਝ ਕੇ ਅਜਿਹੇ ਦਰਿੰਦਿਆਂ ਵਜੋਂ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਵੇਂ ਉਹ ਕਿਸੇ ਵੀ ਪਲ ਬਲਾਤਕਾਰ ਨੂੰ ਅੰਜਾਮ ਦੇਣ ਲਈ ਉਤਾਵਲੇ ਹੋਣ, ਜਦਕਿ ਹਰੇਕ ਔਰਤ ਨੂੰ ਹਰ ਵੇਲੇ ਆਪਣੇ ਪਤੀ ਦੀ ਸਰੀਰਕ ਤੇ ਯੌਨ ਹਿੰਸਾ ਦੀ ਸ਼ਿਕਾਰ ਵਜੋਂ ਚਿਤਰਿਤ ਕੀਤਾ ਜਾਂਦਾ ਹੈ।