ਸ਼ਾਹ ਫੈਸਲ ਦੇ ‘ਹਸੀਨ ਸੁਪਨੇ’

01/18/2019 7:18:37 AM

ਸੰਨ 2010 ਦੇ ਯੂ. ਪੀ. ਐੱਸ. ਸੀ. ਟਾਪਰ, ਜੰਮੂ-ਕਸ਼ਮੀਰ ਦੇ ਆਈ. ਏ. ਐੱਸ. ਸ਼ਾਹ ਫੈਸਲ  ਨੇ ਅਸਤੀਫਾ ਦੇ ਦਿੱਤਾ ਤੇ ਅੱਜਕਲ ਉਹ ਮੀਡੀਆ ’ਚ ਛਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਤੀਫਾ ਰਕਾਰ ਲਈ ਚੁਣੌਤੀ ਹੈ। ਅਸਤੀਫਾ ਦੇਣ ਦੀ ਵਜ੍ਹਾ ਦੱਸਦਿਅਾਂ ਉਨ੍ਹਾਂ ਕਿਹਾ ਕਿ ਉਹ ਕਸ਼ਮੀਰੀ ਲੋਕਾਂ ਦੀਅਾਂ ਆਏ ਦਿਨ ਹੋਣ ਵਾਲੀਅਾਂ ਹੱਤਿਆਵਾਂ ਤੋਂ ਪ੍ਰੇਸ਼ਾਨ ਹਨ, ਨੌਜਵਾਨਾਂ ਨੂੰ ਪੜ੍ਹ-ਲਿਖ ਲੈਣ ਤੋਂ ਬਾਅਦ ਬੰਦੂਕ ਹੀ ਚੁੱਕਣੀ ਪੈ ਰਹੀ ਹੈ, ਇਸ ਲਈ ਉਹ ਨੌਜਵਾਨਾਂ ਵਾਸਤੇ ਕੁਝ ਕਰਨਾ ਚਾਹੁੰਦੇ ਹਨ। 
ਦੱਸ ਦੇਈਏ ਕਿ ਸ਼ਾਹ  ਫੈਸਲ  ਦੇ ਪਿਤਾ ਨੂੰ ਅੱਤਵਾਦੀਅਾਂ ਨੇ ਮਾਰ ਦਿੱਤਾ ਸੀ। ਆਪਣੇ ਬਿਆਨਾਂ ’ਚ ਉਹ ਕਸ਼ਮੀਰੀ  ਪੰਡਿਤਾਂ ਦੀ ਵਾਪਸੀ ਦੀ ਗੱਲ ਤਾਂ ਕਰਦੇ ਹਨ ਪਰ ਅੱਤਵਾਦੀ ਬਣ ਜਾਣ ਵਾਲੇ ਨੌਜਵਾਨਾਂ ਪ੍ਰਤੀ ਹਮਦਰਦੀ ਰੱਖਦੇ ਵੀ ਨਜ਼ਰ ਆਉਂਦੇ ਹਨ। ਹਾਲਾਂਕਿ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜੇ ਕੋਈ ਫੌਜ ਦਾ ਜਵਾਨ ਮਾਰਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੁੱਖ ਹੁੰਦਾ ਹੈ। 
ਫੈਸਲ ਨੇ ਕਿਹਾ ਕਿ ਫੁੱਲਬ੍ਰਾਈਟ ਸਕਾਲਰਸ਼ਿਪ ’ਤੇ ਜਦੋਂ ਉਹ ਹਾਰਵਰਡ (ਅਮਰੀਕਾ) ਪੜ੍ਹਨ ਗਏ ਤਾਂ ਉਨ੍ਹਾਂ ਨੂੰ ਕਸ਼ਮੀਰ ਦੇ ਲੋਕਾਂ ਦੇ ਦੁੱਖਾਂ ਦਾ ਜ਼ਿਆਦਾ ਅਹਿਸਾਸ ਹੋਇਆ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਸ਼ਮੀਰ ਬਾਰੇ ਅਮਰੀਕੀ ਯੂਨੀਵਰਸਿਟੀਅਾਂ ਦੀ ਰਾਏ ਭਾਰਤ ਸਰਕਾਰ ਨਾਲੋਂ ਕਿੰਨੀ ਵੱਖਰੀ ਹੈ, ਬੇਸ਼ੱਕ ਅਸੀਂ ਦਿਨ-ਰਾਤ ਉਸ ਨਾਲ ਆਪਣੀ ਮਿੱਤਰਤਾ ਦਾ ਰਾਗ ਅਲਾਪਦੇ ਰਹੀਏ। 
ਸੱਚ ਤਾਂ ਇਹ ਹੈ ਕਿ ਕਸ਼ਮੀਰ ’ਚ ਹੁਣ ਕਿਸੇ ਵੀ ਸਿਆਸੀ ਪਾਰਟੀ ’ਚ ਇਹ ਹਿੰਮਤ ਨਹੀਂ ਕਿ ਉਹ ਅੱਤਵਾਦੀਅਾਂ ਦਾ ਵਿਰੋਧ ਕਰ ਸਕੇ। ਸ਼ਾਹ ਫੈਸਲ  ਸੁਪਨਾ ਦੇਖ ਰਹੇ ਹਨ ਤਾਂ ਜ਼ਰੂਰ ਦੇਖਣ। ਯਾਦ ਕਰਨ ਵਾਲੀ ਗੱਲ ਹੈ ਕਿ ਮਹਿਬੂਬਾ ਮੁਫਤੀ ਦੀ ਭੈਣ ਰੂਬੀਆ ਸਈਦ ਨੂੰ ਅੱਤਵਾਦੀ ਅਗਵਾ ਕਰ ਕੇ ਲੈ ਗਏ ਸਨ ਅਤੇ ਉਸ ਨੂੰ ਛੁੱਡਵਾਉਣ ਬਦਲੇ ਭਾਰਤ ਸਰਕਾਰ ਨੂੰ ਕਈ ਅੱਤਵਾਦੀ ਰਿਹਾਅ ਕਰਨੇ ਪਏ ਸਨ, ਜਿਨ੍ਹਾਂ ’ਚ ਪਾਕਿਸਤਾਨ ਦਾ ਖਤਰਨਾਕ ਅੱਤਵਾਦੀ ਹਾਫਿਜ਼ ਸਈਦ ਵੀ ਸ਼ਾਮਿਲ ਸੀ, ਜਿਹੜਾ ਅੱਜ ਤਕ ਭਾਰਤ ਲਈ ਸਿਰਦਰਦ ਬਣਿਆ ਹੋਇਆ ਹੈ। 
ਉਦੋਂ ਰੂਬੀਆ ਤੇ ਮਹਿਬੂਬਾ ਦੇ ਪਿਤਾ ਮੁਫਤੀ ਮੁਹੰਮਦ ਸਈਦ ਸਰਕਾਰ ’ਚ ਗ੍ਰਹਿ ਮੰਤਰੀ ਸਨ ਪਰ ਮਹਿਬੂਬਾ ਵੀ ਅੱਤਵਾਦੀਅਾਂ ਨਾਲ ਅਕਸਰ ਹਮਦਰਦੀ ਪ੍ਰਗਟਾਉਂਦੀ ਰਹਿੰਦੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਗਵਰਨਰ ਜਗਮੋਹਨ ਨੇ ਆਪਣੀ ਕਿਤਾਬ ’ਚ ਪੀ. ਡੀ. ਪੀ. ਨੂੰ ਅੱਤਵਾਦੀਅਾਂ ਤੇ ਵੱਖਵਾਦੀਅਾਂ ਦੀ ਸਭ ਤੋਂ ਵੱਡੀ ਸਮਰਥਕ ਪਾਰਟੀ ਕਿਹਾ ਸੀ। ਜਗਮੋਹਨ ਖ਼ੁਦ ਇਕ ਵੱਡੇ ਨੌਕਰਸ਼ਾਹ ਸਨ। ਹੁਣ ਸ਼ਾਹ ਫੈਸਲ  ਕਿਹੜੀ ਨਵੀਂ ਲਕੀਰ ਖਿੱਚਣਗੇ, ਇਹ ਤਾਂ ਉਹੀ ਜਾਣਨ। 
ਯਾਦ ਰਹੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਯੂ. ਪੀ. ਐੱਸ. ਸੀ. ਕਰਨ ਤੋਂ ਬਾਅਦ ਆਈ. ਆਰ. ਐੱਸ. ਅਫਸਰ ਹਨ। ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਿਆਸਤ ’ਚ ਆਏ ਪਰ ਸਿਆਸਤ ’ਚ ਜਿੰਨੀ ਸਫਲਤਾ ਉਨ੍ਹਾਂ ਨੂੰ ਮਿਲੀ,  ਓਨੀ ਅਕਸਰ ਵੱਡੇ ਅਫਸਰਾਂ ਨੂੰ ਨਹੀਂ ਮਿਲਦੀ। 
ਕਾਲਖ ਤੋਂ ਬਚ ਨਹੀਂ ਸਕਦੇ ਫੈਸਲ 
ਸ਼ਾਹ ਫੈਸਲ ਨੇ ਜਿਵੇਂ ਹੀ ਅਸਤੀਫਾ ਦਿੱਤਾ, ਸਿਆਸੀ ਪਾਰਟੀਅਾਂ ਉਨ੍ਹਾਂ ਨੂੰ  ‘ਬੋਚਣ’ ਲਈ ਦੌੜ  ਪਈਅਾਂ ਪਰ ਸ਼ਾਹ ਨੇ ਕਿਹਾ ਹੈ ਕਿ ਉਹ ਅਜੇ ਸੋਚ-ਵਿਚਾਰ ਕਰ ਰਹੇ ਹਨ। ਉਹ ਚੋਣਾਂ  ਤਾਂ ਲੜਨਾ ਚਾਹੁੰਦੇ ਹਨ ਪਰ ਕਿਸ ਪਾਰਟੀ ਵਲੋਂ, ਇਸ ਦਾ ਅਜੇ ਫੈਸਲਾ ਨਹੀਂ ਕੀਤਾ। ਅਜੇ ਉਹ ਸਿਆਸਤ ’ਚ ਨਵੇਂ ਹਨ, ਇਸ ਲਈ ਉਨ੍ਹਾਂ ਦੇ ਬਿਆਨਾਂ ’ਚ ਸਾਦਗੀ ਤੇ ਈਮਾਨਦਾਰੀ ਹੈ ਪਰ ਛੇਤੀ ਹੀ ਉਹ ਵੀ ਬਾਕੀ ਨੇਤਾਵਾਂ ਵਰਗੇ ਬਣ ਜਾਣਗੇ ਕਿਉਂਕਿ ਸਿਆਸਤ ਇੰਨੀ ਗੰਦੀ ਹੋ ਚੁੱਕੀ ਹੈ ਕਿ ਉਹ ਵੀ ਕਾਲਖ ਤੋਂ ਬਚ ਨਹੀਂ ਸਕਣਗੇ।
ਇਸ ਤੋਂ ਇਲਾਵਾ ਸ਼ਾਹ ਫੈਸਲ ਕਸ਼ਮੀਰ ’ਚ ਬੇਹੱਦ ਹਰਮਨਪਿਆਰੇ ਹਨ। ਜਦੋਂ ਉਨ੍ਹਾਂ ਨੇ ਯੂ. ਪੀ. ਐੱਸ. ਸੀ. ’ਚ ਟੌਪ ਕੀਤਾ ਸੀ ਤਾਂ ਉਨ੍ਹਾਂ ਨੂੰ ਕਸ਼ਮੀਰ ਦੀ ਬਦਲਦੀ ਧਾਰਾ ਤੇ ਨੌਜਵਾਨਾਂ ਦੇ ਰੋਲ ਮਾਡਲ ਵਾਂਗ ਪੇਸ਼ ਕੀਤਾ ਗਿਆ ਸੀ, ਉਨ੍ਹਾਂ ਦੇ ਪੋਸਟਰ ਲਾਏ ਗਏ ਸਨ। ਇਥੇ ਉਹ ਵੱਡੇ-ਵੱਡੇ ਅਹੁਦਿਅਾਂ ’ਤੇ ਰਹੇ ਹਨ ਤੇ ਹੁਣ ਸੋਚ ਰਹੇ ਹਨ ਕਿ ਸਿਆਸਤ ’ਚ ਵੀ ਉਨ੍ਹਾਂ ਨੂੂੰ ਓਨੀ ਹੀ ਸਫਲਤਾ ਮਿਲੇਗੀ। ਉਨ੍ਹਾਂ ਦੀ ਹਰਮਨਪਿਆਰਤਾ ਵੋਟਾਂ ’ਚ ਬਦਲ ਜਾਵੇ, ਇਹ ਜ਼ਰੂਰੀ ਨਹੀਂ। 
ਪਿੱਛੇ ਜਿਹੇ ਛੱਤੀਸਗੜ੍ਹ ’ਚ ਚੋਣਾਂ ਤੋਂ ਪਹਿਲਾਂ ਰਾਏਪੁਰ ਦੇ ਇਕ ਕਲੈਕਟਰ ਓ. ਪੀ. ਚੌਧਰੀ ਨੇ ਆਈ. ਏ. ਐੱਸ. ਦੀ ਨੌਕਰੀ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ। ਚੌਧਰੀ ਬਹੁਤ ਹਰਮਨਪਿਆਰੇ ਸਨ। ਇਸੇ ਕਰਕੇ ਭਾਜਪਾ ਨੇ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਇਕ ਚੋਣ ਸਭਾ ਦੌਰਾਨ ਚੌਧਰੀ ਨੇ ਵੋਟਰਾਂ ਨੂੰ ਕਿਹਾ ਕਿ ‘‘ਜਾਂ ਤਾਂ ਮੇਰਾ ਸਾਥ ਦੇਣਾ, ਨਹੀਂ ਤਾਂ ਮੈਂ ਕਹਿਰ ਬਣ ਕੇ ਟੁੱਟਾਂਗਾ।’’ 
ਸੋਚੋ, ਜਿਹੜੇ ਵੋਟਰਾਂ ਅੱਗੇ ਚੋਣਾਂ ਦੌਰਾਨ ਵੱਡੇ-ਵੱਡੇ ਨੇਤਾ ਹੱਥ ਜੋੜਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਧਮਕਾਉਣਾ....? ਨਤੀਜਾ ਕੀ ਨਿਕਲਿਆ, ਚੌਧਰੀ ਚੋਣਾਂ ਹਾਰ ਗਏ। ਨਾ ਉਹ ਕਲੈਕਟਰ ਰਹੇ ਤੇ ਨਾ ਹੀ ਨੇਤਾ ਬਣ ਸਕੇ। 
ਅਫਸਰਾਂ ਦੀ ਗਲਤਫਹਿਮੀ
ਅੱਜ ਵੀ ਸਾਡੇ ਦੇਸ਼ ’ਚ ਆਈ. ਏ. ਐੱਸ. ਅਫਸਰਾਂ ਕੋਲ ਬਹੁਤ ਸਾਰੇ ਅਧਿਕਾਰ ਹਨ। ਇਕ ਕਲੈਕਟਰ ਅਤੇ ਡੀ. ਐੱਮ. ਨੂੰ ਤਾਂ ਜ਼ਿਲੇ ਦਾ ਮਾਲਕ ਕਿਹਾ ਜਾਂਦਾ ਹੈ, ਇਸ ਲਈ ਇਨ੍ਹਾਂ ਅਫਸਰਾਂ ਨੂੰ ਗਲਤਫਹਿਮੀ ਹੋ ਜਾਂਦੀ ਹੈ ਕਿ ਉਹ ਜੋ ਚਾਹੁਣ ਕਰ ਸਕਦੇ ਹਨ,  ਜੇ ਉਹ ਕਾਮਯਾਬ ਅਫਸਰ ਹਨ ਤਾਂ ਉਹ ਕਾਮਯਾਬ ਰਾਜਨੇਤਾ ਵੀ ਬਣ ਸਕਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਅਸਲੀ ਤਾਕਤ ਉਨ੍ਹਾਂ ਦੇ ਅਹੁਦੇ ਦੀ ਹੁੰਦੀ ਹੈ। ਇਸ ਲਈ ਵੱਡੇ-ਵੱਡੇ ਨੇਤਾ ਵੀ ਆਪਣੇ ਕੰਮ ਕਢਵਾਉਣ ਲਈ ਉਨ੍ਹਾਂ ਨੂੰ ਸਲਾਮ ਕਰਦੇ ਹਨ। 
ਬਹੁਤ ਘੱਟ ਆਈ. ਏ. ਐੱਸ. ਅਫਸਰ ਅਜਿਹੇ ਹੋਣਗੇ, ਜੋ ਸਿਆਸਤ ’ਚ ਸਫਲ ਹੋ ਸਕੇ। ਇਨ੍ਹੀਂ ਦਿਨੀਂ ਤਾਂ ਇਕ ਰਿਵਾਜ ਇਹ ਵੀ ਚੱਲ ਪਿਆ ਹੈ ਕਿ ਆਈ. ਪੀ. ਐੱਸ., ਆਈ. ਏ. ਐੱਸ., ਜੱਜ, ਫੌਜ ਦੇ ਵੱਡੇ ਅਫਸਰ ਰਿਟਾਇਰ ਹੁੰਦਿਅਾਂ ਹੀ ਸਿਆਸਤ ਵੱਲ ਦੌੜਦੇ ਹਨ ਜਾਂ ਟੀ. ਵੀ. ਚੈਨਲਾਂ ’ਤੇ ਆ ਕੇ ਵੱਡੀਅਾਂ-ਵੱਡੀਅਾਂ ‘ਫੜ੍ਹਾਂ’ ਮਾਰਦੇ ਹਨ। ਉਹ ਖ਼ੁਦ ਨੂੰ ਸਭ ਤੋਂ ਵੱਡਾ ਈਮਾਨਦਾਰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। 
ਅਜਿਹਾ ਹੀ ਹਾਲ ਪੱਤਰਕਾਰਾਂ ਦਾ ਹੁੰਦਾ ਹੈ। ਇਕ ਵਾਰ ਮਸ਼ਹੂਰ ਪੱਤਰਕਾਰ ਅਜੈ ਚੌਧਰੀ ਨੇ ਦੱਸਿਆ ਸੀ ਕਿ ਜਦੋਂ ਉਦਯਨ ਸ਼ਰਮਾ  ਪੱਤਰਕਾਰੀ ’ਚ ਸਨ, ਉਦੋਂ ਅਰਜੁਨ ਸਿੰਘ ਵਰਗੇ ਵੱਡੇ-ਵੱਡੇ ਰਾਜਨੇਤਾ ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਖੋਲ੍ਹਦੇ ਸਨ ਪਰ ਜਦੋਂ ਉਦਯਨ ਸ਼ਰਮਾ ਸਿਆਸਤ ’ਚ ਆਏ ਤਾਂ ਭੂਮਿਕਾ ਬਦਲ ਗਈ ਤੇ ਉਹ ਅਰਜੁਨ ਸਿੰਘ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਲੱਗ  ਪਏ। 
ਕਿਤੇ ਸ਼ਾਹ ਫੈਸਲ  ਦਾ ਹਾਲ ਵੀ ਅਜਿਹਾ ਹੀ ਤਾਂ ਨਹੀਂ ਹੋਵੇਗਾ? ਉਨ੍ਹਾਂ  ਬਾਰੇ ਬ੍ਰਜ ਪ੍ਰਦੇਸ਼ ’ਚ ਅਕਸਰ ਕਹੀ ਜਾਣ ਵਾਲੀ ਇਹ ਕਹਾਵਤ ਯਾਦ ਆਉਂਦੀ ਹੈ ਕਿ ‘ਚੌਬੇ ਜੀ ਛੱਬੇ ਜੀ ਬਨਨੇ ਚਲੇ ਥੇ, ਦੂਬੇ ਜੀ ਬਨ ਕਰ ਲੌਟੇ’।