ਹਿੰਮਤ ਨੂੰ ‘ਸਲਾਮ’ 100 ਸਾਲ ਦੀ ਉਮਰ ’ਚ ਵੀ ਹਿਮਾਲਿਆ ’ਤੇ ਜਾਣ ਦੀ ਜ਼ਿੱਦ

01/02/2019 7:25:18 AM

ਪੀ. ਚਿਤਰਨ ਨੰਬੂਦਰੀਪਾਦ ਲਈ ਉਮਰ ਸਿਰਫ ਇਕ ਅੰਕ ਹੈ, ਜੋ ਪਿਛਲੇ ਸਾਲ ਦਸੰਬਰ ’ਚ 99 ਵਰ੍ਹਿਅਾਂ ਦੇ ਹੋ ਚੁੱਕੇ ਹਨ। ਕੇਰਲ ਦੇ ਸਿੱਖਿਆ ਮਹਿਕਮੇ ਦੇ ਸਾਬਕਾ ਵਧੀਕ ਨਿਰਦੇਸ਼ਕ ਪੀ. ਚਿਤਰਨ ਨੇ ਦਸੰਬਰ ਦੇ ਪਹਿਲੇ ਹਿੱਸੇ ’ਚ ਹਿਮਾਲਿਆ ਦੀ 29ਵੀਂ ਚੜ੍ਹਾਈ ਕੀਤੀ ਤੇ ਉਹ 2019 ’ਚ 30ਵੀਂ ਵਾਰ ਫਿਰ ਹਿਮਾਲਿਆ ’ਤੇ ਜਾਣਾ ਚਾਹੁਣਗੇ। ਇਸੇ ਸਾਲ ਉਹ 100 ਵਰ੍ਹਿਅਾਂ ਦੇ ਵੀ ਹੋ ਜਾਣਗੇ। 
ਪੀ. ਚਿਤਰਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ 30ਵੀਂ ਚੜ੍ਹਾਈ ਮੁਕੰਮਲ ਕਰਨ ਦਾ ਹੈ। ਹਿਮਾਲਿਆ ਦੀਅਾਂ ਪਹਾੜੀ ਲੜੀਅਾਂ ’ਚ ਉਹ ਬਦਰੀਨਾਥ ਅਤੇ ਕੇਦਾਰਨਾਥ ਸਮੇਤ ਕਈ ਪਵਿੱਤਰ ਥਾਵਾਂ ਦੀ ਯਾਤਰਾ ਕਰ ਚੁੱਕੇ ਹਨ, ਜੋ ਤਿਰੂਅਨੰਤਪੁਰਮ ਤੋਂ ਚੱਲੀ 118 ਮੈਂਬਰੀ ਸਮੂਹ ਦੀ ਯਾਤਰਾ ਦਾ ਹਿੱਸਾ ਸੀ। 
ਪੀ. ਚਿਤਰਨ ਦੇ ਹਿਮਾਲਿਆ ਨਾਲ ਰਿਸ਼ਤਿਅਾਂ ਦੀ ਸ਼ੁਰੂਆਤ 1952 ’ਚ ਹੋਈ ਸੀ, ਜਦੋਂ ਉਹ 30 ਸਾਲਾਂ ਦੇ ਸਨ। ਉਦੋਂ ਉਹ ਸਿੱਖਿਆ ਮਹਿਕਮੇ ’ਚ ਨੌਕਰੀ ਕਰਦੇ ਸਨ। ਪੁਰਾਣੇ ਦਿਨਾਂ ਨੂੰ ਯਾਦ ਕਰਦਿਅਾਂ ਉਹ ਕਹਿੰਦੇ ਹਨ ਕਿ ਪਹਿਲੀ ਯਾਤਰਾ ਇਕਦਮ ਅਸਫਲ ਰਹੀ ਸੀ। ਉਹ ਆਪਣੇ ਦੋਸਤਾਂ ਨਾਲ ਯਾਤਰਾ ’ਤੇ ਗਏ ਸਨ ਪਰ ਰੁਦਰਪ੍ਰਯਾਗ ਤੋਂ ਅੱਗੇ ਨਹੀਂ ਵਧ ਸਕੇ ਕਿਉਂਕਿ ਫੂਡ ਪੁਆਇਜ਼ਨਿੰਗ ਕਾਰਨ ਉਨ੍ਹਾਂ ਨੇ ਆਪਣੀ ਯਾਤਰਾ ਵਿਚਾਲੇ ਛੱਡ ਦਿੱਤੀ ਸੀ।
1956 ’ਚ ਉਨ੍ਹਾਂ ਦੀ ਦੂਜੀ ਯਾਤਰਾ ਸਫਲ ਰਹੀ ਅਤੇ ਬਰਫ ਨਾਲ ਢਕੀਅਾਂ ਚੋਟੀਅਾਂ ਨੇ ਉਨ੍ਹਾਂ ਨੂੰ ਵਾਰ-ਵਾਰ ਆਉਣ ਦਾ ਸੱਦਾ ਦਿੱਤਾ। ਹਿਮਾਲਿਆ ਦੀ ਯਾਤਰਾ ਕਰਨਾ ਇਕ ਮੁਸ਼ਕਿਲ ਕੰਮ ਸੀ। ਮੌਜੂਦਾ ਸਮੇਂ ਦੇ ਉਲਟ ਉਦੋਂ ਸੜਕਾਂ ਅਤੇ ਬੁਨਿਆਦੀ ਢਾਂਚੇ ਵਿਕਸਿਤ ਨਹੀਂ ਸਨ। ਰੁਦਰਪ੍ਰਯਾਗ ਤੋਂ ਬਦਰੀਨਾਥ ਤਕ 90 ਕਿਲੋਮੀਟਰ ਦੀ ਯਾਤਰਾ ਸੰਘਣੇ ਜੰਗਲਾਂ ’ਚੋਂ ਤੁਰ ਕੇ ਪੂਰੀ ਕਰਨੀ ਪਈ ਸੀ। 
ਪੀ. ਚਿਤਰਨ ਇਕ ਲੇਖਕ ਵੀ ਰਹੇ ਹਨ, ਜਿਨ੍ਹਾਂ ਦਾ ਬਪਤਿਸਮਾ ਕਿਸੇ ਹੋਰ ਨੇ ਨਹੀਂ, ਸਗੋਂ ਕਮਿਊਨਿਸਟ ਪਾਰਟੀ ਦੀ ਕੇਰਲ ਇਕਾਈ ਦੇ ਬਾਨੀਅਾਂ ’ਚੋਂ ਇਕ ਕੇ. ਦਾਮੋਦਰਨ ਨੇ ਕੀਤਾ ਸੀ।
ਉਨ੍ਹਾਂ ਨੂੰ ਹਿਮਾਲਿਆ ਦੀ ਕਿਸ ਚੀਜ਼ ਨੇ ਖਿੱਚਿਆ? ਇਸ ਬਾਰੇ ਉਹ ਕਹਿੰਦੇ ਹਨ, ‘‘ਬਚਪਨ ਤੋਂ ਹੀ ਇਹ ਮੇਰੇ ਲਈ ਖਿੱਚ ਦਾ ਕੇਂਦਰਬਿੰਦੂ ਸੀ। ਇਕ ਬਜ਼ੁਰਗ ਕਾਸ਼ੀ ਨਾਮਬੀਸ਼ਾਨ  ਮੇਰੇ ਘਰ ਨੇੜੇ (ਪਕਰਾਵੁਰ ਮਾਨਾ, ਜ਼ਿਲਾ ਮੱਲਪੁਰਮ) ਰਹਿੰਦੇ ਸਨ। ਉਹ 10 ਵਾਰ ਹਿਮਾਲਿਆ ’ਤੇ ਜਾ ਚੁੁੱਕੇ ਸਨ। ਆਪਣੀਅਾਂ ਯਾਤਰਾਵਾਂ ਨੂੰ ਯਾਦ ਕਰ ਕੇ ਉਹ ਮੈਨੂੰ ਕਹਾਣੀਅਾਂ ਸੁਣਾਉਂਦੇ ਰਹਿੰਦੇ ਸਨ। ਬਸ ਉਨ੍ਹਾਂ ਹੀ ਗੱਲਾਂ ਨੇ ਹਿਮਾਲਿਆ ਦੀ ਯਾਤਰਾ ਲਈ ਮੈਨੂੰ  ਪ੍ਰੇਰਿਤ ਕੀਤਾ ਤੇ ਮੇਰੀ ਦਿਲਚਸਪੀ ਵਧਾਈ। ਉਂਝ ਵੀ ਸ਼ਾਂਤੀ ਹਰ ਇਕ ਨੂੰ ਆਕਰਸ਼ਿਤ ਕਰਦੀ ਹੈ।’’
ਜਦੋਂ ਉਨ੍ਹਾਂ ਨੂੰ  ਪੁੱਛਿਆ ਗਿਆ ਕਿ ਇਸ ਉਮਰ ’ਚ ਵੀ ਉਨ੍ਹਾਂ ਦੀ ਫਿੱਟਨੈੱਸ ਅਤੇ ਤੇਜ਼-ਤਰਾਰ ਯਾਦਦਾਸ਼ਤ ਦਾ ਭੇਤ ਕੀ ਹੈ? ਤਾਂ ਉਨ੍ਹਾਂ ਦੱਸਿਆ ਕਿ ਖਾਣ-ਪੀਣ, ਸ਼ਬਦਾਂ ਤੇ ਜੀਵਨ ਸ਼ੈਲੀ ’ਚ ਸੰਜਮ ਹੋਣਾ ਬੇਹੱਦ ਲਾਜ਼ਮੀ ਹੈ। ਉਹ ਸ਼ੁੱਧ ਸ਼ਾਕਾਹਾਰੀ ਹਨ, ਰੋਜ਼ਾਨਾ ਸੈਰ ਲਈ ਨਿਕਲਦੇ ਹਨ ਤੇ ਯੋਗਾ ਕਰਦੇ ਹਨ।