ਕੱਟੜਵਾਦੀ ਅਤੇ ਅੱਤਵਾਦੀ ਮਾਨਸਿਕਤਾ ਪੈਦਾ ਕਰਨ ਵਿਚ ਮਦਰੱਸਿਆਂ ਦੀ ਭੂਮਿਕਾ

01/19/2018 5:50:40 AM

ਸੰਸਾਰਕ ਭਾਈਚਾਰਾ ਅੱਜ ਜਿਸ ਮਜ਼੍ਹਬੀ ਕੱਟੜਵਾਦ ਅਤੇ ਅੱਤਵਾਦ ਦਾ ਸੰਤਾਪ ਝੱਲ ਰਿਹਾ ਹੈ, ਆਖਿਰ ਉਸ ਨੂੰ ਉਤਸ਼ਾਹਿਤ ਕਰਨ ਵਾਲੀ ਮਾਨਸਿਕਤਾ ਕਿੱਥੇ ਪੈਦਾ ਹੁੰਦੀ ਹੈ ਅਤੇ ਉਸ ਵਿਚ ਮਦਰੱਸਿਆਂ ਦੀ ਭੂਮਿਕਾ ਕਿੰਨੀ ਅਹਿਮ ਹੈ? ਇਸ ਸਵਾਲ ਦੀ ਨੀਂਹ ਉਨ੍ਹਾਂ ਘਟਨਾਵਾਂ ਤੋਂ ਤਿਆਰ ਹੋਈ ਹੈ, ਜਿਨ੍ਹਾਂ ਦਾ ਖੁਲਾਸਾ ਹੁਣੇ ਜਿਹੇ ਦੇਸ਼ ਦੇ ਦੋ ਜ਼ਿੰਮੇਵਾਰ ਸੂਤਰਾਂ ਨੇ ਕੀਤਾ ਹੈ।  
ਭਾਰਤੀ ਫੌਜ ਦੇ ਮੁਖੀ ਜਨਰਲ ਵਿਪਿਨ ਰਾਵਤ ਨੇ ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ਤੇ ਮਦਰੱਸਿਆਂ ਦੀ ਸਿੱਖਿਆ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਿਛਲੇ ਦਿਨੀਂ ਆਪਣੀ ਪ੍ਰੈੱਸ ਕਾਨਫਰੰਸ ਵਿਚ ਜਨਰਲ ਰਾਵਤ ਨੇ ਕਿਹਾ ਕਿ ''ਜੰਮੂ-ਕਸ਼ਮੀਰ ਦੇ ਸਕੂਲਾਂ ਵਿਚ ਭਾਰਤ ਦੇ ਨਾਲ-ਨਾਲ ਸੂਬੇ ਦਾ ਨਕਸ਼ਾ ਵੱਖਰੇ ਤੌਰ 'ਤੇ ਪੜ੍ਹਾਇਆ/ਦਿਖਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਨੂੰ ਕੱਟੜਵਾਦ ਤੇ ਵੱਖਵਾਦ ਵੱਲ ਪ੍ਰੇਰਿਤ ਕਰ ਰਿਹਾ ਹੈ। ਇਥੋਂ ਦੀਆਂ ਮਸਜਿਦਾਂ ਤੇ ਮਦਰੱਸਿਆਂ 'ਤੇ ਵੀ ਕੁਝ ਹੱਦ ਤਕ ਰੋਕ ਲਾਉਣ ਦੀ ਲੋੜ ਹੈ ਤਾਂ ਕਿ ਸੂਬੇ ਵਿਚ ਗਲਤ ਸੂਚਨਾਵਾਂ ਕਾਰਨ ਪੈਦਾ ਹੋ ਰਹੀ ਨਾਰਾਜ਼ਗੀ 'ਤੇ ਕਾਬੂ ਰੱਖਿਆ ਜਾ ਸਕੇ।''
ਉਨ੍ਹਾਂ ਨੇ ਇਸ ਸਥਿਤੀ ਨੂੰ ਕਸ਼ਮੀਰ ਸਮੱਸਿਆ ਦੀ ਜੜ੍ਹ ਦੱਸਦਿਆਂ ਕਿਹਾ ਹੈ ਕਿ ਫੌਜ 'ਤੇ ਪੱਥਰਬਾਜ਼ੀ ਦੀ ਘਟਨਾ ਵੀ ਇਸੇ ਵਿਗੜੀ ਸਿੱਖਿਆ ਪ੍ਰਣਾਲੀ ਕਾਰਨ ਸਾਹਮਣੇ ਆਉਂਦੀ ਹੈ। ਜਨਰਲ ਰਾਵਤ ਨੇ ਉਸ ਸੱਚ ਨੂੰ ਰੇਖਾਂਕਿਤ ਕੀਤਾ ਹੈ, ਜੋ ਅਖੌਤੀ ਸੈਕੁਲਰਵਾਦ ਕਾਰਨ ਆਜ਼ਾਦ ਭਾਰਤ ਵਿਚ 70 ਸਾਲਾਂ ਤੋਂ ਸ਼ੁਤਰਮੁਰਗ ਵਾਲੇ ਰੁਝਾਨ ਦਾ ਸ਼ਿਕਾਰ ਹੈ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। 
ਬੀਤੀ 8 ਜਨਵਰੀ ਨੂੰ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ ਬੋਰਡ ਦੇ ਪ੍ਰਧਾਨ ਵਸੀਮ ਰਿਜ਼ਵੀ  ਨੇ ਮਦਰੱਸਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੀ। ਉਨ੍ਹਾਂ ਮੁਤਾਬਿਕ ਜ਼ਿਆਦਾਤਰ ਮਦਰੱਸਿਆਂ ਵਿਚ ਪੜ੍ਹਨ ਵਾਲੇ ਬੱਚੇ ਅੱਤਵਾਦ ਦੇ ਰਾਹ 'ਤੇ ਜਾ ਰਹੇ ਹਨ। ਮਦਰੱਸਿਆਂ ਵਿਚ ਪੜ੍ਹ ਕੇ ਕੋਈ ਇੰਜੀਨੀਅਰ, ਡਾਕਟਰ, ਆਈ. ਏ. ਐੱਸ. ਨਹੀਂ ਬਣਦਾ, ਸਗੋਂ ਕੁਝ ਮਦਰੱਸਿਆਂ ਤੋਂ ਪੜ੍ਹ ਕੇ ਬੱਚੇ ਅੱਤਵਾਦੀ ਜ਼ਰੂਰ ਬਣੇ ਹਨ ਅਤੇ ਉਨ੍ਹਾਂ ਨੂੰ ਬੰਬ ਬਣਾਉਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ। 
ਇਸੇ ਘਟਨਾ ਦੇ ਪਿਛੋਕੜ ਵਿਚ ਇਕ ਅੰਗਰੇਜ਼ੀ ਨਿਊਜ਼ ਚੈਨਲ ਨੇ ਆਪਣੇ ਸਟਿੰਗ ਆਪ੍ਰੇਸ਼ਨ ਦੇ ਜ਼ਰੀਏ ਨਾ ਸਿਰਫ ਮਦਰੱਸਿਆਂ ਦੀ ਅਸਲੀਅਤ ਨੂੰ ਸਮਝਣ ਦਾ ਮੌਕਾ ਦਿੱਤਾ ਹੈ, ਸਗੋਂ ਅਜਿਹੇ ਕਈ ਮਦਰੱਸਿਆਂ ਦਾ ਵੀ ਪਤਾ ਲਾਇਆ ਹੈ, ਜੋ ਖਾੜੀ ਦੇਸ਼ਾਂ ਤੋਂ ਮਿਲੀ ਵਿੱਤੀ ਸਹਾਇਤਾ ਨਾਲ ਮੁਸਲਿਮ ਬੱਚਿਆਂ ਨੂੰ ਕੱਟੜਵਾਦੀ ਤੇ ਵੱਖਵਾਦੀ ਵਿਚਾਰਧਾਰਾ ਵੱਲ ਧੱਕ ਰਹੇ ਹਨ। 
ਰਿਪੋਰਟ ਅਨੁਸਾਰ ਕੇਰਲਾ ਦੇ ਕਈ ਮਦਰੱਸਿਆਂ ਵਿਚ ਬੱਚਿਆਂ ਨੂੰ ਗੁਪਤ ਢੰਗ ਨਾਲ 'ਵਹਾਬੀਵਾਦ', 'ਖਲੀਫਾ' ਅਤੇ 'ਖਿਲਾਫਤ' ਦੇ ਉਸ ਵਿਗੜੇ ਦਰਸ਼ਨ (ਫਿਲਾਸਫੀ) ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਜੋ ਦੁਨੀਆ ਵਿਚ ਹਿੰਸਕ ਤੌਰ 'ਤੇ ਇਸਲਾਮੀ ਸ਼ਾਸਨ ਨੂੰ ਕਾਇਮ ਕਰਨਾ ਮਜ਼੍ਹਬੀ ਜ਼ਿੰਮੇਵਾਰੀ ਦੱਸਦਾ ਹੈ। ਇਸੇ ਜ਼ਹਿਰੀਲੇ ਚਿੰਤਨ ਨੇ ਆਈ. ਐੱਸ., ਹਿਜ਼ਬੁਲ ਮੁਜਾਹਿਦੀਨ, ਜੈਸ਼-ਏ-ਮੁਹੰਮਦ ਅਤੇ ਲਸ਼ਕਰੇ-ਤੋਇਬਾ ਵਰਗੇ ਖਤਰਨਾਕ ਅੱਤਵਾਦੀ ਸੰਗਠਨਾਂ ਨੂੰ ਜਨਮ ਦਿੱਤਾ ਹੈ। 
ਸਟਿੰਗ ਆਪ੍ਰੇਸ਼ਨ ਵਿਚ ਕੇਰਲਾ ਵਿਚ ਸਥਿਤ ਪੁੱਲੋਰੰਮਾਲ ਵਿਚ ਇਕ ਟਰੱਸਟ ਵਲੋਂ ਚਲਾਏ ਜਾ ਰਹੇ ਮਦਰੱਸੇ ਦੇ ਮੌਲਵੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ''ਖਿਲਾਫਤ ਹੀ ਆਧਾਰ ਹੈ ਅਤੇ ਇਹ ਸਾਡੇ ਦਿਲਾਂ ਵਿਚ ਹੈ। ਜੇ ਅਸੀਂ ਜਨਤਕ ਤੌਰ 'ਤੇ ਇਸ ਦੀ ਗੱਲ ਕਰਾਂਗੇ ਤਾਂ ਸਮੱਸਿਆ ਹੋਵੇਗੀ। ਆਸਪਾਸ ਰਹਿਣ ਵਾਲੇ ਕਈ ਹਿੰਦੂ ਸਾਨੂੰ ਆਈ. ਐੱਸ. ਦੇ ਬੰਦੇ ਕਹਿਣਾ ਸ਼ੁਰੂ ਕਰ ਦੇਣਗੇ, ਇਸ ਲਈ ਅਸੀਂ ਸਿੱਧੇ ਅਜਿਹਾ ਨਹੀਂ ਕਹਿੰਦੇ। ਅਸੀਂ ਬੱਚਿਆਂ ਦੇ ਦਿਲਾਂ ਵਿਚ ਹੌਲੀ-ਹੌਲੀ ਇਹ ਗੱਲ ਬਿਠਾ ਰਹੇ ਹਾਂ। ਸਾਨੂੰ ਕੋਈ ਕਾਹਲੀ ਨਹੀਂ ਕਿਉਂਕਿ ਖਿਲਾਫਤ ਇਕ ਦਿਨ ਵਿਚ ਨਹੀਂ ਬਣਦੀ।''
ਸਟਿੰਗ ਆਪ੍ਰੇਸ਼ਨ ਵਿਚ ਇਕ ਹੋਰ ਮਦਰੱਸੇ ਦਾ ਸੰਚਾਲਕ ਮੰਨ ਰਿਹਾ ਹੈ ਕਿ ਉਥੇ ਆਉਣ ਵਾਲੇ ਬੱਚਿਆਂ ਨੂੰ ਲਗਾਤਾਰ ਜ਼ਾਕਿਰ ਨਾਇਕ ਦੇ ਭਾਸ਼ਣ ਦੇ ਵੀਡੀਓ ਦਿਖਾਏ ਜਾਂਦੇ ਹਨ, ਜੋ ਸਿਰਫ ਇਸਲਾਮ ਨੂੰ ਇਕੋ-ਇਕ ਸੱਚਾ ਧਰਮ ਦੱਸਦਾ ਹੈ। ਚੈਨਲ ਦੀ ਰਿਪੋਰਟ ਵਿਚ ਇਹ ਵੀ ਪੁਸ਼ਟੀ ਹੋਈ ਹੈ ਕਿ ਦੇਸ਼ ਦੇ ਜ਼ਿਆਦਾਤਰ ਮਦਰੱਸਿਆਂ ਨੂੰ ਦੁਬਈ, ਸਾਊਦੀ ਅਰਬ, ਓਮਾਨ, ਕਤਰ ਆਦਿ ਖਾੜੀ ਦੇਸ਼ਾਂ ਤੋਂ ਹਵਾਲਾ ਦੇ ਜ਼ਰੀਏ ਪੈਸਾ ਭੇਜਿਆ ਜਾਂਦਾ ਹੈ। 
ਵਹਾਬੀ ਦਰਸ਼ਨ ਮੂਲ ਤੌਰ 'ਤੇ ਹਿੰਸਕ ਜੇਹਾਦ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਦਾ ਬੀਜ 13ਵੀਂ ਸਦੀ ਵਿਚ ਇਸਲਾਮੀ ਚਿੰਤਕ ਇਬਨ-ਤੈਮੀਆ ਦੇ ਜੀਵਨਕਾਲ ਵਿਚ ਹੋ ਗਿਆ ਸੀ। ਮੱਧਕਾਲ ਵਿਚ ਤੈਮੀਆ ਨੇ ਹੀ ਜੇਹਾਦੀ ਧਾਰਨਾ ਨੂੰ ਨਵਾਂ ਸਰੂਪ ਦਿੱਤਾ, ਜਿਸ ਵਿਚ ਉਨ੍ਹਾਂ ਮੁਸਲਮਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ, ਜੋ ਧਰਮ ਬਦਲ ਕੇ ਮੁਸਲਮਾਨ ਬਣੇ। ਅੱਜ ਆਈ. ਐੱਸ. ਵਰਗੇ ਬਦਨਾਮ ਅੱਤਵਾਦੀ ਸੰਗਠਨ ਉਸੇ ਰਾਹ 'ਤੇ ਚੱਲ ਰਹੇ ਹਨ। 
ਤੈਮੀਆ ਦੇ ਦਰਸ਼ਨ ਨੂੰ ਪਹਿਲਾਂ ਵਿਆਪਕ ਮਨਜ਼ੂਰੀ ਨਹੀਂ ਮਿਲੀ ਪਰ 18ਵੀਂ ਸਦੀ ਵਿਚ ਮੁਹੰਮਦ ਇਬਨ-ਅਬਦ-ਅਲ-ਵਹਾਬ ਨੇ ਉਸ ਦੇ ਚਿੰਤਨ ਨੂੰ ਨਾ ਸਿਰਫ ਅਪਣਾਇਆ, ਸਗੋਂ ਉਸ ਦੇ ਪਸਾਰ ਲਈ 1744 ਵਿਚ ਤੱਤਕਾਲੀ ਸਾਊਦੀ ਸ਼ਾਸਕ ਮੁਹੰਮਦ-ਬਿਨ-ਸਾਊਦ ਨਾਲ ਵੀ ਹੱਥ ਮਿਲਾ ਲਿਆ। ਉਸੇ ਦੌਰ ਤੋਂ ਅੱਜ ਤਕ ਸਾਊਦੀ ਅਰਬ ਇਸੇ ਘਿਨਾਉਣੀ ਵਿਵਸਥਾ ਨੂੰ ਅਪਣਾ ਰਿਹਾ ਹੈ। ਇਹੋ ਵਜ੍ਹਾ ਹੈ ਕਿ ਮਦਰੱਸਿਆਂ ਵਿਚ ਇਸ ਜ਼ਹਿਰੀਲੇ ਅਤੇ ਸੌੜੇ ਦਰਸ਼ਨ ਨੂੰ ਤਰਜੀਹ ਦੇਣ ਲਈ ਖਾੜੀ ਦੇਸ਼ ਪਾਣੀ ਵਾਂਗ ਪੈਸਾ ਵਹਾਅ ਰਹੇ ਹਨ। 
ਇਸਲਾਮ ਇਬਰਾਹੀਮੀ ਪ੍ਰੇਰਿਤ ਮਜ਼੍ਹਬ ਹੈ। ਦੋਹਾਂ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਦੀਆਂ ਮਜ਼੍ਹਬੀ ਮਾਨਤਾਵਾਂ ਅਨੁਸਾਰ ਪ੍ਰਵਾਨਿਤ ਰੱਬ ਹੀ ਇਕੋ-ਇਕ ਸੱਚ ਹੈ ਅਤੇ ਬਾਕੀ ਸਭ ਪਾਖੰਡ। ਮਜ਼੍ਹਬ ਦੇ ਸੱਚੇ ਪੈਰੋਕਾਰਾਂ ਦਾ ਫਰਜ਼ ਹੈ ਕਿ ਉਹ ਬਾਕੀ ਸਾਰੀਆਂ ਪੂਜਾ ਪ੍ਰਣਾਲੀਆਂ ਨੂੰ ਤਬਾਹ ਕਰਕੇ ਅਤੇ 'ਅਧਰਮੀਆਂ' ਨੂੰ ਤਲਵਾਰ, ਧੋਖੇ, ਫਰੇਬ ਅਤੇ ਲਾਲਚ ਨਾਲ ਧਰਮ ਬਦਲਣ ਲਈ ਪ੍ਰੇਰਿਤ ਕਰਨ ਜਾਂ ਫਿਰ ਮੌਤ ਦੇ ਘਾਟ ਉਤਾਰ ਦੇਣ। ਇਸੇ ਜ਼ਹਿਰੀਲੇ ਦਰਸ਼ਨ ਦਾ ਪਾਠ ਜ਼ਿਆਦਾਤਰ ਮਦਰੱਸਿਆਂ ਵਿਚ ਪੜ੍ਹਾਇਆ ਜਾ ਰਿਹਾ ਹੈ, ਜੋ 'ਲਵ ਜੇਹਾਦ' ਦੇ ਵਿਸਤਾਰ ਵਿਚ ਵੀ ਮੁੱਖ ਭੂਮਿਕਾ ਨਿਭਾਅ ਰਿਹਾ ਹੈ। 
ਮਦਰੱਸਾ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਵੱਡਾ ਦੋਸ਼ ਇਹ ਵੀ ਹੈ ਕਿ ਇਥੋਂ ਦੇ ਵਿਦਿਆਰਥੀਆਂ ਦਾ ਸੰਪਰਕ ਆਮ ਤੌਰ 'ਤੇ ਮੁਸਲਿਮ ਬੱਚਿਆਂ ਤੇ ਅਧਿਆਪਕਾਂ ਨਾਲ ਹੀ ਹੁੰਦਾ ਹੈ। ਮੁੱਢਲੀ ਪਰਵਰਿਸ਼ ਵਿਚ ਹੀ ਬਾਹਰਲੀ ਦੁਨੀਆ ਨਾਲੋਂ ਤੋੜ ਕੇ ਰੱਖਣਾ ਉਨ੍ਹਾਂ ਦਾ ਉਦੇਸ਼ ਹੁੰਦਾ ਹੈ, ਜੋ ਉਨ੍ਹਾਂ ਨੂੰ ਹੋਰਨਾਂ ਭਾਈਚਾਰਿਆਂ ਦੇ ਰਹਿਣ-ਸਹਿਣ ਤੇ ਜੀਵਨਸ਼ੈਲੀ ਤੋਂ ਅਣਜਾਣ ਰੱਖਦਾ ਹੈ। ਜੇ ਮੁਸਲਿਮ ਵਿਦਿਆਰਥੀ ਸਿਰਫ ਆਪਣੇ ਭਾਈਚਾਰੇ ਦੇ ਬੱਚਿਆਂ, ਮੌਲਵੀਆਂ ਦੇ ਸੰਪਰਕ ਵਿਚ ਹੀ ਰਹਿਣਗੇ ਤਾਂ ਸੁਭਾਵਿਕ ਤੌਰ 'ਤੇ ਉਨ੍ਹਾਂ ਦਾ ਨਜ਼ਰੀਆ, ਪਹਿਰਾਵਾ, ਭਾਸ਼ਾ, ਇਤਿਹਾਸ ਦੀ ਸਮਝ ਤੇ ਸੁਪਨੇ ਬਾਕੀ ਸਮਾਜ ਨਾਲੋਂ ਵੱਖਰੇ ਹੋਣਗੇ।
ਮਦਰੱਸਿਆਂ ਵਿਚ ਜ਼ਹਿਰ ਉਗਲਣਾ ਅਤੇ ਅੱਤਵਾਦ ਬਾਰੇ ਚਰਚਾ ਕਰਨਾ ਜਿੱਥੇ ਇਕ-ਦੂਜੇ ਦੇ ਪ੍ਰਤੀਪੂਰਕ ਹਨ, ਉਥੇ ਹੀ ਮਜ਼੍ਹਬੀ ਸਿੱਖਿਆ ਨੂੰ ਆਮ ਸਕੂਲਾਂ ਦਾ ਬਦਲ ਬਣਾਉਣ ਦਾ ਵਿਚਾਰ ਸੀਮਤ ਨਜ਼ਰੀਏ 'ਤੇ ਹੋਰ ਜ਼ਿਆਦਾ ਜ਼ੋਰ ਦੇਣ ਵਾਂਗ ਹੈ। ਭਾਰਤ ਵਿਚ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ ਤੇ ਇਥੇ ਸਾਰੇ ਨਾਗਰਿਕਾਂ ਦੀ ਸਭ ਤੋਂ ਵੱਡੀ ਪਛਾਣ ਭਾਰਤੀਅਤਾ ਹੈ। ਜਦੋਂ ਮਜ਼੍ਹਬ ਦੇ ਨਾਂ 'ਤੇ ਇਸੇ ਪਛਾਣ ਦੀ ਅਣਦੇਖੀ ਹੋਵੇਗੀ ਤਾਂ ਕਈ ਊਣਤਾਈਆਂ ਪੈਦਾ ਹੋਣੀਆਂ ਸੁਭਾਵਿਕ ਹਨ। 
ਲੋੜ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਸਾਰੇ ਬੱਚੇ ਆਮ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰਨ, ਜਿਸ ਨਾਲ ਉਨ੍ਹਾਂ ਦੀ ਰਾਸ਼ਟਰੀਅਤਾ ਇਕੋ ਜਿਹੀ ਹੋਵੇ। ਬੱਚਿਆਂ ਨੂੰ ਉਸੇ ਸਕੂਲ ਵਿਚ ਆਧੁਨਿਕ ਸਿੱਖਿਆ ਦੇ ਨਾਲ-ਨਾਲ ਸਾਰੇ ਮਜ਼੍ਹਬਾਂ ਦੀ ਨੈਤਿਕ ਸਿੱਖਿਆ ਵੀ ਦਿੱਤੀ ਜਾਵੇ ਤਾਂ ਕਿ ਉਹ ਹੋਰਨਾਂ ਮਜ਼੍ਹਬਾਂ ਤੇ ਉਨ੍ਹਾਂ ਦੇ ਮਾਣ-ਬਿੰਦੂਆਂ, ਭਾਵਨਾਵਾਂ ਦਾ ਸਤਿਕਾਰ ਕਰ ਸਕਣ।
ਮੁਸਲਿਮ ਕੱਟੜਪੰਥੀਆਂ ਵਲੋਂ ਵਸੀਮ ਰਿਜ਼ਵੀ ਦਾ ਵਿਰੋਧ ਕਰਨਾ ਸੁਭਾਵਿਕ ਹੈ ਕਿਉਂਕਿ ਉਹ ਆਪਣੇ ਭਾਈਚਾਰੇ ਵਿਚ ਕਿਸੇ ਵੀ ਤਰ੍ਹਾਂ ਦੇ ਸੁਧਾਰ ਸਮੇਤ ਕੁਰਾਨ, ਸ਼ਰੀਅਤ ਅਤੇ ਇਨ੍ਹਾਂ ਨਾਲ ਸਥਾਪਿਤ ਮਜ਼੍ਹਬੀ ਮਾਨਤਾਵਾਂ ਵਿਚ ਕਿਸੇ ਤਰ੍ਹਾਂ ਦਾ ਸਵਾਲ ਜਾਂ ਤਬਦੀਲੀ ਜਾਂ ਉਸ ਦੀ ਮੰਗ ਨੂੰ ਇਸਲਾਮ 'ਤੇ ਹਮਲਾ ਸਮਝਦੇ ਹਨ। 'ਤਿੰਨ ਤਲਾਕ' ਵਿਰੋਧੀ ਬਿੱਲ ਦਾ ਵਿਰੋਧ ਵੀ ਇਸ ਦੀ ਇਕ ਮਿਸਾਲ ਹੈ। 
ਅੱਜ ਜੇਹਾਦ ਦੇ ਨਾਂ 'ਤੇ ਮਨੁੱਖਤਾ ਦਾ ਗਲਾ ਘੁੱਟਣ ਵਾਲੇ ਅਨਪੜ੍ਹ ਜਾਂ ਮਦਰੱਸੇ ਤੋਂ ਮਜ਼੍ਹਬੀ ਤਾਲੀਮ ਲੈਣ ਤਕ ਸੀਮਤ ਨਹੀਂ ਹਨ। ਕੰਪਿਊਟਰ, ਗਣਿਤ, ਸਾਇੰਸ, ਅੰਗਰੇਜ਼ੀ ਆਦਿ ਆਧੁਨਿਕ ਵਿਸ਼ਿਆਂ ਦੀ ਸਿੱਖਿਆ ਨਾਲ ਹੀ ਮਜ਼੍ਹਬੀ ਕੱਟੜਤਾ, ਅੱਤਵਾਦ ਦੇ ਦੈਂਤ ਦਾ ਖਾਤਮਾ ਅਤੇ ਬੱਚਿਆਂ ਅੰਦਰ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। 
ਜੇ ਇਸ ਧਾਰਨਾ ਨੂੰ ਮੰਨੀਏ ਤਾਂ ਸੰਨ 2001 ਦੇ 9/11 ਵਾਲੇ ਅੱਤਵਾਦੀ ਹਮਲੇ ਵਿਚ ਆਧੁਨਿਕ ਵਿਸ਼ਿਆਂ 'ਚ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਅੱਤਵਾਦੀ ਕਿਉਂ ਸ਼ਾਮਿਲ ਹੋਏ? ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪੀ. ਐੱਚ. ਡੀ. ਵਿਦਿਆਰਥੀ ਮਨਨ ਬਸ਼ੀਰ ਵਾਨੀ ਦੇ ਵੀ ਕਥਿਤ ਤੌਰ 'ਤੇ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਿਲ ਹੋਣ ਦੀਆਂ ਅਟਕਲਾਂ ਹਨ। 
ਮਦਰੱਸਿਆਂ ਦੇ ਸਿਲੇਬਸਾਂ ਨੂੰ ਆਧੁਨਿਕ ਬਣਾਉਣਾ ਸਿੱਧੇ ਅਤੇ ਅਸਿੱਧੇ ਤੌਰ 'ਤੇ ਵਹਾਬੀ ਵਿਚਾਰਧਾਰਾ ਨੂੰ ਹੀ ਹੋਰ ਮਜ਼ਬੂਤ ਕਰਨ ਵਾਂਗ ਹੈ, ਜਿਸ ਦੀ ਧਾਰਨਾ 'ਚ 'ਕਾਫਿਰ-ਕੁਫਰ' ਮੁਕਤ ਦੁਨੀਆ ਦੀ ਕਲਪਨਾ ਲੁਕੀ ਹੈ।