''ਸੜਕ ਹਾਦਸਿਆਂ ਦਾ ਸੂਬਾ'' ਬਣ ਚੁੱਕਿਐ ਹਿਮਾਚਲ

07/27/2017 6:47:07 AM

ਪਿਛਲੇ ਕਈ ਸਾਲਾਂ ਤੋਂ ਹਿਮਾਚਲ ਵਰਗੇ ਪਹਾੜੀ ਸੂਬੇ 'ਚ ਸੜਕ ਹਾਦਸੇ ਤੇਜ਼ੀ ਨਾਲ ਵਾਪਰ ਰਹੇ ਹਨ, ਜਿਸ ਕਾਰਨ ਇਸ ਸੂਬੇ ਨੂੰ 'ਹਾਦਸਿਆਂ ਦਾ ਸੂਬਾ' ਕਹਿਣ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ।ਇਸੇ ਮਾਲੀ ਵਰ੍ਹੇ 'ਚ ਬੀਤੀ 19 ਅਪ੍ਰੈਲ ਨੂੰ ਸ਼ਿਮਲਾ ਜ਼ਿਲੇ ਦੇ ਪਿੰਡ ਨੇਰਵਾਂ ਵਿਚ ਲਾਲਢਾਕ-ਪਾਉਂਟਾ-ਰੋਹੜੂ ਨੈਸ਼ਨਲ ਹਾਈਵੇ 'ਤੇ ਗੁੰਮਾ ਨੇੜੇ ਹੋਏ ਬੱਸ ਹਾਦਸੇ 'ਚ 46 ਮੁਸਾਫਿਰਾਂ ਦੀ ਮੌਤ ਹੋ ਗਈ ਸੀ ਤੇ ਪਿਛਲੇ ਹਫਤੇ ਰਾਮਪੁਰ-ਬੁਸ਼ੈਹਰ ਨੇੜੇ ਖਨੇਰੀ ਵਿਚ ਹੋਏ ਇਕ ਮੰਦਭਾਗੇ ਸੜਕ ਹਾਦਸੇ 'ਚ 28 ਅਨਮੋਲ ਜਾਨਾਂ ਚਲੀਆਂ ਗਈਆਂ, ਜਦਕਿ 9 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ।
ਪਿਛਲੇ 10 ਸਾਲਾਂ ਦੌਰਾਨ ਇਸ ਪਹਾੜੀ ਸੂਬੇ ਵਿਚ ਅਜਿਹੇ ਛੋਟੇ-ਵੱਡੇ ਕੁਲ 3036 ਹਾਦਸਿਆਂ 'ਚ 10262 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜਦਕਿ 5312 ਲੋਕ ਜ਼ਖ਼ਮੀ ਹੋਏ। ਸੁਭਾਵਿਕ ਹੈ ਕਿ ਇਨ੍ਹਾਂ ਸਾਰੇ ਹਾਦਸਿਆਂ ਨੇ ਮਨੁੱਖੀ ਸੰਵੇਦਨਾਵਾਂ ਨੂੰ ਸਾਹਮਣੇ ਲਿਆ ਕੇ ਹਰ ਕਿਸੇ ਨੂੰ ਝੰਜੋੜ ਦਿੱਤਾ ਹੈ।
ਹਿਮਾਚਲ ਪ੍ਰਦੇਸ਼ ਭਾਰਤ ਦਾ ਇਕ ਵਿਕਾਸਮੁਖੀ ਸੂਬਾ ਹੈ। ਦੁਨੀਆ ਭਰ ਦੇ ਲੋਕ ਇਸ ਸੂਬੇ ਦੀ ਕੁਦਰਤੀ ਸੁੰਦਰਤਾ ਅਤੇ ਭੂਗੋਲਿਕ ਢਾਂਚੇ ਤੋਂ ਮੰਤਰ-ਮੁਗਧ ਹੋ ਕੇ ਸੈਰ-ਸਪਾਟੇ ਲਈ ਇਥੇ ਆਉਂਦੇ ਹਨ ਪਰ ਅਣਥੱਕ ਯਤਨਾਂ ਦੇ ਬਾਵਜੂਦ ਸੜਕ ਹਾਦਸਿਆਂ ਨੂੰ ਘੱਟ ਕਰਨ 'ਚ ਨਾਕਾਮ ਸਾਡੇ ਯਤਨਾਂ ਦੇ ਨਾਕਾਫੀ ਹੋਣ ਕਾਰਨ ਅਨਮੋਲ ਜਾਨਾਂ ਜਾ ਰਹੀਆਂ ਹਨ, ਜਿਸ ਨਾਲ ਹਿਮਾਚਲ ਯਕੀਨੀ ਤੌਰ 'ਤੇ ਸ਼ਰਮਸਾਰ ਹੋਇਆ ਹੈ।
ਸੁਭਾਵਿਕ ਹੈ ਕਿ ਮਨੁੱਖੀ ਸੰਵੇਦਨਾ ਦੇ ਇਸ ਮੁੱਦੇ 'ਤੇ ਸਰਕਾਰ, ਸੰਬੰਧਿਤ ਮਹਿਕਮਿਆਂ ਅਤੇ ਹੋਰਨਾਂ ਲੋਕਾਂ ਨੂੰ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ਹੈ। ਸੜਕ ਹਾਦਸਿਆਂ 'ਚ ਕਮੀ ਲਿਆਉਣ ਲਈ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਕੇ ਕਦਮ ਚੁੱਕੇ ਜਾਣ ਦੀ ਲੋੜ ਹੈ।
ਸੂਬਾ ਸਰਕਾਰ ਨੇ ਜਿਸ ਸੜਕ ਸੁਰੱਖਿਆ ਨੀਤੀ ਨੂੰ ਤਿਆਰ ਕਰ ਕੇ 26 ਦਸੰਬਰ 2016 ਨੂੰ ਨੋਟੀਫਾਈਡ ਕੀਤਾ ਸੀ, ਉਸ 'ਤੇ ਅੱਖਰ-ਅੱਖਰ ਅਮਲ ਨਹੀਂ ਹੋਇਆ ਹੈ। ਸਰਕਾਰੀ ਨੀਤੀ ਜਾਂ ਪ੍ਰੋਗਰਾਮ ਦੇ ਕਾਰਗਰ ਅਮਲ ਨੂੰ ਦਰਸਾਉਣ ਲਈ ਅੰਕੜਿਆਂ ਦੇ ਮੱਕੜਜਾਲ ਵਿਚ ਫਸੇ ਰਹਿਣ ਦੀ ਨਹੀਂ ਸਗੋਂ ਧਰਾਤਲ 'ਤੇ ਪੈਦਾ ਹੋਈਆਂ ਸਥਿਤੀਆਂ ਨੂੰ ਜਾਂਚਣ ਦੀ ਲੋੜ ਹੁੰਦੀ ਹੈ।
ਇਨ੍ਹਾਂ ਸੜਕ ਹਾਦਸਿਆਂ ਦੇ ਮੂਲ ਕਾਰਨ ਕਿਹੜੇ-ਕਿਹੜੇ ਹਨ, ਸੂਬੇ 'ਚ ਆਵਾਜਾਈ ਦਾ ਇਕੋ-ਇਕ ਸਾਧਨ ਸੜਕਾਂ ਹਨ ਅਤੇ ਸੜਕਾਂ ਦੀ ਬਦਹਾਲੀ ਸਾਰੀ ਕਹਾਣੀ ਬਿਆਨ ਕਰ ਦਿੰਦੀ ਹੈ। ਸੜਕ ਹਾਦਸਿਆਂ ਨੂੰ ਘੱਟ ਕਰਨ 'ਚ ਸੜਕਾਂ ਦਾ ਰੱਖ-ਰਖਾਅ ਇਕ ਵੱਡਾ ਫੈਕਟਰ ਹੈ। ਟ੍ਰੇਂਡ ਇੰਜੀਨੀਅਰ, ਕਾਫੀ ਬਜਟ ਤੇ ਵਿਭਾਗੀ ਚੌਕਸੀ 'ਚ ਅਸੀਂ ਕਿਤੇ ਨਾ ਕਿਤੇ ਖੁੰਝ ਜਾਂਦੇ ਹਾਂ ਤਾਂ ਵੱਡੇ ਹਾਦਸੇ ਹੋ ਜਾਂਦੇ ਹਨ।
ਆਵਾਜਾਈ ਵਿਭਾਗ ਅਤੇ ਪੁਲਸ ਨੇ ਇਸ ਸੂਬੇ 'ਚ 300 ਤੋਂ ਜ਼ਿਆਦਾ ਹਾਦਸਿਆਂ ਦੀ ਸੰਭਾਵਨਾ ਵਾਲੀਆਂ ਥਾਵਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿਚ ਜ਼ਿਆਦਾ ਤਰਜੀਹ ਵਾਲੇ 90 'ਬਲੈਕ ਸਪਾਟ' ਹਨ, ਜਿਨ੍ਹਾਂ ਦਾ ਰਾਗ ਵਰ੍ਹਿਆਂ ਤੋਂ ਅਲਾਪਿਆ ਜਾ ਰਿਹਾ ਹੈ ਪਰ ਇਨ੍ਹਾਂ ਦਾ ਇਲਾਜ ਵਰ੍ਹਿਆਂ ਬਾਅਦ ਵੀ ਨਹੀਂ ਹੋ ਸਕਿਆ। ਇਸ ਦੀ ਕੀ ਵਜ੍ਹਾ ਹੈ?
ਸਾਡੀਆਂ ਸੜਕਾਂ ਤੰਗ, ਅੰਨ੍ਹੇ ਮੋੜ ਵਾਲੀਆਂ ਅਤੇ ਘੁਮਾਅਦਾਰ ਹਨ। ਓਵਰ ਸਪੀਡ, ਜਲਦਬਾਜ਼ੀ, ਅਸੁਰੱਖਿਅਤ ਗੱਡੀਆਂ ਦੇ ਨਾਲ-ਨਾਲ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਵੀ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਪਹਾੜੀ ਰਸਤਿਆਂ 'ਤੇ ਡਰਾਈਵਰ ਗੱਡੀਆਂ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਵੱਡੇ ਹਾਦਸੇ ਕਰ ਬੈਠਦੇ ਹਨ।
ਅਦਾਲਤਾਂ ਦੇ ਸਪੱਸ਼ਟ ਹੁਕਮ ਦੇ ਬਾਵਜੂਦ ਸੜਕਾਂ 'ਤੇ ਵੱਡੇ-ਵੱਡੇ ਹੋਰਡਿੰਗਜ਼ ਅਤੇ ਡਰਾਈਵਰਾਂ ਦਾ ਧਿਆਨ ਵੰਡਾਉਣ ਵਾਲੇ ਹੋਰ ਬੋਰਡ ਆਮ ਦੇਖੇ ਜਾ ਸਕਦੇ ਹਨ। ਹੁਣ ਜਿਥੇ-ਜਿਥੇ ਨੈਸ਼ਨਲ ਤੇ ਸਟੇਟ ਹਾਈਵੇ ਬਣੇ ਹਨ, ਉਨ੍ਹਾਂ 'ਤੇ ਡਰਾਈਵਰ ਅਤੇ ਹੋਰ ਲੋਕ ਸੁਰੱਖਿਅਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਦੇ ਸਿੱਟੇ ਵਜੋਂ ਹਰ ਰੋਜ਼ ਜਾਨਲੇਵਾ ਸੜਕ ਹਾਦਸੇ ਹੋਣ ਲੱਗ ਪਏ ਹਨ।
ਸੂਬੇ 'ਚ ਆਬਾਦੀ ਵੀ ਵਧੀ ਹੈ, ਗੱਡੀਆਂ ਦੀ ਗਿਣਤੀ ਵੀ ਵਧੀ ਹੈ, ਸੜਕਾਂ ਪਹਿਲਾਂ ਹੀ ਤੰਗ ਹਨ ਅਤੇ ਉਪਰੋਂ ਲੋਕਾਂ ਨੇ ਸੜਕਾਂ 'ਤੇ ਨਾਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ। ਬਾਈਪਾਸ ਅਤੇ ਫਲਾਈਓਵਰ ਅਜੇ ਤਕ ਹਰ ਜਗ੍ਹਾ ਗਾਇਬ ਹਨ। ਦੂਜਾ ਹਰ ਕੋਈ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਉਂਦਾ ਹੈ। ਸ਼ਰਾਬ ਪੀ ਕੇ ਅਤੇ ਹੋਰ ਨਸ਼ੇ ਕਰ ਕੇ ਗੱਡੀਆਂ ਚਲਾਉਣ ਵਾਲਿਆਂ 'ਤੇ ਟ੍ਰੈਫਿਕ ਪੁਲਸ ਦਾ ਕੋਈ ਕੰਟਰੋਲ ਨਹੀਂ, ਜਿਸ ਕਾਰਨ ਸੜਕ ਹਾਦਸੇ ਹੋਣਾ ਆਮ ਗੱਲ ਬਣ ਗਈ ਹੈ।
ਇਹ ਵੀ ਸੱਚ ਹੈ ਕਿ ਪੂਰੇ ਸੂਬੇ 'ਚ ਪੈਦਲ ਚੱਲਣ ਵਾਲਿਆਂ 'ਤੇ ਮੌਤ ਦਾ ਪਰਛਾਵਾਂ ਮੰਡਰਾਉਂਦਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਦੇ ਸੁਰੱਖਿਅਤ ਆਉਣ-ਜਾਣ ਲਈ ਕਿਤੇ ਵੀ ਕੋਈ ਸਹੂਲਤ ਜਾਂ ਸੁਰੱਖਿਆ ਪ੍ਰਬੰਧ ਨਹੀਂ ਹੈ। ਇਸ ਸਭ ਦੇ ਸੰਦਰਭ ਵਿਚ ਅਤੇ ਸੂਬੇ 'ਚ ਲਗਾਤਾਰ ਹੋ ਰਹੇ ਸੜਕ ਹਾਦਸਿਆਂ ਨੂੰ ਦੇਖਦਿਆਂ ਕੀ ਇਹ ਵਿਸ਼ਾ ਗੰਭੀਰ ਚਿੰਤਨ ਵਾਲਾ ਨਹੀਂ ਹੈ?