ਰਾਠੌਰ ਸਾਹਮਣੇ ਮੁੱਖ ‘ਚੁਣੌਤੀ’ ਧੜੇਬੰਦੀ ਨੂੰ ਖਤਮ ਕਰਨਾ

01/12/2019 8:01:19 AM

ਕਾਂਗਰਸ ਹਾਈਕਮਾਨ ਵਲੋਂ ਸੁਖਵਿੰਦਰ ਸਿੰਘ ਸੁੱਖੂ ਨੂੰ ਹਟਾ ਕੇ ਕੁਲਦੀਪ ਸਿੰਘ ਰਾਠੌਰ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ (ਐੱਚ. ਪੀ. ਸੀ. ਸੀ.) ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਲਿਆ ਗਿਆ ਫੈਸਲਾ ਪਾਰਟੀ ’ਚ ਧੜੇਬੰਦੀ ਨੂੰ ਖਤਮ ਕਰਨ ਦੇ ਨਾਲ-ਨਾਲ ਸਿਆਸੀ ਸਮੀਕਰਣਾਂ ਨੂੰ ਵੀ ਬਦਲ ਸਕਦਾ ਹੈ। 
ਇਸ ਨਾਲ ਪਾਰਟੀ ਆਗੂਅਾਂ ਤੇ ਵਰਕਰਾਂ ’ਚ ਇਕ ਨਵੀਂ ਊਰਜਾ ਦੇਖਣ ਨੂੰ ਮਿਲ ਸਕਦੀ ਹੈ, ਜਿਸ ਨਾਲ ਭਾਜਪਾ ਲਈ ਇਕ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ, ਜੋ 2019 ਦੀਅਾਂ ਆਮ ਚੋਣਾਂ ’ਚ ਸੂਬੇ ਦੀਅਾਂ ਸਾਰੀਅਾਂ 4 ਲੋਕ ਸਭਾ ਸੀਟਾਂ ਆਪਣੇ ਕਬਜ਼ੇ ’ਚ ਰੱਖਣ ਲਈ ਧੜੇਬੰਦੀ ਦੀ ਸ਼ਿਕਾਰ ਕਾਂਗਰਸ ਦਾ ਸਾਹਮਣਾ ਕਰਨ ਨੂੰ ਤਰਜੀਹ ਦਿੰਦੀ। 
2017 ਦੀਅਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਹੱਥੋਂ ਹਾਰਨ ਤੋਂ ਬਾਅਦ ਕਾਂਗਰਸੀ ਨੇਤਾ ਅਤੇ ਪਾਰਟੀ ਵਰਕਰ ਨਿਰਉਤਸ਼ਾਹਿਤ ਮਹਿਸੂਸ ਕਰ ਰਹੇ ਸਨ। ਸੰਗਠਨ ’ਚ ਅੰਦਰੂਨੀ ਲੜਾਈ ਅਤੇ ਧੜੇਬੰਦੀ ਕਾਰਨ ਉਨ੍ਹਾਂ ਦੀਅਾਂ ਚਿੰਤਾਵਾਂ ਹੋਰ ਵਧ ਗਈਅਾਂ ਸਨ, ਜੋ ਸੁੱਖੂ ਦੇ ਕੰਟਰੋਲ ਤੇ ਸਮਰਥਾ ਤੋਂ ਬਾਹਰ ਸਨ, ਇਸ ਲਈ ਉਨ੍ਹਾਂ ਨੂੰ ਆਪਣੀ ਇਸ ਕਮਜ਼ੋਰੀ ਦੀ ਕੀਮਤ ਚੁਕਾਉਣੀ ਪਈ। ਕਾਂਗਰਸ ਨੇ 2017 ਦੀਅਾਂ ਵਿਧਾਨ ਸਭਾ ਚੋਣਾਂ ’ਚ ਭਾਰੀ ਕੀਮਤ ਚੁਕਾਈ ਤੇ ਭਾਜਪਾ ਨੂੰ ਸੱਤਾ ’ਚ ਆਉਣ ਦਾ ਮੌਕਾ ਮਿਲ ਗਿਆ। 
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਂਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੈਸਲਾਕੁੰਨ ਕਾਰਵਾਈ ਕਰਦਿਅਾਂ ਸੁੱਖੂ ਨੂੰ ਅਹੁਦੇ ਤੋਂ ਹਟਾ ਦਿੱਤਾ। ਇਸ ਦਾ ਪਾਰਟੀ ਕਾਡਰ ਦੀ ਮਾਨਸਿਕਤਾ ’ਤੇ ਲੋੜੀਂਦਾ ਅਸਰ ਪੈ ਸਕਦਾ ਹੈ, ਜਿਨ੍ਹਾਂ ’ਚ ਭਾਜਪਾ ਦਾ ਸਾਹਮਣਾ ਕਰਨ ਲਈ ਨਵੀਂ ਊਰਜਾ ਪੈਦਾ ਹੋਵੇਗੀ, ਜੋ 2019 ਦੀਅਾਂ ਚੋਣਾਂ ਲਈ  ਪਹਿਲਾਂ ਹੀ ਤਿਆਰੀ ਸ਼ੁਰੂ ਕਰ ਚੁੱਕੀ ਹੈ। 
ਪਾਰਟੀ ’ਚ ਅੰਦਰੂਨੀ ਕਲੇਸ਼ 
ਸੁੱਖੂ ਲੱਗਭਗ 6 ਸਾਲ ਹਿਮਾਚਲ ਕਾਂਗਰਸ ਦੇ ਪ੍ਰਧਾਨ ਰਹੇ। ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਵੰਡ ਦੌਰਾਨ ਅੰਦਰੂਨੀ ਕਲੇਸ਼ ਸਿਖਰਾਂ ’ਤੇ ਸੀ, ਜਿਸ ਦਾ ਲਾਭ ਭਾਜਪਾ ਨੂੰ ਮਿਲਿਆ ਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੰਗਠਨ 2 ਧੜਿਅਾਂ ’ਚ ਵੰਡਿਆ ਹੋਇਆ ਸੀ ਤੇ ਪ੍ਰਭੂਸੱਤਾਸ਼ਾਲੀ ਧੜੇ ਦੀ ਨੁਮਾਇੰਦਗੀ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਕਰ ਰਹੇ ਸਨ, ਜਿਨ੍ਹਾਂ ਨੇ ਸੁੱਖੂ ਨੂੰ ਹਟਾਉਣ ਲਈ ਪਾਰਟੀ ਹਾਈਕਮਾਨ ਨੂੰ ਪ੍ਰਭਾਵਿਤ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਪਰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਰਾਹੁਲ ਗਾਂਧੀ ਨੇ ਵੀਰਭੱਦਰ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਨ੍ਹਾਂ ਨੇ ਸੁੱਖੂ ਦੀ ਖੁੱਲ੍ਹ ਕੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ। 
ਇਹ ਵੀ ਇਕ ਤੱਥ ਹੈ ਕਿ ਸੁੱਖੂ ਵੀਰਭੱਦਰ ਸਿੰਘ ਦੇ ਕਿਸੇ ਦਬਾਅ ਅੱਗੇ ਨਹੀਂ ਝੁਕੇ ਕਿਉਂਕਿ ਉਨ੍ਹਾਂ ਨੂੰ  ਹਾਈਕਮਾਨ ਦਾ ਸਮਰਥਨ ਹਾਸਿਲ ਸੀ। ਇਸ ਲਈ ਉਨ੍ਹਾਂ ਨੇ ਨਿਯੁਕਤੀਅਾਂ ਕਰਨਾ ਤੇ ਸਾਬਕਾ ਮੁੱਖ ਮੰਤਰੀ ਸਮੇਤ ਆਪਣੇ ਵਿਰੋਧੀਅਾਂ ਦੇ ਵਫਾਦਾਰਾਂ ਨੂੰ ਬਰਖਾਸਤ ਕਰਨਾ ਜਾਰੀ ਰੱਖਿਆ। 
ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਇੰਚਾਰਜ ਰੰਜਨਾ ਪਾਟਿਲ, ਜਿਨ੍ਹਾਂ ਨੂੰ ਪਾਰਟੀ ਦੇ ਦੋ ਪ੍ਰਮੁੱਖ ਧੜਿਅਾਂ ਨੂੰ ਇਕਜੁੱਟ ਕਰਨ ਦਾ ਮੁਸ਼ਕਿਲ ਕੰਮ ਸੌਂਪਿਆ ਗਿਆ ਸੀ, ਨੂੰ ਵੀ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਅੱਗੇ ਸਹੀ ਰਿਪੋਰਟ ਪੇਸ਼ ਕੀਤੀ। ਬਦਕਿਸਮਤੀ ਨਾਲ ਉਹ ਆਪਣੇ ਤੋਂ ਪਹਿਲਾਂ ਵਾਲੇ ਸੁਸ਼ੀਲ ਕੁਮਾਰ ਸ਼ਿੰਦੇ ਵਰਗੇ ਬਾਗੀ ਨੇਤਾ ਨੂੰ ਜੋੜਨ ’ਚ ਅਸਫਲ ਰਹੀ ਪਰ ਉਨ੍ਹਾਂ ਨੇ ਆਪਣੇ ਅਣਥੱਕ ਯਤਨ ਜਾਰੀ ਰੱਖੇ ਅਤੇ ਪਾਰਟੀ ਆਗੂਅਾਂ, ਵਰਕਰਾਂ ਦਾ ਮੂਡ ਜਾਣਨ ਲਈ ਵੱਖ-ਵੱਖ ਜ਼ਿਲਿਅਾਂ ਦੇ ਦੌਰੇ ਕੀਤੇ। 
ਭਾਜਪਾ ਦੀ ਚੰਗੀ ਖ਼ਬਰ ਨਹੀਂ
ਹਿਮਾਚਲ ਕਾਂਗਰਸ ਦੀ ਵਾਗਡੋਰ ’ਚ ਤਬਦੀਲੀ ਸ਼ਾਇਦ ਭਾਜਪਾ ਲਈ ਚੰਗੀ ਖ਼ਬਰ ਨਹੀਂ ਹੈ, ਜੋ ਸ਼ਾਇਦ ਇਕ ਕਮਜ਼ੋਰ ਅਤੇ ਦਿਸ਼ਾਹੀਣ ਕਾਂਗਰਸ ਦਾ ਸਾਹਮਣਾ ਕਰਨ ਤੇ ਪਿਛਲੇ ਸਾਲ 27 ਦਸੰਬਰ ਨੂੰ ਧਰਮਸ਼ਾਲਾ ’ਚ ਹੋਈ ‘ਜਨ ਅਾਭਾਰ ਰੈਲੀ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੱਤਪਾਲ ਸੱਤੀ ਵਲੋਂ ਦਿੱਤੇ ਗਏ ਵਾਅਦੇ ਨੂੰ ਪੂਰਾ ਕਰਨ ਨੂੰ ਤਰਜੀਹ ਦਿੰਦੀ ਕਿ ਕੇਂਦਰ ’ਚ ਦੁਬਾਰਾ ਸਰਕਾਰ ਬਣਾਉਣ ਲਈ ਉਹ ਸੂਬੇ ਦੀਅਾਂ ਸਾਰੀਅਾਂ ਲੋਕ ਸਭਾ ਸੀਟਾਂ ਭਾਜਪਾ ਦੀ ਝੋਲੀ ’ਚ  ਪਾਉਣਗੇ। 
ਇਹ ਇਕ ਕੌੜੀ ਸੱਚਾਈ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਕੁਲਦੀਪ ਰਾਠੌਰ ਨੂੰ ਕਈ ਚੁਣੌਤੀਅਾਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ’ਚ ਸੰਗਠਨ ਅੰਦਰ ਵੱਖ-ਵੱਖ ਧੜਿਅਾਂ ਨੂੰ ਇਕਜੁੱਟ ਕਰਨ ਦਾ ਪ੍ਰਮੁੱਖ ਕੰਮ ਵੀ ਸ਼ਾਮਿਲ ਹੈ, ਜੋ ਮੁਸ਼ਿਕਲ ਤਾਂ ਹੈ ਪਰ ਅਸੰਭਵ ਨਹੀਂ। ਪੇਸ਼ੇ ਤੋਂ ਵਕੀਲ ਰਾਠੌਰ ਨੂੰ 4 ਤੋਂ ਜ਼ਿਆਦਾ ਦਹਾਕਿਅਾਂ ਤੋਂ ਪਾਰਟੀ ਦੇ ਕੰਮਾਂ ਦਾ ਤਜਰਬਾ ਹੈ। ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਨ ਉਹ ਵਿਤਕਰੇ ਦਾ ਸ਼ਿਕਾਰ ਬਣੇ ਰਹੇ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਸੰਘਰਸ਼ ਜਾਰੀ ਰੱਖਿਆ, ਜਿਸ ਦਾ ਇਨਾਮ ਹੁਣ ਉਨ੍ਹਾਂ ਨੂੰ ਸੰਗਠਨ ’ਚ ਚੋਟੀ ਦੇ ਅਹੁਦੇ ਦੇ ਰੂਪ ’ਚ ਮਿਲਿਆ ਹੈ। 
ਰੰਜਨਾ ਪਾਟਿਲ ਦਾ ਕਹਿਣਾ ਹੈ ਕਿ ਰਾਠੌਰ ਦੇ ਨਾਂ ’ਤੇ ਸਰਬਸੰਮਤੀ ਸੀ, ਜਿਸ ਕਾਰਨ 2019 ਦੀਅਾਂ ਆਮ ਚੋਣਾਂ ’ਚ ਉਨ੍ਹਾਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ’ਚ ਮਦਦ ਮਿਲੇਗੀ। 
ਨਿਰਪੱਖ ਅਕਸ 
ਹੁਣ ਰਾਠੌਰ ਨੂੰ ਧੜਿਅਾਂ ਦੇ ਨੇਤਾਵਾਂ ਨੂੰ ਪ੍ਰਭਾਵਿਤ ਕਰਨਾ ਪਵੇਗਾ ਕਿ ਉਹ ਛੋਟੇ-ਮੋਟੇ ਝਗੜਿਅਾਂ ਤੋਂ ਉਪਰ ਅਤੇ ਅੰਦਰੂਨੀ ਝਗੜਿਅਾਂ ਦੇ ਵਿਰੁੱਧ ਹਨ, ਜਿਸ ਨਾਲ ਉਨ੍ਹਾਂ ਦੇ ਨਿਰਪੱਖ ਹੋਣ ਵਾਲਾ ਅਕਸ ਬਣੇਗਾ। ਉਨ੍ਹਾਂ ਦੀ ਨਿਯੁਕਤੀ ਨਾਲ ਵੀਰਭੱਦਰ ਸਿੰਘ ਨੂੰ ਵੀ ਰਾਹਤ ਮਿਲੇਗੀ, ਜੋ ਰਾਠੌਰ ਲਈ ਇਕ ਵਰਦਾਨ ਸਿੱਧ ਹੋ ਸਕਦੀ ਹੈ। ਵੀਰਭੱਦਰ ਸਿੰਘ ਖ਼ੁਦ ਨੂੰ ਸੰਸਦੀ ਚੋਣਾਂ ਤੋਂ ਵੱਖ ਰੱਖ ਸਕਦੇ ਸਨ, ਇਸ ਲਈ ਉਨ੍ਹਾਂ ਦੇ ਫੈਸਲੇ ਤੋਂ ਘਬਰਾ ਕੇ ਹਾਈਕਮਾਨ ਨੇ ਸੂਬਾ ਪ੍ਰਧਾਨ ਨੂੰ ਬਦਲ ਦਿੱਤਾ। 
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਾਠੌਰ ਨੇ ਸਾਰੇ ਸੀਨੀਅਰ ਆਗੂਅਾਂ ਨੂੰ ਪਹਿਲਾਂ ਹੀ ਭਰੋਸੇ ’ਚ ਲੈ ਲਿਆ ਅਤੇ ਭਾਜਪਾ ਤੋਂ ਚਾਰੇ ਲੋਕ ਸਭਾ ਸੀਟਾਂ ਖੋਹਣ ਦੀ ਕਾਂਗਸ ਪ੍ਰਧਾਨ ਰਾਹੁਲ ਗਾਂਧੀ ਦੀ ਇੱਛਾ ਪ੍ਰਤੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਲਈ ਆਸਵੰਦ ਕੀਤਾ। ਵੀਰਭੱਦਰ ਦੇ ਨੇੜਲੇ ਸਹਿਯੋਗੀ ਮੁਕੇਸ਼ ਅਗਨੀਹੋਤਰੀ ਨੇ ਵੀ ਸੁੱਖੂ ਨੂੰ ਹਟਾਉਣ ’ਚ ਆਪਣੇ ਨੇਤਾ ਦਾ ਸਮਰਥਨ ਕੀਤਾ ਤੇ ਹੁਣ ਨਵੇਂ ਪ੍ਰਧਾਨ ਨਾਲ ਉਨ੍ਹਾਂ ਦਾ ਬਿਹਤਰ ਤਾਲਮੇਲ ਹੋ ਸਕਦਾ ਹੈ। 
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਾਠੌਰ ਪੁਰਾਣੇ ਹਿਮਾਚਲ ਨਾਲ ਸਬੰਧਤ ਹਨ ਅਤੇ ਰਾਜਪੂੂਤ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ,ਜਦਕਿ ਅਗਨੀਹੋਤਰੀ ਇਕ ਬ੍ਰਾਹਮਣ ਹਨ ਅਤੇ ਨਵੇਂ ਹਲਕੇ ਊਨਾ ਤੋਂ ਹਨ, ਜੋ ਸੰਗਠਨ ’ਚ ਖੇਤਰੀ ਤੇ ਜਾਤੀ ਸੰਤੁਲਨ ਪੈਦਾ ਕਰੇਗਾ।      (kstomar7gmail.com)