ਸੋਨੀਆ ਗਾਂਧੀ ਦੇ ਗੋਦ ਲਏ ਪਿੰਡ ਉੜਵਾ ਜ਼ਰੂਰ ਜਾਏ ਪ੍ਰਿਯੰਕਾ

02/11/2019 6:55:36 AM

ਰਾਇਬਰੇਲੀ ਜ਼ਿਲੇ 'ਚ ਇਕ  ਪਿੰਡ ਹੈ ਉੜਵਾ। ਇਸ ਪਿੰਡ ਨੂੰ ਉਥੋਂ ਦੀ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਗੋਦ ਲਿਆ ਹੈ। ਪਿੰਡ 'ਚ ਘਰ ਦੇ ਬਾਹਰ ਧੁੱਪ ਸੇਕ ਰਹੀ ਇਕ ਔਰਤ ਸੋਨੀਆ ਗਾਂਧੀ ਦੀ  ਕੱਟੜ ਆਲੋਚਕ ਹੈ। ਉਸ ਦਾ ਕਹਿਣਾ ਹੈ ਕਿ ਸੋਨੀਆ ਨੇ ਪਿੰਡ ਗੋਦ ਲਿਆ ਅਤੇ ਫਿਰ ਗੋਦ 'ਚੋਂ ਉਤਾਰ ਵੀ ਦਿੱਤਾ। ਗੁਆਂਢ ਦੇ ਪਿੰਡ ਲੋਹੀਆ ਹੋ ਗਏ। ਲੋਹੀਆ, ਭਾਵ ਅਖਿਲੇਸ਼ ਯਾਦਵ ਦੀ ਸਰਕਾਰ ਦੇ ਸਮੇਂ ਵਿਕਾਸ ਦੇ ਕੰਮ ਖੂਬ ਹੋਏ ਅਤੇ ਅਜਿਹੇ ਪਿੰਡਾਂ ਨੂੰ ਲੋਹੀਆ ਪਿੰਡ ਕਿਹਾ ਜਾਣ ਲੱਗਾ। ਅੱਗੇ ਦੱਸਿਆ ਗਿਆ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਸਾਡੇ ਪਿੰਡ ਦਾ ਵਿਕਾਸ ਨਹੀਂ ਕਰਦੇ ਅਤੇ ਕਹਿੰਦੇ ਹਨ ਕਿ ਸੋਨੀਆ ਗਾਂਧੀ ਨੇ ਗੋਦ ਲਿਆ ਹੈ, ਉਸ ਤੋਂ ਹੀ ਕਰਵਾਓ। ਔਰਤ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਨਾਰਾਜ਼ ਹੈ। ਸਾਲ ਭਰ ਤੋਂ ਉੱਜਵਲਾ ਗੈਸ ਯੋਜਨਾ ਦੇ ਤਹਿਤ ਮਿਲੇ ਸਿਲੰਡਰ ਨੂੰ ਰੀਫਿਲ ਨਹੀਂ ਕਰਵਾ ਸਕੀ  ਕਿਉਂਕਿ ਉਸ ਕੋਲ ਦੇਣ ਲਈ  800 ਰੁਪਏ ਨਹੀਂ ਹਨ। ਆਪਣੇ ਕੱਚੇ-ਪੱਕੇ ਘਰ 'ਚ ਪਰਛੱਤੀ 'ਤੇ ਬੋਰੀ 'ਚ ਬੰਨ੍ਹੇ ਗੈਸ ਚੁੱਲ੍ਹੇ ਨੂੰ ਦਿਖਾਉਂਦੀ ਹੈ, ਤਾਂ ਸੋਨੀਆ ਅਤੇ ਮੋਦੀ ਦੇ ਕੰਮ ਤੋਂ ਨਾਖੁਸ਼ ਔਰਤ ਤੋਂ ਜਦੋਂ ਪ੍ਰਿਯੰਕਾ ਗਾਂਧੀ ਬਾਰੇ ਪੁੱਛਿਆ ਗਿਆ ਤਾਂ ਕਹਿਣ ਲੱਗੀ ਕਿ  ਪ੍ਰਿਯੰਕਾ ਤਾਂ ਹਨੇਰੀ ਹੈ, ਜੋ ਮੋਦੀ ਨੂੰ ਉਡਾ ਦੇਵੇਗੀ। ਨਾਲ ਖੜ੍ਹੀਆਂ ਔਰਤਾਂ ਹੱਸ ਪਈਆਂ। ਉਨ੍ਹਾਂ ਤੋਂ ਪੁੱਛਦਾ ਹਾਂ ਕਿ ਕੀ ਉਹ ਇਸ ਨਾਲ ਸਹਿਮਤ ਹਨ, ਤਾਂ ਕੁਝ ਹਾਂ ਕਹਿੰਦੀਆਂ ਹਨ ਤੇ ਕੁਝ ਨਾਂਹ। 
ਚੋਣ ਸੰਭਾਵਨਾਵਾਂ ਦੀ ਭਾਲ
ਇਸ ਹਾਂ ਅਤੇ ਨਾਂਹ ਵਿਚਾਲੇ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ 'ਚ ਚੋਣ ਸੰਭਾਵਨਾਵਾਂ ਦੀ ਭਾਲ 'ਚ ਉਤਰ ਰਹੀ ਹੈ। ਪੂਰਬੀ ਯੂ. ਪੀ. ਦੀਆਂ ਕੁਲ ਮਿਲਾ ਕੇ 48 ਸੀਟਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੇ ਜਾਣ ਦੀ ਚਰਚਾ ਹੈ। ਇਨ੍ਹਾਂ 'ਚ ਰਾਇਬਰੇਲੀ ਤੇ ਅਮੇਠੀ ਦੀਆਂ ਸੀਟਾਂ ਸ਼ਾਮਿਲ ਹਨ। ਗੱਲ ਹੋ ਰਹੀ ਸੀ ਸੋਨੀਆ ਗਾਂਧੀ ਦੇ ਗੋਦ ਲਏ ਪਿੰਡ ਉੜਵਾ ਦੀ। ਇਸ ਪਿੰਡ 'ਚ ਗਰਮ ਕੱਪੜਿਆਂ ਦੀ ਦੁਕਾਨ ਚਲਾ ਰਹੇ ਇਕ ਨੌਜਵਾਨ ਨਾਲ ਗੱਲ ਹੋਈ। ਨੇੜੇ ਇਕ ਮਿੱਲ 'ਚ ਨੌਕਰੀ ਕਰ ਰਹੇ ਇਸ ਨੌਜਵਾਨ ਦੀ ਨੋਟਬੰਦੀ ਕਾਰਨ ਨੌਕਰੀ ਖੁੱਸ ਗਈ ਸੀ। ਨੌਜਵਾਨ ਇਸ ਤੋਂ ਨਿਰਾਸ਼ ਤਾਂ ਸੀ ਅਤੇ ਮੋਦੀ ਸਰਕਾਰ ਨਾਲ ਨਾਰਾਜ਼ਗੀ ਵੀ ਦਿਸ ਰਹੀ ਸੀ ਪਰ ਉਹ ਗਾਂਧੀ-ਨਹਿਰੂ ਪਰਿਵਾਰ ਤੋਂ ਵੀ ਪੂਰੀ ਤਰ੍ਹਾਂ ਨਾਉਮੀਦ ਨਜ਼ਰ ਆਇਆ। ਪ੍ਰਿਯੰਕਾ ਗਾਂਧੀ ਦਾ ਨਾਂ ਲਿਆ ਤਾਂ ਕਹਿਣ ਲੱਗਾ ਕਿ ਕੌਣ ਪ੍ਰਿਯੰਕਾ...ਮੈਂ ਨਹੀਂ ਜਾਣਦਾ। ਬਾਅਦ 'ਚ ਚਾਹ ਪੀਂਦੇ ਹੋਏ ਕਹਿਣ ਲੱਗਾ ਕਿ ਉਹ ਸੋਨੀਆ ਜਾਂ ਪ੍ਰਿਯੰਕਾ ਦਾ ਨਾਂ ਤਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਨ੍ਹਾਂ ਲੋਕਾਂ ਨੇ ਰਾਇਬਰੇਲੀ ਲਈ ਕੁਝ ਨਹੀਂ ਕੀਤਾ। ਉਸੇ ਚਾਹ ਦੀ ਦੁਕਾਨ 'ਤੇ ਬੈਠੇ ਕੁਝ ਹੋਰਨਾਂ ਲੋਕਾਂ ਦਾ ਵੀ ਇਹੋ ਕਹਿਣਾ ਸੀ। ਇਕ ਨੇ ਕਿਹਾ ਕਿ ਅੱਜ ਤਕ ਸੋਨੀਆ ਇਸ ਪਿੰਡ 'ਚ ਕਦੇ ਨਹੀਂ ਆਈ, ਚੋਣਾਂ ਦੇ ਸਮੇਂ ਵੋਟਾਂ ਮੰਗਣ ਤਕ ਨਹੀਂ। ਇਕ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਨਾਲ ਦੇ ਪਿੰਡ 'ਚ ਪ੍ਰਿਯੰਕਾ ਦਾ ਜ਼ਰੂਰ ਆਉਣਾ ਹੋਇਆ ਸੀ ਅਤੇ ਨਵੀਂ ਪੀੜ੍ਹੀ ਦੀ ਪ੍ਰਿਯੰਕਾ ਤੋਂ ਕੁਝ ਉਮੀਦ ਲਾਈ ਜਾ ਸਕਦੀ ਹੈ। ਕੁਲ ਮਿਲਾ ਕੇ ਸੋਨੀਆ ਗਾਂਧੀ ਦੇ ਗੋਦ ਲਏ ਪਿੰਡ ਉੜਵਾ 'ਚ ਲੋਕ ਸੰਸਦ ਮੈਂਬਰ ਤੋਂ ਲੈ ਕੇ ਪ੍ਰਸ਼ਾਸਨ ਤਕ ਤੋਂ ਦੁਖੀ ਨਜ਼ਰ ਆਏ। ਪ੍ਰਿਯੰਕਾ ਨੂੰ ਇਕ ਵਾਰ ਉਸ ਪਿੰਡ 'ਚ ਜਾ ਕੇ ਪਿੰਡ ਵਾਲਿਆਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। 
ਗੱਲ ਤਾਂ ਰਾਇਬਰੇਲੀ ਅਤੇ ਅਮੇਠੀ ਦੇ ਸਥਾਨਕ ਪੱਤਰਕਾਰਾਂ ਨਾਲ ਵੀ ਕਰਨੀ ਚਾਹੀਦੀ ਹੈ। ਪ੍ਰਿਯੰਕਾ ਨੂੰ ਵੀ ਅਤੇ ਰਾਹੁਲ ਗਾਂਧੀ ਨੂੰ ਵੀ ਇਨ੍ਹਾਂ ਪੱਤਰਕਾਰਾਂ ਦਾ ਕਹਿਣਾ ਹੈ ਕਿ ਉਹ ਸਥਾਨਕ ਕਾਂਗਰਸੀ ਨੇਤਾਵਾਂ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ ਕਿ ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ 'ਆਫ ਦਿ ਰਿਕਾਰਡ' ਗੱਲ ਕਰਨਾ ਚਾਹੁੰਦੇ ਹਨ ਪਰ ਅਜਿਹਾ ਮੌਕਾ ਕਦੇ ਨਹੀਂ ਮਿਲਿਆ। ਪੱਤਰਕਾਰ ਦੱਸਦੇ ਹਨ ਕਿ ਦੋਹਾਂ ਸੀਟਾਂ 'ਤੇ ਦੋਵੇਂ ਸੰਸਦ ਮੈਂਬਰਾਂ (ਸੋਨੀਆ ਅਤੇ ਰਾਹੁਲ) ਦੇ ਸਥਾਨਕ ਨੁਮਾਇੰਦੇ ਸੱਚਾਈ ਦੱਸਦੇ ਹੀ ਨਹੀਂ ਹਨ। ਅਜਿਹਾ ਨਹੀਂ ਹੈ ਕਿ ਦੋਵੇਂ ਨੇਤਾ ਕੇਂਦਰ ਤੋਂ ਪ੍ਰਾਜੈਕਟ ਇਥੇ ਲੈ ਕੇ ਨਹੀਂ ਆਏ ਪਰ ਉਨ੍ਹਾਂ ਪ੍ਰਾਜੈਕਟਾਂ ਦਾ ਕੰਮ ਕਿਸ ਰਫਤਾਰ ਨਾਲ ਚੱਲ ਰਿਹਾ ਹੈ, ਰੁਕਾਵਟਾਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਹਨ, ਅਗਲੀਆਂ ਕਿਸ਼ਤਾਂ ਨਾ ਆਉਣ ਨਾਲ ਕੰਮ ਕਿਵੇਂ ਅਟਕ ਰਿਹਾ ਹੈ ਅਤੇ ਪ੍ਰਾਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਉਸ ਦੇ ਸੰਚਾਲਨ 'ਚ ਕੀ-ਕੀ ਖਾਮੀਆਂ ਪੇਸ਼ ਆ ਰਹੀਆਂ ਹਨ....ਇਨ੍ਹਾਂ ਗੱਲਾਂ ਦੀ ਜਾਣਕਾਰੀ ਨਾ ਤਾਂ ਸੋਨੀਆ ਨੂੰ ਦਿੱਤੀ ਜਾਂਦੀ ਹੈ ਅਤੇ ਨਾ ਹੀ ਰਾਹੁਲ ਨੂੰ। ਇਥੋਂ ਤਕ ਕਿ ਪ੍ਰਿਯੰਕਾ ਤਕ ਨੂੰ ਸਥਾਨਕ ਨੇਤਾਵਾਂ ਦੀ ਚੌਕੜੀ ਘੇਰੀ ਰੱਖਦੀ ਹੈ, ਜੋ ਉਸ ਨੂੰ ਭਰੋਸਾ  ਦਿਵਾ ਦਿੰਦੀ ਹੈ ਕਿ ਸਭ ਕੁਝ ਠੀਕ-ਠਾਕ ਚੱਲ ਰਿਹਾ ਹੈ, ਜਨਤਾ ਬਹੁਤ ਖੁਸ਼ ਹੈ ਅਤੇ ਪ੍ਰਾਜੈਕਟਾਂ ਦਾ ਲਾਭ ਆਮ ਜਨਤਾ ਭਰਪੂਰ ਉਠਾ ਰਹੀ ਹੈ। 
ਆਈ. ਟੀ. ਆਈ. ਅਤੇ ਰੇਲ  ਡੱਬਾ ਕਾਰਖਾਨਾ
ਪੱਤਰਕਾਰ ਰਾਇਬਰੇਲੀ ਦੀ ਆਈ. ਟੀ. ਆਈ. ਦੀ ਉਦਾਹਰਣ ਦਿੰਦੇ ਹਨ, ਜੋ ਇਕ ਸਮੇਂ  ਆਪਣੇ ਸਮੇਂ  ਤੋਂ ਬਹੁਤ ਅੱਗੇ ਹੁੰਦੀ ਸੀ, ਪੰਜ ਸਿਤਾਰਾ ਹੋਟਲ ਵਾਂਗ, ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਪਰ ਅੱਜ ਆਈ. ਟੀ. ਆਈ. ਖਸਤਾ ਹਾਲਤ 'ਚ ਹੈ। ਪੱਤਰਕਾਰ ਦਾਅਵਾ ਕਰਦੇ ਹਨ ਕਿ ਸੋਨੀਆ ਗਾਂਧੀ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ ਆਈ. ਟੀ. ਆਈ. ਕਿਸ ਹਾਲਤ 'ਚ ਹੈ। ਇਸੇ ਤਰ੍ਹਾਂ ਰੇਲ ਡੱਬਿਆਂ ਦਾ ਕਾਰਖਾਨਾ ਤਾਂ ਸਾਲਾਂ ਪਹਿਲਾਂ ਲੱਗ ਗਿਆ ਪਰ ਡੱਬੇ ਬਣਨੇ ਸ਼ੁਰੂ ਨਹੀਂ ਹੋਏ ਅਤੇ ਸੋਨੀਆ ਗਾਂਧੀ ਨੂੰ ਇਥੇ ਵੀ ਹਨੇਰੇ 'ਚ ਰੱਖਿਆ ਗਿਆ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੱਬਿਆਂ ਦੇ ਨਿਰਮਾਣ ਦੀ ਨੀਂਹ ਰੱਖੀ ਅਤੇ ਸੋਨੀਆ ਗਾਂਧੀ 'ਤੇ ਵਿਅੰਗ ਕੀਤਾ ਕਿ ਕਿਵੇਂ ਰੇਲ ਡੱਬਿਆਂ ਦੀ ਫੈਕਟਰੀ 'ਚ ਪੰਜਾਬ ਤੋਂ ਬਣੇ-ਬਣਾਏ ਡੱਬੇ ਲਿਆ ਕੇ ਰੱਖੇ ਜਾਂਦੇ ਸਨ ਅਤੇ ਜਿਨ੍ਹਾਂ ਨੂੰ ਇਥੇ ਬਣੇ ਦਿਖਾ ਦਿੱਤਾ ਜਾਂਦਾ ਸੀ। 
ਪਰ ਇਹ ਸੱਚਾਈ ਸੋਨੀਆ ਅਤੇ ਰਾਹੁਲ ਇਸ ਲਈ ਵੀ ਨਹੀਂ ਜਾਣ ਸਕੇ ਕਿਉਂਕਿ ਇਥੋਂ ਦੀ ਜਨਤਾ ਹਰ ਵਾਰ ਇਨ੍ਹਾਂ ਨੂੰ ਜਿਤਵਾ ਦਿੰਦੀ ਸੀ।  ਉੜਵਾ ਪਿੰਡ 'ਚ ਹੀ ਸੋਨੀਆ ਦੀ ਆਲੋਚਨਾ ਕਰਨ ਵਾਲੇ ਵੀ ਕਹਿ ਰਹੇ ਸਨ, ਜਿੱਤੇਗੀ ਤਾਂ ਸੋਨੀਆ ਗਾਂਧੀ ਹੀ ਜਾਂ ਫਿਰ ਪ੍ਰਿਯੰਕਾ ਗਾਂਧੀ (ਜੇਕਰ ਉਹ ਚੋਣ ਲੜਦੀਆਂ ਹਨ ਤਾਂ)। ਇਥੋਂ ਤਕ ਕਿ ਨੇੜੇ ਦੇ ਇਕ ਪਿੰਡ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆਪਣਾ ਪੱਕਾ ਘਰ ਬਣਵਾ ਰਹੇ ਇਕ ਜੋੜੇ ਦਾ ਵੀ ਕਹਿਣਾ ਸੀ ਕਿ ਇਸ ਵਾਰ ਉਨ੍ਹਾਂ ਦੋਹਾਂ ਦੀ ਵੋਟ ਤਾਂ ਮੋਦੀ ਨੂੰ ਮਿਲੇਗੀ ਪਰ ਚੋਣ ਤਾਂ ਸੋਨੀਆ ਨੇ ਹੀ ਜਿੱਤਣੀ ਹੈ। ਜਿੱਤ ਦਾ ਇਹ ਭਰੋਸਾ ਰਾਇਬਰੇਲੀ ਅਤੇ ਅਮੇਠੀ ਦੀ ਜਨਤਾ ਤੋਂ ਸੋਨੀਆ ਤੇ ਰਾਹੁਲ ਦੀ ਦੂਰੀ ਵਧਾ  ਿਰਹਾ ਹੈ। ਇਸ ਗੱਲ ਨੂੰ ਪ੍ਰਿਯੰਕਾ ਜਿੰਨੀ ਜਲਦੀ ਸਮਝ ਲਵੇ, ਓਨਾ ਹੀ ਫਾਇਦਾ ਕਾਂਗਰਸ ਨੂੰ ਹੋ ਸਕਦਾ ਹੈ। 
ਰਾਜਨੀਤੀ ਬਦਲ ਰਹੀ ਹੈ
ਰਾਜਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਮੋਦੀ ਅਤੇ ਅਮਿਤ ਸ਼ਾਹ ਨੇ ਕੰਮਕਾਜ ਦੀ ਸ਼ੈਲੀ ਨੂੰ ਬਹੁਤ ਬਦਲਿਆ ਹੈ। ਰੋਜ਼ ਨਵੀਂ ਜਗ੍ਹਾ ਜਾ ਕੇ ਕੁਝ ਨਵਾਂ ਕਰਨਾ ਹੈ ਜਾਂ ਪੁਰਾਣੇ ਨੂੰ ਇਸ ਤਰ੍ਹਾਂ ਦੁਹਰਾਉਣਾ ਹੈ ਕਿ ਨਵੇਂ ਵਰਗਾ ਲੱਗੇ। ਇਸ ਗੱਲ ਨੂੰ ਸਮਝਣ 'ਚ ਰਾਹੁਲ ਨੂੰ 4 ਸਾਲ ਲੱਗ ਗਏ। ਜਦੋਂ ਸਮਝੇ ਤਾਂ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਜਿੱਤੇ ਵੀ। ਇਸ ਸਿਲਸਿਲੇ ਨੂੰ ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਜਾਣ ਦੀ ਲੋੜ ਪਵੇਗੀ। 
ਇਸ ਦੇ ਲਈ ਸਥਾਨਕ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਸਥਾਨਕ ਜਨਤਾ ਦੇ ਵਿਸ਼ਵਾਸ ਨੂੰ ਜਿੱਤਣਾ ਹੋਵੇਗਾ। ਇਸ ਦੀ ਸ਼ੁਰੂਆਤ ਪ੍ਰਿਯੰਕਾ ਗਾਂਧੀ ਭਾਵੇਂ ਰਾਇਬਰੇਲੀ ਦੇ ਉਸ ਉੜਵਾ ਪਿੰਡ ਤੋਂ ਕਰ ਸਕਦੀ ਹੈ, ਜਿਸ ਨੂੰ ਉਸ ਦੀ ਮਾਂ ਸੋਨੀਆ ਗਾਂਧੀ ਨੇ ਗੋਦ ਲਿਆ ਸੀ। ਇਸ ਤੋਂ ਬਾਅਦ ਰਾਇਬਰੇਲੀ ਦੇ ਸਥਾਨਕ ਪੱਤਰਕਾਰਾਂ ਨੂੰ ਮਿਲਣਾ ਹੋਵੇਗਾ। ਜਾਤ, ਮਜ਼ਹਬ ਦੇ ਨਾਂ 'ਤੇ ਰਾਜਨੀਤੀ, ਵਿਕਾਸ ਬਨਾਮ ਦੋਸ਼ਾਂ ਦੇ ਨਾਂ 'ਤੇ ਰਾਜਨੀਤੀ, ਇੰਦਰਾ ਗਾਂਧੀ ਨਾਲ ਸ਼ਕਲ ਮਿਲਣ ਦੇ ਨਾਂ 'ਤੇ ਰਾਜਨੀਤੀ, ਪਤੀ ਵਢੇਰਾ 'ਤੇ ਲੱਗ ਰਹੇ ਦੋਸ਼ਾਂ ਅਤੇ ਜਾਂਚ ਦੇ ਨਾਂ 'ਤੇ ਰਾਜਨੀਤੀ ਤੇ ਧਰਮ ਨਿਰਪੱਖਤਾ ਬਨਾਮ ਦੇਸ਼ ਤੋੜਨ ਦੇ ਨਾਂ 'ਤੇ ਰਾਜਨੀਤੀ ਤਾਂ ਹੁੰਦੀ ਹੀ ਰਹੇਗੀ ਪਰ ਪਹਿਲਾਂ ਉਸ ਔਰਤ ਨੂੰ ਤਾਂ ਮਿਲੋ, ਜਿਸ ਨੂੰ ਮਲਾਲ ਹੈ ਕਿ ਸੋਨੀਆ ਗਾਂਧੀ ਨੇ ਜਿਸ ਪਿੰਡ ਨੂੰ ਗੋਦ ਲਿਆ ਸੀ, ਉਸ ਨੂੰ ਗੋਦ 'ਚੋਂ ਕਿਉਂ ਉਤਾਰ ਦਿੱਤਾ?