ਸੁਨੀਲ ਜਾਖੜ ਦਾ ਸੂਬਾ ਪ੍ਰਧਾਨ ਬਣਨਾ ਕਾਂਗਰਸ ਦੀ ਸਿਆਸਤ ਲਈ ਸ਼ੁਭ ਸੰਕੇਤ

07/22/2017 5:40:21 AM

1947 'ਚ ਦੇਸ਼ ਦੀ ਵੰਡ ਸਮੇਂ ਜਦੋਂ ਤਕ ਹਰਿਆਣਾ, ਮੌਜੂਦਾ ਪੰਜਾਬ ਅਤੇ ਹਿਮਾਚਲ ਦਾ ਵੱਡਾ ਹਿੱਸਾ ਸਿਰਫ ਪੰਜਾਬ ਦੇ ਨਾਂ ਨਾਲ ਹੀ ਇਕ ਵੱਡੇ ਸੂਬੇ ਵਜੋਂ ਜਾਣਿਆ ਜਾਂਦਾ ਸੀ, ਉਦੋਂ ਇਸ ਦੀ ਆਬਾਦੀ 'ਚ 65 ਫੀਸਦੀ ਹਿੰਦੂ ਤੇ 35 ਫੀਸਦੀ ਸਿੱਖ ਸਨ। ਉਦੋਂ ਤਕ ਸਿਆਸਤ ਨੂੰ ਹਿੰਦੂ-ਸਿੱਖ ਨਜ਼ਰੀਏ ਨਾਲ ਵੀ ਨਹੀਂ ਦੇਖਿਆ ਜਾਂਦਾ ਸੀ। ਸ਼੍ਰੀ ਗੋਪੀ ਚੰਦ ਭਾਰਗਵ, ਸ਼੍ਰੀ ਭੀਮਸੇਨ ਸੱਚਰ, ਕਾਮਰੇਡ ਰਾਮਕ੍ਰਿਸ਼ਨ ਅਤੇ ਸ. ਪ੍ਰਤਾਪ ਸਿੰਘ ਕੈਰੋਂ ਵਰਗੇ ਵੱਡੇ ਨੇਤਾ ਪੰਜਾਬ ਦੇ ਮੁੱਖ ਮੰਤਰੀ ਰਹੇ। 
ਉਨ੍ਹੀਂ ਦਿਨੀਂ ਹਿਮਾਚਲ ਦੇ ਪਹਾੜ, ਜੰਗਲ ਤੇ ਪਾਣੀ 'ਤੇ ਪੰਜਾਬ ਦੀ ਮਾਲਕੀ ਸੀ। ਗੁੜਗਾਓਂ, ਫਰੀਦਾਬਾਦ, ਸੋਨੀਪਤ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰ ਇੰਡਸਟਰੀ ਵਿਚ ਆ ਰਹੇ ਇਨਕਲਾਬ ਦੀ ਨਿਸ਼ਾਨੀ ਬਣੇ। ਅਕਾਲੀਆਂ ਦੀ ਤੰਗ ਨਜ਼ਰੀਏ ਵਾਲੀ ਸਿਆਸਤ ਅਤੇ ਇਸ ਗੱਲ ਦੀ ਇੱਛਾ ਕਿ 'ਅਸੀਂ ਹੀ ਹਕੂਮਤ ਕਰੀਏ' ਪੰਜਾਬੀ ਸੂਬੇ ਦੀ ਮੰਗ ਦੇ ਰੂਪ 'ਚ ਉੱਭਰੀ। 
ਪਾਕਿਸਤਾਨ ਨਾਲ ਜੰਗ ਅਤੇ ਅਕਾਲੀਆਂ ਵਲੋਂ ਕੀਤੀ ਗਈ ਲਗਾਤਾਰ ਜੱਦੋ-ਜਹਿਦ ਨੇ ਆਖਿਰ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦੀ ਨੀਂਹ ਰੱਖ ਦਿੱਤੀ ਅਤੇ ਇਸ ਵੱਡੇ ਸੂਬੇ ਦੀ ਵੰਡ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਦਾ ਜਨਮ ਹੋਇਆ। ਪੰਜਾਬ ਦਾ ਜਿਹੜਾ ਹਿੱਸਾ ਅਸੀਂ ਹਾਸਿਲ ਕੀਤਾ, ਉਥੇ ਨਾ ਜੰਗਲ ਸਨ ਅਤੇ ਨਾ ਪਹਾੜ। ਵਧ ਰਹੇ ਇੰਡਸਟਰੀ ਟਾਊਨ ਗੁੜਗਾਓਂ ਅਤੇ ਫਰੀਦਾਬਾਦ ਵੀ ਸਾਡੇ ਹੱਥੋਂ ਨਿਕਲ ਗਏ ਅਤੇ ਆਬਾਦੀ 55 ਫੀਸਦੀ ਸਿੱਖਾਂ ਤੇ 45 ਫੀਸਦੀ ਹਿੰਦੂਆਂ 'ਤੇ ਆ ਟਿਕੀ। 
ਬਦਕਿਸਮਤੀ ਨਾਲ ਪੰਜਾਬ ਵਿਚ ਅੱਤਵਾਦ ਦਾ ਭਿਆਨਕ ਦੌਰ ਵੀ ਚੱਲਿਆ, ਜਿਸ ਨੇ ਸਿਆਸਤ ਵਿਚ ਹਿੰਦੂ-ਸਿੱਖ ਨਜ਼ਰੀਏ ਨੂੰ ਇੰਨਾ ਉਭਾਰਿਆ ਕਿ ਇਸ ਸੈਕੁਲਰ ਦੇਸ਼ ਵਿਚ ਹਿੰਦੂ ਆਬਾਦੀ ਸਹਿਮ ਗਈ। ਪੰਜਾਬ ਦੀ ਸਿਆਸਤ ਕਾਂਗਰਸ ਬਨਾਮ ਅਕਾਲੀ ਦਲ ਵਿਚ ਵੰਡੀ ਗਈ। ਕੁਝ ਸਮੇਂ ਲਈ ਬਸਪਾ ਤੇ ਕਮਿਊਨਿਸਟਾਂ ਦਾ ਅਸਰ ਕੁਝ ਥਾਵਾਂ 'ਤੇ ਪੈਦਾ ਹੋਇਆ ਪਰ ਛੇਤੀ ਹੀ ਖਤਮ ਹੋ ਗਿਆ।
ਅਕਾਲੀਆਂ ਦੀ ਇਹ ਇੱਛਾ ਪੂਰੀ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਹੀ ਹੋਵੇ ਪਰ ਇਹ ਇੱਛਾ ਪੂਰੀ ਨਹੀਂ ਹੋ ਸਕੀ ਕਿ ਅਕਾਲੀ ਲੀਡਰਸ਼ਿਪ ਹੀ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲੇ। ਪੰਜਾਬ ਦੇ ਇਤਿਹਾਸ 'ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਥੋੜ੍ਹੇ ਸਮੇਂ ਲਈ ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ ਅਕਾਲੀ ਦਲ ਦੇ ਮੁੱਖ ਮੰਤਰੀ ਰਹੇ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰ ਮੁੱਖ ਮੰਤਰੀ ਬਣੇ ਪਰ ਲਗਾਤਾਰ 10 ਸਾਲ ਮੁੱਖ ਮੰਤਰੀ ਬਣਨ ਦਾ ਸੁਭਾਗ (2007 ਤੋਂ 2017 ਤਕ) ਉਨ੍ਹਾਂ ਨੂੰ ਹੀ ਪ੍ਰਾਪਤ ਹੋਇਆ। ਇਸੇ ਤਰ੍ਹਾਂ ਪੂਰੇ 5 ਸਾਲ ਗਿਆਨੀ ਜ਼ੈਲ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਸਾਢੇ ਤਿੰਨ ਸਾਲ ਬੇਅੰਤ ਸਿੰਘ, 3 ਸਾਲ ਦਰਬਾਰਾ ਸਿੰਘ ਤੇ ਥੋੜ੍ਹੇ ਸਮੇਂ ਲਈ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਰਹੇ। 
ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬੀ ਸੂਬੇ ਦੇ ਨਾਂ 'ਤੇ ਮੌਜੂਦਾ ਪੰਜਾਬ ਬਣਨ ਤੋਂ ਬਾਅਦ ਕਾਂਗਰਸ ਦਾ ਹੀ ਬੋਲਬਾਲਾ ਰਿਹਾ ਤੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ 70 ਸੀਟਾਂ ਜਿੱਤ ਕੇ ਪੰਜਾਬ 'ਤੇ ਰਾਜ ਕਰ ਰਹੇ ਹਨ। 
ਕਾਂਗਰਸ ਵਿਚ ਮੁੱਖ ਮੰਤਰੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਬਹੁਤ ਅਹਿਮੀਅਤ ਰੱਖਦਾ ਹੈ। ਹਾਲਾਤ ਕੁਝ ਅਜਿਹੇ ਬਣੇ ਕਿ ਇਹ ਅਹੁਦਾ ਵੀ ਸਿੱਖ ਆਗੂਆਂ ਕੋਲ ਰਿਹਾ, ਜਿਵੇਂ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਮਹਿੰਦਰ ਸਿੰਘ ਗਿੱਲ, ਬੇਅੰਤ ਸਿੰਘ, ਹੰਸਪਾਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ, ਸੰਤੋਸ਼ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਦੂਲੋ ਤੇ ਮਹਿੰਦਰ ਸਿੰਘ ਕੇ. ਪੀ.।
ਕੁਝ ਸਮੇਂ ਲਈ ਕਾਂਗਰਸ ਵਿਚ ਹਿੰਦੂ ਲੀਡਰਾਂ ਨੂੰ ਵੀ ਪ੍ਰਧਾਨਗੀ ਮਿਲੀ, ਜਿਵੇਂ ਹੰਸ ਲਾਲ ਸ਼ਰਮਾ, ਬੀਬੀ ਸਰਲਾ ਪਰਾਸ਼ਰ, ਵਰਿੰਦਰ ਕਟਾਰੀਆ ਤੇ ਅੰਬਿਕਾ ਸੋਨੀ ਪਰ ਹਾਈਕਮਾਨ ਵਿਚ ਪੰਜਾਬ ਕਾਂਗਰਸ ਦੀ ਧੜੇਬੰਦੀ ਦੇ ਅਸਰ ਕਾਰਨ ਇਨ੍ਹਾਂ ਨੂੰ ਪੂਰੇ ਸਮੇਂ ਲਈ ਕੰਮ ਨਹੀਂ ਕਰਨ ਦਿੱਤਾ ਗਿਆ। 
ਅੱਜ ਭਾਰਤ ਵਿਚ ਚੱਲ ਰਹੀ ਕਾਂਗਰਸ ਦੀ ਸਿਆਸਤ ਨੇ ਸਿੱਧ ਕਰ ਦਿੱਤਾ ਹੈ ਕਿ ਜਿਸ ਸੂਬੇ ਵਿਚ ਕਾਂਗਰਸ ਦੋ ਵਾਰ ਹਾਰੀ, ਉਥੇ ਮੁੜ ਸੱਤਾ ਵਿਚ ਨਹੀਂ ਆ ਸਕੀ। ਇਹ ਸਿਰਫ ਪੰਜਾਬ ਹੀ ਹੈ, ਜਿਥੇ ਕਾਂਗਰਸ 2007 ਅਤੇ 2012 ਵਿਚ ਲਗਾਤਾਰ ਹਾਰਨ ਤੋਂ ਬਾਅਦ ਵੀ ਆਪਣੀ ਸਰਕਾਰ ਬਣਾਉਣ 'ਚ ਸਫਲ ਹੋ ਗਈ। 
ਪਿਛਲੇ ਦਿਨੀਂ ਕਾਂਗਰਸ ਦੀ ਸਿਆਸਤ 'ਚ ਇਹ ਰੁਝਾਨ ਰਿਹਾ ਹੈ ਕਿ ਟਕਰਾਅ ਤੋਂ ਬਚਣ ਲਈ ਮੁੱਖ ਮੰਤਰੀ ਅਤੇ ਪਾਰਟੀ ਦਾ ਸੂਬਾ ਪ੍ਰਧਾਨ ਇਕ ਹੀ ਵਿਅਕਤੀ ਹੋਵੇ ਕਿਉਂਕਿ ਪ੍ਰਧਾਨ ਦਾ ਪੂਰੇ ਸੰਗਠਨ ਉੱਤੇ ਕੰਟਰੋਲ ਹੁੰਦਾ ਹੈ ਤੇ ਸਰਕਾਰੀ ਨੀਤੀਆਂ ਬਣਾਉਣ, ਚੋਣਾਂ ਸਮੇਂ ਟਿਕਟਾਂ ਵੰਡਣ 'ਚ ਅਹਿਮ ਰੋਲ ਵੀ ਹੁੰਦਾ ਹੈ ਪਰ ਤਜਰਬਾ ਦੱਸਦਾ ਹੈ ਕਿ ਜਦੋਂ-ਜਦੋਂ ਵੀ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਵਿਚਾਲੇ ਟਕਰਾਅ ਹੋਇਆ, ਉਦੋਂ ਨਾ ਹਕੂਮਤ ਚੱਲ ਸਕੀ ਤੇ ਨਾ ਹੀ ਸੰਗਠਨ।
ਸ਼੍ਰੀ ਸੁਨੀਲ ਜਾਖੜ ਇਕ ਕੱਟੜ ਕਾਂਗਰਸੀ ਪਰਿਵਾਰ ਤੋਂ ਹਨ। ਉਨ੍ਹਾਂ ਦੇ ਪਿਤਾ ਸ਼੍ਰੀ ਬਲਰਾਮ ਜਾਖੜ ਪੰਜਾਬ ਵਿਚ ਮੰਤਰੀ ਅਤੇ ਲੋਕ ਸਭਾ ਵਿਚ ਸਪੀਕਰ ਦੇ ਅਹੁਦੇ ਉਤੇ ਰਹੇ। ਗਾਂਧੀ ਪਰਿਵਾਰ ਨਾਲ ਵੀ ਉਨ੍ਹਾਂ ਦੀ ਕਾਫੀ ਨੇੜਤਾ ਸੀ। ਵਿਰੋਧੀ ਧਿਰ ਦੇ ਨੇਤਾ ਵਜੋਂ ਸੁਨੀਲ ਜਾਖੜ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਤਕੜਾ ਮੋਰਚਾ ਖੋਲ੍ਹੀ ਰੱਖਿਆ। 
ਕਾਂਗਰਸ ਪਾਰਟੀ ਵਿਚ ਚੱਲੀ ਖਾਨਾਜੰਗੀ ਦੌਰਾਨ ਜਾਖੜ ਕੈਪਟਨ ਅਮਰਿੰਦਰ ਸਿੰਘ ਨਾਲ ਡਟ ਕੇ ਖੜ੍ਹੇ ਰਹੇ। ਕੈਪਟਨ ਦਾ ਵਿਰੋਧੀ ਧੜਾ ਇਹ ਕਹਿੰਦਾ ਰਿਹਾ ਕਿ ਸੁਨੀਲ ਜਾਖੜ ਖ਼ੁਦ ਪਾਰਟੀ ਦਾ ਪ੍ਰਧਾਨ ਬਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਪਰ ਉਦੋਂ ਵੀ ਜਾਖੜ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹੇ ਰਹੇ। ਜਿਹੜੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਚਰਿੱਤਰ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਹ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਦੇ ਤੇ ਸਮਾਂ ਆਉਣ 'ਤੇ ਦੋਸਤਾਂ ਦੀ ਵਫਾਦਾਰੀ ਦਾ ਮੁੱਲ ਵੀ ਚੁਕਾਉਂਦੇ ਹਨ। ਇਸੇ ਲਈ ਉਨ੍ਹਾਂ ਨੇ ਹਾਈਕਮਾਨ ਨੂੰ ਭਰੋਸੇ ਵਿਚ ਲੈ ਕੇ ਸੁਨੀਲ ਜਾਖੜ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ। 
ਸ਼੍ਰੀ ਜਾਖੜ ਦੀ ਇਸ ਅਹੁਦੇ 'ਤੇ ਨਿਯੁਕਤੀ ਜਿਥੇ ਪੰਜਾਬ ਦੇ ਹਿੰਦੂ ਤਬਕੇ ਨੂੰ ਮੁਕੰਮਲ ਤੌਰ 'ਤੇ ਕਾਂਗਰਸ ਸਮਰਥਕ ਬਣਾਏਗੀ, ਉਥੇ ਹੀ ਪੰਜਾਬ ਵਿਚ ਭਾਜਪਾ ਦੇ ਅਸਰ ਨੂੰ ਵਧਣ ਤੋਂ ਰੋਕੇਗੀ ਅਤੇ ਇਸ ਨਾਲ ਕਾਂਗਰਸ ਦਾ ਸੈਕੁਲਰ ਚਰਿੱਤਰ ਵੀ ਉੱਭਰੇਗਾ।