ਦੱਖਣੀ ਚੀਨ ਸਾਗਰ ’ਚ ਫਿਲੀਪੀਨਜ਼ ਦੀ ਚੀਨ ਨੂੰ ਲਲਕਾਰ

08/24/2023 7:04:38 PM

ਚੀਨ ਇਨ੍ਹੀਂ ਦਿਨੀਂ ਫਿਰ ਤੋਂ ਫਿਲੀਪੀਨਜ਼ ਨੂੰ ਪ੍ਰੇਸ਼ਾਨ ਕਰਨ ’ਚ ਲੱਗ ਗਿਆ ਹੈ। ਤਾਜ਼ਾ ਮਾਮਲਾ 7 ਅਗਸਤ ਦਾ ਹੈ ਜਦ ਫਿਲੀਪੀਨੀ ਕੋਸਟ ਗਾਰਡ ਆਪਣੇ ਸਮੁੰਦਰੀ ਹੱਦ ਖੇਤਰ ’ਚ ਸੈਕੰਡ ਥਾਮਸ ਸ਼ਾਲ ਟਾਪੂ ਜਾ ਰਹੇ ਸਨ ਜੋ ਫਿਲੀਪੀਨਜ਼ ਦੀ ਮੁੱਖ ਭੂਮੀ ਤੋਂ ਦੂਰ ਵਸਿਆ ਹੈ। ਉਸ ਸਮੇਂ ਚੀਨੀ ਜੰਗੀ ਬੇੜੇ ’ਚ ਤਾਇਨਾਤ ਚੀਨੀ ਫੌਜੀਆਂ ਨੇ ਇਨ੍ਹਾਂ ਨੂੰ ਆਪਣੇ ਹੀ ਖੇਤਰ ’ਚ ਗਸ਼ਤ ਲਾਉਣ ਤੋਂ ਰੋਕਿਆ ਅਤੇ ਪਾਣੀ ਦੀ ਤੇਜ਼ ਵਾਛੜ ਮਾਰ ਕੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ।

ਇਸ ਗੱਲ ਨੂੰ ਲੈ ਕੇ ਫਿਲੀਪੀਨਜ਼ ’ਚ ਚੀਨੀ ਰਾਜਦੂਤ ਨੂੰ ਤਲਬ ਕਰ ਕੇ ਡੂੰਘੀ ਨਾਰਾਜ਼ਗੀ ਪ੍ਰਗਟਾਈ ਗਈ। ਚੀਨ ਵੱਲੋਂ ਇਸ ਬਾਰੇ ਅਜੇ ਤੱਕ ਫਿਲੀਪੀਨਜ਼ ਨੂੰ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਪਰ ਚੀਨ ਦੀ ਇਸ ਹਰਕਤ ਦਾ ਮਤਲਬ ਇਕਦਮ ਸਾਫ ਹੈ, ਮਾਰਕੋੋਸ ਜੂਨੀਅਰ ਨੇ ਅਮਰੀਕੀ ਪੈਂਟਾਗਨ ਨੂੰ ਫਿਲੀਪੀਨਜ਼ ਦੀ ਫੌਜ ਨਾਲ ਉੱਨਤ ਰੱਖਿਆ ਸਹਿਯੋਗ ਸਮਝੌਤਾ ਭਾਵ ਈ. ਡੀ. ਸੀ. ਏ. ਕੀਤਾ ਹੈ।

ਇਸ ਸਮਝੌਤੇ ਅਧੀਨ ਅਮਰੀਕਾ ਨੂੰ ਫਿਲੀਪੀਨਜ਼ ’ਚ ਬੜ੍ਹਤ ਮਿਲੇਗੀ ਜਿਸ ਤੋਂ ਚੀਨ ਬੁਰੀ ਤਰ੍ਹਾਂ ਨਾਰਾਜ਼ ਹੋ ਗਿਆ ਹੈ। ਜੁਲਾਈ ਮਹੀਨੇ ’ਚ ਮਾਰਕੋਸ ਜੂਨੀਅਰ ਦੀ ਚੀਨ ਯਾਤਰਾ ਦੌਰਾਨ ਉਨ੍ਹਾਂ ’ਤੇ ਚੀਨ ਨੇ ਆਪਸੀ ਸਬੰਧਾਂ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ ਹੈ ਪਰ ਚੀਨ ਤੋਂ ਵਾਪਸ ਪਰਤਣ ਪਿੱਛੋਂ ਮਾਰਕੋਸ ਜੂਨੀਅਰ ਦੀ ਸਾਬਕਾ ਰਾਸ਼ਟਰਪਤੀ ਦੁਤੇਰਤੇ ਨਾਲ ਮੁਲਾਕਾਤ ਹੋਈ ਜਿਸ ਪਿੱਛੋਂ ਅਮਰੀਕਾ ਨਾਲ ਰੱਖਿਆ ਸਮਝੌਤਾ ਦਾ ਕਦਮ ਉਠਾਇਆ ਗਿਆ। ਦਰਅਸਲ ਚੀਨ ਨੇ ਆਪਣੀਆਂ ਹਮਲਾਵਰ ਹਰਕਤਾਂ ਨਾਲ 22 ਦੇਸ਼ਾਂ ਨਾਲ ਸਰਹੱਦ ਵਿਵਾਦ ਪੈਦਾ ਕਰ ਕੇ ਆਪਣੀ ਸਾਖ ਨੂੰ ਖਰਾਬ ਕਰ ਲਿਆ ਹੈ।

ਹਾਲ ਹੀ ’ਚ ਚੀਨ ਵੱਲੋਂ ਫਿਲੀਪੀਨਜ਼ ’ਤੇ ਹੋਈ ਇਸ ਕਾਰਵਾਈ ਦੀ ਫਿਲੀਪੀਨਜ਼ ਦੇ ਮਿੱਤਰ ਦੇਸ਼ਾਂ ਨੇ ਨਿੰਦਾ ਕੀਤੀ ਹੈ ਜਿਸ ’ਚ ਅਮਰੀਕਾ ਸਭ ਤੋਂ ਅੱਗੇ ਰਿਹਾ। ਅਮਰੀਕਾ ਨੇ ਚੀਨ ਨੂੰ ਸਖਤ ਸ਼ਬਦਾਂ ’ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਫਿਲੀਪੀਨਜ਼ ਦੀ ਫੌਜ, ਸਮੁੰਦਰੀ ਫੌਜ, ਹਵਾਈ ਫੌਜ ਅਤੇ ਕੋਸਟ ਗਾਰਡ ’ਤੇ ਕਿਸੇ ਵੀ ਬਾਹਰੀ ਹਮਲੇ ਦਾ ਜਵਾਬ ਅਮਰੀਕਾ ਦੇਵੇਗਾ ਅਤੇ ਫਿਲੀਪੀਨਜ਼ ਨਾਲ ਅਮਰੀਕੀ ਰੱਖਿਆ ਸਮਝੌਤੇ ਅਧੀਨ ਕਾਰਵਾਈ ਕਰੇਗਾ।

ਓਧਰ ਮਾਰਕੋਸ ਜੂਨੀਅਰ ਨੇ ਵੀ ਨਪੇ-ਤੁਲੇ ਸ਼ਬਦਾਂ ’ਚ ਚੀਨ ਨੂੰ ਸੁਣਾ ਿਦੱਤਾ ਕਿ ਫਿਲੀਪੀਨਜ਼ ਸਾਰੇ ਦੇਸ਼ਾਂ ’ਚ ਮਿੱਤਰਤਾ ਵਿਵਹਾਰ ਚਾਹੁੰਦਾ ਹੈ ਤੇ ਦੱਖਣੀ ਚੀਨ ਸਾਗਰ ’ਚ ਕੋਈ ਤਣਾਅ ਨਹੀਂ ਚਾਹੁੰਦਾ ਪਰ ਜੇ ਕਿਸੇ ਦੇਸ਼ ਨਾਲ ਉਸ ਦੇ ਤਣਾਅਪੂਰਨ ਸਬੰਧ ਰਹੇ ਤਾਂ ਫਿਲੀਪੀਨਜ਼ ਇਕ ਵਾਰ ਫਿਰ ਪੱਛਮੀ ਦੇਸ਼ਾਂ ਦੇ ਖੇਮੇ ’ਚ ਚਲਾ ਜਾਵੇਗਾ।

ਮਾਰਕੋਸ ਜੂਨੀਅਰ ਨੇ ਸੱਤਾ ਸੰਭਾਲਦੇ ਹੀ ਆਪਣੇ ਤੋਂ ਪਹਿਲੇ ਹਾਕਮ ਚੀਨਪ੍ਰਸਤ ਦੁਤੇਰਤੇ ਵਾਂਗ ਚੀਨ ਨਾਲ ਦੋਸਤੀ ਦੀ ਗੱਲ ਕਹੀ ਸੀ ਪਰ ਚੀਨ ਦੇ ਹਮਲਾਵਰ ਰੁਖ ਨੂੰ ਦੇਖਦੇ ਹੋਏ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਮਾਰਕੋਸ ਜੂਨੀਅਰ ਨੇ ਆਪਣੀ ਵਿਦੇਸ਼ ਨੀਤੀ ’ਚ ਵੱਡਾ ਬਦਲਾਅ ਕੀਤਾ ਅਤੇ ਪੱਛਮੀ ਦੇਸ਼ਾਂ ਦੇ ਨੇੜੇ ਚਲੇ ਗਏ।

ਇਸ ਪਿੱਛੋਂ ਫਿਲੀਪੀਨਜ਼ ਦੇ ਅਮਰੀਕੀ ਪੈਂਟਾਗਨ ਨਾਲ ਰੱਖਿਆ ਸਹਿਯੋਗ ਸ਼ੁਰੂ ਹੋਣ ਲੱਗੇ। ਅਮਰੀਕਾ ਦੀ ਮੌਜੂਦਗੀ ਦੇ ਦੱਖਣੀ ਚੀਨ ਸਾਗਰ ’ਚ ਵਧਣ ਨਾਲ ਚੀਨ ਦੇ ਵਧਦੇ ਕਦਮਾਂ ’ਤੇ ਲਗਾਮ ਲੱਗੇਗੀ ਅਤੇ ਪੂਰੇ ਦੱਖਣੀ ਚੀਨ ਸਾਗਰ ਖੇਤਰ ’ਚ ਫੈਲੇ ਦੂਜੇ ਦੇਸ਼ਾਂ ਦੇ ਟਾਪੂਆਂ ’ਤੇ ਕਬਜ਼ਾ ਕਰਨ ਨਾਲ ਚੀਨ ਦੂਰੀ ਬਣਾ ਕੇ ਰਹੇਗਾ।

ਇਸ ਸਾਲ ਫਿਲੀਪੀਨੀ ਕੋਸਟ ਗਾਰਡ ਨੇ ਫਿਲੀਪੀਨਜ਼ ਦੇ ਹਿੱਸੇ ਅਤੇ ਦੱਖਣੀ ਚੀਨ ਸਾਗਰ ’ਚ ਵੱਸੇ ਇਰੋਕਵੀਸ ਰੀਫ ’ਚ ਚੀਨੀ ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਦੀ ਵਧੀ ਹੋਈ ਿਗਣਤੀ ਬਾਰੇ ਦੱਸਿਆ, ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਫਿਲੀਪੀਨਜ਼ ਨੇ ਚੀਨੀ ਜੰਗੀ ਬੇੜਿਆਂ ’ਤੇ ਫਿਲੀਪੀਨੀ ਕੋਸਟ ਗਾਰਡ ਕਿਸ਼ਤੀ ’ਤੇ ਲੇਜ਼ਰ ਕਿਰਨਾਂ ਨਾਲ ਹਮਲਾ ਕਰਨ ਦੀ ਗੱਲ ਕਹੀ ਸੀ।

ਪਿਛਲੇ ਹਫਤੇ ਫਿਲੀਪੀਨੀ ਕੋਸਟ ਗਾਰਡ ਨੇ ਸ਼ਿਕਾਇਤ ਕੀਤੀ ਸੀ ਕਿ ਸੈਕੰਡ ਥਾਮਸ ਸ਼ਾਲ ਟਾਪੂ ’ਤੇ ਉਨ੍ਹਾਂ ਨੇ ਚੀਨੀ ਜੰਗੀ ਬੇੜੇ ਨੂੰ ਲੰਗਰ ਸੁੱਟੀ ਰੱਖਿਆ ਸੀ ਜੋ ਕਿ ਫਿਲੀਪੀਨਜ਼ ਦਾ ਟਾਪੂ ਹੈ ਪਰ ਮੁੱਖ ਭੂਮੀ ਤੋਂ ਦੂਰ ਦੱਖਣੀ ਚੀਨ ਸਾਗਰ ’ਚ ਸਥਿਤ ਹੈ। 1990 ਦੇ ਦਹਾਕੇ ’ਚ ਫਿਲੀਪੀਨੀ ਫੌਜੀਆਂ ਦੀ ਇਕ ਟੁਕੜੀ ਨੇ ਦੱਖਣੀ ਚੀਨ ਸਾਗਰ ’ਚ ਦੱਖਣੀ ਹਿੱਸੇ ’ਚ ਰਣਨੀਤਕ ਥਾਂ ’ਤੇ ਸਥਿਤ ਇਸ ਟਾਪੂ ’ਤੇ ਅਸਲ ਕੰਟਰੋਲ ਹਾਸਲ ਕੀਤਾ ਸੀ ਪਰ ਹੁਣ ਚੀਨ ਦੇ ਜੰਗੀ ਬੇੜੇ ਅਕਸਰ ਇੱਥੇ ਨਾਜਾਇਜ਼ ਤੌਰ ’ਤੇ ਆਉਂਦੇ ਹਨ ਅਤੇ ਆਪਣਾ ਡੇਰਾ ਪਾ ਲੈਂਦੇ ਹਨ।

ਚੀਨ ਇਸ ਟਾਪੂ ’ਤੇ ਆਪਣਾ ਦਾਅਵਾ ਠੋਕ ਰਿਹਾ ਹੈ ਤੇ ਇਸ ਨੂੰ ਕਿਸੇ ਵੀ ਹਾਲਤ ’ਚ ਫਿਲੀਪੀਨਜ਼ ਨੂੰ ਨਹੀਂ ਦੇਣਾ ਚਾਹੁੰਦਾ। ਹਾਲਾਂਕਿ ਕੌਮਾਂਤਰੀ ਅਦਾਲਤ ’ਚ ਇਹ ਮਾਮਲਾ ਸਾਲ 2016 ’ਚ ਚਲਾ ਗਿਆ ਤੇ ਇਸ ’ਚ ਚੀਨ ਵਿਰੁੱਧ ਫੈਸਲਾ ਸੁਣਾਇਆ ਗਿਆ ਸੀ ਪਰ ਚੀਨ ਆਪਣੇ ਬਾਹੂਬਲ ਦੇ ਅੱਗੇ ਕਿਸੇ ਵੀ ਅਦਾਲਤ ਨੂੰ ਕੁਝ ਨਹੀਂ ਸਮਝਦਾ। ਚੀਨ ਨਾਈਨ ਡੈਸ਼ਲਾਈਨ ਦੇ ਇਲਾਕੇ ’ਚ ਆਉਣ ਵਾਲੇ ਸਮੁੰਦਰੀ ਖੇਤਰ ’ਤੇ ਆਪਣਾ ਦਾਅਵਾ ਕਰਦਾ ਹੈ ਪਰ ਇਸੇ ਖੇਤਰ ’ਚ ਦੂਜੇ ਦੇਸ਼ਾਂ ਦੇ ਟਾਪੂ ਹਨ ਜਿਨ੍ਹਾਂ ’ਤੇ ਚੀਨ ਆਪਣਾ ਨਾਜਾਇਜ਼ ਦਾਅਵਾ ਕਰਦਾ ਰਿਹਾ ਹੈ ਪਰ ਇਸ ਵਾਰ ਚੀਨ ਨੇ ਸਾਰੀਆਂ ਹੱਦਾਂ ਪਾਰ ਕਰ ਕੇ ਫਿਲੀਪੀਨਜ਼ ਨੂੰ ਇਸ ਟਾਪੂ ਨੂੰ ਖਾਲੀ ਕਰਨ ਨੂੰ ਕਹਿ ਦਿੱਤਾ, ਨਾਲ ਹੀ ਆਪਣੇ ਜੰਗੀ ਬੇੜਿਆਂ ਨੂੰ ਹਟਾਉਣ ਦੇ ਹੁਕਮ ਵੀ ਦਿੱਤੇ।

ਚੀਨ ਨੇ ਫਿਲੀਪੀਨਜ਼ ਦੇ ਉਸ ਦਾਅਵੇ ਦਾ ਖੰਡਨ ਕੀਤਾ ਕਿ ਚੀਨ ਉਸ ਨੂੰ ਸੈਕੰਡ ਥਾਮਸ ਸ਼ਾਲ ਟਾਪੂ ’ਤੇ ਨਿਰਮਾਣ ਸਮੱਗਰੀ ਨਹੀਂ ਲਿਜਾਣ ਦੇ ਰਿਹਾ ਹੈ ਅਤੇ ਨਾ ਹੀ ਉੱਥੇ ਰਹਿਣ ਵਾਲੇ ਫਿਲੀਪੀਨੀ ਨਾਗਰਿਕਾਂ ਲਈ ਖਾਧ ਸਮੱਗਰੀ ਲਿਜਾਣ ਦਿੰਦਾ ਹੈ। ਚੀਨ ਦਾ ਕਹਿਣਾ ਹੈ ਕਿ ਇਹ ਟਾਪੂ ਉਸ ਦਾ ਹੈ ਇਸ ਲਈ ਫਿਲੀਪੀਨਜ਼ ਨੂੰ ਇਸ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ।

ਅਜਿਹਾ ਲੱਗਦਾ ਹੈ ਕਿ ਚੀਨ ਹੁਣ ਸਿੱਧੇ ਤੌਰ ’ਤੇ ਅਮਰੀਕਾ ਨੂੰ ਚੁਣੌਤੀ ਦੇ ਰਿਹਾ ਹੈ। ਅਮਰੀਕਾ ਨੇ ਚੀਨ ਦੇ ਫਿਲੀਪੀਨੀ ਸਮੁੰਦਰੀ ਫੌਜ, ਕੋਸਟ ਗਾਰਡ ਅਤੇ ਨਾਗਰਿਕ ਕਿਸ਼ਤੀਆਂ ’ਤੇ ਹਮਲੇ ਕਰਨ ਨੂੰ ਲੈ ਕੇ ਚੀਨ ਨੂੰ ਚਿਤਾਵਨੀ ਿਦੰਦੇ ਹੋਏ ਕਿਹਾ ਕਿ ਸਾਲ 1951 ਦੀ ਅਮਰੀਕੀ-ਫਿਲੀਪੀਨਜ਼ ਰਵਾਇਤੀ ਰੱਖਿਆ ਸੰਧੀ ਦੀ ਧਾਰਾ 4 ਨੂੰ ਲਾਗੂ ਕਰੇਗਾ ਭਾਵ ਅਮਰੀਕਾ ਨੇ ਵੀ ਚੀਨ ਨੂੰ ਖੁੱਲ੍ਹ ਕੇ ਚੁਣੌਤੀ ਦੇ ਦਿੱਤੀ ਹੈ ਕਿ ਜੇ ਹੁਣ ਚੀਨ ਦੱਖਣੀ ਚੀਨ ਸਾਗਰ ਖੇਤਰ ’ਚ ਕਿਸੇ ਵੀ ਹਮਲਾਵਰ ਸਰਗਰਮੀ ਨੂੰ ਅੰਜਾਮ ਦੇਵੇਗਾ ਤਾਂ ਨਤੀਜੇ ਉਸ ਨੂੰ ਭੁਗਤਣੇ ਪੈਣਗੇ।

ਇਸ ਦੇ ਤੁਰੰਤ ਬਾਅਦ ਪੱਛਮੀ ਦੇਸ਼ਾਂ ਨੇ ਵੀ ਅਮਰੀਕਾ ਦੇ ਸੁਰ ’ਚ ਫਿਲੀਪੀਨਜ਼ ਦਾ ਸਾਥ ਦੇਣਾ ਸ਼ੁਰੂ ਕਰ ਿਦੱਤਾ ਜਿਸ ’ਚ ਆਸਟ੍ਰੇਲੀਆ, ਕੈਨੇਡਾ, ਜਰਮਨੀ ਨਾਲ ਚੀਨ ਦਾ ਗੁਆਂਢੀ ਜਾਪਾਨ ਵੀ ਸ਼ਾਮਲ ਹੈ। ਫਿਲੀਪੀਨਜ਼ ’ਤੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਚਾਹੁੰਦਾ ਹੈ ਕਿ ਜਲਦੀ ਹੀ ਸੈਕੰਡ ਥਾਮਸ ਸ਼ਾਲ ਟਾਪੂ ’ਤੇ ਫਿਲੀਪੀਨਜ਼ ਅਮਰੀਕਾ ਦੀ ਮਦਦ ਨਾਲ ਆਪਣਾ ਨਿਰਮਾਣ ਸ਼ੁਰੂ ਕਰੇ, ਇਸ ਕੰਮ ’ਚ ਚੀਨ ਦੀ ਰੁਕਾਵਟ ਨੂੰ ਰੋਕਣ ਲਈ ਅਮਰੀਕਾ ਖੁਦ ਖੇਤਰ ’ਚ ਆਪਣੀ ਸਮੁੰਦਰੀ ਫੌਜ ਨੂੰ ਤਾਇਨਾਤ ਕਰੇਗਾ।

ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੀਨ ਅਮਰੀਕਾ ਨਾਲ ਬਾਕੀ ਪੱਛਮੀ ਸ਼ਕਤੀਆਂ ਦਾ ਮੁਕਾਬਲਾ ਇਕੱਲੇ ਕਿਵੇਂ ਕਰੇਗਾ? ਰਹੀ ਚੀਨ ਦੇ ਗੁਆਂਢੀਆਂ ਦੀ ਗੱਲ ਤਾਂ ਚੀਨ ਨੇ ਉੱਥੇ ਆਪਣੇ ਸਬੰਧ ਸਭ ਦੇਸ਼ਾਂ ਨਾਲ ਖਰਾਬ ਕਰ ਲਏ ਹਨ। ਕਿਸੇ ਵੀ ਸੰਭਾਵਿਤ ਸੰਘਰਸ਼ ਜਾਂ ਤਣਾਅ ਦੀ ਸਥਿਤੀ ’ਚ ਚੀਨ ਦਾ ਕੋਈ ਵੀ ਗੁਆਂਢੀ ਉਸ ਦਾ ਸਾਥ ਨਹੀਂ ਦੇਵੇਗਾ।

Mukesh

This news is Content Editor Mukesh