ਪੰਜਾਬ ਅੰਦਰ ਅਮਨ, ਕਾਨੂੰਨ ਤੇ ਵਿਕਾਸ!

09/03/2021 1:06:05 PM

ਪੰਜਾਬ 1839 ਈ. ਤੋਂ ਪਹਿਲਾਂ ਇਕ ਮਜ਼ਬੂਤ, ਸ਼ਾਂਤੀ ਭਰਪੂਰ ਤੇ ਵਿਕਸਿਤ ਦੇਸ਼ ਸੀ । ਇਸ ਸਭ ਤੋਂ ਅਮੀਰ ਤੇ ਮਜ਼ਬੂਤ ਰਾਜ ਦੀ ਗਵਾਹੀ ਦੁਨੀਆ ਭਰਦੀ ਹੈ । ਮਹਾਰਾਜਾ ਸਾਹਿਬ ਨੂੰ ਦੁਨੀਆ ਦੇ ਇਤਿਹਾਸ ਵਿਚ ਅੱਜ ਤੱਕ ਦਾ ਦਿਆਲੂ ਬਾਦਸ਼ਾਹ ਖੋਜੀ ਮੰਨਦੇ ਹਨ ਤੇ ਸ. ਹਰੀ ਸਿੰਘ ਨਲਵਾ ਨੂੰ ਦੁਨੀਆ ਦਾ ਸਭ ਤੋਂ ਬਹਾਦਰ ਤੇ ਦੂਰ-ਅੰਦੇਸ਼ ਜਰਨੈਲਾਂ ’ਚ ਗਿਣਿਆ ਜਾਂਦਾ ਹੈ। ਅੰਗਰੇਜ਼ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੇ ਅੱਧੇ ਸਰਦਾਰ ਤਾਂ ਪਹਿਲਾਂ ਹੀ ਆਜ਼ਾਦ ਹਸਤੀ ਭੁਲਾ ਕੇ ਗੁਲਾਮ ਬਣਾ ਲਏ ਸਨ, ਉਹ ਰਾਜਾ ਦੀ ਥਾਂ ਅੰਗਰੇਜ਼ ਦੇ ਰਾਜਕੁਮਾਰ ਬਣ, ਖਾਲਸਾ ਰਾਜ ਦੇ ਦੁਸ਼ਮਣ ਬਣ ਚੁੱਕੇ ਸਨ, ਬਾਕੀ ਅਹਿਲਕਾਰ ਸ਼ੇਰੇ ਪੰਜਾਬ ਦੇ ਅੱਖਾਂ ਮੀਟਦਿਆਂ ਹੀ ਗ਼ੱਦਾਰ ਹੋ ਗਏ । ਦੇਸ਼ ਗੁਲਾਮ ਹੋ ਗਿਆ। ਮਹਾਰਾਜਾ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਵਾ, ਈਸਾਈ ਬਣਾ ਲਿਆ ਗਿਆ। ਜਦੋਂ ਉਹ ਦੁਬਾਰਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮੁੜਿਆ ਤਾਂ ਇਕ ਵੀ ਧੜਾ ਉਸ ਦੇ ਨਾਲ ਖੜ੍ਹਾ ਨਹੀਂ ਹੋਇਆ । ਕੇਵਲ ਸਿੱਖ ਫ਼ੌਜੀ ਉਸ ਲਈ ਜਾਨ ਦੇਣ ਲਈ ਤਿਆਰ ਸਨ ਪਰ ਸਰਦਾਰ ਵਿਕ ਚੁੱਕੇ ਸਨ। ਸਿੱਖ ਕੌਮ ਨੂੰ ਈਸਾਈ ਬਣਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੀ ਚਰਚ ਉਸਰਨਾ ਸ਼ੁਰੂ ਹੋ ਗਿਆ, ਬੁੰਗਾ ਸਰਕਾਰਾਂ ਸਮੇਤ ਬਹੁਤ ਕੁਝ ਢਾਹ ਦਿੱਤਾ ਗਿਆ ।

ਆਪਣੇ ਬੱਚਿਆਂ ਨੂੰ ਈਸਾਈ ਬਣਨ ਤੋਂ ਰੋਕਣ ਲਈ 19ਵੀਂ ਸਦੀ ਦੇ ਅੰਤ ਤੱਕ ਸਿੰਘ ਸਭਾ ਲਹਿਰ ਸ਼ੁਰੂ ਹੋਈ ਪਰ ਅੰਗਰੇਜ਼ ਨੇ ਚੀਫ ਖਾਲਸਾ ਦੀਵਾਨ ਖੜ੍ਹਾ ਕਰ ਕੇ ਉਸਦਾ ਭੋਗ ਪਾ ਦਿੱਤਾ। 20ਵੀਂ ਸਦੀ ਦੇ ਆਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਜਿੱਤ ਤੋਂ ਬਾਅਦ ਧਰਮ ਦਾ ਪ੍ਰਚਾਰ ਭੁੱਲ, ਆਜ਼ਾਦੀ ਦੀ ਲੜਾਈ ਵਿਚ ਕੁੱਦ, ਸਭ ਤੋਂ ਵੱਧ ਕੁਰਬਾਨੀਆਂ ਦੇ ਬੈਠੀ ਪਰ ਪ੍ਰਾਪਤੀ ਮਨਫੀ ਰਹੀ। ਨਿੱਜੀ ਸਵਾਰਥ ਵਾਲੀਆਂ ਕਲਮਾਂ ਅੰਗਰੇਜ਼ ਵੱਲੋਂ ਖਾਲਸਾ ਰਾਜ ਦੇਣ ਦੀ ਗੱਲ ਕਰਦੀਆਂ ਹਨ ਪਰ ਕੀ ਅੰਗਰੇਜ਼ ਲੇਖਕ, ਸਰਕਾਰੀ ਰਿਕਾਰਡ ਜਾਂ ਮਾਸਟਰ ਤਾਰਾ ਸਿੰਘ ਸਮੇਤ ਕਿਸੇ ਆਜ਼ਾਦੀ ਘੁਲਾਟੀਏ ਨੇ ਇਸ ਦੀ ਪੁਸ਼ਟੀ ਕੀਤੀ ਹੈ? ਆਜ਼ਾਦੀ ਤੋਂ ਬਾਅਦ ਵੀ ਅਕਾਲੀਆਂ ਦਾ ਕਾਂਗਰਸ ਨਾਲ ਦੋ ਵਾਰ ਰਲੇਵਾਂ ਵੀ ਕਿਸੇ ਸਿੱਖ ਸਮੱਸਿਆ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਿਆ ਕਿਉਂਕ ਹੁਣ ਅੰਗਰੇਜ਼ ਪ੍ਰਸਤ ਖੱਦਰ ਪਾ ਕੇ ਅੱਗੇ ਖੜ੍ਹੇ ਸਨ ਤੇ ਅੱਜ ਵੀ ਹਨ। ਪੰਜਾਬੀ ਬੋਲੀ, ਪੰਜਾਬੀ ਸੂਬੇ, ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀਆਂ ਮੰਗਾਂ ਨੂੰ ਲੈ ਕੇ ਹੋਏ ਸੰਘਰਸ਼ ਵਿਚ ਪ੍ਰਾਪਤੀ ਨਾਲੋਂ ਕਿਤੇ ਵੱਧ ਜਾਨੀ ਤੇ ਮਾਲੀ ਨੁਕਸਾਨ ਕਰਵਾਉਣ ਦੇ ਦੋਸ਼ੀ ਕੌਣ ਹਨ ? ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਨਾ ਕਰਨ ਜਾਂ ਭੁੱਲ ਜਾਣ ਦੇ ਦੋਸ਼ੀ ਕੌਣ ਹਨ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਨਾਲ ਸ਼ੁਰੂ ਹੋਇਆ 1970 ਦੇ ਦਹਾਕੇ ਦਾ ਸੰਘਰਸ਼ ਹਜ਼ਾਰਾਂ ਜਾਨਾਂ ਲੈ ਚੁੱਕਾ ਹੈ । ਝੂਠੇ ਮੁਕਾਬਲੇ ਕਰਨ ਵਾਲੇ, ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਮਰਜੀਵੜੇ ਬਣਾਉਣ ਵਾਲ਼ਿਆਂ ਦੀ ਮੁੱਛ ਦੇ ਵਾਲ ਬਣ ਕੇ ਲੋਕਾਂ ਨੂੰ ਕੁੱਟਦੇ ਤੇ ਲੁੱਟਦੇ ਰਹੇ ਹਨ ਤੇ ਅੱਜ ਵੀ ਇਹ ਕੰਮ ਜਾਰੀ ਹੈ । ਫਿਰ ਇਨਸਾਫ ਕਿਸ ਤੋਂ ਮਿਲੇਗਾ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਮਨੁੱਖਤਾ ਨਾਲ ਪਿਆਰ, ਦਿਆਲੂਪਨ ਤੇ ਸੇਵਾ ਦੀ ਬਾਤ ਪਾਉਂਦਾ ਹੈ ਪਰ ਪੰਜਾਬ ਵਿਚ ਬੰਦੂਕ ਨਾਲ ਕ੍ਰਾਂਤੀ ਲਿਆਉਣ ਵਾਲ਼ਿਆਂ ਦਾ ਬੋਲਬਾਲਾ ਰਿਹਾ ਹੈ। ਕਿਧਰੇ ਸਿੱਖ ਫ਼ਲਸਫ਼ੇ ਦੇ ਵਿਰੋਧੀ ਪੰਜਾਬ ਦੀ ਸ਼ਾਂਤੀ ਭੰਗ ਤਾਂ ਨਹੀਂ ਕਰਵਾ ਰਹੇ? ਕੀ ਪੰਜਾਬ ਦੇ ਕਾਰਖ਼ਾਨੇ ਤੇ ਵਪਾਰ ਇੰਨਾ ਤਬਾਹ ਨਹੀਂ ਕਰ ਦਿੱਤਾ, ਜਿਸ ਕਾਰਨ ਨੌਜਵਾਨ ਖ਼ੁਦਕੁਸ਼ੀ ਕਰਨ ਜਾਂ ਦੇਸ਼ ਤੋਂ ਦੌੜਨ ਲਈ ਮਜਬੂਰ ਹਨ?

ਬਦਕਿਸਮਤੀ ਹੈ ਕਿ ਨਾਕਾਮ ਮੋਰਚੇ ਲਾਉਣ ਵਾਲੇ, ਸਿੱਖ ਕੌਮ ਦੇ ਕਾਤਲ ਤੇ ਗੁਰਮਿਤ ਫ਼ਲਸਫ਼ੇ ਦੇ ਵਿਰੋਧੀ, ਇਕ ਮੰਚ ’ਤੇ ਲੋਕਤੰਤਰ ਦਾ ਘਾਣ ਕਰਦੇ ਨਜ਼ਰ ਆਉਂਦੇ ਹਨ। ਗੱਲ-ਬਾਤ ਹਰ ਸਮੱਸਿਆ ਦਾ ਹੱਲ ਹੁੰਦਾ ਹੈ । ਗੁਰਮਤਿ ਵੀ ‘ਕਿਛੁ ਸੁਣੀਐ ਕਿਛੁ ਕਹੀਏ’ ਦੀ ਗੱਲ ਕਰਦੀ ਹੈ। ਕਾਨੂੰਨ ਕੋਈ ਵੀ ਅੰਤਿਮ ਨਹੀਂ ਹੁੰਦਾ ਭਾਰਤ ਦੇ ਸੰਵਿਧਾਨ ਵਾਂਗ ਤਰਮੀਮ ਸੰਭਵ ਵੀ ਹੈ। ਜੇਕਰ ਖੇਤੀ ਕਾਨੂੰਨ ਰਾਜ ਸਰਕਾਰ ਦੇ ਅਧਿਕਾਰ ਵਿਚ ਹਨ, ਫਿਰ ਹਜ਼ਾਰਾਂ ਕਿਸਾਨ ਖ਼ੁਦਕੁਸ਼ੀ ਕਿਉਂ ਕਰ ਰਹੇ ਹਨ? ਸਸਤੇ ਤੇ ਸਮੇਂ ’ਤੇ ਖਾਦ-ਬੀਜ ਦਾ ਪ੍ਰਬੰਧ ਸੂਬਾ ਸਰਕਾਰ ਕਿਉਂ ਨਹੀਂ ਕਰਦੀਆਂ? ਉਪਜ ਨੂੰ ਪ੍ਰੋਸੈੱਸ ਕਰਨ ਤੇ ਸਟੋਰ ਕਰਕੇ ਦੂਜੇ ਸੂਬਿਆਂ ਤੇ ਦੇਸ਼ਾਂ ਵਿਚ ਵੇਚਣ ਦਾ ਸੂਬਾ ਸਰਕਾਰਾਂ ਨੇ 72 ਸਾਲ ਵਿਚ ਕੀ ਪ੍ਰਬੰਧ ਕੀਤਾ ? ਕੀ ਇਸ ਕਿਸਾਨੀ ਅੰਦੋਲਨ ਦਾ ਸੰਬੰਧ ਕਿਸੇ ਇਕ ਧਰਮ ਨਾਲ ਹੈ? ਕੀ ਇਹ ਅੰਦੋਲਨ ਦੇਸ਼ ਤੋਂ ਵੱਖ ਹੋਣ ਦੀ ਗੱਲ ਕਰਨ ਵਾਲ਼ਿਆਂ ਦਾ ਹੈ ਜਾਂ ਭਾਰਤ ਦੇ ਵਿਦੇਸ਼ੀ ਵਿਰੋਧੀਆਂ ਦੇ ਧਨ ਨਾਲ ਚਲਾਇਆ ਜਾ ਰਿਹਾ ਹੈ? ਜੇਕਰ ਨਹੀਂ ਤਾਂ ਉਨ੍ਹਾਂ ਦਾ ਵਿਰੋਧ ਕਿਉਂ ਨਹੀਂ? ਜੇਕਰ ਕੇਂਦਰ ਸਰਕਾਰ ਦੇ ਇਹ ਖੇਤੀ ਕਾਨੂੰਨ ਲਾਹੇਵੰਦ ਨਹੀਂ ਲੱਗਦੇ ਤਾਂ ਚੰਗੇ ਕਾਨੂੰਨਾਂ ਦਾ ਖਰੜਾ ਕਿੱਥੇ ਹੈ? ਕੀ ਕਿਸੇ ਨੇ ਸਪੱਸ਼ਟ ਕੀਤਾ ਹੈ? ਕਿ ਸਿੱਖ ਇਸ ਸਮੇਂ ਦੀ ਸਰਕਾਰ ਤੋਂ ਕੀ ਆਸ ਰੱਖਦੇ ਹਨ। ਸਿੱਖ ਕੌਮ ਨਾਲ ਝੂਠੇ ਵਾਅਦੇ ਤੇ ਜ਼ੁਲਮ ਦੀ ਜ਼ਿੰਮੇਵਾਰ ਕੀ ਕਾਂਗਰਸ ਹੈ ਜਾਂ ਭਾਰਤੀ ਜਨਤਾ ਪਾਰਟੀ? ਗ਼ੈਰ-ਕਾਨੂੰਨੀ ਮਾਈਨਿੰਗ, ਨਸ਼ਿਆਂ ਦਾ ਵਪਾਰ , ਭ੍ਰਿਸ਼ਟਾਚਾਰ, ਲੈਂਡ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ, ਕਿਸ ਦੀ ਪਨਾਹ ਵਿਚ ਹਨ? ਅਸ਼ਾਂਤੀ, ਝਗੜੇ ਤੇ ਕਤਲੋਗਾਰਤ ਵਿਕਾਸ ਦਾ ਮਾਰਗ ਨਹੀਂ, ਇਸ ਲ਼ਈ ਸ਼ਾਂਤੀ ਤੇ ਸੁਹਿਰਦ ਗੱਲਬਾਤ ਦੀ ਲੋੜ ਹੁੰਦੀ ਹੈ। ਪੰਜਾਬ ਤੇ ਕੌਮ ਦਾ ਵਿਕਾਸ ਅਸ਼ਾਂਤੀ ਨਾਲ ਨਹੀਂ ਸਗੋਂ ਚੰਗੇ ਮਾਹੌਲ ਵਿਚ ਗੱਲਬਾਤ ਰਾਹੀਂ ਹੀ ਸੰਭਵ ਹੈ । ਨਹੀਂ ਤਾਂ ਦੇਸ਼ ਦੇ ਨਾਮਵਰ ਕਾਰੋਬਾਰੀ ਤਾਂ ਪਹਿਲਾਂ ਹੀ ਇੱਥੇ ਨਿਵੇਸ਼ ਨਹੀਂ ਕਰ ਰਹੇ ਤੇ ਦੂਜੇ ਸੂਬਿਆਂ ਵੱਲ ਮੂੰਹ ਕਰ ਚੁੱਕੇ ਹਨ ਤੇ ਬਾਹਰੋਂ ਕੋਈ ਪੰਜਾਬ ਵੱਲ ਆਉਣਾ ਨਹੀਂ ਚਾਹੁੰਦਾ। ਅਰਦਾਸ ਕਰੋ ਕਿ ਪੰਜਾਬ ਬ ਸ਼ਾਂਤ ਹੋਵੇ, ਪੰਜਾਬ ’ਚ ਹਰ ਕਿਸੇ ’ਤੇ ਗੁਰੂਆਂ ਦੀ ਕਿਰਪਾ ਹੋਵੇ ਅਤੇ ਪੰਜਾਬ ਨਾ ਸਿਰਫ ਭਾਰਤ ’ਚ ਸਗੋਂ ਦੁਨੀਆ’ਚ ਵੀ ਸਭ ਤੋਂ ਅੱਗੇ ਹੋਵੇ।

Anuradha

This news is Content Editor Anuradha