ਖ਼ੁਦ ਨੂੰ ਮੁਸਲਿਮ ਕਹਿਣ ਵਾਲੇ ਹਿੰਸਕ ਗਿਰੋਹ ਵੀ ਘੱਟ ''ਕਾਫਿਰ'' ਨਹੀਂ

06/24/2017 1:19:38 AM

ਕੁਝ ਸਮਾਂ ਪਹਿਲਾਂ ਮੈਂ ਕਰਾਚੀ 'ਚ ਚਾਹ ਵੇਚਣ ਵਾਲੇ ਇਕ ਬਜ਼ੁਰਗ ਬਾਰੇ ਲਿਖਿਆ ਸੀ, ਜੋ 1967 ਦੀ ਮਿਸਰ-ਇਸਰਾਈਲ ਜੰਗ ਦੌਰਾਨ ਇਸਰਾਈਲੀ ਫੌਜ ਵਿਰੁੱਧ ਲੜਨ ਲਈ ਮਿਸਰ ਗਿਆ ਸੀ। ਸਿਰਫ 6 ਦਿਨ ਚੱਲੀ ਉਸ ਜੰਗ ਤੋਂ ਬਾਅਦ ਉਸ ਨੇ ਦੇਖਿਆ ਕਿ ਰੂਸ ਤੋਂ ਸਮਰਥਨ ਪ੍ਰਾਪਤ ਮਿਸਰ ਦੀ ਫੌਜ ਦਾ ਇਸਰਾਈਲੀਆਂ ਨੇ ਕਿਸ ਤਰ੍ਹਾਂ ਸਫਾਇਆ ਕਰ ਦਿੱਤਾ ਸੀ। ਫਿਰ ਉਹ ਯਾਸਿਰ ਅਰਾਫਾਤ ਦੇ ਫਿਲਸਤੀਨ ਮੁਕਤੀ ਸੰਗਠਨ (ਪੀ. ਐੱਲ. ਓ.) ਵਿਚ ਸ਼ਾਮਿਲ ਹੋਣ ਲਈ ਜਾਰਡਨ ਚਲਾ ਗਿਆ ਸੀ। ਛੇਤੀ ਹੀ ਉਸ ਨੂੰ ਲਿਬਨਾਨ ਦੀ ਸਰਹੱਦ 'ਤੇ ਇਸਰਾਈਲੀ ਗਾਰਡਾਂ 'ਤੇ ਗੁਰਿੱਲਾ ਹਮਲੇ ਕਰਨ ਲਈ ਇਕ ਪਿੰਡ 'ਚ ਭੇਜਿਆ ਗਿਆ। ਅਜਿਹੇ ਹੀ ਇਕ ਹਮਲੇ ਦੀ ਯੋਜਨਾ ਦੌਰਾਨ ਪੀ. ਐੱਲ. ਓ. ਦੀ ਜਿਸ ਟੁਕੜੀ ਵਿਚ ਉਹ ਸ਼ਾਮਿਲ ਸੀ, ਉਸ ਵਿਚ ਇਸ ਗੱਲ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਿਆ ਕਿ ਅਜਿਹਾ ਗੁਰਿੱਲਾ ਹਮਲਾ ਕਰਨ ਦੇ ਸਿੱਟੇ ਵਜੋਂ ਆਮ ਨਾਗਰਿਕਾਂ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੈ।
ਉਸ ਪਾਕਿਸਤਾਨੀ ਨੇ ਮੈਨੂੰ ਦੱਸਿਆ ਕਿ ਉਸ ਦੇ ਦਸਤੇ ਦੇ ਬਹੁਤੇ ਮੈਂਬਰ ਆਮ ਨਾਗਰਿਕਾਂ ਦੇ ਮਾਰੇ ਜਾਣ ਦੇ ਪੱਖ 'ਚ ਨਹੀਂ ਸਨ, ਇਸ ਲਈ ਉਨ੍ਹਾਂ ਨੇ ਅਜਿਹੇ ਗੁਰਿੱਲਾ ਹਮਲੇ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਆਖਿਰ ਇਸ ਯੋਜਨਾ ਨੂੰ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਇਹ ਸ਼ਖ਼ਸ ਪਾਕਿਸਤਾਨ ਮੁੜ ਆਇਆ ਤੇ ਕਰਾਚੀ ਦੇ ਆਈ. ਆਈ. ਚੁੰਦਰੀਗਰ ਰੋਡ 'ਤੇ ਚਾਹ ਦੀ ਸਟਾਲ ਖੋਲ੍ਹ ਲਈ। ਇਸ ਕਹਾਣੀ ਨੂੰ ਇਥੇ ਦੁਹਰਾਉਣ ਦਾ ਮੇਰਾ ਉਦੇਸ਼ ਇਹ ਹੈ ਕਿ ਆਧੁਨਿਕ ਮੁਸਲਿਮ ਮਿਲੀਟੈਂਸੀ ਦੀ ਕਲਪਨਾ ਕਿਸ ਤਰ੍ਹਾਂ ਬਦਲਦੀ ਆਈ ਹੈ ਅਤੇ ਪਿਛਲੇ 4 ਦਹਾਕਿਆਂ ਦੌਰਾਨ ਇਸ ਨੇ ਕਿਸ ਤਰ੍ਹਾਂ ਬਿਲਕੁਲ ਹੀ ਇਕ ਨਵਾਂ ਰੂਪ ਅਖਤਿਆਰ ਕਰ ਲਿਆ ਹੈ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੇ ਪ੍ਰੋ. ਜੇਮਸ ਲੁਟਜ਼ ਨੇ ਆਪਣੀ ਕਿਤਾਬ 'ਟੈਰੋਰਿਜ਼ਮ : ਓਰਿਜਿਨਜ਼ ਐਂਡ ਐਵੋਲਿਊਸ਼ਨ' ਵਿਚ 2005 'ਚ ਲਿਖਿਆ ਸੀ ਕਿ 1960 ਅਤੇ 1970 ਦੇ ਦਰਮਿਆਨ ਯੂਰਪ ਦੇ ਬਹੁਤੇ ਖੱਬੇਪੱਖੀ ਧੜੇ ਅਤੇ ਫਿਲਸਤੀਨੀ ਗੁਰਿੱਲਾ ਸਮੂਹ ਕਾਫੀ ਹੱਦ ਤਕ ਆਮ ਨਾਗਰਿਕਾਂ ਨੂੰ ਕੋਈ ਜਿਸਮਾਨੀ ਨੁਕਸਾਨ ਪਹੁੰਚਾਉਣ ਤੋਂ ਪ੍ਰਹੇਜ਼ ਕਰਦੇ ਸਨ ਕਿਉਂਕਿ ਉਹ ਮੀਡੀਆ ਤੇ ਲੋਕਾਂ ਦੀ ਹਮਦਰਦੀ ਆਪਣੇ ਨਾਲ ਜੋੜਨਾ ਚਾਹੁੰਦੇ ਸਨ।
ਇਹ ਕਹਿਣ ਦਾ ਮਤਲਬ ਇਹ ਨਹੀਂ ਕਿ ਸਿਵਲੀਅਨ ਮੌਤਾਂ ਹਮੇਸ਼ਾ ਪੂਰੀ ਤਰ੍ਹਾਂ ਟਾਲੀਆਂ ਜਾ ਸਕਦੀਆਂ ਸਨ। ਫਿਰ ਵੀ ਇਹ ਸੱਚ ਹੈ ਕਿ ਇਸ ਮੁੱਦੇ 'ਤੇ ਅਕਸਰ ਬਹੁਤ ਸਾਰੇ ਅੱਤਵਾਦੀ ਧੜਿਆਂ ਵਿਚ ਫੁੱਟ ਪੈ ਜਾਂਦੀ ਸੀ। ਇਸ ਸੰਦਰਭ ਵਿਚ (ਅਤੇ ਮੁਸਲਿਮ ਅੱਤਵਾਦੀਆਂ ਦੇ ਮਾਮਲੇ ਵਿਚ) ਸਭ ਤੋਂ ਜ਼ਿਆਦਾ ਜ਼ਿਕਰਯੋਗ ਫੁੱਟ 1974 'ਚ ਪੀ. ਐੱਲ. ਓ. ਦੇ ਯਾਸਿਰ ਅਰਾਫਾਤ ਅਤੇ ਅਬੂ ਨਿਦਾਲ ਧੜਿਆਂ ਵਿਚਾਲੇ ਪਈ ਸੀ। ਅਰਾਫਾਤ ਨੇ ਹਥਿਆਰਬੰਦ ਹਿੰਸਾ ਨੂੰ ਅਲਵਿਦਾ ਕਹਿਣ ਦਾ ਫੈਸਲਾ ਲੈ ਲਿਆ ਅਤੇ ਜ਼ਿਆਦਾ ਸਿਆਸੀ ਝੁਕਾਅ ਵਾਲਾ ਰਾਹ ਅਪਣਾ ਲਿਆ।
ਦੂਜੇ ਪਾਸੇ ਨਿਦਾਲ ਨੇ ਨਾ ਸਿਰਫ ਅੱਤਵਾਦ ਦੇ ਰਾਹ 'ਤੇ ਡਟੇ ਰਹਿਣ, ਸਗੋਂ ਇਸ ਨੂੰ ਹੋਰ ਵੀ ਪ੍ਰਚੰਡ ਬਣਾਉਣ ਦਾ ਰਾਹ ਅਪਣਾਇਆ। ਉਸ ਨੇ ਬਹੁਤ ਹੀ ਹਿੰਸਕ 'ਅਬੂ ਨਿਦਾਲ ਆਰਗੇਨਾਈਜ਼ੇਸ਼ਨ' (ਏ. ਐੱਨ. ਓ.) ਦਾ ਗਠਨ ਕਰ ਲਿਆ, ਜੋ ਕਿ 1980 ਦੇ ਦੌਰ ਵਿਚ ਲੀਬੀਆ, ਇਰਾਕ ਤੇ ਸੀਰੀਆ ਵਰਗੇ ਗਰਮਦਲੀ ਦੇਸ਼ਾਂ ਵਾਸਤੇ ਭਾੜੇ ਦੇ ਟੱਟੂਆਂ ਦਾ ਇਕ ਬਦਨਾਮ ਸਮੂਹ ਬਣ ਗਿਆ ਸੀ।
ਅਲਕਾਇਦਾ ਵਰਗੇ ਵਿਨਾਸ਼ਕਾਰੀ ਇਸਲਾਮੀ ਧੜਿਆਂ ਦੇ ਪੂਰਵਜ ਰਹਿ ਚੁੱਕੇ ਅਫਗਾਨਿਸਤਾਨ ਦੇ ਰੂਸ ਵਿਰੋਧੀ 'ਮੁਜਾਹਿਦੀਨ' ਵੀ ਇਸ ਗੱਲ ਪ੍ਰਤੀ ਚੌਕੰਨੇ ਰਹਿੰਦੇ ਸਨ ਕਿ ਉਨ੍ਹਾਂ ਨੂੰ ਮੀਡੀਆ ਵਿਚ ਚੰਗੀ ਕਵਰੇਜ ਮਿਲੇ ਅਤੇ ਲੋਕ ਉਨ੍ਹਾਂ ਨਾਲ ਹਮਦਰਦੀ ਬਣਾਈ ਰੱਖਣ। ਇਸੇ ਕਰਕੇ ਉਹ ਆਮ ਲੋਕਾਂ ਦੇ ਜਾਨ-ਮਾਲ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੇ ਸਨ।
ਬੇਸ਼ੱਕ ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਸੀ. ਆਈ. ਏ. ਅਤੇ ਸਾਊਦੀ ਅਰਬ ਦੇ ਪੈਸੇ 'ਤੇ ਪਲਣ ਵਾਲੇ ਮੌਲਵੀ ਉਨ੍ਹਾਂ ਦੇ ਦਿਮਾਗ ਵਿਚ ਕੁੱਟ-ਕੁੱਟ ਕੇ ਅਜਿਹੇ ਵਿਚਾਰ ਭਰਦੇ ਸਨ ਕਿ ਮੌਤ ਨੂੰ ਗਲੇ ਲਾਉਣਾ ਉਨ੍ਹਾਂ ਦਾ ਮਜ਼੍ਹਬੀ ਫਰਜ਼ ਹੈ, ਫਿਰ ਵੀ ਮੁਜਾਹਿਦੀਨ ਨੇ ਆਤਮਘਾਤੀ ਹਮਲਾਵਰਾਂ ਦੀ ਵਰਤੋਂ ਨਹੀਂ ਕੀਤੀ ਸੀ, ਇਥੋਂ ਤਕ ਕਿ ਸੋਵੀਅਤ ਫੌਜਾਂ ਦੇ ਵਿਰੁੱਧ ਵੀ ਨਹੀਂ।
ਮੁਸਲਿਮ ਅੱਤਵਾਦੀਆਂ ਦੀ ਹਿੱਸੇਦਾਰੀ 'ਤੇ ਆਧਾਰਿਤ ਪਹਿਲਾ ਆਤਮਘਾਤੀ ਹਮਲਾ 1983 ਵਿਚ ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਇਆ ਸੀ, ਜਦੋਂ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਇਕ ਮੈਂਬਰ ਨੇ ਵਿਸਫੋਟਕ ਪਦਾਰਥਾਂ ਨਾਲ ਭਰਿਆ ਇਕ ਟਰੱਕ ਅਮਰੀਕੀ ਫੌਜ ਦੇ ਇਕ ਕੈਂਪਸ 'ਚ ਵਾੜ ਦਿੱਤਾ ਸੀ। ਫਿਰ ਵੀ 1990 ਦੇ ਦਹਾਕੇ 'ਚ ਹੀ ਅਜਿਹਾ ਹੋ ਸਕਿਆ ਕਿ ਖ਼ੁਦ ਨੂੰ ਇਸਲਾਮੀ ਅੱਤਵਾਦੀ ਕਹਿਣ ਵਾਲੇ ਜਿਹੜੇ ਲੋਕਾਂ 'ਚੋਂ ਬਹੁਤਿਆਂ ਨੇ ਅਫਗਾਨ ਖਾਨਾਜੰਗੀ ਦੌਰਾਨ ਵੀ ਸਿਵਲੀਅਨਾਂ ਵਿਰੁੱਧ ਹਿੰਸਾ ਨਹੀਂ ਵਰਤੀ ਸੀ, ਉਨ੍ਹਾਂ ਨੇ ਵੱਖ-ਵੱਖ ਮੁਸਲਿਮ ਬਹੁਲਤਾ ਵਾਲੇ ਦੇਸ਼ਾਂ ਵਿਚ ਨਿਹੱਥੇ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਆਪਣੀ ਬਹੁਤ ਹੀ ਸ਼ਾਨਦਾਰ ਬੀ. ਬੀ. ਸੀ. ਦਸਤਾਵੇਜ਼ੀ ਫਿਲਮ 'ਪਾਵਰ ਆਫ ਨਾਈਟਮੇਅਰਜ਼' (ਬੁਰੇ ਸੁਪਨਿਆਂ ਦੀ ਤਾਕਤ) ਵਿਚ 2004 'ਚ ਐਡਮ ਕਰਟਿਸ ਨੇ ਇਹ ਨੋਟ ਕੀਤਾ ਕਿ ਜੋ ਲੋਕ ਅਫਗਾਨਿਸਤਾਨ 'ਚ ਲੜੇ ਸਨ, ਉਨ੍ਹਾਂ ਦੇ ਦਿਮਾਗ ਵਿਚ ਅਮਰੀਕਾ ਤੇ ਸਾਊਦੀ ਅਰਬ ਨਾਲ ਸੰਬੰਧਿਤ ਉਨ੍ਹਾਂ ਦੇ ਸਰਗਣਿਆਂ ਵਲੋਂ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹ ਇਕ ਮਜ਼੍ਹਬੀ ਲੜਾਈ (ਜੇਹਾਦ) ਲੜ ਰਹੇ ਹਨ ਅਤੇ ਇਸੇ ਦੇ ਦਮ 'ਤੇ ਉਨ੍ਹਾਂ ਨੇ ਰੂਸ ਵਰਗੀ ਸੁਪਰ ਪਾਵਰ ਨੂੰ ਢਹਿ-ਢੇਰੀ ਕਰ ਦਿੱਤਾ। ਇਨ੍ਹਾਂ 'ਚੋਂ ਬਹੁਤ ਸਾਰੇ ਲੋਕ ਆਪੋ-ਆਪਣੇ ਮੂਲ ਦੇਸ਼ਾਂ ਨੂੰ ਪਰਤ ਗਏ ਸਨ ਤੇ ਉਥੇ ਜਾ ਕੇ ਉਨ੍ਹਾਂ ਨੇ ਸਥਾਨਕ ਸਰਕਾਰਾਂ ਦਾ ਤਖਤਾ ਪਲਟਣ ਦੇ ਯਤਨ ਸ਼ੁਰੂ ਕਰ ਦਿੱਤੇ।
ਉਦੋਂ ਇਹ ਲੋਕ ਨਾਸਤਿਕ ਕਮਿਊਨਿਸਟਾਂ ਨੂੰ ਨਹੀਂ, ਸਗੋਂ ਮੁਸਲਿਮ ਸ਼ਾਸਕਾਂ ਨੂੰ ਪਟਕਣੀ ਦੇਣ ਦੇ ਯਤਨਾਂ 'ਚ ਲੱਗੇ ਹੋਏ ਸਨ। ਕਰਟਿਸ ਨੇ ਇਹ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਦਾ ਮੰਨਣਾ ਸੀ ਕਿ ਉਹ ਭ੍ਰਿਸ਼ਟ ਮੁਸਲਿਮ ਸੱਤਾਤੰਤਰਾਂ ਵਿਰੁੱਧ ਸਮਾਜ 'ਚ ਕ੍ਰਾਂਤੀਕਾਰੀ ਹਫੜਾ-ਦਫੜੀ ਫੈਲਾ ਕੇ ਲੋਕਾਂ ਨੂੰ ਬਗਾਵਤ ਲਈ ਭੜਕਾ ਸਕਦੇ ਹਨ। ਇਸ ਦਾ ਸਿੱਟਾ ਇਹ ਨਿਕਲਿਆ ਕਿ ਜਨਤਕ ਥਾਵਾਂ 'ਤੇ ਕਾਰ ਬੰਬ ਧਮਾਕੇ ਹੋਣੇ ਸ਼ੁਰੂ ਹੋ ਗਏ।
ਪਰ ਜਦੋਂ ਅਜਿਹੀਆਂ ਸਰਗਰਮੀਆਂ ਨਾਲ ਵੀ ਲੋਕਾਂ ਅੰਦਰ ਲੋੜੀਂਦਾ ਉਭਾਰ ਪੈਦਾ ਨਹੀਂ ਹੋਇਆ ਤਾਂ ਆਤਮਘਾਤੀ ਹਮਲੇ ਨਿੱਤ ਦੀ ਗੱਲ ਬਣ ਗਏ ਕਿਉਂਕਿ ਅੱਤਵਾਦੀ ਨਿਰਾਸ਼ ਹੋ ਗਏ ਸਨ। ਇਹ ਵੀ ਬਹੁਤ ਅਹਿਮ ਹੈ ਕਿ ਇਸਲਾਮ ਵਿਚ ਦੋ-ਟੁੱਕ ਸ਼ਬਦਾਂ 'ਚ ਖ਼ੁਦਕੁਸ਼ੀ ਦੀ ਮਨਾਹੀ ਹੈ ਕਿਉਂਕਿ ਜ਼ਿੰਦਗੀ ਤੇ ਮੌਤ 'ਤੇ ਇਸਲਾਮ ਵਿਚ ਸਿਰਫ ਖ਼ੁਦਾ ਦਾ ਹੀ ਅਧਿਕਾਰ ਮੰਨਿਆ ਗਿਆ ਹੈ, ਭਾਵ ਇਸਲਾਮ ਦੇ ਨਜ਼ਰੀਏ ਤੋਂ ਆਤਮਘਾਤੀ ਹਮਲੇ ਕਰਨਾ ਜਾਂ ਖੁਦਕੁਸ਼ੀ ਕਰਨਾ ਦੋਹਾਂ ਨੂੰ ਮਜ਼੍ਹਬ ਵਿਰੋਧੀ ਮੰਨਿਆ ਗਿਆ ਹੈ ਪਰ ਇਸ ਦੇ ਬਾਵਜੂਦ ਆਤਮਘਾਤੀ ਬੰਬ ਹਮਲੇ ਜਾਰੀ ਹਨ।
1990 ਤੋਂ ਲੈ ਕੇ 2005 ਦੇ ਦੌਰ ਤਕ ਅਜਿਹੀਆਂ ਵਾਰਦਾਤਾਂ ਵੱਡੇ ਪੱਧਰ 'ਤੇ ਹੋਈਆਂ ਸਨ ਕਿਉਂਕਿ ਜ਼ਿਆਦਾਤਰ ਮੁਸਲਿਮ ਅੱਤਵਾਦੀਆਂ ਦੇ ਮਨ ਵਿਚ ਪ੍ਰਾਚੀਨ ਮੁਸਲਿਮ ਯੋਧਿਆਂ ਦੀ ਬਹਾਦਰੀ ਦਾ ਗੁਣਗਾਨ ਕਰਦੀਆਂ ਉਹ ਕਹਾਣੀਆਂ ਛਾਈਆਂ ਹੋਈਆਂ ਸਨ, ਜੋ ਅਮਰੀਕੀ ਸੀ. ਆਈ. ਏ. ਅਤੇ ਮੌਲਵੀਆਂ ਨੇ ਉਨ੍ਹਾਂ ਨੂੰ ਵਾਰ-ਵਾਰ ਰਟਾਈਆਂ ਸਨ ਤਾਂ ਕਿ ਉਹ ਨਾਸਤਿਕ ਰੂਸੀ ਕਮਿਊਨਿਸਟਾਂ ਵਿਰੁੱਧ ਆਖਰੀ ਦਮ ਤਕ ਲੜਦੇ ਰਹਿਣ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 2014 ਤਕ ਆਤਮਘਾਤੀ ਹਮਲਿਆਂ ਦੀ ਨਿੰਦਾ ਨਹੀਂ ਕੀਤੀ ਸੀ।
ਬੇਸ਼ੱਕ 2004 ਤੋਂ ਲੈ ਕੇ 2014 ਤਕ ਆਤਮਘਾਤੀ ਹਮਲਿਆਂ ਦੇ ਸਿੱਟੇ ਵਜੋਂ 50,000 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਫਿਰ ਵੀ ਗੈਰ-ਮਿਲੀਟੈਂਟ ਮਜ਼੍ਹਬੀ ਹਸਤੀਆਂ, ਪ੍ਰਤੀਕਿਰਿਆਵਾਦੀ ਮੀਡੀਆ ਹਸਤੀਆਂ ਅਤੇ ਕਥਿਤ ਮਾਹਿਰਾਂ ਵਲੋਂ ਸ਼ੁੱਧ ਨਕਾਰਵਾਦੀ ਹਿੰਸਾ ਨੂੰ ਮਜ਼੍ਹਬ ਦੇ ਨਾਂ 'ਤੇ ਸਰਕਾਰੀ ਦਮਨ, ਗਰੀਬੀ, ਭ੍ਰਿਸ਼ਟਾਚਾਰ ਤੇ ਡ੍ਰੋਨ ਹਮਲਿਆਂ ਆਦਿ ਦੇ ਵਿਰੁੱਧ ਜੁਆਬੀ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ।
ਅਸਲ 'ਚ ਇਹ ਪੂਰੀ ਘਟਨਾ ਸਿਵਾਏ ਨਕਾਰਵਾਦ ਅਤੇ ਅੰਨ੍ਹੀ ਤਬਾਹੀ ਦੇ ਹੋਰ ਕੁਝ ਨਹੀਂ ਹੈ। ਪ੍ਰਸਿੱਧ ਫਰਾਂਸੀਸੀ ਵਿਦਵਾਨ, ਲੇਖਕ ਅਤੇ ਲੰਮੇ ਸਮੇਂ ਤੋਂ ਇਸਲਾਮਿਕ ਅੱਤਵਾਦ ਦੇ ਮਾਹਿਰ ਚੱਲੇ ਆ ਰਹੇ ਓਲੀਵਰ ਰਾਏ ਨੇ ਬੀਤੀ 13 ਅਪ੍ਰੈਲ ਨੂੰ ਪ੍ਰਸਿੱਧ ਅਖ਼ਬਾਰ 'ਦਿ ਗਾਰਜੀਅਨ' ਵਿਚ ਲਿਖਿਆ ਹੈ ਕਿ ਤਾਲਿਬਾਨ, ਅਲਕਾਇਦਾ ਅਤੇ ਖਾਸ ਕਰਕੇ ਆਈ. ਐੱਸ. ਆਈ. ਐੱਸ. ਵਰਗੇ ਧੜਿਆਂ ਦੇ ਬੇਮਿਸਾਲ ਜ਼ੁਲਮਾਂ ਨੂੰ ਸਿਰਫ ਇਸੇ ਆਧਾਰ 'ਤੇ ਸਮਝਿਆ ਜਾ ਸਕਦਾ ਹੈ ਕਿ 'ਵਿਨਾਸ਼ਵਾਦ' ਹੀ ਅਜਿਹੇ ਸੰਗਠਨਾਂ ਦਾ ਮੂਲ ਵਿਚਾਰਕ ਚਰਿੱਤਰ ਹੈ।
ਇਨ੍ਹਾਂ ਧੜਿਆਂ ਲਈ ਹਿੰਸਾ ਕਿਸੇ ਉਦੇਸ਼ ਦੀ ਸਿੱਧੀ ਦਾ ਜ਼ਰੀਆ ਨਹੀਂ, ਸਗੋਂ ਆਪਣੀ 'ਪਰਲੋਕਾਰੀ ਹਿੰਸਾ' ਨਾਲ ਉਹ ਸੱਭਿਅਤਾ ਦੇ ਮੌਜੂਦਾ ਸਮਾਜਿਕ, ਸੱਭਿਆਚਾਰਕ, ਸਿਆਸੀ ਢਾਂਚੇ ਤੇ ਜੀਵਨਸ਼ੈਲੀ ਦਾ ਧਰਤੀ ਉਤੋਂ ਸਫਾਇਆ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਵਿਚਾਰਧਾਰਾਵਾਂ ਦੇ ਨਾਂ 'ਤੇ ਅਜਿਹੇ ਵੱਖ-ਵੱਖ ਯਤਨ ਹੁੰਦੇ ਰਹੇ ਹਨ।
'ਨਾਜ਼ੀਆਂ' ਨੇ  'ਆਰਿਅਨ ਸਰਵਉੱਚਤਾ' ਦੇ ਨਾਂ 'ਤੇ ਜਰਮਨੀ ਵਿਚ ਇਹੋ ਕੰਮ ਕੀਤਾ ਸੀ, ਜਦਕਿ ਮਾਓ ਤਸੇ-ਤੁੰਗ ਨੇ ਚੀਨ ਵਿਚ 'ਸੱਭਿਆਚਾਰਕ ਕ੍ਰਾਂਤੀ' ਦੇ ਨਾਂ 'ਤੇ ਅਜਿਹਾ ਕੀਤਾ। ਖਮੇਰ ਰੂਜ ਨੇ ਕੰਬੋਡੀਆ ਵਿਚ ਇਹੋ ਰਾਹ ਅਪਣਾਇਆ ਤੇ ਕਮਿਊਨਿਜ਼ਮ ਲਿਆਉਣ ਦੇ ਨਾਂ 'ਤੇ ਹਜ਼ਾਰਾਂ ਕੰਬੋਡੀਆਈ ਨਾਗਰਿਕਾਂ ਨੂੰ ਗਾਇਬ ਹੀ ਕਰ ਦਿੱਤਾ।
ਪਰ ਇਸਲਾਮੀ ਵਿਨਾਸ਼ਵਾਦੀ ਤੇ ਨਕਾਰਵਾਦੀ ਅਜੇ ਵੀ ਬਗਾਵਤ ਦੇ ਦੌਰ 'ਚੋਂ ਲੰਘ ਰਹੇ ਹਨ। ਉਹ ਕਿਸੇ ਵੀ ਸੱਤਾਤੰਤਰ ਦਾ ਸਥਾਈ ਹਿੱਸਾ ਨਹੀਂ ਬਣ ਸਕੇ। ਰਾਏ ਦਾ ਮੰਨਣਾ ਹੈ ਕਿ ਉਹ ਯੂਰਪ ਤੇ ਅਮਰੀਕਾ ਦੇ 'ਡੈੱਥ ਕਲਟਸ'  (ਮੌਤ ਦੇ ਰਾਹ ਤੁਰਨ ਵਾਲੇ) ਵਰਗੇ ਹੀ ਹਨ, ਜੋ ਦੁਨੀਆ ਦੀ ਅਟੱਲ ਤਬਾਹੀ ਦੀਆਂ ਮਨਘੜਤ ਭਵਿੱਖਬਾਣੀਆਂ ਤੋਂ ਘਬਰਾ ਕੇ ਸਮੂਹਿਕ ਤੌਰ 'ਤੇ ਮੌਤ ਨੂੰ ਗਲੇ ਲਾ ਲੈਂਦੇ ਹਨ। ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਇਹ 'ਡੈੱਥ ਕਲਟਸ' ਈਸਾਈਅਤ ਦੀ ਬਜਾਏ ਇਸਲਾਮਿਕ ਵਿਚਾਰਾਂ ਦਾ ਬੁਰਕਾ ਪਹਿਨੀ ਬੈਠੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਫੌਰਨ ਮੀਡੀਆ ਕਵਰੇਜ ਮਿਲਦੀ ਹੈ।
ਰਾਏ ਅੱਗੇ ਲਿਖਦੇ ਹਨ ਕਿ ਜੀਵਨ ਦੀਆਂ ਸਥਿਤੀਆਂ ਤੋਂ ਪ੍ਰੇਸ਼ਾਨ ਤੇ ਗੁੱਸੇ ਨਾਲ ਭਰੇ ਅੱਲ੍ਹੜ ਉਮਰ ਦੇ ਨੌਜਵਾਨ ਮੌਤ ਦੇ ਇਨ੍ਹਾਂ ਸੌਦਾਗਰਾਂ ਦੇ ਚੁੰਗਲ 'ਚ ਬੜੀ ਆਸਾਨੀ ਨਾਲ ਫਸ ਜਾਂਦੇ ਹਨ ਤੇ ਉਨ੍ਹਾਂ ਦੇ ਹਿੰਸਕ ਦਸਤਿਆਂ ਵਿਚ ਸ਼ਾਮਿਲ ਹੋ ਜਾਂਦੇ ਹਨ। ਉਨ੍ਹਾਂ ਦੇ ਮਨ 'ਚ ਇਹ ਭਰਮ ਛਾਇਆ ਹੁੰਦਾ ਹੈ ਕਿ ਕਿਸੇ ਅੱਤਵਾਦੀ ਧੜੇ ਦੇ ਕ੍ਰਿਸ਼ਮਾਈ ਨੇਤਾ ਦੇ ਆਗਿਆਕਾਰ ਬਣਨ ਨਾਲ ਉਨ੍ਹਾਂ ਨੂੰ ਇਕ ਯੋਧੇ ਦੇ ਰੂਪ 'ਚ ਵਿਸ਼ੇਸ਼ ਪਛਾਣ ਮਿਲੇਗੀ।
ਇਨ੍ਹਾਂ ਸੰਗਠਨਾਂ 'ਚ ਸ਼ਾਮਿਲ ਹੋ ਕੇ ਸੱਭਿਅਤਾ ਅਤੇ ਖ਼ੁਦ ਨੂੰ ਮਾਰ-ਮੁਕਾਉਣ ਵਾਲੇ ਨੌਜਵਾਨ ਮੁੰਡਿਆਂ-ਕੁੜੀਆਂ ਦੀਆਂ ਅਣਗਿਣਤ ਪ੍ਰੋਫਾਈਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਾਏ ਇਸ ਨਤੀਜੇ 'ਤੇ ਪਹੁੰਚੇ ਕਿ ਅਸਲ 'ਚ ਇਨ੍ਹਾਂ ਹਿੰਸਕ ਜਨੂੰਨੀਆਂ 'ਚੋਂ ਬਹੁਤ ਹੀ ਘੱਟ ਲੋਕਾਂ ਨੇ ਅਤੀਤ ਵਿਚ ਕਿਸੇ ਸਿਆਸੀ ਅੰਦੋਲਨ 'ਚ ਹਿੱਸਾ ਲਿਆ ਹੈ।
ਬਹੁਤੇ ਲੋਕਾਂ ਨੂੰ ਅਚਾਨਕ ਹੀ ਆਪਣੀ ਇਕ ਨਵੀਂ ਮੁਸਲਿਮ ਪਛਾਣ ਦਾ ਅਹਿਸਾਸ ਹੋਇਆ ਤੇ ਉਹ ਆਪਣੀਆਂ ਮਾਨਤਾਵਾਂ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਲੱਗ ਪਏ। ਇਸੇ ਕਾਰਨ ਉਹ ਤੇਜ਼ੀ ਨਾਲ ਤਬਾਹੀ ਵੱਲ ਲਿਜਾਣ ਵਾਲੀਆਂ ਮਤਾਂ-ਮਜ਼੍ਹਬਾਂ ਦੀਆਂ ਭਰਤੀ ਮੁਹਿੰਮਾਂ ਦੇ ਹੱਥੇ ਚੜ੍ਹ ਗਏ।
ਸਭ ਤੋਂ ਜ਼ਿਕਰਯੋਗ ਗੱਲ ਤਾਂ ਇਹ ਹੈ ਕਿ ਮੁਸਲਿਮ ਦੇਸ਼ਾਂ ਦੀਆਂ ਮਜ਼੍ਹਬੀ ਹਸਤੀਆਂ ਇਨ੍ਹਾਂ ਵਿਨਾਸ਼ਵਾਦੀਆਂ ਨੂੰ ਅਫਗਾਨਿਸਤਾਨ ਦੀ ਬਗ਼ਾਵਤ ਦਾ ਵਾਧਾ ਦੱਸਦੇ ਹੋਏ ਇਨ੍ਹਾਂ ਦਾ ਗੁਣਗਾਨ ਕਰ ਰਹੀਆਂ ਹਨ ਪਰ ਹੌਲੀ-ਹੌਲੀ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਾ ਹੈ ਕਿ ਖ਼ੁਦ ਨੂੰ ਮੁਸਲਿਮ ਕਹਿਣ ਵਾਲੇ ਇਹ ਹਿੰਸਕ ਗਿਰੋਹ ਵੀ ਰੂਸੀਆਂ ਜਾਂ ਪੱਛਮੀ ਲੋਕਾਂ ਨਾਲੋਂ ਕਿਸੇ ਤਰ੍ਹਾਂ ਘੱਟ 'ਕਾਫਿਰ' ਨਹੀਂ ਹਨ।    ('ਸਟੇਟਸਮੈਨ' ਤੋਂ ਧੰਨਵਾਦ ਸਹਿਤ)