ਇਕ ਖ਼ਤ ਪੀ. ਚਿਦਾਂਬਰਮ ਦੇ ਨਾਂ

09/09/2019 12:43:30 AM

ਪਿਆਰੇ ਚਿਦਾਂਬਰਮ ਜੀ,

ਰਾਤ ਨੂੰ ਟੀ. ਵੀ. ਦੇਖ ਰਿਹਾ ਸੀ, ਅਚਾਨਕ ਖ਼ਬਰ ਆਈ ਕਿ ਤੁਹਾਨੂੰ ਤਿਹਾੜ ਜੇਲ ਭੇਜਿਆ ਜਾ ਰਿਹਾ ਹੈ। ਮਨ 'ਚ ਇਕਦਮ ਵਿਚਾਰਾਂ ਦੀ ਉਧੇੜ੍ਹ-ਬੁਣ ਹੋਣ ਲੱਗੀ। ਮੈਂ ਇਕ ਬੇਚੈਨੀ ਜਿਹੀ ਮਹਿਸੂਸ ਕਰਨ ਲੱਗਾ। ਅਖ਼ਬਾਰ ਵਿਚ ਪੜ੍ਹਿਆ ਕਿ ਪਹਿਲੇ ਦਿਨ ਤੁਹਾਨੂੰ ਜੇਲ 'ਚ ਸੌਣ ਲਈ ਨਾ ਤਾਂ ਮੰਜੀ ਦਿੱਤੀ ਗਈ ਅਤੇ ਨਾ ਹੀ ਲੱਕੜੀ ਦਾ ਤਖਤ ਦਿੱਤਾ ਗਿਆ। ਸੁਭਾਵਿਕ ਹੈ ਕਿ ਤੁਸੀਂ ਸੌਂ ਨਹੀਂ ਸਕੇ ਹੋਵੋਗੇ। ਮੈਂ ਵੀ ਰਾਤ ਭਰ ਕਾਫੀ ਦੇਰ ਸੋਚਦੇ-ਸੋਚਦੇ ਸੌਂ ਨਹੀਂ ਸਕਿਆ।
ਤੁਸੀਂ ਕੋਈ ਸਾਧਾਰਨ ਨੇਤਾ ਨਹੀਂ ਹੋ। ਕਾਂਗਰਸ ਪਾਰਟੀ ਦੇ ਇਕ ਪ੍ਰਮੁੱਖ ਕੌਮੀ ਨੇਤਾ ਹੀ ਨਹੀਂ, ਆਰਥਿਕ ਮਾਮਲਿਆਂ ਬਾਰੇ ਬਹੁਤ ਵੱਡੇ ਵਿਦਵਾਨ ਵੀ ਹੋ। ਮੈਂ ਜ਼ਿਆਦਾਤਰ ਤੁਹਾਡੇ ਲੇਖ ਪੜ੍ਹਦਾ ਹਾਂ ਅਤੇ ਕਈ ਵਾਰ ਮੈਨੂੰ ਇਹ ਲੱਗਦਾ ਸੀ ਕਿ ਤੁਹਾਡੀ ਆਲੋਚਨਾ ਸਹੀ ਹੈ। ਦੇਸ਼ ਦੀ ਆਰਥਿਕ ਸਥਿਤੀ ਬਾਰੇ ਤੁਹਾਡੀਆਂ ਦਲੀਲਾਂ ਵਿਚਾਰਨਯੋਗ ਹੁੰਦੀਆਂ ਹਨ। ਉਨ੍ਹਾਂ 'ਚ ਪਾਰਟੀ ਦਾ ਨਜ਼ਰੀਆ ਤਾਂ ਹੁੰਦਾ ਹੀ ਹੈ, ਫਿਰ ਵੀ ਤੁਹਾਡੀ ਆਲੋਚਨਾ ਕਈ ਵਾਰ ਸਾਰਥਕ ਅਤੇ ਸਪੱਸ਼ਟ ਲੱਗਦੀ ਸੀ।
ਇੰਨੇ ਵੱਡੇ ਤੇ ਵਿਦਵਾਨ ਨੇਤਾ ਨੂੰ ਤਿਹਾੜ ਜੇਲ ਵਿਚ ਭੇਜ ਦਿੱਤਾ ਗਿਆ, ਇਹੋ ਵਿਚਾਰ ਮਨ ਨੂੰ ਪ੍ਰੇਸ਼ਾਨ ਕਰਦਾ ਰਿਹਾ। ਸੰਸਦ ਵਿਚ ਕਈ ਵਾਰ ਤੁਹਾਨੂੰ ਦੇਖਿਆ, ਮਿਲਿਆ ਵੀ, ਕਦੇ ਥੋੜ੍ਹੀ ਗੱਲਬਾਤ ਵੀ ਹੋਈ ਹੋਵੇਗੀ, ਇਸ ਤੋਂ ਜ਼ਿਆਦਾ ਤੁਹਾਡੇ ਨਾਲ ਮੇਰੀ ਕੋਈ ਬਹੁਤੀ ਜਾਣ-ਪਛਾਣ ਨਹੀਂ ਰਹੀ। ਸੋਚਦਾ ਹਾਂ ਅੱਜ ਪਹਿਲੀ ਵਾਰ ਮੈਨੂੰ ਇਹ ਖ਼ਤ ਲਿਖਣ ਦਾ ਮੌਕਾ ਮਿਲਿਆ ਪਰ ਚੰਗਾ ਨਹੀਂ ਲੱਗ ਰਿਹਾ ਕਿਉਂਕਿ ਅਜਿਹੇ ਵਿਸ਼ੇ 'ਤੇ ਲਿਖਣਾ ਪੈ ਰਿਹਾ ਹੈ, ਜਿਸ ਬਾਰੇ ਸੋਚ ਕੇ ਪੀੜ ਹੁੰਦੀ ਹੈ।
ਕੁਝ ਦਿਨ ਪਹਿਲਾਂ ਜਦੋਂ ਪੁਲਸ ਵਾਲੇ ਤੁਹਾਡੇ ਮਕਾਨ ਦੀ ਕੰਧ ਟੱਪ ਕੇ ਅੰਦਰ ਗਏ ਤੇ ਤੁਹਾਨੂੰ ਲੈ ਕੇ ਗੱਡੀ 'ਚ ਬੈਠੇ ਤਾਂ ਤੁਸੀਂ ਬਾਹਰ ਦੇਖਿਆ, ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਤੁਹਾਨੂੰ ਲੈ ਕੇ ਚਲੀ ਗਈ। ਮੈਂ ਸਭ ਬਹੁਤ ਧਿਆਨ ਨਾਲ ਦੇਖਦਾ ਰਿਹਾ। ਇਕ ਵਾਰ ਮੈਂ ਦੇਖਿਆ ਕਿ ਤੁਹਾਨੂੰ ਪੁਲਸ ਜੇਲ ਲਿਜਾ ਰਹੀ ਹੈ ਅਤੇ ਤੁਸੀਂ ਮੁਸਕਰਾ ਰਹੇ ਹੋ। ਤੁਸੀਂ ਆਪਣਾ ਹੱਥ ਅੱਗੇ ਵਧਾ ਕੇ ਅੰਗੂਠਾ ਵੀ ਹਿਲਾ ਰਹੇ ਹੋ।
ਮੈਂ ਸੋਚਣ ਲੱਗਾ ਕਿ ਤੁਹਾਡੇ ਵਰਗਾ ਦੇਸ਼ ਦਾ ਇੰਨਾ ਵੱਡਾ ਨੇਤਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫੜਿਆ ਜਾਵੇ! ਜਿਹੜੇ ਸਿਪਾਹੀ ਤੁਹਾਡੇ ਅੱਗੇ-ਪਿੱਛੇ 'ਸਰ-ਸਰ' ਕਰਦੇ ਰਹਿੰਦੇ ਸਨ, ਸਲਿਊਟ ਮਾਰਦੇ ਰਹਿੰਦੇ ਸਨ, ਉਨ੍ਹਾਂ ਦੇ ਹੀ ਘੇਰੇ ਵਿਚ ਜਾਂਦਿਆਂ ਤੁਸੀਂ ਮੁਸਕਰਾ ਰਹੇ ਸੀ। ਮੈਂ ਜਾਣਦਾ ਹਾਂ ਕਿ ਉਦੋਂ ਤੁਹਾਡੇ ਅੰਦਰਲਾ ਰੋਮ-ਰੋਮ ਚਿੰਤਾ ਅਤੇ ਗ਼ਮ ਵਿਚ ਡੁੱਬਿਆ ਹੋਵੇਗਾ, ਫਿਰ ਵੀ ਤੁਸੀਂ ਮੁਸਕਰਾਏ। ਮੈਨੂੰ ਇਕਦਮ ਇਕ ਗਾਣੇ ਦੀਆਂ ਇਹ ਸਤਰਾਂ ਚੇਤੇ ਆ ਗਈਆਂ :

ਤੁਮ ਆਜ ਇਤਨਾ ਜੋ ਮੁਸਕੁਰਾ ਰਹੇ ਹੋ,
ਕਿਆ ਗ਼ਮ ਹੈ ਜਿਸ ਕੋ ਛੁਪਾ ਰਹੇ ਹੋ।


ਮੈਂ ਸੋਚਣ ਲੱਗਾ ਕਿ ਇਹ ਭਗਵਾਨ ਦੀ ਕਿਹੋ ਜਿਹੀ ਵਿਵਸਥਾ ਹੈ ਕਿ ਇੰਨੀ ਜ਼ਿਆਦਾ ਵਿਦਵਤਾ ਹੋਣ ਦੇ ਨਾਲ-ਨਾਲ ਉਹ ਇਨਸਾਨ ਤੋਂ ਅਜਿਹੀ ਗਲਤੀ ਕਰਵਾਉਂਦਾ ਹੈ ਕਿ ਤੁਹਾਡੇ ਵਰਗੇ ਵਿਦਵਾਨ ਨੂੰ ਤਿਹਾੜ ਜੇਲ 'ਚ ਬੰਦ ਹੋਣਾ ਪੈ ਜਾਂਦਾ ਹੈ। ਭਗਵਾਨ ਨੇ ਸਾਨੂੰ ਬੁੱਧੀ, ਪ੍ਰਤਿਭਾ ਸਭ ਕੁਝ ਦਿੱਤਾ ਹੈ ਪਰ ਨਾਲ ਹੀ ਇਕ ਚੰਚਲ ਮਨ ਵੀ ਦਿੱਤਾ ਹੈ। ਅਸੀਂ ਸਿਰਫ ਸਰੀਰ ਨਹੀਂ ਹਾਂ, ਸਰੀਰ ਦੇ ਨਾਲ ਮਨ ਵੀ ਹੈ ਅਤੇ ਆਤਮਾ ਵੀ। ਕੋਈ ਵੀ ਅਪਰਾਧੀ ਜਦੋਂ ਅਪਰਾਧ ਕਰਨ ਲੱਗਦਾ ਹੈ ਤਾਂ ਅੰਤਰ-ਆਤਮਾ 'ਚੋਂ ਇਕ ਆਵਾਜ਼ ਜ਼ਰੂਰ ਆਉਂਦੀ ਹੈ, ਜੋ ਉਸ ਨੂੰ ਕਹਿੰਦੀ ਹੈ ਕਿ ਉਹ ਠੀਕ ਨਹੀਂ ਕਰ ਰਿਹਾ ਪਰ ਮਨ ਤਾਂ ਚੰਚਲ ਹੁੰਦਾ ਹੈ, ਜੋ ਇਨਸਾਨ ਨੂੰ ਭਟਕਾਉਂਦਾ ਹੈ।
ਮਨ ਘੋੜੇ ਵਾਂਗ ਹੈ। ਜੋ ਲੋਕ ਮਨ ਰੂਪੀ ਘੋੜੇ 'ਤੇ ਸਵਾਰੀ ਕਰਦੇ ਹਨ, ਉਹ ਇਕ ਚੰਗਾ ਅਤੇ ਆਦਰਸ਼ ਜੀਵਨ ਬਿਤਾਉਂਦੇ ਹਨ ਪਰ ਜੋ ਕਿਸੇ ਕਮਜ਼ੋਰੀ ਕਾਰਨ ਮਨ ਰੂਪੀ ਘੋੜੇ ਨੂੰ ਆਪਣੀ ਸਵਾਰੀ ਕਰਨ ਦਿੰਦੇ ਹਨ, ਉਹ ਭਟਕਦੇ ਹਨ ਅਤੇ ਅਪਰਾਧ ਦੀ ਦੁਨੀਆ ਵਿਚ ਚਲੇ ਜਾਂਦੇ ਹਨ। ਤੁਸੀਂ ਆਪਣੇ ਪੁੱਤਰ-ਮੋਹ ਵਿਚ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਪਲ ਥੋੜ੍ਹੇ ਕਮਜ਼ੋਰ ਹੋ ਗਏ ਅਤੇ ਮਨ ਨੇ ਤੁਹਾਨੂੰ ਭਟਕਾ ਦਿੱਤਾ। ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਕਰਕੇ ਅੱਜ ਤੁਸੀਂ ਤਿਹਾੜ ਜੇਲ 'ਚ ਹੋ।
ਮੇਰਾ ਤਜਰਬਾ ਹੈ ਕਿ ਅਜਿਹੀ ਸਥਿਤੀ ਹਰੇਕ ਵਿਅਕਤੀ ਦੇ ਜੀਵਨ ਵਿਚ ਆਉਂਦੀ ਹੈ। ਵੱਡੇ ਤੋਂ ਵੱਡੇ ਧਰਮਾਤਮਾ ਅਤੇ ਸਾਧੂ ਦੇ ਮਨ 'ਚ ਵੀ ਕਦੇ ਨਾ ਕਦੇ ਭਟਕਣ ਵਾਲੀ ਸਥਿਤੀ ਆਈ ਹੋਵੇਗੀ, ਵੱਡੇ ਤੋਂ ਵੱਡੇ ਅਪਰਾਧੀ ਦੇ ਮਨ ਵਿਚ ਵੀ ਕਦੇ ਨਾ ਕਦੇ ਉਸ ਰਾਹ ਨੂੰ ਛੱਡਣ ਦੀ ਗੱਲ ਆਈ ਹੋਵੇਗੀ। ਇਹ ਅਜਿਹਾ ਸਮਾਂ ਹੁੰਦਾ ਹੈ ਕਿ ਜੋ ਸੰਭਲ ਗਿਆ, ਉਹ ਬਚ ਗਿਆ, ਜੋ ਨਹੀਂ ਸੰਭਲਿਆ ਉਹ ਡਿੱਗ ਗਿਆ। ਇਕ ਪਲ ਦੀ ਤਿਲਕਣਬਾਜ਼ੀ ਬਹੁਤ ਦੂਰ ਹਨੇਰੇ ਵਿਚ ਲੈ ਜਾਂਦੀ ਹੈ।
ਮੈਂ ਕੇਂਦਰ 'ਚ ਖੁਰਾਕ ਮੰਤਰੀ ਸੀ ਅਤੇ ਪੂਰਾ ਵਿਭਾਗ ਸੰਭਲ-ਸੰਭਲ ਕੇ ਚਲਾ ਰਿਹਾ ਸੀ ਕਿਉਂਕਿ ਉਸ ਵਿਚ ਰਹੇ ਕਈ ਮੰਤਰੀ ਕਈ ਵਾਰ ਫੜੇ ਗਏ ਸਨ। ਮੇਰੇ ਕੋਲ ਖੰਡ ਦਾ ਮਹਿਕਮਾ ਸੀ, ਜਿਸ ਵਿਚ ਹਿਮਾਚਲ ਦੇ ਹੀ ਪੰ. ਸੁਖਰਾਮ ਨੇ ਕੁਝ ਅਜਿਹਾ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ 3 ਸਾਲ ਕੈਦ ਦੀ ਸਜ਼ਾ ਭੁਗਤਣੀ ਪਈ ਸੀ।
ਇਕ ਵਾਰ ਖੰਡ ਦੀ ਕਮੀ ਹੋਈ ਤਾਂ ਬਾਜ਼ਾਰ ਵਿਚ ਖੰਡ ਦੇ ਭਾਅ ਵਧ ਗਏ। ਮੈਂ ਦੂਜੇ ਸਬੰਧਤ ਮਹਿਕਮੇ ਨਾਲ ਸਲਾਹ ਕੀਤੀ ਤੇ ਖੰਡ ਦੀ ਬਰਾਮਦ ਤੁਰੰਤ ਬੰਦ ਕਰ ਦਿੱਤੀ। ਮਹਾਰਾਸ਼ਟਰ ਦੇ ਖੰਡ ਉਤਪਾਦਕ ਕਾਂਗਰਸੀ ਨੇਤਾ ਸ਼ਰਦ ਪਵਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਕੋਲ ਪਹੁੰਚੇ ਅਤੇ ਮੇਰੀ ਸ਼ਿਕਾਇਤ ਕਰ ਦਿੱਤੀ। ਅਟਲ ਜੀ ਨੇ ਮੈਨੂੰ ਸੱਦਿਆ ਤੇ ਸ਼ਿਕਾਇਤ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਖੰਡ ਦੀ ਬਰਾਮਦ ਬੰਦ ਕਰਨ ਨਾਲ ਖੰਡ ਉਤਪਾਦਕ ਬਰਬਾਦ ਹੋ ਰਹੇ ਹਨ।
ਮੈਂ ਫੈਸਲਾ ਲੈਣ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰ ਲਿਆ ਸੀ ਅਤੇ ਅਟਲ ਜੀ ਨੂੰ ਕਿਹਾ ਕਿ ਕਿਸਾਨਾਂ ਨੂੰ ਇਸ ਨਾਲ ਬਹੁਤਾ ਫਰਕ ਨਹੀਂ ਪੈ ਰਿਹਾ ਪਰ ਕੁਝ ਕਰੋੜਪਤੀ, ਜੋ ਖੰਡ ਦੀ ਬਰਾਮਦ ਕਰਦੇ ਹਨ, ਉਨ੍ਹਾਂ ਦੀ ਕਮਾਈ ਜ਼ਰੂਰ ਬੰਦ ਹੋ ਰਹੀ ਹੈ। ਮੈਂ ਦੱਸਿਆ ਕਿ ਦੁਨੀਆ ਦੇ ਕੁਝ ਦੇਸ਼ਾਂ 'ਚ ਖੰਡ ਦੀ ਇਕਦਮ ਕਿੱਲਤ ਪੈਦਾ ਹੋ ਗਈ ਹੈ ਅਤੇ ਕੁਝ ਵੱਡੇ ਵਪਾਰੀ ਉਥੇ ਖੰਡ ਭੇਜ ਕੇ ਮੋਟੀ ਕਮਾਈ ਕਰਨਾ ਚਾਹੁੰਦੇ ਹਨ। ਉਹ ਜ਼ਿਆਦਾ ਕਮਾਈ ਹੋਣ ਕਾਰਨ ਕਿਸੇ ਵੀ ਭਾਅ ਖੰਡ ਖਰੀਦ ਕੇ ਜ਼ਿਆਦਾ ਬਰਾਮਦ ਕਰ ਰਹੇ ਸਨ ਅਤੇ ਦੇਸ਼ 'ਚ ਖੰਡ ਦੀ ਕਿੱਲਤ ਪੈਦਾ ਹੋਣ ਨਾਲ ਖੰਡ ਦੇ ਭਾਅ ਵਧ ਗਏ। ਇਸੇ ਲਈ ਇਹ ਫੈਸਲਾ ਕਰਨਾ ਪਿਆ।
ਸ਼੍ਰੀ ਵਾਜਪਾਈ ਨੇ ਸ਼ਿਕਾਇਤ ਕਰਨ ਵਾਲਿਆਂ ਨੂੰ ਫਿਰ ਇਸ 'ਤੇ ਵਿਚਾਰ ਕਰਨ ਲਈ ਕਿਹਾ। ਅਗਲੇ ਦਿਨ ਕੁਝ ਵਪਾਰੀ ਇਕ ਵੱਡੇ ਨੇਤਾ ਨਾਲ ਮੈਨੂੰ ਮਿਲਣ ਆਏ ਅਤੇ ਬੋਲੇ ਕਿ 15 ਦਿਨਾਂ ਲਈ ਖੰਡ ਦੀ ਬਰਾਮਦ ਖੋਲ੍ਹ ਦਿਓ। ਉਸ ਸਬੰਧ 'ਚ ਉਨ੍ਹਾਂ ਨੇ ਕਈ ਦਲੀਲਾਂ ਦਿੱਤੀਆਂ। ਨਾਲ ਆਏ ਵੱਡੇ ਨੇਤਾ ਨੇ ਬਹੁਤ ਜ਼ੋਰ ਨਾਲ ਮੈਨੂੰ ਉਨ੍ਹਾਂ ਦੀ ਗੱਲ ਮੰਨਣ ਲਈ ਕਿਹਾ। ਉਸ ਤੋਂ ਅਗਲੇ ਦਿਨ ਕੁਝ ਹੋਰ ਨੇਤਾ ਮੈਨੂੰ ਮਿਲੇ। ਉਨ੍ਹਾਂ 'ਚ ਕੁਝ ਮੇਰੀ ਆਪਣੀ ਪਾਰਟੀ ਦੇ ਵੀ ਸਨ। ਮੈਨੂੰ ਕਿਹਾ ਗਿਆ ਕਿ ਮੈਂ ਪਾਲਮਪੁਰ ਵਿਵੇਕਾਨੰਦ ਟਰੱਸਟ ਲਈ ਆਪਣੇ ਸੂਬੇ 'ਚ ਪੈਸੇ ਇਕੱਠੇ ਕਰਵਾ ਰਿਹਾ ਹਾਂ, ਜੇ ਬਰਾਮਦ 15 ਦਿਨਾਂ ਲਈ ਖੋਲ੍ਹ ਦਿੱਤੀ ਜਾਵੇ ਤਾਂ ਉਹ ਲੋਕ ਉਸ ਟਰੱਸਟ ਦੇ ਕੰਮ ਲਈ ਕਈ ਕਰੋੜ ਰੁਪਏ ਦੇ ਦੇਣਗੇ। ਇਹ ਵੀ ਕਿਹਾ ਗਿਆ ਕਿ ਉਹ ਧਨ ਬਕਾਇਦਾ ਕੁਝ ਟਰੱਸਟਾਂ ਵਲੋਂ ਚੈੱਕ ਰਾਹੀਂ ਦਿੱਤਾ ਜਾਵੇਗਾ।
ਮੇਰੇ ਇਕ ਨੇੜਲੇ ਨੇਤਾ ਨੇ ਬਾਅਦ ਵਿਚ ਮੈਨੂੰ ਇਕੱਲੇ ਨੂੰ ਸਮਝਾਇਆ ਤੇ ਉਨ੍ਹਾਂ ਦੀ ਗੱਲ ਮੰਨਣ ਲਈ ਕਿਹਾ। ਮੈਂ ਉਨ੍ਹਾਂ ਨੂੰ ਅਗਲੇ ਦਿਨ ਮਿਲਣ ਲਈ ਕਹਿ ਦਿੱਤਾ। ਅੱਜ ਸੱਚ ਕਹਿ ਰਿਹਾ ਹਾਂ ਕਿ ਇਕ ਵਾਰ ਤਾਂ ਖਿਆਲ ਆਇਆ ਕਿ ਫੈਸਲਾ ਲਾਗੂ ਤਾਂ ਕਰਨਾ ਹੀ ਹੈ, ਜੇ 15 ਦਿਨ ਟਾਲ ਦਿੱਤਾ ਜਾਵੇ ਅਤੇ ਪਾਲਮਪੁਰ ਟਰੱਸਟ ਦਾ ਇੰਨਾ ਵੱਡਾ ਕੰਮ ਹੋ ਜਾਵੇ ਤਾਂ ਕੀ ਫਰਕ ਪੈਂਦਾ ਹੈ। ਮੇਰੇ ਮਨ ਦੇ ਘੋੜਿਆਂ ਨੇ ਕੁਝ ਦੇਰ ਮੇਰੀ ਸਵਾਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਥੋੜ੍ਹੀ ਦੇਰ ਬਾਅਦ ਹੀ ਮੈਂ ਇਕਦਮ ਸੰਭਲ ਗਿਆ ਅਤੇ ਸੋਚਿਆ ਕਿ ਪੈਸਾ ਤਾਂ ਗਲਤ ਢੰਗ ਨਾਲ ਹੀ ਆਵੇਗਾ ਅਤੇ ਇਹ ਗੱਲ ਬਹੁਤੀ ਦੇਰ ਲੁਕੀ ਨਹੀਂ ਰਹੇਗੀ। ਮੈਂ ਇਕ ਘੰਟੇ ਅੰਦਰ ਹੀ ਫੋਨ 'ਤੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਫੈਸਲਾ ਨਹੀਂ ਬਦਲਿਆ ਜਾਵੇਗਾ।
ਮੈਂ ਬਚਪਨ ਤੋਂ ਗੀਤਾ ਪੜ੍ਹਦਾ ਰਿਹਾ ਹਾਂ। ਆਰ. ਐੱਸ. ਐੱਸ. ਦੀ ਸ਼ਾਖਾ ਤੋਂ ਮੈਨੂੰ ਈਮਾਨਦਾਰੀ ਤੇ ਦੇਸ਼ਭਗਤੀ ਦੀ ਸਿੱਖਿਆ ਮਿਲੀ। ਉਸ ਤੋਂ ਬਾਅਦ ਸਵਾਮੀ ਵਿਵੇਕਾਨੰਦ ਮੇਰੇ ਜੀਵਨ ਦੇ ਆਦਰਸ਼ ਬਣੇ। ਫਿਰ ਵੀ ਜੀਵਨ ਦੇ ਕਈ ਮੋੜਾਂ 'ਤੇ ਮੈਂ ਤਿਲਕਦੇ-ਤਿਲਕਦੇ ਬਚਿਆ ਹਾਂ।
ਤੁਸੀਂ ਇੰਨੇ ਵੱਡੇ ਵਿਦਵਾਨ ਹੋ, ਸੁਪਰੀਮ ਕੋਰਟ 'ਚ ਵਕਾਲਤ ਕਰਦੇ ਰਹੇ ਹੋ, ਤੁਹਾਡੀ ਧਰਮ ਪਤਨੀ ਵੀ ਸੁਪਰੀਮ ਕੋਰਟ ਦੀ ਪ੍ਰਸਿੱਧ ਵਕੀਲ ਹੈ। ਤੁਸੀਂ ਭਾਰਤ ਦੇ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਤਕ ਰਹੇ ਹੋ, ਫਿਰ ਵੀ ਅੱਜ ਤਿਹਾੜ ਜੇਲ 'ਚ ਬੰਦ ਹੋ। ਇਹ ਖ਼ਬਰ ਪੜ੍ਹ ਕੇ ਬਹੁਤ ਹੈਰਾਨੀ ਹੋਈ ਕਿ ਤੁਹਾਡੇ ਪਰਿਵਾਰ ਨੇ ਦੁਨੀਆ ਦੇ ਕਈ ਦੇਸ਼ਾਂ ਵਿਚ ਜਾਇਦਾਦਾਂ ਬਣਾਈਆਂ ਹਨ। ਕੁਝ ਦੇਸ਼ਾਂ ਦਾ ਤਾਂ ਨਾਂ ਵੀ ਮੈਂ ਪਹਿਲੀ ਵਾਰ ਪੜ੍ਹਿਆ-ਸੁਣਿਆ। ਆਖਿਰ ਇਹ ਛੋਟਾ ਜਿਹਾ ਜੀਵਨ ਅਤੇ ਆਪਣਾ ਦੇਸ਼ ਇੰਨਾ ਵੱਡਾ, ਫਿਰ ਦੂਜੇ ਦੇਸ਼ਾਂ 'ਚ ਅਜਿਹੇ ਗਲਤ ਤਰੀਕੇ ਨਾਲ ਜਾਇਦਾਦਾਂ ਬਣਾਉਣ ਲਈ ਤੁਸੀਂ ਕਿਉਂ ਤਿਆਰ ਹੋਏ? ਤੁਹਾਡੀ ਵਿਦਵਤਾ ਅਤੇ ਵਕਾਲਤ ਦੀ ਯੋਗਤਾ–ਕਿਸੇ ਨੇ ਵੀ ਤੁਹਾਨੂੰ ਕਿਉਂ ਨਹੀਂ ਰੋਕਿਆ? ਕੀ ਪੁੱਤਰ-ਮੋਹ ਕਾਰਨ ਤੁਹਾਡੀਆਂ ਅੱਖਾਂ 'ਤੇ ਪਰਦਾ ਪੈ ਗਿਆ ਜਾਂ ਕੀ ਭਾਰਤ 'ਚ ਤੁਹਾਡੇ ਪਰਿਵਾਰ ਕੋਲ ਘੱਟ ਜਾਇਦਾਦ ਸੀ? ਕਾਸ਼! ਤੁਹਾਨੂੰ ਕਿਸੇ ਨੇ ਇਹ ਸਤਰਾਂ ਸੁਣਾਈਆਂ ਹੁੰਦੀਆਂ :

ਕਰ ਲੋ ਇਕੱਠੇ ਜਿਤਨੇ ਚਾਹੇ ਹੀਰੇ-ਮੋਤੀ
ਪਰ ਏਕ ਬਾਤ ਯਾਦ ਰਖਨਾ, ਕਫਨ ਮੇਂ ਜੇਬ ਨਹੀਂ ਹੋਤੀ।


ਇਕ ਵੱਡੇ ਅਹੁਦੇ 'ਤੇ ਰਹਿ ਕੇ ਅਤੇ ਇੰਨੀ ਜ਼ਿਆਦਾ ਵਿਦਵਤਾ ਹੋਣ ਦੇ ਬਾਵਜੂਦ ਤੁਸੀਂ ਇਹ ਸਭ ਕਿਉਂ ਕੀਤਾ ਕਿ ਤੁਸੀਂ ਅੱਜ ਤਿਹਾੜ ਜੇਲ 'ਚ ਹੋ, ਜਿੱਥੇ ਵੱਡੇ-ਵੱਡੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ? ਇਹ ਸੋਚਦੇ-ਸੋਚਦੇ ਮੇਰਾ ਦਿਮਾਗ ਚਕਰਾ ਰਿਹਾ ਸੀ। ਫਿਰ ਇਕ ਵਿਚਾਰ ਆਇਆ ਕਿ ਰਾਵਣ ਵੀ ਤਾਂ ਬਹੁਤ ਵੱਡਾ ਵਿਦਵਾਨ ਸੀ, ਚਾਰਾਂ ਵੇਦਾਂ ਦਾ ਗਿਆਤਾ ਸੀ, ਉਸ ਕੋਲ ਸੋਨੇ ਦੀ ਲੰਕਾ ਸੀ, ਫਿਰ ਵੀ ਉਸ ਨੇ ਸੀਤਾ-ਹਰਣ ਵਰਗਾ ਘੋਰ ਅਪਰਾਧ ਕੀਤਾ।
ਇਹ ਸਭ ਸੋਚ ਕੇ ਲੱਗਦਾ ਹੈ ਕਿ ਇਹ ਸਭ ਹਮੇਸ਼ਾ ਚੱਲਦਾ ਰਿਹਾ ਹੈ ਅਤੇ ਸ਼ਾਇਦ ਚੱਲਦਾ ਵੀ ਰਹੇਗਾ ਪਰ ਅਜਿਹੇ ਮੌਕੇ 'ਤੇ ਮੈਂ ਪਾਰਟੀ ਦੇ ਨਜ਼ਰੀਏ ਤੋਂ ਨਹੀਂ ਦੇਖਦਾ। ਵੱਡਾ ਨੇਤਾਵਾਂ ਦੇ ਅਜਿਹੇ ਮਾੜੇ ਕੰਮ ਪੂਰੇ ਦੇਸ਼ ਨੂੰ ਬਦਨਾਮ ਕਰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਗਲਤ ਸੰਦੇਸ਼ ਦਿੰਦੇ ਹਨ। ਕਾਸ਼! ਤੁਹਾਡੇ ਵਰਗਾ ਵਿਦਵਾਨ ਨੇਤਾ ਅਜਿਹਾ ਨਾ ਕਰਦਾ।

                                                                                      —ਸ਼ਾਂਤਾ ਕੁਮਾਰ

KamalJeet Singh

This news is Content Editor KamalJeet Singh