''ਐੱਨ. ਆਰ. ਸੀ.'' ਉਤੇ ਮਮਤਾ-ਭਾਜਪਾ ਆਹਮੋ-ਸਾਹਮਣੇ

09/09/2019 1:11:50 AM

ਆਸਾਮ 'ਚ ਕੌਮੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਛਪ ਚੁੱਕਾ ਹੈ ਅਤੇ ਇਥੋਂ ਦੇ 19.07 ਲੱਖ ਲੋਕਾਂ ਨੂੰ ਇਸ ਵਿਚ ਜਗ੍ਹਾ ਨਹੀਂ ਮਿਲ ਸਕੀ। ਜ਼ਿਆਦਾਤਰ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ 12 ਲੱਖ ਲੋਕ ਬੰਗਾਲੀ ਹਿੰਦੂ ਹਨ। ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਗਲਤ ਢੰਗ ਨਾਲ ਐੱਨ. ਆਰ. ਸੀ. 'ਚੋਂ ਬਾਹਰ ਰੱਖਣ ਕਰਕੇ ਇਸ ਦੀ ਅੱਪਡੇਸ਼ਨ ਪ੍ਰਕਿਰਿਆ ਵਿਚ ਕਮੀਆਂ ਪਾਈਆਂ ਗਈਆਂ ਹਨ ਅਤੇ ਹੁਣ ਸੁਪਰੀਮ ਕੋਰਟ ਇਸ ਮਾਮਲੇ 'ਚ ਫੈਸਲਾ ਕਰੇਗੀ।
ਦੂਜੇ ਪਾਸੇ ਪੱਛਮੀ ਬੰਗਾਲ ਵਿਚ ਭਾਜਪਾ ਲੀਡਰਸ਼ਿਪ ਨੇ ਐਲਾਨ ਕੀਤਾ ਹੈ ਕਿ ਜੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਜਿੱਤਦੀ ਹੈ ਤਾਂ ਸੂਬੇ 'ਚ ਐੱਨ. ਆਰ. ਸੀ. ਲਾਗੂ ਕਰ ਦਿੱਤਾ ਜਾਵੇਗਾ। ਭਾਜਪਾ ਲੀਡਰਸ਼ਿਪ ਦੇ ਇਸ ਐਲਾਨ ਤੋਂ ਬਾਅਦ ਸੂਬੇ 'ਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ।
ਇਸ ਟਿੱਪਣੀ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੂਬੇ 'ਚ ਐੱਨ. ਆਰ. ਸੀ. ਕਿਸੇ ਵੀ ਹਾਲਤ 'ਚ ਲਾਗੂ ਨਹੀਂ ਕੀਤਾ ਜਾਵੇਗਾ। ਮਮਤਾ ਨੇ ਕੇਂਦਰ ਸਰਕਾਰ 'ਤੇ ਆਸਾਮ 'ਚ ਐੱਨ. ਆਰ. ਸੀ. ਪ੍ਰਕਾਸ਼ਿਤ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਆਸਾਮ ਦੇ ਜਾਇਜ਼ ਨਾਗਰਿਕਾਂ ਨੂੰ ਵੀ ਇਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਲੱਗਭਗ 1 ਲੱਖ ਗੋਰਖਾ ਲੋਕਾਂ ਨੂੰ ਇਸ ਸੂਚੀ 'ਚੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂ ਫਰਹਾਦ ਹਕੀਮ ਅਤੇ ਸੁਖੇਂਦੂ ਸ਼ੇਖਰ ਰਾਏ ਨੂੰ ਐੱਨ. ਆਰ. ਸੀ. ਦੇ ਵਿਰੁੱਧ ਰੈਲੀਆਂ ਕਰਨ ਅਤੇ ਇਸ ਮੁੱਦੇ 'ਤੇ ਪੂਰਬੀ ਸੂਬਿਆਂ ਦੇ ਨੇਤਾਵਾਂ ਨਾਲ ਸੰਪਰਕ ਕਰਨ ਲਈ ਨਿਯੁਕਤ ਕੀਤਾ ਹੈ।
ਮਮਤਾ ਨੇ ਟੀ. ਐੱਮ. ਸੀ. ਦੇ ਨੇਤਾ ਅਤੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੂੰ ਵੀ ਐੱਨ. ਆਰ. ਸੀ. ਦੇ ਵਿਰੁੱਧ ਵੱਖ-ਵੱਖ ਪਾਰਟੀਆਂ ਤੇ ਸੂਬਿਆਂ ਦੇ ਨੇਤਾਵਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਕ ਮੰਚ 'ਤੇ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਹੈ।

ਦਿੱਲੀ ਕਾਂਗਰਸ ਲਈ ਪ੍ਰਧਾਨ ਦੀ ਭਾਲ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਲਗਾਤਾਰ ਦਿੱਲੀ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਰਹੀ ਹੈ ਤਾਂ ਕਿ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨਗੀ ਅਹੁਦੇ ਨੂੰ ਭਰਿਆ ਜਾ ਸਕੇ। ਇਹ ਅਹੁਦਾ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਦੀ ਮੌਤ ਹੋਣ ਕਰਕੇ ਖਾਲੀ ਹੋਇਆ ਸੀ।
ਕੁਲਹਿੰਦ ਕਾਂਗਰਸ ਕਮੇਟੀ ਨੇ ਦਿੱਲੀ ਇਕਾਈ ਦੇ ਇੰਚਾਰਜ ਪੀ. ਸੀ. ਚਾਕੋ ਅਨੁਸਾਰ ਸ਼੍ਰੀਮਤੀ ਗਾਂਧੀ ਨੂੰ ਨੇਤਾਵਾਂ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਕਾਂਗਰਸ ਨੂੰ ਮਨਜ਼ੂਰ ਹੋਵੇਗਾ। ਕਾਂਗਰਸੀ ਸੂਤਰਾਂ ਮੁਤਾਬਿਕ ਦਿੱਲੀ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਲਈ ਸੁਭਾਸ਼ ਚੋਪੜਾ ਅਤੇ ਜੈਪ੍ਰਕਾਸ਼ ਅਗਰਵਾਲ ਦੇ ਨਾਂ ਸਭ ਤੋਂ ਅੱਗੇ ਚੱਲ ਰਹੇ ਹਨ। ਅਜੈ ਮਾਕਨ ਆਪਣੇ ਸਿਹਤ ਸਬੰਧੀ ਕਾਰਨਾਂ ਕਰਕੇ ਇਸ ਅਹੁਦੇ ਦੇ ਚਾਹਵਾਨ ਨਹੀਂ ਹਨ। ਕਾਂਗਰਸ ਲਈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅਹਿਮ ਹਨ ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਲਈ ਦਿੱਲੀ 'ਚ ਵਾਪਸੀ ਦਾ ਇਹ ਇਕ ਵੱਡਾ ਮੌਕਾ ਹੋਵੇਗਾ।

ਐਕਟਿਵ ਮੋਡ 'ਚ ਸੋਨੀਆ ਗਾਂਧੀ
ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਬਣਨ ਤੋਂ ਬਾਅਦ ਸੋਨੀਆ ਗਾਂਧੀ ਉਨ੍ਹਾਂ ਸੂਬਿਆਂ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਰਹੀ ਹੈ, ਜਿੱਥੇ ਛੇਤੀ ਚੋਣਾਂ ਹੋਣ ਵਾਲੀਆਂ ਹਨ। ਇਸ ਸਿਲਸਿਲੇ 'ਚ ਸੋਨੀਆ ਗਾਂਧੀ ਨੇ ਹਰਿਆਣਾ 'ਚ ਪਾਰਟੀ ਦਾ ਮਸਲਾ ਸੁਲਝਾ ਲਿਆ ਹੈ ਅਤੇ ਹੁਣ ਛੇਤੀ ਹੀ ਉਹ ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਨਾਂ ਦਾ ਐਲਾਨ ਕਰੇਗੀ।
ਲੀਡਰਸ਼ਿਪ ਸਬੰਧੀ ਅਤੇ ਗੱਠਜੋੜ ਸਹਿਯੋਗੀਆਂ ਦਾ ਮਸਲਾ ਸੁਲਝਾਉਣ ਲਈ ਉਨ੍ਹਾਂ ਨੇ ਮਹਾਰਾਸ਼ਟਰ ਅਤੇ ਝਾਰਖੰਡ ਦੇ ਵੱਡੇ ਨੇਤਾਵਾਂ ਨੂੰ ਵੀ ਸੱਦਿਆ ਹੈ। ਹਰਿਆਣਾ 'ਚ ਕੁਮਾਰੀ ਸ਼ੈਲਜਾ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਕੁਮਾਰੀ ਸ਼ੈਲਜਾ ਨੇ ਐਲਾਨ ਕੀਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ।
ਸੂਤਰਾਂ ਮੁਤਾਬਿਕ ਜਿਹੜੇ ਸੂਬਿਆਂ 'ਚ ਛੇਤੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਉਥੋਂ ਦੇ ਨੇਤਾਵਾਂ ਨੂੰ ਸੋਨੀਆ ਗਾਂਧੀ ਨੇ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਹੈ। ਸੋਨੀਆ ਗਾਂਧੀ ਦੀ ਹਦਾਇਤ ਹੈ ਕਿ ਛੇਤੀ ਚੋਣਾਂ ਨੂੰ ਦੇਖਦਿਆਂ ਸੂਬਾਈ ਨੇਤਾ ਅੰਦਰੂਨੀ ਕਲੇਸ਼ ਤੋਂ ਬਚਣ ਅਤੇ ਚੋਣਾਂ 'ਚ ਚੰਗੇ ਨਤੀਜੇ ਲਿਆਉਣ।

ਮੱਧ ਪ੍ਰਦੇਸ਼ ਕਾਂਗਰਸ 'ਚ ਅੰਦਰੂਨੀ ਕਲੇਸ਼
ਹਰਿਆਣਾ ਕਾਂਗਰਸ ਦਾ ਮਸਲਾ ਸੁਲਝਾਉਣ ਤੋਂ ਬਾਅਦ ਸੋਨੀਆ ਗਾਂਧੀ ਦਾ ਧਿਆਨ ਹੁਣ ਮੱਧ ਪ੍ਰਦੇਸ਼ ਕਾਂਗਰਸ 'ਤੇ ਕੇਂਦ੍ਰਿਤ ਹੋ ਗਿਆ ਹੈ, ਜਿਥੇ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਮਾਮਲਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਇਥੇ ਪਾਰਟੀ ਹਾਈਕਮਾਨ 'ਚ ਆਪਸੀ ਭਰੋਸੇ ਦੀ ਘਾਟ ਹੈ ਅਤੇ ਇਹ ਕੇਂਦਰੀ ਲੀਡਰਸ਼ਿਪ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਮਾਮੂਲੀ ਬਹੁਮਤ ਹਾਸਿਲ ਹੈ।
ਹਾਈਕਮਾਨ ਨੇ ਇਥੋਂ ਦੇ ਨੇਤਾਵਾਂ ਨੂੰ ਜਨਤਕ ਬਿਆਨ ਦੇਣ ਅਤੇ ਅਨੁਸ਼ਾਸਨ ਭੰਗ ਕਰਨ 'ਤੇ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸੋਨੀਆ ਗਾਂਧੀ ਨੇ ਮੱਧ ਪ੍ਰਦੇਸ਼ ਦੇ ਇੰਚਾਰਜ ਜਨਰਲ ਸਕੱਤਰ ਦੀਪਕ ਬਾਵਰੀਆ ਤੋਂ ਰਿਪੋਰਟ ਮੰਗੀ ਹੈ। ਸੂਤਰਾਂ ਮੁਤਾਬਿਕ ਬਾਵਰੀਆ ਨੇ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ 'ਚ ਸਿੰਘਾਰ ਦੀ ਟਿੱਪਣੀ ਨੂੰ ਨਾਜਾਇਜ਼ ਦੱਸਿਆ ਹੈ।
ਇਸ ਦਰਮਿਆਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਕਮਲਨਾਥ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸੂਬੇ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ ਹੈ। ਸੋਨੀਆ ਗਾਂਧੀ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਏ. ਕੇ. ਐਂਟੋਨੀ ਨੂੰ ਸਿੰਘਾਰ ਦੇ ਮਾਮਲਿਆਂ 'ਚ ਫੈਸਲਾ ਲੈਣ ਲਈ ਕਿਹਾ ਹੈ, ਜਿਨ੍ਹਾਂ ਨੇ ਦਿੱਗਵਿਜੇ ਸਿੰਘ ਵਿਰੁੱਧ ਗੰਭੀਰ ਦੋਸ਼ ਲਾਏ ਹਨ।

                                                                            —ਰਾਹਿਲ ਨੋਰਾ ਚੋਪੜਾ

KamalJeet Singh

This news is Content Editor KamalJeet Singh