ਹੁਣ ਆਸਾਨ ਹੋ ਜਾਵੇਗੀ ''ਕਸ਼ਮੀਰੀ ਪੰਡਿਤਾਂ'' ਦੀ ਵਾਪਸੀ

08/18/2019 5:48:27 AM

ਦੇਸ਼ 'ਚ ਧਾਰਾ 370 ਦੇ ਹਟਣ ਨਾਲ ਹੁਣ ਖੁਸ਼ੀ ਹੈ। ਇਹ ਖੁਸ਼ੀ ਕਸ਼ਮੀਰੀ ਪੰਡਿਤਾਂ ਵਿਚ ਵੀ ਹੈ। ਸਾਲਾਂ ਤੋਂ ਹਿਜਰਤਕਾਰੀਆਂ ਦਾ ਜੀਵਨ ਜੀਅ ਰਹੇ ਕਸ਼ਮੀਰੀ ਪੰਡਿਤਾਂ ਨੂੰ ਘਰ-ਵਾਪਸੀ ਦੀ ਉਮੀਦ ਹੁਣ ਪੂਰੀ ਹੁੰਦੀ ਦਿਸ ਰਹੀ ਹੈ। ਕੇਂਦਰ 'ਚ ਮੋਦੀ ਸਰਕਾਰ ਆਪਣੇ ਆਗਮਨ ਤੋਂ ਹੀ ਵਾਦੀ 'ਚ ਕਸ਼ਮੀਰੀ ਪੰਡਿਤਾਂ ਨੂੰ ਫਿਰ ਤੋਂ ਵਸਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਈ ਸੀ ਪਰ ਇਸ ਵਿਚ ਸਭ ਤੋਂ ਵੱਡੀ ਅੜਚਣ ਧਾਰਾ 370 ਦੀ ਆ ਰਹੀ ਸੀ। ਜਦੋਂ ਜੰਮੂ-ਕਸ਼ਮੀਰ ਵਿਚ ਭਾਜਪਾ-ਪੀ. ਡੀ. ਪੀ. ਦੀ ਸਾਂਝੀ ਸਰਕਾਰ ਸੀ, ਉਸ ਸਮੇਂ ਤੱਤਕਾਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਿਜਰਤਕਾਰੀ ਕਸ਼ਮੀਰੀ ਹਿੰਦੂਆਂ ਨੂੰ ਵਾਪਸ ਵਸਾਉਣ ਲਈ ਤੱਤਕਾਲੀ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਨੂੰ ਵਾਦੀ 'ਚ ਮਿਲੀ-ਜੁਲੀ ਬਸਤੀ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਕਿਹਾ ਸੀ। ਮੁਫਤੀ ਮੁਹੰਮਦ ਦੀ ਮੌਤ ਤੋਂ ਬਾਅਦ ਰਾਜਨਾਥ ਸਿੰਘ ਨੇ 2016 'ਚ ਮਹਿਬੂਬਾ ਮੁਫਤੀ ਨੂੰ ਵੀ ਕਸ਼ਮੀਰੀ ਪੰਡਿਤਾਂ ਨੂੰ ਵਸਾਉਣ ਲਈ ਜ਼ਮੀਨ ਦੀ ਗੱਲ ਕੀਤੀ ਪਰ ਹਰ ਵਾਰ ਵਾਦੀ 'ਚ ਵੱਖਵਾਦੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਸੂਬਾਈ ਸਰਕਾਰ ਨੇ ਵੀ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ। ਹਾਲਾਂਕਿ ਉਸ ਸਮੇਂ ਭਾਜਪਾ ਸੂਬਾਈ ਸਰਕਾਰ 'ਚ ਸ਼ਾਮਿਲ ਸੀ, ਇਸ ਦੇ ਬਾਵਜੂਦ ਉਹ ਕੁਝ ਨਹੀਂ ਕਰ ਸਕੀ ਕਿਉਂਕਿ ਧਾਰਾ 370 ਨੇ ਕੇਂਦਰ ਦੇ ਹੱਥ ਬੰਨ੍ਹੇ ਹੋਏ ਸਨ। ਹਰ ਵਾਰ ਕਸ਼ਮੀਰ ਵਿਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਂਦਾ ਸੀ ਕਿ ਕੇਂਦਰ ਸਰਕਾਰ ਨੇ ਵੀ ਚੁੱਪ ਰਹਿਣਾ ਹੀ ਠੀਕ ਸਮਝਿਆ। ਧਾਰਾ 370 ਕਾਰਣ ਕੇਂਦਰ ਸਰਕਾਰ ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਨਾਲ ਸੂਬਾਈ ਸਰਕਾਰ 'ਤੇ ਹੀ ਨਿਰਭਰ ਸੀ।
ਪਰ ਹੁਣ ਸਥਿਤੀ ਬਦਲ ਗਈ ਹੈ। ਧਾਰਾ 370 ਨਹੀਂ ਰਹੀ ਅਤੇ ਜੰਮੂ-ਕਸ਼ਮੀਰ ਸੂਬਾ ਵੀ ਨਹੀਂ ਰਿਹਾ। ਕੇਂਦਰ ਸਰਕਾਰ ਦਾ ਹੁਣ ਉਥੇ ਸ਼ਾਸਨ ਚੱਲੇਗਾ। ਇਸ ਕਾਰਣ 30 ਸਾਲ ਦੀ ਬਰਖਾਸਤਗੀ ਤੋਂ ਬਾਅਦ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀਆਂ ਦਾ ਜੀਵਨ ਜਿਊਣ ਲਈ ਮਜਬੂਰ ਕਸ਼ਮੀਰ ਦੇ ਮੂਲ ਨਿਵਾਸੀ ਕਸ਼ਮੀਰੀ ਪੰਡਿਤਾਂ ਨੂੰ ਹੁਣ ਘਰ-ਵਾਪਸੀ ਦਾ ਸੁਪਨਾ ਸੰਭਵ ਹੁੰਦਾ ਦਿਖਾਈ ਦੇਣ ਲੱਗਾ ਹੈ। ਦੇਸ਼ ਦੇ ਸਭ ਤੋਂ ਪ੍ਰਾਚੀਨ ਇਤਿਹਾਸ ਰਾਜਤਰੰਗਿਣੀ ਅਨੁਸਾਰ 5 ਲੱਖ ਤੋਂ ਵੀ ਵੱਧ ਆਬਾਦੀ ਵਾਲੇ ਕਸ਼ਮੀਰੀ ਪੰਡਿਤਾਂ ਦੇ ਭਾਈਚਾਰੇ ਦਾ ਵਾਦੀ ਵਿਚ 5000 ਸਾਲ ਪੁਰਾਣਾ ਇਤਿਹਾਸ ਰਿਹਾ ਹੈ। 237 ਈਸਾ ਪੂਰਵ ਸਮਰਾਟ ਅਸ਼ੋਕ ਦੇ ਸ਼ਾਸਨਕਾਲ ਦੌਰਾਨ ਸਥਾਪਿਤ ਸ਼ਾਰਦਾ ਪੀਠ ਦਾ ਕਰੀਬ 5000 ਸਾਲ ਪੁਰਾਣਾ ਮੰਦਰ ਹੈ। ਸ਼ਾਰਦਾ ਪੀਠ ਹੁਣ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ 'ਚ ਹੈ। ਇਥੇ ਹੀ 9ਵੀਂ ਸਦੀ 'ਚ ਆਦਿਸ਼ੰਕਰਾਚਾਰੀਆ ਨੂੰ ਸ਼ਕਤੀ ਅਤੇ ਸ਼ਿਵ ਦਾ ਪੂਰਾ ਗਿਆਨ ਹਾਸਿਲ ਹੋਇਆ ਸੀ। ਓਡਿਸ਼ਾ 'ਚ ਸੂਰਜ ਮੰਦਰ ਤੋਂ ਇਲਾਵਾ ਕਸ਼ਮੀਰ 'ਚ ਵੀ ਸੂਰਜ ਮੰਦਰ ਸੀ, ਜੋ 8ਵੀਂ ਸਦੀ ਵਿਚ ਬਣਾਇਆ ਗਿਆ ਸੀ ਪਰ ਇਸ ਮੰਦਰ ਨੂੰ ਮੁਸਲਿਮ ਸ਼ਾਸਕਾਂ ਨੇ ਤੋੜ ਕੇ ਖੰਡਰ ਬਣਾ ਦਿੱਤਾ।
ਵਾਦੀ 'ਚ ਕਈ ਮੰਦਰ ਹਨ, ਜਿਨ੍ਹਾਂ ਦਾ ਵਰਣਨ ਪ੍ਰਾਚੀਨ ਇਤਿਹਾਸ 'ਚ ਦਰਜ ਹੈ। ਇਤਿਹਾਸ ਦੇ ਇਨ੍ਹਾਂ ਹੀ ਪੰਨਿਆ 'ਚ ਵਰਣਨ ਹੈ ਸ਼੍ਰੀਨਗਰ ਦੀਆਂ ਪਹਾੜੀਆਂ ਦੀਆਂ ਦੋ ਚੋਟੀਆਂ 'ਤੇ ਸਥਿਤ 2 ਪ੍ਰਾਚੀਨ ਮੰਦਰਾਂ ਦਾ, ਜਿਨ੍ਹਾਂ 'ਚੋਂ ਇਕ ਹੈ ਸ਼ੰਕਰਾਚਾਰੀਆ ਮੰਦਰ ਅਤੇ ਦੂਸਰਾ ਹਾਰੀ-ਪਰਬਤ ਮੰਦਰ। ਉਥੇ ਗੁਫਾਵਾਂ 'ਚ ਬਾਬਾ ਅਮਰਨਾਥ ਬਿਰਾਜਮਾਨ ਹਨ, ਗੰਧਰਬਲ ਵਿਚ ਇਕ ਸਰੋਵਰ ਦੇ ਕੰਢੇ ਬਣਿਆ ਹੈ ਮਾਤਾ ਕਸ਼ੀਰ ਭਵਾਨੀ ਦਾ ਮੰਦਰ। ਵਾਦੀ 'ਚ ਹਰ ਮੰਦਰ ਦੇ ਨਾਲ ਆਪਣਾ ਇਕ ਇਤਿਹਾਸ ਜੁੜਿਆ ਹੈ ਅਤੇ ਉਸ ਦੇ ਪਿੱਛੇ ਪੌਰਾਣਿਕ ਕਥਾਵਾਂ ਜੁੜੀਆਂ ਹੋਈਆਂ ਹਨ। ਇਸੇ ਤਰ੍ਹਾਂ ਸ਼੍ਰੀਨਗਰ 'ਚ ਜੇਹਲਮ ਨਦੀ ਦੇ ਕੰਢੇ 'ਤੇ ਅਮੀਰਾ ਕਦਲ ਕੋਲ ਹਨੂਮਾਨ ਮੰਦਰ ਹੈ, ਜੋ ਹਿੰਦੂਆਂ 'ਚ ਕਾਫੀ ਲੋਕਪ੍ਰਿਯ ਹੈ। 
ਕਈ ਵਾਰ ਇਸ ਮੰਦਰ 'ਤੇ ਅੱਤਵਾਦੀ ਹਮਲੇ ਵੀ ਹੋਏ ਅਤੇ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜੰਮੂ-ਕਸ਼ਮੀਰ 'ਚ ਅੱਤਵਾਦ ਦਾ ਨਿਸ਼ਾਨਾ ਕਸ਼ਮੀਰੀ ਪੰਡਿਤ ਬਣੇ ਤਾਂ ਮੰਦਰ ਵੀ ਹਮਲਾਵਰਾਂ ਤੋਂ ਅਣਛੂਹੇ ਨਹੀਂ ਰਹੇ। ਦੇਸ਼ 'ਚ ਮੁੰਬਈ ਦਾ ਸਿੱਧੀ ਵਿਨਾਇਕ ਮੰਦਰ ਕਾਫੀ ਪ੍ਰਸਿੱਧ ਹੈ ਪਰ ਕਸ਼ਮੀਰ 'ਚ ਵੀ ਇਕ ਸਿੱਧੀ ਵਿਨਾਇਕ ਬਿਰਾਜਮਾਨ ਹਨ ਅਤੇ ਇਹ ਮੰਦਰ ਪ੍ਰਾਚੀਨ ਕਾਲ ਦਾ ਹੈ। ਸ਼੍ਰੀਨਗਰ ਸ਼ਹਿਰ ਦੇ ਗਣਪਤਯਾਰ ਮੁਹੱਲੇ 'ਚ ਜੇਹਲਮ ਨਦੀ ਦੇ ਕੰਢੇ 'ਤੇ ਬਣੇ ਇਸ ਗਣਪਤਯਾਰ ਮੰਦਰ (ਸਿੱਧੀ ਵਿਨਾਇਕ ਮੰਦਰ) ਦਾ ਵਰਣਨ ਰਾਜਤਰੰਗਿਣੀ 'ਚ ਹੈ, ਜਿਸ ਦਾ ਮਤਲਬ ਹੈ ਕਿ 12ਵੀਂ ਸਦੀ ਤੋਂ ਵੀ ਪਹਿਲਾਂ ਦਾ ਬਣਿਆ ਇਹ ਮੰਦਰ ਹੈ। ਇਸ ਮੰਦਰ 'ਤੇ ਕਈ ਵਾਰ ਮੁਸਲਿਮ ਰਾਜਿਆਂ ਨੇ ਹਮਲੇ ਕੀਤੇ। ਇਤਿਹਾਸਕਾਰ ਐੱਮ. ਸਟੇਇਨ, ਜਿਸ ਨੇ ਸਭ ਤੋਂ ਪਹਿਲਾਂ ਰਾਜਤਰੰਗਿਣੀ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਸੀ, ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਮੁਸਲਿਮ ਹਮਲਾਵਰਾਂ ਨੇ ਇਸ ਮੰਦਰ ਨੂੰ ਤੋੜ ਕੇ ਇਸ ਦੇ ਪੱਥਰਾਂ ਨਾਲ ਮਸਜਿਦ ਬਣਵਾਈ ਸੀ, ਜਿਸ ਤੋਂ ਬਾਅਦ 1888 'ਚ ਗਣਪਤਯਾਰ ਮੰਦਰ ਦਾ ਫਿਰ ਤੋਂ ਨਿਰਮਾਣ ਕੀਤਾ ਗਿਆ।
ਪਿਛਲੇ 30 ਸਾਲਾਂ ਵਿਚ ਜਦੋਂ ਤੋਂ ਵਾਦੀ 'ਚ ਅੱਤਵਾਦ ਅਤੇ ਇਸਲਾਮਿਕ ਕੱਟੜਵਾਦ ਹਾਵੀ ਹੋਇਆ, ਪੰਡਿਤਾਂ ਦੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਨਸ਼ਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਵਾਦੀ 'ਚ ਕਈ ਅਜਿਹੇ ਮੰਦਰ ਹਨ, ਜੋ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਤੋਂ ਬਾਅਦ ਖੰਡਰ ਹੋ ਚੁੱਕੇ ਹਨ। ਕਈ ਮੰਦਰ ਤੋੜੇ ਗਏ ਅਤੇ ਕਈਆਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਗਿਆ ਹੈ।
ਕੁਝ ਸਾਲ ਪਹਿਲਾਂ ਕਸ਼ਮੀਰੀ ਪੰਡਿਤ ਪ੍ਰੇਮਨਾਥ ਭੱਟ ਨੇ ਵਾਦੀ ਦੇ ਮੰਦਰਾਂ ਦਾ ਸਰਵੇਖਣ ਕੀਤਾ ਸੀ। ਉਨ੍ਹਾਂ ਦੇ ਸਰਵੇਖਣ 'ਚ ਪਤਾ ਲੱਗਾ ਕਿ ਵਾਦੀ 'ਚ ਅਜੇ ਵੀ 1403 ਹਿੰਦੂ ਧਾਰਮਿਕ ਅਸਥਾਨ ਹਨ, 975 ਮੰਦਰ ਅਤੇ 428 ਸ਼ਮਸ਼ਾਨਘਾਟ ਹਨ। ਇਸੇ ਸਰਵੇਖਣ ਅਨੁਸਾਰ ਵਾਦੀ 'ਚ 347 ਮੰਦਰਾਂ ਨੂੰ ਤੋੜਿਆ ਗਿਆ ਪਰ ਕਸ਼ਮੀਰ ਦੇ ਡਵੀਜ਼ਨਲ ਕਮਿਸ਼ਨਰ ਮੁਤਾਬਿਕ ਵਾਦੀ 'ਚ 454 ਮੰਦਰ ਹਨ ਅਤੇ 208 ਮੰਦਰ ਤੋੜੇ ਗਏ ਹਨ।
ਸ਼੍ਰੀਨਗਰ ਸ਼ਹਿਰ 'ਚ ਸ਼ੰਕਰਾਚਾਰੀਆ ਨਾਂ ਦੀ ਪਹਾੜੀ, ਜਿਸ 'ਤੇ ਸ਼ਿਵ ਮੰਦਰ ਬਣਿਆ ਹੋਇਆ ਹੈ, ਉਸ ਦਾ ਨਾਂ ਸੁਲੇਮਾਨ ਟੇਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨੰਤਨਾਗ ਨੂੰ ਸਥਾਨਕ ਲੋਕ ਇਸਲਾਮਾਬਾਦ ਕਹਿੰਦੇ ਹਨ। ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ਤੋਂ ਇਹ ਸਾਫ ਹੁੰਦਾ ਹੈ ਕਿ ਵਾਦੀ ਦੇ ਮੂਲ ਨਿਵਾਸੀਆਂ ਦੀ ਹੋਂਦ ਨੂੰ ਮਿਟਾਉਣ ਦੀ ਪੂਰੀ ਸਾਜ਼ਿਸ਼ ਰਚੀ ਗਈ ਸੀ।
ਜੰਮੂ-ਕਸ਼ਮੀਰ 'ਚ ਹੁਣ ਨਵੀਂ ਸਵੇਰ ਹੈ। 5 ਅਗਸਤ 2019 ਤੋਂ ਪਹਿਲਾਂ ਤਕ ਕਸ਼ਮੀਰੀ ਪੰਡਿਤਾਂ ਨੂੰ ਵਾਦੀ 'ਚ ਆਪਣੀ ਪਛਾਣ ਬਣਾਈ ਰੱਖਣ ਦੀ ਲੜਾਈ ਕਾਫੀ ਕਮਜ਼ੋਰ ਪੈਂਦੀ ਦਿਸ ਰਹੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਹੁਣ ਕਸ਼ਮੀਰੀ ਪੰਡਿਤਾਂ ਨੂੰ ਆਪਣੀਆਂ ਜੜ੍ਹਾਂ ਨੂੰ ਬਚਾਈ ਰੱਖਣ 'ਚ ਧਾਰਾ 370 ਅੜਿੱਕਾ ਨਹੀਂ ਬਣ ਸਕੇਗੀ। ਦੂਜੇ ਪਾਸੇ ਦੇਸ਼ ਭਰ ਤੋਂ ਆਵਾਜ਼ਾਂ ਉੱਠਣ ਲੱਗੀਆਂ ਹਨ ਕਿ ਵਾਦੀ 'ਚ ਮੰਦਰਾਂ ਦਾ ਮੁੜ ਨਿਰਮਾਣ ਹੋਵੇ। ਕੁਲਹਿੰਦ ਸੰਤ ਕਮੇਟੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵਾਦੀ 'ਚ ਤੋੜੇ ਗਏ ਮੰਦਰਾਂ ਦੇ ਮੁੜ ਨਿਰਮਾਣ ਲਈ ਆਵਾਜ਼ ਉਠਾਈ ਹੈ।
ਧਾਰਾ 370 ਰਹਿਤ ਜੰਮੂ-ਕਸ਼ਮੀਰ 'ਚ ਕੇਂਦਰ ਸਰਕਾਰ ਲਈ ਕਸ਼ਮੀਰੀ ਪੰਡਿਤਾਂ ਦੀ ਮਦਦ ਕਰਨਾ ਹੁਣ ਆਸਾਨ ਹੋ ਜਾਵੇਗਾ। ਘਰ-ਵਾਪਸੀ ਲਈ ਤਰਸ ਰਹੇ ਕਸ਼ਮੀਰੀ ਪੰਡਿਤ ਆਪਣੇ ਮੰਦਰਾਂ 'ਚ ਫਿਰ ਤੋਂ ਪੂਜਾ-ਅਰਚਨਾ ਕਰਨਾ ਚਾਹੁੰਦੇ ਹਨ ਅਤੇ ਜਨਮ ਅਸ਼ਟਮੀ ਦੇ ਦਿਨ ਗਲੀਆਂ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਝਾਕੀਆਂ ਕੱਢਣ ਦਾ ਫਿਰ ਤੋਂ ਸੁਪਨਾ ਦੇਖ ਰਹੇ ਹਨ।

                                                                                    —ਦੀਪਿਕਾ ਭਾਨ

KamalJeet Singh

This news is Content Editor KamalJeet Singh