ਭਿਆਨਕ ਸੋਕੇ ਦੀ ਲਪੇਟ ’ਚ ਉੱਤਰ ਪੱਛਮੀ ਚੀਨ

09/10/2023 5:33:41 PM

ਚੀਨ ’ਚ ਇਨ੍ਹੀਂ ਦਿਨੀਂ ਇਕ ਪਾਸੇ ਭਾਰੀ ਹੜ੍ਹ ਨਾਲ ਲੋਕਾਂ ਦਾ ਜੀਵਨ ਤੰਗ ਹੈ ਅਤੇ ਹਾਲ ਹੀ ’ਚ ਚੀਨ ਨੇ 5 ਸਮੁੰਦਰੀ ਚੱਕਰਵਾਤ ਝੱਲੇ ਹਨ ਜਿਨ੍ਹਾਂ ’ਚੋਂ 3 ਦਾ ਕਹਿਰ ਹੁਣ ਵੀ ਜਾਰੀ ਹੈ। ਇਸ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਪਹਾੜਾਂ ’ਚ ਪਨਾਹ ਲੈਣੀ ਪਈ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਚੀਨ ਦੇ ਨਾਲ ਪੂਰਬੀ ਚੀਨ ਦੇ ਤੱਟੀ ਇਲਾਕੇ ਦੂਰ-ਦੁਰੇਡੇ ਦੱਖਣ ਤੱਕ ਚੱਕਰਵਾਤੀ ਮੀਂਹ ਅਤੇ ਹੜ੍ਹ ਦਾ ਕਹਿਰ ਝੱਲ ਰਹੇ ਹਨ। ਕੁਦਰਤ ਨੇ ਚੀਨ ਨੂੰ ਸਿਰਫ ਇੱਥੇ ਹੀ ਨਹੀਂ ਮਾਰਿਆ, ਇਕ ਪਾਸੇ ਜਿੱਥੇ ਚੀਨ ’ਚ ਭਾਰੀ ਮੀਂਹ ਅਤੇ ਹੜ੍ਹ ਦਾ ਪ੍ਰਕੋਪ ਜਾਰੀ ਹੈ ਤਾਂ ਉਧਰ ਚੀਨ ਦੇ ਉੱਤਰ-ਪੱਛਮ ਦੇ ਕਈ ਇਲਾਕੇ ਭਿਅੰਕਰ ਸੋਕੇ ਦੀ ਲਪੇਟ ’ਚ ਹਨ। ਇਸ ਸੋਕੇ ਦੀ ਸਭ ਤੋਂ ਵੱਧ ਮਾਰ ਕਾਨਸੂ ਸੂਬੇ ’ਚ ਕਿਸਾਨਾਂ ਨੂੰ ਝੱਲਣੀ ਪਈ ਹੈ। ਕਾਨਸੂ ਦੇ ਸਥਾਨਕ ਕਿਸਾਨਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਕਦੀ ਉੱਥੇ ਇੰਨਾ ਭਿਆਨਕ ਸੋਕਾ ਨਹੀਂ ਪਿਆ ਜਿਸ ਨਾਲ ਮੱਕੀ ਦੀ ਪੂਰੀ ਫਸਲ ਬਰਬਾਦ ਹੋਈ ਹੋਵੇ।

ਇਸ ਵਾਰ ਮੱਧ ਅਤੇ ਪੱਛਮੀ ਅੰਦਰੂਨੀ ਮੰਗੋਲੀਆ, ਸ਼ੰਘਾਈ, ਕਾਨਸੂ, ਨਿੰਗਸ਼ਿਆ ਦੇ ਇਲਾਵਾ ਕਈ ਹੋਰ ਇਲਾਕੇ ਜੋ ਚੀਨ ਦੇ ਉੱਤਰ-ਪੱਛਮ ’ਚ ਸਥਿਤ ਹਨ, ਭਿਆਨਕ ਸੋਕੇ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਸਾਰੇ ਇਲਾਕਿਆਂ ’ਚ ਸਭ ਤੋਂ ਵੱਧ ਖਰਾਬ ਹਾਲਤ ਕਾਨਸੂ ਸੂਬੇ ਦੀ ਹੈ, ਜਿੱਥੇ ਚੀਨ ਦੇ ਕੇਂਦਰੀ ਮੌਸਮ ਵਿਭਾਗ ਨੇ ਸੋਕੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਭਾਵ ਸੋਕੇ ਨਾਲ ਹਾਲਾਤ ਬਹੁਤ ਖਰਾਬ ਹੈ। ਜਿਨ੍ਹਾਂ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ’ਚ ਉੱਤਰੀ ਖੇਤਰ ਲੋਂਗ ਜੋਂਗ, ਪੂਰਬੀ ਜੋ ਜੂਆਨ ਸ਼ਹਿਰ, ਪੂਰਬੀ ਚਾਂਗਯਾਨ ਸ਼ਹਿਰ, ਚਿਨ ਛਾਂਗ ਸ਼ਹਿਰ, ਵੁਈ ਸ਼ਹਿਰ ਅਤੇ ਛੇਨਯੀਂਗ ਸ਼ਹਿਰ ਦੀ ਹੁਆਂਗ ਕਾਊਂਟੀ ਸ਼ਾਮਲ ਹੈ। ਮੌਸਮ ਵਿਭਾਗ ਨੇ ਮੱਧ ਹਾਸ਼ੀ ਅਤੇ ਉੱਤਰੀ ਲੋਂਗੀ ਸ਼ਹਿਰ ਲਈ ਬਹੁਤ ਘੱਟ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਜੇ ਪਿਛਲੇ ਸਾਲ ਦੀ ਤੁਲਨਾ ਇਸ ਸਾਲ ਨਾਲ ਕੀਤੀ ਜਾਵੇ ਤਾਂ ਇਸ ਸਾਲ ਚੀਨ ਦਾ ਪੂਰਾ ਉੱਤਰ-ਪੱਛਮੀ ਖੇਤਰ ਸੋਕੇ ਦੀ ਲਪੇਟ ’ਚ ਹੈ। ਇਸ ਪੂਰੇ ਖੇਤਰ ’ਚ ਮੀਂਹ ਪਿਛਲੇ ਸਾਲ ਦੀ 20 ਫੀਸਦੀ ਦੀ ਤੁਲਨਾ ’ਚ ਇਸ ਸਾਲ 70 ਫੀਸਦੀ ਘੱਟ ਪਿਆ ਹੈ। ਹਾਸ਼ੀ ਕਾਰੀਡੋਰ ’ਚ ਸਾਰੇ ਜਲ ਭੰਡਾਰ ਬਹੁਤ ਘੱਟ ਪਾਣੀ ਦੇ ਪੱਧਰ ’ਤੇ ਹਨ ਜਿਸ ਨਾਲ ਖੇਤੀਬਾੜੀ ਸਬੰਧੀ ਕੋਈ ਵੀ ਸਰਗਰਮੀ ਨਹੀਂ ਹੋ ਸਕਦੀ, ਇਸ ਦੇ ਨਾਲ ਹੀ ਖੇਤੀ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਪੀਣ ਦੇ ਪਾਣੀ ਦੀ ਕਿੱਲਤ ਮਨੁੱਖਾਂ ਅਤੇ ਪਸ਼ੂਆਂ ਨੂੰ ਹੋ ਰਹੀ ਹੈ।

ਜੇ ਕਾਨਸੂ ਸੂਬੇ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 25 ਅਗਸਤ ਤਕ 19 ਹਜ਼ਾਰ ਇਕ ਸੌ ਹੈਕਟੇਅਰ ਜ਼ਮੀਨ ਦੀ ਫਸਲ ਬਰਬਾਦ ਹੋ ਗਈ। ਉਧਰ 14 ਹਜ਼ਾਰ 300 ਵੱਡੇ ਪਸ਼ੂ ਧਨ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲਾਂ ਅਤੇ ਪਸ਼ੂਧਨ ਨੂੰ ਹੋਣ ਵਾਲਾ ਨੁਕਸਾਨ ਕਾਨਸੂ ਸੂਬੇ ਲਈ ਇਕ ਵੱਡਾ ਆਰਥਿਕ ਨੁਕਸਾਨ ਬਣ ਕੇ ਆਇਆ ਹੈ ਜੋ ਚੀਨੀ ਮੁਦਰਾ ’ਚ 2 ਅਰਬ 45 ਕਰੋੜ ਯੂਆਨ ਹੈ। ਕਾਨਸੂ ਸੂਬਾ ਆਪਣੀ ਮੱਕੇ ਦੀ ਖੇਤੀ ਲਈ ਜਾਣਿਆ ਜਾਂਦਾ ਹੈ ਜਿਸ ਕਾਰਨ ਇਸ ਸਾਲ ਪੈਣ ਵਾਲੇ ਸੋਕੇ ਨਾਲ ਬਹੁਤ ਨੁਕਸਾਨ ਹੋਇਆ ਹੈ। ਪਿਛਲੇ 14 ਸਾਲਾਂ ਤੋਂ ਲਗਾਤਾਰ ਇੱਥੇ ਮੱਕਾ ਉਗਾਉਣ ਵਾਲੇ ਇਕ ਕਿਸਾਨ ਅਨੁਸਾਰ ਉਸ ਨੇ ਆਪਣੇ ਪੂਰੇ ਜੀਵਨ ’ਚ ਇੰਨਾ ਭਿਅੰਕਰ ਸੋਕਾ ਕਾਨਸੂ ਸੂਬੇ ’ਚ ਨਹੀਂ ਦੇਖਿਆ। ਉਂਝ ਚੀਨ ਦਾ ਉੱਤਰ-ਪੱਛਮੀ ਖੇਤਰ ਘੱਟ ਮੀਂਹ ਲਈ ਜਾਣਿਆ ਜਾਂਦਾ ਹੈ, ਇਸ ’ਚ ਸ਼ਿਨਚਿਆਂਗ ਵੇਵੂਰ ਖੁਦਮੁਖਤਾਰ ਸੂਬਾ, ਕਾਨਸੂ, ਸ਼ੰਘਾਈ ਅਤੇ ਅੰਦਰੂਨੀ ਮੰਗੋਲੀਆ ਦੇ ਕਈ ਇਲਾਕੇ ਸ਼ਾਮਲ ਹਨ ਪਰ ਫਿਰ ਵੀ ਇੱਥੇ ਇੰਨਾ ਮੀਂਹ ਹੁੰਦਾ ਹੈ ਕਿ ਰੇਗਿਸਤਾਨੀ ਅਤੇ ਘੱਟ ਮੀਂਹ ਵਾਲੇ ਖੇਤਰ ’ਚ ਉੱਗਣ ਵਾਲੀ ਫਸਲ ਚੰਗੀ ਪੈਦਾਵਾਰ ਦਿੰਦੀ ਹੈ। ਪਰ ਇਸ ਵਾਰ ਪੂਰੇ ਖੇਤਰ ’ਚ ਪੈਣ ਵਾਲੇ ਸੋਕੇ ਕਾਰਨ ਮਿੱਟੀ ਦੀ ਸਾਰੀ ਨਮੀ ਚਲੀ ਗਈ ਹੈ ਅਤੇ ਅਗਲੇ ਮਹੀਨੇ ਹੋਣ ਵਾਲੀ ਫਸਲ ਦੀ ਕਟਾਈ ’ਚ ਚੀਨ ਦੇ ਖੇਤੀਬਾੜੀ ਮਾਹਿਰਾਂ ਦੀ ਰਾਇ ’ਚ 60 ਤੋਂ 70 ਫੀਸਦੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਵਾਰ ਪੂਰੇ ਉੱਤਰ-ਪੱਛਮੀ ਖੇਤਰ ਦੇ ਕਿਸਾਨ ਨਿਰਾਸ਼ ਹਨ। ਉਨ੍ਹਾਂ ਨੂੰ ਆਪਣੇ ਖੇਤਾਂ ’ਚੋਂ ਕੋਈ ਫਸਲ ਮਿਲਣ ਦੀ ਆਸ ਨਹੀਂ ਬਚੀ। 

ਅੰਦਰੂਨੀ ਮੰਗੋਲੀਆ ’ਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਪੀਣ ਦੇ ਪਾਣੀ ਦੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਫਿਰ ਖੇਤੀ ਦੀ ਗੱਲ ਸੋਚਣਾ ਵੀ ਗਲਤ ਹੋਵੇਗਾ। ਉੱਥੇ ਹੀ ਸ਼ੰਘਾਈ ’ਚ ਪਾਣੀ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਜੋ ਉਨ੍ਹਾਂ ਨੂੰ ਸਮੇਂ ’ਤੇ ਨਹੀਂ ਮਿਲ ਰਿਹਾ। ਸੋਕੇ ਅਤੇ ਖਾਦਾਂ ਨਾ ਹੋਣ ਕਾਰਨ ਇਨ੍ਹਾਂ ਇਲਾਕਿਆਂ ’ਚ ਖੇਤੀ ਕਰਨਾ ਅਕਸਰ ਔਖਾ ਹੁੰਦਾ ਹੈ, ਇਸ ਲਈ ਇੱਥੋਂ ਦੇ ਲੋਕ ਖੇਤੀ ਛੱਡ ਕੇ ਪੂਰਬੀ, ਦੱਖਣੀ ਚੀਨ ’ਚ ਚਲੇ ਜਾਂਦੇ ਹਨ ਜਿੱਥੇ ਉਹ ਸ਼ੰਘਾਈ, ਯੀਵੂ, ਸੁਚੌ, ਹਾਂਗਚੌ ਵਰਗੇ ਤਕਨਾਲੋਜੀ ਸੰਪੰਨ ਸ਼ਹਿਰਾਂ ’ਚ ਰਹਿ ਕੇ ਮਜ਼ਦੂਰੀ ਕਰਦੇ ਹਨ ਜਾਂ ਫਿਰ ਆਪਣਾ ਕੋਈ ਛੋਟਾ-ਮੋਟਾ ਰੋਜ਼ਗਾਰ ਖੋਲ੍ਹ ਕੇ ਪੈਸਾ ਕਮਾਉਂਦੇ ਹਨ।

Gurminder Singh

This news is Content Editor Gurminder Singh