ਹਿੰਦੀ ਨੂੰ ਮਿਲੇ ‘ਰਾਸ਼ਟਰ ਭਾਸ਼ਾ’ ਵਾਲਾ ਸਨਮਾਨ

09/14/2018 5:47:21 AM

ਅੱਜ ਸੰਸਾਰੀਕਰਨ ਦੇ ਦੌਰ ’ਚ ਹਿੰਦੀ ਵਿਸ਼ਵ ਪੱਧਰ ’ਤੇ ਇਕ ਪ੍ਰਭਾਵਸ਼ਾਲੀ ਭਾਸ਼ਾ ਬਣ ਕੇ ਉੱਭਰ ਚੁੱਕੀ ਹੈ। ਦੇਸ਼ ’ਚ ਹਿੰਦੀ ਬੋਲਣ ਤੇ ਸਮਝਣ ਵਾਲੇ ਲੋਕਾਂ ਦੀ ਗਿਣਤੀ 70 ਕਰੋੜ ਤੋਂ ਜ਼ਿਆਦਾ ਹੈ। ਪੂਰੀ ਦੁਨੀਆ ’ਚ 200 ਤੋਂ ਜ਼ਿਆਦਾ ਯੂਨੀਵਰਸਿਟੀਅਾਂ ’ਚ ਹਿੰਦੀ ਪੜ੍ਹਾਈ ਜਾ ਰਹੀ ਹੈ ਅਤੇ ਗਿਆਨ-ਵਿਗਿਆਨ ਦੀਅਾਂ ਕਿਤਾਬਾਂ ਵੱਡੇ ਪੱਧਰ ’ਤੇ ਹਿੰਦੀ ’ਚ ਲਿਖੀਅਾਂ ਜਾ ਰਹੀਅਾਂ ਹਨ। 
ਸੋਸ਼ਲ ਮੀਡੀਆ ਤੇ ਸੰਚਾਰ ਮਾਧਿਅਮਾਂ ’ਚ ਹਿੰਦੀ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਹਿੰਦੀ ਦੀ ਇਸੇ ਮਹੱਤਤਾ ਨੂੰ ਦੇਖਦਿਅਾਂ ਤਕਨੀਕੀ ਬਹੁਕੌਮੀ ਕੰਪਨੀਅਾਂ ਵੀ ਇਸੇ ਭਾਸ਼ਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀਅਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਿੰਦੀ ਪ੍ਰੇਮ ਤਾਂ ਜਗ-ਜ਼ਾਹਿਰ ਹੈ। ਉਹ ਆਪਣੇ ਵਿਦੇਸ਼ ਦੌਰਿਅਾਂ ਦੌਰਾਨ ਜਿਸ ਤਰ੍ਹਾਂ ਹਿੰਦੀ ’ਚ ਬੋਲ ਕੇ ਇਸ ਭਾਸ਼ਾ ਦਾ ਗੁਣਗਾਨ ਕਰਦੇ ਹਨ, ਉਹ ਵਾਕਈ ਤਾਰੀਫ ਦੇ ਕਾਬਿਲ ਹੈ। 
ਯਾਦ ਰਹੇ ਕਿ ਹਿੰਦੀ ਨੂੰ ਮਜ਼ਬੂਤ ਭਾਸ਼ਾ ਵਜੋਂ ਕੌਮਾਂਤਰੀ ਮੰਚ ’ਤੇ ਸਥਾਪਿਤ ਕਰਨ ਲਈ ਭਾਰਤ ਸਰਕਾਰ ਦੀ ਪਹਿਲ ’ਤੇ 18 ਤੋਂ 20 ਅਗਸਤ ਤਕ ਮਾਰੀਸ਼ਸ ਦੀ ਰਾਜਧਾਨੀ ਪੋਰਟ ਲੁਈ ’ਚ ਹੋਏ ‘ਹਿੰਦੀ, ਵਿਸ਼ਵ ਅਤੇ ਭਾਰਤੀ ਸੰਸਕ੍ਰਿਤੀ’ ਦੇ ਮੂਲ ਬਿੰਦੂ ’ਤੇ ਕੇਂਦ੍ਰਿਤ 11ਵੇਂ ਵਿਸ਼ਵ ਸੰਮੇਲਨ ਨੂੰ ਕਈ ਕਾਰਨਾਂ ਕਰਕੇ ਯਾਦ ਕੀਤਾ ਜਾਵੇਗਾ। ਉਸ ਸੰਮੇਲਨ ਦੇ ਵੱਖ-ਵੱਖ ਸੈਸ਼ਨਾਂ ’ਚ ਹਿੰਦੀ ਨੂੰ  ਪ੍ਰੰਪਰਾ ਅਤੇ ਭੂਗੋਲ ਦੇ ਦਰਪਣ ਨਾਲ ਦੇਖਿਆ ਗਿਆ ਤੇ ਉਸ ਦੀ ਧੁਰੀ ਪਛਾਣਨ ਦੇ ਯਤਨ ਹੋਏ।  
ਪਿਛਲੇ ਸਾਲ ਸੰਯੁਕਤ ਰਾਸ਼ਟਰ ਮਹਾਸਭਾ ’ਚ ਮੋਦੀ ਦਾ ਹਿੰਦੀ ’ਚ ਦਿੱਤਾ ਗਿਆ ਭਾਸ਼ਣ ਪੂਰੀ ਦੁਨੀਆ ’ਚ ਹਿੰਦੀ ਦਾ ਮਾਣ ਵਧਾ ਗਿਆ। ਪਿਛਲੇ 50 ਸਾਲਾਂ ’ਚ ਜਿੰਨੀ ਤਰੱਕੀ ਹਿੰਦੀ ਨੇ ਕੀਤੀ ਹੈ, ਓਨੀ ਦੁਨੀਆ ’ਚ ਹੋਰ ਕਿਸੇ ਭਾਸ਼ਾ ਨੇ ਨਹੀਂ ਕੀਤੀ। ਅੱਜ ਹਿੰਦੀ ਭਾਸ਼ਾ ’ਚ ਵਿਗਿਆਨ, ਆਯੁਰਵਿਗਿਆਨ, ਇੰਜੀਨੀਅਰਿੰਗ ਆਦਿ ਵਿਸ਼ਿਅਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਡਿਕਸ਼ਨਰੀਅਾਂ ਤਕ ਹਿੰਦੀ ’ਚ ਤਿਆਰ ਹੋ ਰਹੀਅਾਂ ਹਨ। 
ਭਾਸ਼ਾ ਵਿਗਿਆਨੀਅਾਂ ਦਾ ਮੰਨਣਾ ਹੈ ਕਿ ਸਭ ਤੋਂ ਸਰਲ ਅਤੇ ਸਹਿਜ ਭਾਸ਼ਾ ਹੋਣ ਦੇ ਨਾਲ-ਨਾਲ ਹਿੰਦੀ ਸ਼ਾਇਦ ਅੱਜ ਦੁਨੀਆ ਦੀ ਸਭ ਤੋਂ ਵਿਗਿਆਨਕ ਭਾਸ਼ਾ ਹੈ, ਜਿਸ ਨੂੰ ਬੋਲਣ ਤੇ ਚਾਹੁਣ ਵਾਲੇ ਲੋਕ ਦੁਨੀਆ ਭਰ ’ਚ ਵੱਡੀ ਗਿਣਤੀ ’ਚ ਮੌਜੂਦ ਹਨ। ਹਿੰਦੀ ਅਤੇ ਇਸ ਦੀਅਾਂ ਬੋਲੀਅਾਂ ਉੱਤਰੀ ਅਤੇ ਮੱਧ ਭਾਰਤ ਦੇ ਵੱਖ-ਵੱਖ ਸੂਬਿਅਾਂ ’ਚ ਤਾਂ ਬੋਲੀਅਾਂ ਹੀ ਜਾਂਦੀਅਾਂ ਹਨ, ਨਾਲ ਹੀ ਫਿਜੀ, ਮਾਰੀਸ਼ਸ, ਗੁਆਨਾ, ਸੂਰੀਨਾਮ ਤੇ ਨੇਪਾਲ ਦੇ ਲੋਕ ਵੀ ਹਿੰਦੀ ਬੋਲਦੇ ਹਨ। 
ਭਾਰਤ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਹਿੰਦੀ ਦੇ ਪ੍ਰਚਲਨ ਨੂੰ ਉਤਸ਼ਾਹਿਤ ਕਰਨ ਲਈ ਢੁੱਕਵਾਂ ਮਾਹੌਲ ਤਿਆਰ ਕੀਤਾ ਜਾ ਸਕੇ। ਇਸ ਦੇ ਤਹਿਤ ਰਾਜ ਭਾਸ਼ਾ ਹਿੰਦੀ ਦੇ ਵਿਕਾਸ ਲਈ ਖਾਸ ਤੌਰ ’ਤੇ ਰਾਜ ਭਾਸ਼ਾ ਵਿਭਾਗ ਦਾ ਗਠਨ ਕੀਤਾ ਗਿਆ ਹੈ। ਇਹ ਵਿਭਾਗ ਇਸ ਕੋਸ਼ਿਸ਼ ’ਚ ਹੈ ਕਿ ਕੇਂਦਰ ਸਰਕਾਰ ਦੇ ਦਫਤਰਾਂ ’ਚ ਵੱਧ ਤੋਂ ਵੱਧ ਕੰਮ ਹਿੰਦੀ ’ਚ ਹੋਵੇ। ਦੇਵਨਾਗਰੀ ਲਿੱਪੀ ਕਾਰਨ ਹਿੰਦੀ ਨੂੰ ਇੰਟਰਨੈੱਟ, ਸੂਚਨਾ ਤਕਨਾਲੋਜੀ ਅਤੇ ਜਨ-ਸੰਚਾਰ ਦੇ ਖੇਤਰਾਂ ’ਚ ਪਿਛਲੇ ਕੁਝ ਸਾਲਾਂ ਅੰਦਰ ਕਾਫੀ ਹਰਮਨਪਿਆਰਤਾ ਮਿਲੀ ਹੈ। 
ਇਹ ਜਾਣਨਾ ਦਿਲਚਸਪ ਹੋਵੇਗਾ ਕਿ ਲੋਕਾਂ ਨੂੰ ਹਿੰਦੀ ਸਿਖਾਉਣ ਦੇ ਮਕਸਦ ਨਾਲ ਪਿਛਲੇ ਸਾਲ ‘ਹਿੰਦੀ ਦਿਵਸ’ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜ ਭਾਸ਼ਾ ਵਿਭਾਗ ਵਲੋਂ ਸੀ-ਡੈਕ  ਦੇ  ਸਹਿਯੋਗ  ਨਾਲ  ਤਿਆਰ  ਕੀਤੇ ਗਏ ‘ਲਰਨਿੰਗ ਇੰਡੀਅਨ ਲੈਂਗੁਏਜ ਵਿਦ ਆਰਟੀਫੀਸ਼ੀਅਲ ਇੰਟੈਲੀਜੈਂਸ’  ਦੀ ਮੋਬਾਇਲ ਐਪ ਨੂੰ ਲਾਂਚ ਕੀਤਾ ਸੀ ਤੇ ਇਸ ਮੌਕੇ ਰਾਸ਼ਟਰਪਤੀ ਨੇ ਦੇਸ਼ ਭਰ ਦੇ ਵੱਖ-ਵੱਖ ਮੰਤਰਾਲਿਅਾਂ, ਮਹਿਕਮਿਅਾਂ ਅਤੇ ਦਫਤਰਾਂ ਦੇ ਮੁਖੀਅਾਂ ਨੂੰ ਰਾਜ ਭਾਸ਼ਾ ਲਾਗੂ ਕਰਨ ਦੇ ਬਿਹਤਰੀਨ ਕੰਮ ਲਈ ਸਨਮਾਨਿਤ ਕਰਦਿਅਾਂ ਹਿੰਦੀ ਨੂੰ ਸੰਵਾਦ ਅਤੇ ਮੌਲਿਕ ਸੋਚ ਵਾਲੀ ਭਾਸ਼ਾ ਕਿਹਾ ਸੀ। 
ਹਿੰਦੀ ਨਾ ਸਿਰਫ ਸਾਡੇ ਰਵਾਇਤੀ ਗਿਆਨ, ਪ੍ਰਾਚੀਨ ਸੱਭਿਅਤਾ ਅਤੇ ਆਧੁਨਿਕ ਤਰੱਕੀ ਦਰਮਿਆਨ ਇਕ ਮਜ਼ਬੂਤ ਪੁਲ ਹੈ, ਸਗੋਂ ਭਾਰਤ ਸੰਘ ਦੀ ਰਾਜ ਭਾਸ਼ਾ ਹੋਣ ਦੇ ਨਾਲ-ਨਾਲ ਇਹ 11 ਸੂਬਿਅਾਂ ਤੇ 3 ਸੰਘ ਸ਼ਾਸਿਤ ਖੇਤਰਾਂ ਦੀ ਵੀ ਪ੍ਰਮੁੱਖ ਰਾਜ ਭਾਸ਼ਾ ਹੈ। ਅੱਜ ਦੇ ਤਕਨੀਕੀ ਯੁੱਗ ’ਚ ਜੇਕਰ ਵਿਗਿਆਨ ਤੇ ਇੰਜੀਨੀਅਰਿੰਗ ਦੇ ਖੇਤਰ ’ਚ ਵੀ ਹਿੰਦੀ ਨੂੰ ਉਚਿਤ ਮਾਨਤਾ ਮਿਲ ਸਕੇ ਤਾਂ ਦੇਸ਼ ਦੀ ਤਰੱਕੀ ’ਚ ਦਿਹਾਤੀ ਨੌਜਵਾਨ ਵੀ ਵੱਡੀ ਗਿਣਤੀ ’ਚ ਆਪਣਾ ਯੋਗਦਾਨ ਪਾ ਸਕਣਗੇ। 
ਇਨ੍ਹਾਂ ਪਹਿਲੂਅਾਂ ’ਤੇ ਵਿਚਾਰ ਕਰਦਿਅਾਂ ਰਾਜ ਭਾਸ਼ਾ ਮਹਿਕਮੇ ਨੇ ਸਰਲ ਹਿੰਦੀ ਸ਼ਬਦਾਵਲੀ ਤਿਆਰ ਕੀਤੀ ਹੈ ਤਾਂ ਕਿ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ’ਚ ਤਕਨੀਕੀ ਗਿਆਨ ਨਾਲ ਸਬੰਧਿਤ ਸਾਹਿਤ ਦਾ ਸਰਲ ਅਨੁਵਾਦ ਕੀਤਾ ਜਾ ਸਕੇ। ਇਹੋ ਨਹੀਂ, ਰਾਜ ਭਾਸ਼ਾ ਮਹਿਕਮੇ ਵਲੋਂ ਕੌਮੀ ਗਿਆਨ-ਵਿਗਿਆਨ ਮੌਲਿਕ ਪੁਸਤਕ ਲੇਖਨ ਯੋਜਨਾ ਦੇ ਜ਼ਰੀਏ ਹਿੰਦੀ ’ਚ ਗਿਆਨ, ਵਿਗਿਆਨ ਦੀਅਾਂ ਕਿਤਾਬਾਂ ਲਿਖਣ ਨੂੰ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਨਾਲ ਵਿਦਿਆਰਥੀਅਾਂ ਲਈ ਗਿਆਨ-ਵਿਗਿਆਨ ਸਬੰਧੀ ਕਿਤਾਬਾਂ ਹਿੰਦੀ ’ਚ ਮੁਹੱਈਆ ਹੋਣਗੀਅਾਂ।
ਹਿੰਦੀ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਨੇ ‘ਰਾਜ ਭਾਸ਼ਾ ਕੀਰਤੀ ਪੁਰਸਕਾਰ’  ਅਤੇ ‘ਰਾਜ ਭਾਸ਼ਾ ਗੌਰਵ ਪੁਰਸਕਾਰ’ ਵਰਗੇ ਕਈ ਐਵਾਰਡ ਸ਼ੁਰੂ ਕੀਤੇ ਹੋਏ ਹਨ। ਆਧੁਨਿਕ ਗਿਆਨ-ਵਿਗਿਆਨ ਦੇ ਖੇਤਰ ’ਚ ਹਿੰਦੀ ’ਚ ਕਿਤਾਬਾਂ ਲਿਖਣ ਨੂੰ ਉਤਸ਼ਾਹਿਤ ਕਰਨ ਲਈ ਵੀ ਸਰਕਾਰ ਐਵਾਰਡ ਦਿੰਦੀ ਹੈ। ਭਾਰਤ ਸਰਕਾਰ ਦੇ ਰਾਜ ਭਾਸ਼ਾ ਮਹਿਕਮੇ ਵਲੋਂ ਚੁੱਕੇ ਗਏ ਕਦਮਾਂ ਦੇ ਸਿੱਟੇ ਵਜੋਂ ਕੰਪਿਊਟਰ ’ਤੇ ਹਿੰਦੀ ’ਚ ਕੰਮ ਕਰਨਾ ਪਿਛਲੇ ਕੁਝ ਸਾਲਾਂ ਤੋਂ ਬਹੁਤ ਸੌਖਾ ਹੋ ਗਿਆ ਹੈ। 
ਰਾਜ ਭਾਸ਼ਾ ਮਹਿਕਮੇ ਵਲੋਂ ਵੈੱਬ ਆਧਾਰਿਤ ਸੂਚਨਾ ਪ੍ਰਬੰਧ ਪ੍ਰਣਾਲੀ ਵੀ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਸਰਕਾਰ ਦੇ ਵੱਖ-ਵੱਖ ਮੰਤਰਾਲਿਅਾਂ ਤੇ ਮਹਿਕਮਿਅਾਂ ਵਲੋਂ ਚਲਾਈਅਾਂ ਜਾਂਦੀਅਾਂ ਲੋਕ ਭਲਾਈ ਲਈ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਆਮ ਲੋਕਾਂ ਨੂੰ ਹਿੰਦੀ ’ਚ ਮਿਲਣ ਨਾਲ ਗਰੀਬ, ਪੱਛੜੇ ਅਤੇ ਕਮਜ਼ੋਰ ਵਰਗ ਦੇ ਲੋਕ ਵੀ ਲਾਭ ਉਠਾਉਂਦੇ ਹੋਏ ਦੇਸ਼ ਦੀ ਮੁੱਖ ਧਾਰਾ ਨਾਲ ਜੁੜ ਰਹੇ ਹਨ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਵਲੋਂ ਵਿਸ਼ਵ ਹਿੰਦੀ ਸੰਮੇਲਨ ਤੇ ਹੋਰ ਕੌਮਾਂਤਰੀ ਸੰਮੇਲਨਾਂ ਦੇ ਜ਼ਰੀਏ ਹਿੰਦੀ ਨੂੰ ਕੌਮਾਂਤਰੀ ਪੱਧਰ ’ਤੇ ਹਰਮਨਪਿਆਰੀ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। 
ਯਾਦ ਰਹੇ ਕਿ ‘ਯੂਨੈਸਕੋ’ ਦੀਅਾਂ 7 ਭਾਸ਼ਾਵਾਂ ’ਚ ਹਿੰਦੀ ਨੂੰ ਵੀ ਮਾਨਤਾ ਪ੍ਰਾਪਤ ਹੈ ਤੇ ਉਮੀਦ ਹੈ ਕਿ ਹਿੰਦੀ ਨੂੰ ਛੇਤੀ ਹੀ ਸੰਯੁਕਤ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਦਾ ਦਰਜਾ ਵੀ ਮਿਲ ਜਾਵੇਗਾ। ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਹਿੰਦੀ ਦੀ ਮਹੱਤਤਾ ਨੂੰ ਬਹੁਤ ਭਾਵੁਕ ਰੂਪ ’ਚ ਪੇਸ਼ ਕਰਦਿਅਾਂ ਕਿਹਾ ਸੀ, ‘‘ਭਾਰਤੀ ਭਾਸ਼ਾਵਾਂ ਨਦੀਅਾਂ ਹਨ, ਜਦਕਿ ਹਿੰਦੀ ਮਹਾਨਦੀ ਹੈ।’’ ਹਿੰਦੀ ਨੂੰ ਦੇਸ਼ ਦੀ ਏਕਤਾ ਦੀ ਕੜੀ ਬਣਾਉਣ ’ਚ ਮੀਡੀਆ, ਟੀ. ਵੀ. ਅਤੇ ਸਿਨੇਮਾ ਦੀ ਭੂਮਿਕਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਜੇ ਇਹ ਕਹੀਏ ਕਿ ਇਨ੍ਹਾਂ ਮਾਧਿਅਮਾਂ ਨੇ ਹਿੰਦੀ ਨੂੰ ਵਿਸ਼ਵ-ਭਾਸ਼ਾ ਬਣਾ ਦਿੱਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਟੀ. ਵੀ. ਲੜੀਵਾਰਾਂ, ਫਿਲਮਾਂ ਤੇ ਸੰਗੀਤ ਨੇ ਹਿੰਦੀ ਭਾਸ਼ਾ ਨੂੰ ਮਹੱਲਾਂ ਤੋਂ ਲੈ ਕੇ ਝੌਂਪੜੀਅਾਂ ਤਕ ਹਰ ਜਗ੍ਹਾ ਪਹੁੰਚਾ ਦਿੱਤਾ ਹੈ। 
ਇਹ ਭਾਸ਼ਾ ਵੱਖ-ਵੱਖ ਭਾਸ਼ਾਵਾਂ ਦੇ ਉਪਯੋਗੀ ਅਤੇ ਪ੍ਰਚੱਲਿਤ ਸ਼ਬਦਾਂ ਨੂੰ ਅਪਣਾ ਕੇ ਸਹੀ ਅਰਥਾਂ ’ਚ ਭਾਰਤ ਦੀ ‘ਸੰਪਰਕ ਭਾਸ਼ਾ’ ਹੋਣ ਦੀ ਭੂਮਿਕਾ ਨਿਭਾਅ ਰਹੀ ਹੈ। ਮਨੋਰੰਜਨ ਦੀ ਦੁਨੀਆ ’ਚ ਹਿੰਦੀ ਅੱਜ ਸਭ ਤੋਂ ਅੱਗੇ ਹੈ। ਕਈ ਮਨੋਰੰਜਕ ਚੈਨਲਾਂ ਸਮੇਤ ਦਰਜਨਾਂ ਸਮਾਚਾਰ ਚੈਨਲ ਹਿੰਦੀ ਭਾਸ਼ਾ ’ਚ ਪ੍ਰਸਾਰਿਤ ਹੋਣ ਲੱਗੇ ਹਨ। 
ਮਾਈਕ੍ਰੋਸਾਫਟ ਦੇ ਬਾਨੀ ਬਿਲ ਗੇਟਸ ਦਾ ਇਹ ਕਹਿਣਾ ਵਾਕਈ ਮਾਇਨੇ ਰੱਖਦਾ ਹੈ ਕਿ ਜਦੋਂ ਬੋਲ ਕੇ ਲਿਖਣ ਦੀ ਤਕਨੀਕ ਉੱਨਤ ਹੋ ਜਾਵੇਗੀ ਤਾਂ ਹਿੰਦੀ ਆਪਣੀ ਲਿੱਪੀ ਦੀ ਸ੍ਰੇਸ਼ਠਤਾ ਕਾਰਨ ਸਭ ਤੋਂ ਵੱਧ ਸਫਲ ਹੋਵੇਗੀ। ਹੁਣ ਕਈ ਸਾਫਟਵੇਅਰ ਤੇ ਹਾਰਡਵੇਅਰ ਹਿੰਦੀ ਯੂਨੀਕੋਡ ਦੀ ਸਹੂਲਤ ਨਾਲ ਆ ਰਹੇ ਹਨ। ਜਿੱਥੋਂ ਤਕ ਤਕਨੀਕ ’ਚ ਹਿੰਦੀ ਦੀ ਵਰਤੋਂ ਦੀ ਗੱਲ ਹੈ, ਤਾਂ ਜਿਵੇਂ-ਜਿਵੇਂ ਤਕਨੀਕ ਵਿਕਸਿਤ ਹੁੰਦੀ ਜਾਵੇਗੀ, ਦੇਵਨਾਗਰੀ ਲਿੱਪੀ ਦੀ ਵਰਤੋਂ ਦੀ ਸਪੱਸ਼ਟ ਵਿਧੀ ਵੀ ਲੱਭ ਲਈ ਜਾਵੇਗੀ। 
ਦੁਨੀਆ ਦੇ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤਾਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਈ ਵਾਰ ਹਿੰਦੀ ਸਿੱਖਣ ਦੀ ਸਲਾਹ ਦੇ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਲੱਗਦਾ ਸੀ ਕਿ ਭਾਰਤ ਇਕ ਉੱਭਰਦੀ ਹੋਈ ਵਿਸ਼ਵ ਸ਼ਕਤੀ ਹੈ ਤੇ ਭਵਿੱਖ ’ਚ ਹਿੰਦੀ ਸਿੱਖਣਾ ਲਾਜ਼ਮੀ ਹੋਵੇਗਾ। 
14 ਸਤੰਬਰ 1949 ਦਾ ਦਿਨ ਆਜ਼ਾਦ ਭਾਰਤ ਦੇ ਇਤਿਹਾਸ ’ਚ ਬਹੁਤ ਅਹਿਮ ਹੈ। ਇਸੇ ਦਿਨ ਸੰਵਿਧਾਨ ਸਭਾ ਨੇ ਹਿੰਦੀ ਨੂੰ ਭਾਰਤ ਸੰਘ ਦੀ ਰਾਜ ਭਾਸ਼ਾ ਵਜੋਂ ਸਵੀਕਾਰ ਕੀਤਾ ਸੀ। ਇਸ ਫੈਸਲੇ ਨੂੰ ਮਹੱਤਤਾ ਦੇਣ ਅਤੇ ਹਿੰਦੀ ਦੀ ਵਰਤੋਂ ਨੂੰ ਪ੍ਰਚੱਲਿਤ ਕਰਨ  ਲਈ 1953 ਤੋਂ ਬਾਅਦ ਹਰ ਸਾਲ 14 ਸਤੰਬਰ ਨੂੰ ‘ਹਿੰਦੀ ਦਿਵਸ’ ਮਨਾਇਆ ਜਾਂਦਾ ਹੈ। ਦੇਸ਼ ਦੇ ਮੰਨੇ-ਪ੍ਰਮੰਨੇ ਭਾਸ਼ਾ ਵਿਗਿਆਨੀ ਤੇ ਹਿੰਦੀ ਦੇ ਵਿਦਵਾਨ ਡਾ. ਜੈਅੰਤੀ ਪ੍ਰਸਾਦ ਨੌਟਿਆਲ ਦੀ ਮੰਨੀਏ ਤਾਂ 90 ਦੇ ਦਹਾਕੇ ਤੋਂ ਬਾਅਦ ਜਦੋਂ ਭਾਰਤ ’ਚ ਉਦਾਰੀਕਰਨ ਦਾ ਦੌਰ ਚੱਲਿਆ ਤਾਂ ਉਦੋਂ ਕਈ ਬੁੱਧੀਜੀਵੀਅਾਂ ਦੀ ਰਾਏ ਸੀ ਕਿ ‘ਗਲੋਬਲਾਈਜ਼ੇਸ਼ਨ’ ਨਾਲ ਭਾਰਤ ਦਾ ਆਰਥਿਕ ਤੇ ਸੱਭਿਆਚਾਰਕ ਦ੍ਰਿਸ਼ ਪੂਰੀ ਤਰ੍ਹਾਂ ਬਦਲ ਜਾਵੇਗਾ, ਵਿਦੇਸ਼ੀ  ਪੂੰਜੀਵਾਦ ਕਾਰਨ ਵਿਦੇਸ਼ੀ ਸੱਭਿਅਤਾ ਹਾਵੀ ਹੋਣ ਨਾਲ ਸਾਡਾ ਸੱਭਿਆਚਾਰਕ ਤਾਣਾ-ਬਾਣਾ ਉਲਝ ਜਾਵੇਗਾ ਅਤੇ ਅੰਗਰੇਜ਼ੀ ਦਾ ਪ੍ਰਭਾਵ ਵਧਣ ਨਾਲ ਸਾਡੀਅਾਂ ਭਾਰਤੀ ਭਾਸ਼ਾਵਾਂ ਖਤਰੇ ’ਚ ਪੈ ਜਾਣਗੀਅਾਂ, ਖਾਸ ਕਰਕੇ ਹਿੰਦੀ। 
ਅਜਿਹੀ ਹੀ ਚਿੰਤਾ 1980 ਦੇ ਦਹਾਕੇ ’ਚ ਉਦੋਂ ਪ੍ਰਗਟਾਈ ਗਈ ਸੀ, ਜਦੋਂ ਭਾਰਤ ’ਚ ਕੰਪਿਊਟਰ ਯੁੱਗ ਦੀ ਸ਼ੁਰੂਆਤ ਹੋਈ। ਉਸ ਦੌਰ ’ਚ ਅੰਗਰੇਜ਼ੀ ਮਾਨਸਿਕਤਾ ਵਾਲੇ ਕੁਝ ਲੋਕ ਭਾਰਤੀ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਸਨ ਕਿ ਹੁਣ ਅੰਗਰੇਜ਼ੀ ਜਾਣੇ ਬਿਨਾਂ ਭਾਰਤੀਅਾਂ ਦਾ ਕੋਈ ਭਵਿੱਖ ਨਹੀਂ ਹੈ ਪਰ ਖੁਸ਼ੀ ਤੇ ਮਾਣ ਵਾਲੀ ਗੱਲ ਇਹ ਰਹੀ ਕਿ ਅਜਿਹਾ ਕੁਝ ਨਹੀਂ ਹੋਇਆ। 
ਦਿਲਚਸਪ ਤੱਥ ਇਹ ਵੀ ਹੈ ਕਿ ਜਿਸ ਹਿੰਦੀ ਨੂੰ ਕੁਝ ਸਮਾਂ ਪਹਿਲਾਂ ਤਕ ਤਕਨੀਕ ਤੇ ਰੋਜ਼ਗਾਰ ਦੀ ਭਾਸ਼ਾ ਮੰਨਣ ’ਚ ਝਿਜਕ ਹੋ ਰਹੀ ਸੀ, ਉਸ ’ਤੇ ਸਫਲਤਾਪੂਰਵਕ ਪਾਰ ਪਾ ਕੇ ਇਹ ਭਾਸ਼ਾ ਆਪਣੇ ਕਦਮ ਅੱਗੇ ਵਧਾਉਂਦੀ ਜਾ ਰਹੀ ਹੈ। ਸਾਰੀਅਾਂ ਬਹੁਕੌਮੀ ਕੰਪਨੀਅਾਂ ਆਪਣਾ ਕਾਰੋਬਾਰ ਵਧਾਉਣ ਲਈ ਅੱਜ ਹਿੰਦੀ ਨੂੰ ਅਪਣਾ ਰਹੀਅਾਂ ਹਨ। ਇਸ ਨਾਲ ਅੰਗਰੇਜ਼ੀਅਤ ਦਾ ਹਊਆ ਵੀ ਦਿਨ-ਬ-ਦਿਨ ਘਟਦਾ ਜਾ ਰਿਹਾ ਹੈ। ਕਾਰੋਬਾਰ ਦੇ ਨਜ਼ਰੀਏ ਤੋਂ ਦੇਖੀਏ ਤਾਂ ਬਾਜ਼ਾਰ ਵਿਕਣ ਵਾਲੀ ਹਰੇਕ ਚੀਜ਼ ਦੀ ਤਾਕਤ ਨੂੰ ਦੇਖਦਾ ਹੈ ਤੇ ਉਹ ਤਾਕਤ ਹਿੰਦੀ ਭਾਸ਼ਾ ’ਚ ਹੈ। ਇਹੋ ਵਜ੍ਹਾ ਹੈ ਕਿ ਅੱਜ ਸਭ ਤੋਂ ਵੱਧ ਇਸ਼ਤਿਹਾਰ ਹਿੰਦੀ ’ਚ ਆਉਂਦੇ ਹਨ। 
ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਵੀ ਹਿੰਦੀ ਦਾ ਪ੍ਰਭਾਵ ਵਧ ਰਿਹਾ ਹੈ। ਦੇਸ਼ ਦੇ ਆਮ ਆਦਮੀ ਦੀ ਭਾਸ਼ਾ ਵਜੋਂ ਹਿੰਦੀ ਦੇਸ਼ ਦੀ ਏਕਤਾ ਦਾ ਇਕ ਮਜ਼ਬੂਤ ਸੂਤਰ (ਡੋਰ) ਹੈ। ਸਾਡੇ ਇਥੇ ਅਵਧੀ, ਬ੍ਰਜ, ਭੋਜਪੁਰੀ, ਅੰਗਿਕਾ, ਬਜਿਕਾ, ਮੈਥਿਲੀ, ਬੁੰਦੇਲਖੰਡੀ, ਮਾਲਵੀ, ਮਲਿਆਲਮ, ਕੰਨੜ, ਉੜੀਆ, ਹਰਿਆਣਵੀ, ਕੌਰਵੀ ਤੇ ਰਾਜਸਥਾਨੀ ਸਮੇਤ 1600 ਤੋਂ  ਜ਼ਿਆਦਾ ਬੋਲੀਅਾਂ ਤੇ ਭਾਸ਼ਾਵਾਂ ਹਨ। ਇਨ੍ਹਾਂ ਸਭ ਦਰਮਿਆਨ ਹਿੰਦੀ ਭਾਰਤ ਵਾਸੀਅਾਂ ਵਿਚਾਲੇ ਇਕ ਪੁਲ ਦਾ ਕੰਮ ਕਰਦੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਭਾਸ਼ਾ ਨੂੰ ਜਿਸ ਤਰ੍ਹਾਂ ਬੋਲਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਲਿਖਿਆ ਵੀ ਜਾਂਦਾ ਹੈ, ਭਾਵ ਹਿੰਦੀ ਭਾਸ਼ਾ ਆਵਾਜ਼ ਅਤੇ ਉਚਾਰਣ ’ਤੇ ਆਧਾਰਿਤ ਭਾਸ਼ਾ ਹੈ। ਇਹ ਖੂਬੀ ਦੁਨੀਆ ਦੀ ਹੋਰ ਕਿਸੇ ਵੀ ਭਾਸ਼ਾ ’ਚ ਨਹੀਂ ਹੈ। 
ਇਕ ਭਾਸ਼ਾ ਦੇ ਰੂਪ ’ਚ ਹਿੰਦੀ ਨਾ ਸਿਰਫ ਭਾਰਤ ਦੀ ਪਛਾਣ ਹੈ, ਸਗੋਂ ਇਹ ਸਾਡੇ ਜੀਵਨ ਦੀਅਾਂ ਕਦਰਾਂ-ਕੀਮਤਾਂ, ਸੱਭਿਅਤਾ ਤੇ ਸੰਸਕਾਰਾਂ ਦੀ ਵਾਹਕ ਤੇ ਪ੍ਰਤੀਕ ਵੀ ਹੈ। ਸਾਡਾ ਸਵੈਮਾਣ ਤੇ ਵੱਕਾਰ ਵੀ ਹਿੰਦੀ ਨਾਲ ਬਹੁਤ ਡੂੰਘਾਈ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਸਾਰੀਅਾਂ ਖੂਬੀਅਾਂ ਦੇ ਬਾਵਜੂਦ ਹਿੰਦੀ ਨੂੰ ਅਜੇ ਤਕ ਭਾਰਤ ਦੀ ‘ਰਾਸ਼ਟਰ ਭਾਸ਼ਾ’ ਦਾ ਦਰਜਾ ਨਾ ਮਿਲ ਸਕਣਾ ਵਾਕਈ ਪੀੜਾਦਾਇਕ ਹੈ। ਇਕ ‘ਰਾਸ਼ਟਰ ਗੀਤ’ ਤੇ ਇਕ ‘ਕੌਮੀ ਝੰਡੇ’ ਵਾਂਗ ਹੀ ਹਿੰਦੀ ਨੂੰ ਇਕ ‘ਰਾਸ਼ਟਰ ਭਾਸ਼ਾ’ ਵਾਲਾ ਸਨਮਾਨ ਮਿਲਣਾ ਹੀ ਚਾਹੀਦਾ ਹੈ।