ਸੱਤਾ ਦੇ ਨਸ਼ੇ ਵਿਚ ਹਾਕਮ ਆਪਣੇ ਆਪ ਨੂੰ ''ਰੱਬ'' ਸਮਝਣ ਲੱਗ ਪੈਂਦੇ ਹਨ

06/24/2017 1:17:03 AM

ਕੱਲ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ 'ਚ ਦੁਖਦਾਈ ਘਟਨਾ ਵਾਪਰੀ, ਇਹ ਅੱਜ ਤਕ  ਦੀ ਸਦਨ ਵਿਚ ਹੋਈ ਸਭ ਤੋਂ ਅਣਸੁਖਾਵੀਂ ਘਟਨਾ ਹੈ। ਸੰਨ 1952, 1957, 1962 ਵਿਚ ਜੋ ਵਿਧਾਇਕ ਚੁਣੇ ਗਏ, ਉਨ੍ਹਾਂ 'ਚ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਅਤੇ ਉੱਚੇ ਚਰਿੱਤਰ ਵਾਲੇ ਲੋਕ ਸਨ ਅਤੇ ਉਹ ਅਨੁਸ਼ਾਸਨ ਪਸੰਦ ਸਨ। ਉਨ੍ਹਾਂ 'ਚ ਵਿਰੋਧੀਆਂ ਦੀ ਗੱਲ ਬਰਦਾਸ਼ਤ ਕਰਨ ਦਾ ਬਹੁਤ ਵੱਡਾ ਮਾਦਾ ਸੀ। ਸੱਤਾਧਾਰੀ ਪੱਖ, ਵਿਰੋਧੀ ਪਾਰਟੀਆਂ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਇਹ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਸਦਨ ਨੂੰ ਸੁਚੱਜੇ ਢੰਗ ਨਾਲ ਚੱਲਣ ਦੇਣ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ 2014 ਵਿਚ ਜਦੋਂ ਸ਼੍ਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਪਾਰਲੀਮੈਂਟ ਦੀ ਦਹਿਲੀਜ਼ 'ਤੇ ਸਿਰ ਰੱਖ ਕੇ ਮੱਥਾ ਟੇਕਿਆ ਸੀ ਤੇ ਇਕ ਨਵੀਂ ਮਿਸਾਲ ਪੇਸ਼ ਕਰਦਿਆਂ ਲੋਕਤੰਤਰ ਦੇ ਮੰਦਿਰ ਦੀ ਆਸਥਾ ਕਾਇਮ ਰੱਖਣ ਦੀ ਸਹੁੰ ਚੁੱਕੀ ਸੀ।
ਪਰ ਅਸੀਂ ਕੀ ਕਰ ਰਹੇ ਹਾਂ, ਇਸ 'ਤੇ ਵਿਚਾਰ ਕਰਨ ਦੀ ਲੋੜ ਹੈ। ਭਾਰਤ ਨੂੰ ਦੁਨੀਆ ਵਿਚ 'ਲੋਕਤੰਤਰ ਦੀ ਮਾਂ' ਕਿਹਾ ਜਾਂਦਾ ਹੈ। ਇਹ ਦੇਸ਼ ਦੁਨੀਆ ਦੇ ਲੋਕਾਂ ਸਾਹਮਣੇ ਇਕ ਮਿਸਾਲ, ਇਤਿਹਾਸਿਕ ਸੱਭਿਅਤਾ ਅਤੇ ਤਹਿਜ਼ੀਬ ਵਾਲਾ ਦੇਸ਼ ਹੈ। 21ਵੀਂ ਸਦੀ ਦੇ ਯੁੱਗ ਵਿਚ ਭਾਰਤੀ ਲੋਕਤੰਤਰ ਦੇ ਨਾਮਜ਼ਦ ਮੈਂਬਰ ਕਿਹੋ ਜਿਹਾ ਆਚਰਣ ਦਿਖਾ ਰਹੇ ਹਨ, ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਅੱਜ ਜਦੋਂ ਆਏ ਦਿਨ ਵਿਧਾਨ ਸਭਾਵਾਂ 'ਚ ਸਪੀਕਰ ਸਾਹਮਣੇ ਖੜ੍ਹੇ ਹੋ ਕੇ ਕਾਗਜ਼ ਸੁੱਟਣ, ਮਾਈਕ ਤੋੜਨ, ਵੈੱਲ 'ਚ ਜਾਣ, ਕੁਰਸੀਆਂ, ਮੇਜ਼ ਚੁੱਕ ਕੇ ਸੁੱਟਣ, ਇਕ-ਦੂਜੇ ਵਿਰੁੱਧ ਭੱਦੇ ਸ਼ਬਦਾਂ ਦੀ ਵਰਤੋਂ ਕਰਨ ਵਰਗੀਆਂ ਗੱਲਾਂ ਹੋ ਰਹੀਆਂ ਹਨ ਤਾਂ ਪੰਜਾਬ ਵਿਧਾਨ ਸਭਾ ਦੇ ਦੋ ਨਾਮਜ਼ਦ ਮੈਂਬਰਾਂ ਨੇ ਸਪੀਕਰ ਦੇ ਵੱਕਾਰ 'ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
ਇਸ ਸੰਦਰਭ 'ਚ ਇਹ ਗੱਲ ਹੋਰ ਵੀ ਢੁੱਕਵੀਂ ਹੋ ਗਈ ਹੈ ਕਿ ਸੰਸਦ ਜਾਂ ਵਿਧਾਨ ਸਭਾਵਾਂ ਵਿਚ ਜਨਤਕ ਮੁੱਦੇ ਉਠਾਉਣ ਦੀ ਬਜਾਏ ਇਕ-ਦੂਜੇ ਦੀ ਪੱਗ ਲਾਹੁਣ ਜਾਂ ਮਹਿਲਾ ਮੈਂਬਰਾਂ ਦੇ ਦੁਪੱਟੇ ਖਿੱਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਕਈ ਵਾਰ ਇਕ ਮਿਆਰੀ ਤਕਰੀਰ ਮੀਲ ਦਾ ਪੱਥਰ ਸਿੱਧ ਹੁੰਦੀ ਹੈ ਅਤੇ ਇਤਿਹਾਸ ਬਣ ਜਾਂਦੀ ਹੈ। ਜਮਹੂਰੀਅਤ ਵਿਚ ਬਹਿਸ ਦਾ ਮਿਆਰ ਤੇ ਸ਼ਬਦਾਂ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ। ਮੈਂ ਜਦੋਂ ਪਹਿਲੀ ਵਾਰ 1992 'ਚ ਫਰੀਦਕੋਟ ਲੋਕ ਸਭਾ ਸੰਸਦੀ ਹਲਕੇ ਤੋਂ ਨਾਮਜ਼ਦ ਹੋਇਆ ਸੀ ਤਾਂ ਮੈਨੂੰ ਲੋਕ ਸਭਾ ਸਪੀਕਰ ਨੇ ਲਾਇਬ੍ਰੇਰੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ।
ਮੇਰੀ ਦਿਲਚਸਪੀ ਸੰਸਦ 'ਚ ਹੋਈਆਂ ਬਿਹਤਰੀਨ ਤਕਰੀਰਾਂ ਨੂੰ ਪੜ੍ਹਨਾ ਤੇ ਉਨ੍ਹਾਂ 'ਤੇ ਵਿਚਾਰ ਕਰਨ 'ਚ ਹੁੰਦੀ ਸੀ। 29 ਮਈ 1964 ਨੂੰ ਸ਼੍ਰੀ ਵਾਜਪਾਈ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੀ ਮੌਤ 'ਤੇ ਇਕ ਬੇਮਿਸਾਲ ਤਕਰੀਰ ਦਿੱਤੀ ਸੀ। ਅੱਜ ਦੇ ਮਾਹੌਲ 'ਚ ਭਾਰਤ ਦੇ ਨਾਮਜ਼ਦ ਮੈਂਬਰਾਂ ਲਈ ਉਹ ਤਕਰੀਰ ਇਕ ਮੀਲ ਦਾ ਪੱਥਰ ਸਿੱਧ ਹੋ ਸਕਦੀ ਹੈ। ਇਥੇ ਪੇਸ਼ ਹਨ ਸ਼੍ਰੀ ਵਾਜਪਾਈ ਵਲੋਂ ਪੰ. ਨਹਿਰੂ ਦੀ ਮੌਤ 'ਤੇ ਕੀਤੀ ਗਈ ਤਕਰੀਰ ਦੇ ਕੁਝ ਅੰਸ਼”:
''ਇਕ ਸੁਪਨਾ ਸੀ, ਜੋ ਅਧੂਰਾ ਰਹਿ ਗਿਆ। ਇਕ ਗੀਤ ਸੀ, ਜੋ ਗੂੰਗਾ ਹੋ ਗਿਆ। ਇਕ ਲੋ ਸੀ, ਜੋ ਬੁਝ ਗਈ। ਸੁਪਨਾ ਸੀ ਇਕ ਅਜਿਹੇ ਸੰਸਾਰ ਦਾ, ਜੋ ਡਰ ਅਤੇ ਭੁੱਖ ਰਹਿਤ ਹੋਵੇਗਾ। ਗੀਤ ਸੀ ਇਕ ਅਜਿਹੇ ਮਹਾਕਾਵਿ ਦਾ, ਜਿਸ ਵਿਚ ਗੀਤਾ ਦੀ ਗੂੰਜ ਤੇ ਗੁਲਾਬ ਦੀ ਖੁਸ਼ਬੂ ਸੀ। ਲੋ ਸੀ ਇਕ ਅਜਿਹੇ ਦੀਵੇ ਦੀ, ਜੋ ਰਾਤ ਭਰ ਜਗਦਾ ਰਿਹਾ, ਹਰੇਕ ਹਨੇਰੇ ਨਾਲ ਲੜਦਾ ਰਿਹਾ ਤੇ ਸਾਨੂੰ ਰਾਹ ਦਿਖਾ ਕੇ ਇਕ ਪ੍ਰਭਾਤ (ਸਵੇਰ) 'ਚ ਨਿਰਵਾਣ ਨੂੰ ਪ੍ਰਾਪਤ ਹੋ ਗਿਆ।
ਭਾਰਤ ਮਾਤਾ ਅੱਜ ਸੋਗ ਵਿਚ ਹੈ, ਉਸ ਦਾ ਸਭ ਤੋਂ ਲਾਡਲਾ ਰਾਜਕੁਮਾਰ ਚਲਾ ਗਿਆ ਹੈ। ਮਨੁੱਖਤਾ ਅੱਜ ਦੁਖੀ ਹੈ, ਉਸ ਦਾ ਪੁਜਾਰੀ ਸੌਂ ਗਿਆ ਹੈ। ਸ਼ਾਂਤੀ ਅੱਜ ਅਸ਼ਾਂਤ ਹੈ, ਉਸ ਦਾ ਰੱਖਿਅਕ ਨਹੀਂ ਰਿਹਾ। ਲੋਕਾਂ ਦੀਆਂ ਅੱਖਾਂ ਦਾ ਤਾਰਾ ਟੁੱਟ ਗਿਆ ਹੈ। ਦੁਨੀਆ ਦੇ ਰੰਗਮੰਚ ਦਾ ਪ੍ਰਮੁੱਖ ਅਭਿਨੇਤਾ ਆਪਣੀ ਆਖਰੀ ਅਦਾਕਾਰੀ ਦਿਖਾ ਕੇ 'ਅੰਤਰ-ਧਿਆਨ' ਹੋ ਗਿਆ।
ਮੈਨੂੰ ਯਾਦ ਹੈ, ਜਦੋਂ ਚੀਨ ਦੇ ਹਮਲੇ ਵਾਲੇ ਦਿਨਾਂ ਵਿਚ ਸਾਡੇ ਪੱਛਮੀ ਮਿੱਤਰ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਸੀਂ ਕਸ਼ਮੀਰ ਬਾਰੇ ਪਾਕਿਸਤਾਨ ਨਾਲ ਕੋਈ ਸਮਝੌਤਾ ਕਰ ਲਈਏ, ਉਦੋਂ ਇਕ ਦਿਨ ਮੈਂ ਉਨ੍ਹਾਂ ਨੂੰ ਬਹੁਤ ਗੁੱਸੇ 'ਚ ਦੇਖਿਆ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਸ਼ਮੀਰ ਦੇ ਸਵਾਲ 'ਤੇ ਸਮਝੌਤਾ ਨਹੀਂ ਹੋਵੇਗਾ ਅਤੇ ਸਾਨੂੰ ਦੋ ਮੋਰਚਿਆਂ 'ਤੇ ਲੜਨਾ ਪਵੇਗਾ ਤਾਂ ਉਹ ਖਿਝ ਗਏ ਅਤੇ ਬੋਲੇ, ''ਜੇ ਲੋੜ ਪਈ ਤਾਂ ਅਸੀਂ ਦੋਹਾਂ ਮੋਰਚਿਆਂ 'ਤੇ ਲੜਾਂਗੇ।''
ਪੰ. ਨਹਿਰੂ ਕਿਸੇ ਦਬਾਅ ਵਿਚ ਆ ਕੇ ਗੱਲਬਾਤ ਕਰਨ ਦੇ ਵਿਰੁੱਧ ਸਨ। ਸੰਸਦ 'ਚ ਉਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਹੋਵੇਗੀ। ਸ਼ਾਇਦ ਤੀਨ ਮੂਰਤੀ ਨੂੰ ਉਨ੍ਹਾਂ ਵਰਗੀ ਸ਼ਖ਼ਸੀਅਤ ਕਦੇ ਵੀ ਆਪਣੀ ਹੋਂਦ ਨਾਲ ਸਾਰਥਕ ਨਹੀਂ ਕਰੇਗੀ। ਉਨ੍ਹਾਂ ਵਰਗੀ ਸ਼ਖ਼ਸੀਅਤ, ਜ਼ਿੰਦਾਦਿਲੀ, ਵਿਰੋਧੀ ਨੂੰ ਵੀ ਨਾਲ ਲੈ ਕੇ ਚੱਲਣ ਦੀ ਭਾਵਨਾ, ਸੱਜਣਤਾ ਤੇ ਮਹਾਨਤਾ ਸ਼ਾਇਦ ਨੇੜਲੇ ਭਵਿੱਖ 'ਚ ਦੇਖਣ ਨੂੰ ਨਹੀਂ ਮਿਲੇਗੀ।
ਮੱਤਭੇਦ ਹੁੰਦੇ ਹੋਏ ਵੀ ਉਨ੍ਹਾਂ ਦੇ ਮਹਾਨ ਆਦਰਸ਼ਾਂ ਪ੍ਰਤੀ, ਉਨ੍ਹਾਂ ਦੀ ਪ੍ਰਮਾਣਿਕਤਾ ਪ੍ਰਤੀ, ਉਨ੍ਹਾਂ ਦੀ ਦੇਸ਼ਭਗਤੀ ਪ੍ਰਤੀ ਅਤੇ ਉਨ੍ਹਾਂ ਦੀ ਅਟੁੱਟ ਹਿੰਮਤ ਪ੍ਰਤੀ ਸਾਡੇ ਦਿਲ 'ਚ ਅਥਾਹ ਸਤਿਕਾਰ ਹੈ। ਇਨ੍ਹਾਂ ਹੀ ਸ਼ਬਦਾਂ ਨਾਲ ਮੈਂ ਉਸ ਮਹਾਨ ਆਤਮਾ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ।''
ਸ਼੍ਰੀ ਵਾਜਪਾਈ ਦੀ ਇਹ ਤਕਰੀਰ ਪੜ੍ਹਨ ਤੋਂ ਬਾਅਦ ਸਾਡੇ ਲਈ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਪੰ. ਨਹਿਰੂ ਜਾਂ ਸ਼੍ਰੀ ਵਾਜਪਾਈ 'ਚੋਂ ਵੱਡਾ ਨੀਤੀਵਾਨ ਤੇ ਸਿਆਸਤਦਾਨ ਕੌਣ ਸੀ?
7 ਦਿਨ ਚੱਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਕਿਸੇ ਵੀ ਭਾਸ਼ਣ ਨੂੰ ਮਿਆਰੀ ਤੇ ਸਰਵਉੱਤਮ ਨਹੀਂ ਕਿਹਾ ਜਾ ਸਕਦਾ। ਪੰਜਾਬ ਅਤੇ ਦੇਸ਼ ਦੇ ਲੋਕ ਸਿਆਸੀ ਨੇਤਾਵਾਂ ਦੀਆਂ ਤਕਰੀਰਾਂ ਤੇ ਉਨ੍ਹਾਂ ਦੇ ਸ਼ਬਦਾਂ ਨੂੰ ਟੀ. ਵੀ., ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਦੇ ਜ਼ਰੀਏ ਸੁਣਦੇ-ਪੜ੍ਹਦੇ ਹਨ ਤੇ ਉਨ੍ਹਾਂ ਦਾ ਬਹੁਤ ਗੰਭੀਰਤਾ ਨਾਲ ਅਧਿਐਨ ਕਰਦੇ ਹਨ।
ਇਹ ਠੀਕ ਹੈ ਕਿ ਮਸਖਰਾਪਣ ਅਤੇ ਕਾਮੇਡੀ ਭਾਸ਼ਣਾਂ ਨੂੰ ਇਕ ਨਵਾਂ ਰੂਪ ਦਿੰਦੀ ਹੈ ਪਰ ਪੰਜਾਬ ਦੇ ਪ੍ਰਮੁੱਖ ਨੇਤਾ ਜਦੋਂ ਬੋਲ ਰਹੇ ਹੁੰਦੇ ਹਨ ਤਾਂ ਇੰਝ ਲੱਗਦਾ ਹੈ ਜਿਵੇਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ।
ਮਿਆਰੀ ਭਾਸ਼ਣ 'ਤੇ ਤਾੜੀਆਂ ਆਪਣੇ-ਆਪ ਗੂੰਜਦੀਆਂ ਹਨ। ਬਜਟ ਦੌਰਾਨ ਵੀ ਜੇ ਅਸੀਂ ਉਰਦੂ ਲਫਜ਼ਾਂ ਅਤੇ ਫ਼ਿਲਾਸਫੀ ਭਰੀ ਸ਼ਾਇਰੀ ਦਾ ਹੀ ਜ਼ਿਕਰ ਕਰਦੇ ਰਹੀਏ ਤਾਂ ਇਹ 'ਹਵਾਈ ਫਾਇਰ' ਸਿੱਧ ਹੁੰਦੀ ਹੈ। ਕਦੇ-ਕਦੇ ਹੰਕਾਰ ਤੇ ਸੱਤਾ ਦੇ ਨਸ਼ੇ ਵਿਚ ਹਾਕਮ ਆਪਣੇ ਆਪ ਨੂੰ 'ਰੱਬ' ਸਮਝਣ ਲੱਗ ਪੈਂਦੇ ਹਨ। 25 ਸਾਲ ਰਾਜ ਕਰਨ ਦੀ ਫੜ੍ਹ ਵੀ ਇਸੇ ਸੰਦਰਭ ਵਿਚ ਮਾਰੀ ਗਈ ਸੀ, ਜਿਸ ਤੋਂ ਮੈਨੂੰ ਪਾਕਿਸਤਾਨ ਦੇ ਇਨਕਲਾਬੀ ਪੰਜਾਬੀ ਸ਼ਾਇਰ ਹਬੀਬ ਦੀਆਂ ਇਹ ਸਤਰਾਂ ਬਹੁਤ ਯਾਦ ਆਉਂਦੀਆਂ ਹਨ:
ਵੋ ਸ਼ਖ਼ਸ ਜੋ ਤੁਮਸੇ ਪਹਿਲੇ ਜਹਾਂ ਪਰ ਤਖਤਨਸ਼ੀਂ ਥਾ
ਉਸ ਕੋ ਭੀ ਅਪਨੇ ਖ਼ੁਦਾ ਹੋਨੇ ਪਰ ਇਤਨਾ ਹੀ ਯਕੀਂ ਥਾ।
ਦੇਸ਼ ਦੇ ਮਹਾਨ ਚਿੰਤਕ ਸਵਾਮੀ ਦਇਆਨੰਦ ਸਰਸਵਤੀ ਨੇ ਵੀ ਕਿਹਾ ਹੈ: ''ਕੱਲ ਮੈਂ ਚਤੁਰ ਸੀ ਤੇ ਦੁਨੀਆ ਨੂੰ ਸੁਧਾਰਨਾ ਚਾਹੁੰਦਾ ਸੀ। ਅੱਜ ਮੈਂ ਸਮਝਦਾਰ ਹੋ ਗਿਆ ਹਾਂ ਤੇ ਖ਼ੁਦ ਨੂੰ ਸੁਧਾਰਨਾ ਚਾਹੁੰਦਾ ਹਾਂ। ਮੈਂ ਖ਼ੁਦ ਨੂੰ ਸੁਧਾਰ ਲਵਾਂ, ਇਹੀ ਕਾਫੀ ਹੈ।''
ਰਾਸ਼ਟਰਪਤੀ ਚੋਣਾਂ ਤੇ ਵਿਰੋਧੀ ਧਿਰ
ਹੁਣੇ-ਹੁਣੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਵਲੋਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਸ਼੍ਰੀ ਰਾਮਨਾਥ ਕੋਵਿੰਦ ਇਕ ਪੜ੍ਹੇ-ਲਿਖੇ, ਮਿੱਠਬੋਲੜੇ ਅਤੇ ਵਿਦਵਾਨ ਵਿਅਕਤੀ ਹਨ। ਭਾਜਪਾ ਨੇ ਆਖਰੀ ਮੌਕੇ ਤਕ ਉਨ੍ਹਾਂ ਦਾ ਨਾਂ ਗੁਪਤ ਰੱਖ ਕੇ ਬਹੁਤ ਦੂਰਅੰਦੇਸ਼ੀ ਦਾ ਸੰਦੇਸ਼ ਦਿੱਤਾ ਹੈ। ਇਸ ਦਾ ਫੈਸਲਾਕੁੰਨ ਨਤੀਜਾ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ ਮੁੜ ਸੱਤਾ ਵਿਚ ਲਿਆਉਣ ਵਾਲਾ ਅਤੇ ਇਕ ਸ਼ਾਨਦਾਰ ਸਿਆਸੀ ਫੈਸਲਾ ਸਿੱਧ ਹੋਵੇਗਾ। ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਵਿਰੋਧੀ ਧਿਰ ਦੇ ਨੇਤਾ ਅਗਾਊਂ ਅੰਦਾਜ਼ਾ ਲਾਉਣ ਦੀ ਬਜਾਏ ਇਹੋ ਕਲਪਨਾ ਕਰਦੇ ਰਹੇ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਦਾ ਨਾਂ ਦੱਸਿਆ ਜਾਵੇ।
ਇਹ ਇਕ ਸਾਰਹੀਣ ਦਲੀਲ ਸੀ। ਆਪਣੇ ਇਸ ਫੈਸਲੇ ਨਾਲ ਮੋਦੀ ਤੇ ਅਮਿਤ ਸ਼ਾਹ ਨੇ ਚਾਣੱਕਿਆ ਨੀਤੀ ਦਾ ਸਬੂਤ ਦਿੱਤਾ ਹੈ। ਜੇ ਉਹ ਆਪਣੇ ਉਮੀਦਵਾਰ ਦਾ ਪੱਤਾ ਪਹਿਲਾਂ ਖੋਲ੍ਹ ਦਿੰਦੇ ਤਾਂ ਲੜਨ ਤੋਂ ਪਹਿਲਾਂ ਹੀ ਹਾਰ ਜਾਂਦੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਸਪਾ ਆਗੂ ਮੁਲਾਇਮ ਸਿੰਘ ਯਾਦਵ ਨੇ ਰਾਮਨਾਥ ਕੋਵਿੰਦ ਦੀ ਬਿਨਾਂ ਸ਼ਰਤ ਹਮਾਇਤ ਕਰ ਦਿੱਤੀ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਨਿਰਾਸ਼ ਹਨ। ਵਿਰੋਧੀ ਧਿਰ ਨੂੰ ਦ੍ਰਿੜ੍ਹਤਾ ਤੇ ਸਾਫਗੋਈ ਨਾਲ ਆਪਣੇ ਉਮੀਦਵਾਰ ਦਾ ਐਲਾਨ ਇਕ ਮਹੀਨਾ ਪਹਿਲਾਂ ਕਰ ਦੇਣਾ ਚਾਹੀਦਾ ਸੀ।
ਇਹ ਮੁਕੱਦਰਾਂ ਦੀ ਖੇਡ ਹੀ ਸਮਝੋ ਕਿ ਕੁਝ ਸਮਾਂ ਪਹਿਲਾਂ ਬਿਹਾਰ ਦੇ ਗਵਰਨਰ ਸ਼੍ਰੀ ਕੋਵਿੰਦ ਨੂੰ ਸ਼ਿਮਲਾ ਵਿਚ ਰਾਸ਼ਟਰਪਤੀ ਲਈ ਸੁਰੱਖਿਅਤ ਰੀਟ੍ਰੀਟ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ ਤੇ ਉਹੀ ਸ਼ਖ਼ਸ ਹੁਣ ਦੇਸ਼ ਦਾ 'ਪਹਿਲਾ ਨਾਗਰਿਕ' ਬਣਨ ਜਾ ਰਿਹਾ ਹੈ। ਅਹਿਮਦ ਫਰਾਜ਼ ਸਾਹਿਬ ਦਾ ਇਕ ਸ਼ੇਅਰ ਹੈ:
ਬਰਸੋਂ ਕੇ ਬਾਦ ਦੇਖਾ ਇਕ ਸ਼ਖ਼ਸ ਦਿਲਰੁਬਾ ਸਾ
ਅਬ ਜ਼ਿਹਨ ਮੇਂ ਨਹੀਂ ਹੈ ਪਰ ਨਾਮ ਥਾ ਭਲਾ ਸਾ।
ਆਖਿਰ 'ਚ
ਮੈਂ ਜਦੋਂ ਵੀ 'ਪੰਜਾਬ ਕੇਸਰੀ ਸਮੂਹ' ਲਈ ਲਿਖਦਾ ਹਾਂ ਤਾਂ ਮੈਨੂੰ ਫਿਰੋਜ਼ਪੁਰ ਦੇ ਜਾਣੇ-ਪਛਾਣੇ ਦਲੇਰ ਪੱਤਰਕਾਰ ਸ਼੍ਰੀ ਸੱਤਪਾਲ ਬਾਗੀ ਯਾਦ ਆ ਜਾਂਦੇ ਹਨ, ਜਿਨ੍ਹਾਂ ਨੇ 1973-74 ਵਿਚ ਮੈਨੂੰ ਲਾਲਾ ਜਗਤ ਨਾਰਾਇਣ ਜੀ, ਸ਼੍ਰੀ ਰਮੇਸ਼ ਚੰਦਰ ਜੀ ਅਤੇ ਸ਼੍ਰੀ ਵਿਜੇ ਚੋਪੜਾ ਜੀ ਨਾਲ ਮਿਲਵਾਇਆ ਸੀ। ਉਦੋਂ ਮੈਂ ਗੌਰਮਿੰਟ ਕਾਲਜ ਮੁਕਤਸਰ ਵਿਚ ਪੜ੍ਹਦਾ ਸੀ।
ਪੰਜਾਬ ਕੇਸਰੀ ਸਮੂਹ ਨੇ ਸਾਨੂੰ ਇਕ ਪਲੇਟਫਾਰਮ ਮੁਹੱਈਆ ਕਰਵਾਇਆ, ਜਿਥੇ ਸਾਨੂੰ ਰਾਸ਼ਟਰਪਤੀ ਤੋਂ ਲੈ ਕੇ ਮੁੱਖ ਮੰਤਰੀਆਂ ਤਕ ਪੰਜਾਬ ਨੂੰ ਉਪਰ ਚੁੱਕਣ ਲਈ ਮੇਰੇ ਵਰਗੇ ਹਜ਼ਾਰਾਂ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲਿਆ।
ਇਕ ਵਾਰ ਮੈਂ ਬਹੁਤ ਉਲਝਣ 'ਚ ਸ਼੍ਰੀ ਵਿਜੇ ਚੋਪੜਾ ਜੀ ਤੋਂ ਇਕ ਸਿਆਸੀ ਰਾਏ ਲੈਣ ਜਲੰਧਰ ਗਿਆ। ਉਹ ਕੁਝ ਸਮਾਂ ਤਾਂ ਚੁੱਪ ਰਹੇ ਤੇ ਫਿਰ ਆਪਣੇ ਦਬੰਗ ਲਹਿਜੇ ਵਿਚ ਦੇਸ਼ਭਗਤੀ ਨਾਲ ਭਰਪੂਰ ਮਿਜਾਜ਼ 'ਚ ਕਹਿਣ ਲੱਗੇ, ''ਜੇ ਮੇਰੀ ਮੰਨੋ ਤਾਂ ਅਜਿਹਾ ਕਦੇ ਨਾ ਕਰਨਾ...।'' ਮੈਂ ਗਲਤੀ ਕੀਤੀ, ਜੇ ਉਨ੍ਹਾਂ ਦੀ ਰਾਏ ਮੰਨੀ ਹੁੰਦੀ ਤਾਂ ਅੱਜ ਪੰਜਾਬ ਦੀ ਸਿਆਸਤ ਦਾ ਦ੍ਰਿਸ਼ ਹੋਰ ਹੀ ਹੁੰਦਾ।   (jsbrar_੨੩@yahoo.co.in)