ਕਾਂਗਰਸ ''ਚ ''ਹਾਸੇ-ਮਜ਼ਾਕ ਦੀ ਭਾਵਨਾ'' ਦੀ ਘਾਟ

02/19/2017 7:46:43 AM

ਕਾਂਗਰਸ ਪਾਗਲਾਂ ਵਾਂਗ ਉੱਛਲ ਰਹੀ ਹੈ। ਪਾਰਟੀ ਦੇ ਗੁੱਸੇ ਨੂੰ ਨਰਿੰਦਰ ਮੋਦੀ ਦੀਆਂ ਤਲਖ ਟਿੱਪਣੀਆਂ ਨੇ ਵਧਾ ਦਿੱਤਾ ਹੈ। ਕਾਂਗਰਸ ਦਾ ਮੰਨਣਾ ਹੈ ਕਿ ਮੋਦੀ ਨੇ ਮਨਮੋਹਨ ਸਿੰਘ ਪ੍ਰਤੀ ਅਸ਼ਿਸ਼ਟਤਾ (ਗੈਰ-ਸਲੀਕਾ) ਦਿਖਾਈ ਹੈ। ਕਾਂਗਰਸ ਨੇ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਮੁਆਫੀ ਮੰਗਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਟੀ ਨੇ ਪਾਰਲੀਮੈਂਟ ਸੈਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਸੱਚ ਇਹ ਹੈ ਕਿ ਸਾਡੇ ''ਚੋਂ ਬਹੁਤਿਆਂ ਵਾਂਗ ਕਾਂਗਰਸ ਵਿਚ ਹਾਸ-ਭਾਵਨਾ ਜਾਂ ਹਾਸੇ-ਮਜ਼ਾਕ ਦੀ ਭਾਵਨਾ ਦੀ ਘਾਟ ਹੈ। ਮੋਦੀ ਵਲੋਂ ਮੁਹਾਵਰੇ ਦਾ ਇਸਤੇਮਾਲ ਬੇਸ਼ੱਕ ਬਹੁਤ ਵਧੀਆ ਢੰਗ ਨਾਲ ਨਹੀਂ ਕੀਤਾ ਗਿਆ ਪਰ ਯਕੀਨੀ ਤੌਰ ''ਤੇ ਉਹ ਵਿਅੰਗਮਈ ਸੀ। ਆਖਿਰ ਇਹ ਹਾਜ਼ਿਰ-ਜੁਆਬੀ ਦਾ ਇਕ ਨਮੂਨਾ ਸੀ।
ਸਮੱਸਿਆ ਇਹ ਹੈ ਕਿ ਅਸੀਂ ਕਿਸੇ ਦੂਜੇ ਬਾਰੇ ਚੰਗਾ ਚੁਟਕਲਾ ਸੁਣਨਾ ਪਸੰਦ ਕਰਦੇ ਹਾਂ ਪਰ ਜਦੋਂ ਗੱਲ ਆਪਣੇ ''ਤੇ ਆਉਂਦੀ ਹੈ ਤਾਂ ਅਸੀਂ ਇਸ ਨੂੰ ਆਪਣਾ ਅਪਮਾਨ ਸਮਝ ਲੈਂਦੇ ਹਾਂ ਅਤੇ ਗੁੱਸਾ ਕਰਨਾ ਆਪਣਾ ਧਰਮ ਮੰਨਦੇ ਹਾਂ। ਕਾਂਗਰਸ ਬਿਲਕੁਲ ਇਹੋ ਰਵੱਈਆ ਅਪਣਾ ਰਹੀ ਹੈ। ਇਸ ਦੇ ਉਲਟ ਦੇਖੋ ਕਿ ਕਿਵੇਂ ਬ੍ਰਿਟਿਸ਼ ਸਿਆਸਤਦਾਨਾਂ, ਜਿਨ੍ਹਾਂ ''ਚ ਕਈ ਸਾਬਕਾ ਤੇ ਮੌਜੂਦਾ ਪ੍ਰਧਾਨ ਮੰਤਰੀ ਵੀ ਸ਼ਾਮਿਲ ਹਨ, ਨੇ ਸਦੀਆਂ ਤਕ ਇਕ-ਦੂਜੇ ਦਾ ਹਵਾਲਾ ਦਿੱਤਾ। 18ਵੀਂ ਸਦੀ ''ਚ ਜਦੋਂ ਚੌਥੇ ''ਅਰਲ ਆਫ ਸੈਂਡਵਿਚ'' ਨੇ ਗੁੱਸੇ ''ਚ ਜਾਨ ਵਿਲਕੀਸ ਨੂੰ ਕਿਹਾ, ''''ਸ਼੍ਰੀਮਾਨ, ਮੈਨੂੰ ਨਹੀਂ ਪਤਾ ਕਿ ਤੁਸੀਂ ਫਾਂਸੀ ''ਤੇ ਮਰੋਗੇ ਜਾਂ ਚੇਚਕ ਨਾਲ।''''
ਇਸ ''ਤੇ ਜੌਨ ਨੇ ਜਵਾਬ ਦਿੱਤਾ ਸੀ ਕਿ ''''ਇਹ ਇਸ ਗੱਲ ''ਤੇ ਨਿਰਭਰ ਕਰਦਾ ਹੈ ਕਿ ਮੈਂ ਤੁਹਾਡੇ ਫੈਸਲਿਆਂ ਨੂੰ ਗਲੇ ਲਗਾਉਂਦਾ ਹਾਂ ਜਾਂ ਆਪਣੀ ਪਤਨੀ ਨੂੰ।''''
ਮੇਰਾ ਪਸੰਦੀਦਾ ਵਾਦ-ਵਿਵਾਦ ਵਿਲੀਅਮ ਗਲੈਡਸਟੋਨ ਅਤੇ ਬੈਂਜਾਮਿਨ ਡਿਜ਼ਰਾਇਲੀ ਦਰਮਿਆਨ ਹੈ, ਜੋ 19ਵੀਂ ਸਦੀ ਦੇ ਅਖੀਰ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੈਦਾਨ ਵਿਚ ਸਨ।
ਪ੍ਰਧਾਨ ਮੰਤਰੀਆਂ ਵਲੋਂ ਇਕ-ਦੂਜੇ ਦੀ ਗੱਲ ਕੱਟਣਾ ਬ੍ਰਿਟਿਸ਼ ਸੰਸਦੀ ਚਲਨ ਦਾ ਇਕ ਪਵਿੱਤਰ ਹਿੱਸਾ ਬਣ ਚੁੱਕਾ ਹੈ। ਕਲੀਮੈਂਟ ਫ੍ਰਿਊਡ ਨੇ ਮਾਰਗ੍ਰੇਟ ਥੈਚਰ ਨੂੰ ''ਏਟਿਲਾ ਦਿ ਹੈੱਨ'' ਕਿਹਾ ਸੀ। ਨਾਰਮਲ ਸੇਂਟ ਜੌਨ-ਸਟੀਵਾਸ ਨੇ ਥੈਚਰ ਨੂੰ ''ਦਿ ਬਲੈੱਸਡ ਮਾਰਗ੍ਰੇਟ'' ਨਾਂ ਦਿੱਤਾ ਸੀ। ਨਿਕੋਲਸ ਫੇਅਰਬੇਅਰਨ ਨੇ ਜੌਨ ਮੇਜਰ ਨੂੰ ''ਇਕ ਪ੍ਰਧਾਨ ਮੰਤਰੀ ਦੀ ਬਜਾਏ ਗਪੌੜਸੰਖ'' ਕਿਹਾ ਸੀ, ਜਦਕਿ ਚਰਚਿਲ ਨੇ ਏਟਲੀ ਨੂੰ ''ਭੇਡ ਦੇ ਕੱਪੜਿਆਂ ''ਚ ਭੇਡ'' ਦਾ ਨਾਂ ਦਿੱਤਾ ਸੀ।
ਸੱਚ ਇਹ ਹੈ ਕਿ ਹਰ ਤਰ੍ਹਾਂ ਦੇ ਅਪਮਾਨ ਭਰੇ ਸ਼ਬਦ ਹਾਊਸ ਆਫ ਕਾਮਨਜ਼ ਵਿਚ ਕਹੇ-ਸੁਣੇ ਜਾਂਦੇ ਹਨ ਪਰ ਜਿਸ ਵਿਅਕਤੀ ਨੂੰ ਅਜਿਹੀਆਂ ਗੱਲਾਂ ਕਹੀਆਂ ਹੁੰਦੀਆਂ ਹਨ, ਉਹ ਸ਼ਾਇਦ ਹੀ ਮੁਆਫੀ ਮੰਗੇ ਜਾਣ ਦੀ ਮੰਗ ਕਰਦਾ ਹੋਵੇਗਾ।
ਇਥੋਂ ਤਕ ਕਿ ਬਹੁਤ ਸਖ਼ਤ ਸੁਭਾਅ ਵਾਲੇ ਲੋਕ ਵੀ ਮਜ਼ਾਕ ਕਰਨ ਤੋਂ ਪਿੱਛੇ ਨਹੀਂ ਰਹਿੰਦੇ। ਹੈਰੋਲਡ ਵਿਲਸਨ ਨੇ ਇਕ ਵਾਰ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਕਿਹਾ ਸੀ, ''''ਟੋਨੀ ਬੇਨ ਇਕੋ-ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਤੇ ਜਿਹੜੇ ਉਮਰ ਦੇ ਨਾਲ-ਨਾਲ ਅਪ੍ਰਪੱਕ ਹੁੰਦੇ ਜਾ ਰਹੇ ਹਨ।''''
ਇਸ ਲਈ ਵਿਰੋਧੀਆਂ ਵਲੋਂ ਹੱਲਾ ਬੋਲੇ ਜਾਣ ਦੀ ਸੂਰਤ ਵਿਚ ਦੰਦ ਪੀਹਣ ਦੀ ਬਜਾਏ, ਭਾਵ ਗੁੱਸੇ ਹੋਣ ਦੀ ਬਜਾਏ ਕਾਂਗਰਸ ਨੂੰ ਜੋ ਮਿਲਿਆ ਹੈ, ਉਸ ਨਾਲੋਂ ਬਿਹਤਰ ਵਾਪਿਸ ਕਰਨ ਦੀ ਕਲਾ ਸਿੱਖਣੀ ਚਾਹੀਦੀ ਹੈ। ਜੇ ਅਜਿਹਾ ਸੰਭਵ ਨਹੀਂ ਹੈ ਤਾਂ ਮੁਸਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਦਨ ਦੀ ਕਾਰਵਾਈ ''ਚ ਵਿਘਨ ਪਾਉਣਾ ਨਾ ਸਿਰਫ ਬਚਕਾਨਾ ਹਰਕਤ ਹੈ, ਸਗੋਂ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਤੁਸੀਂ ਕੋਈ ਵੀ ਗੱਲ ਮਜ਼ਾਕ ਦੇ ਤੌਰ ''ਤੇ ਆਪਣੇ ਉੱਤੇ ਨਹੀਂ ਲੈ ਸਕਦੇ।
  (karanthapar@itvindia.net)