''ਸੁਹਿਰਦਤਾ'' ਬਣਾਈ ਰੱਖਣਾ ਮੁਸਲਮਾਨਾਂ ਦੀ ਵੀ ਜ਼ਿੰਮੇਵਾਰੀ ਹੈ

09/22/2017 7:02:03 AM

ਸੰਨ 1944 ਦੀ ਗੱਲ ਹੈ, ਭਾਰਤ ਦੀ ਆਜ਼ਾਦੀ ਨੂੰ ਲੈ ਕੇ ਅੰਗਰੇਜ਼ਾਂ ਨੇ ਵੰਡ ਦੀ ਘੁੰਢੀ ਫਸਾ ਦਿੱਤੀ। ਮਹਾਤਮਾ ਗਾਂਧੀ ਅਤੇ ਮੁਸਲਿਮ ਲੀਗ ਦੇ ਨੇਤਾ ਮੁਹੰਮਦ ਅਲੀ ਜਿੱਨਾਹ ਵਿਚਾਲੇ ਇਤਿਹਾਸਿਕ 18 ਦਿਨ ਲੰਮੀ ਗੱਲਬਾਤ ਚੱਲੀ ਪਰ ਜਿੱਨਾਹ ਨੂੰ ਬ੍ਰਿਟਿਸ਼ ਹਕੂਮਤ ਦੀ ਸ਼ਹਿ ਮਿਲੀ ਹੋਈ ਸੀ, ਲਿਹਾਜ਼ਾ ਸਮਝ ਅਤੇ ਦਲੀਲ ਜ਼ਿੱਦ 'ਤੇ ਭਾਰੀ ਨਹੀਂ ਪੈ ਸਕਦੀ ਸੀ। ਸੱਤਵੇਂ ਦਿਨ, ਭਾਵ 15 ਸਤੰਬਰ ਨੂੰ ਗਾਂਧੀ ਜੀ ਨੇ ਜਿੱਨਾਹ ਨੂੰ ਇਕ ਚਿੱਠੀ ਲਿਖੀ, ''ਸਾਡੀ ਦੋਹਾਂ ਦੀ ਗੱਲਬਾਤ ਦੌਰਾਨ ਤੁਸੀਂ ਜ਼ੋਰਦਾਰ ਢੰਗ ਨਾਲ ਕਿਹਾ ਕਿ ਭਾਰਤ ਵਿਚ ਦੋ ਦੇਸ਼ ਹਨ—ਹਿੰਦੂ ਅਤੇ ਮੁਸਲਮਾਨ। ਜਿੰਨੀ ਜ਼ਿਆਦਾ ਸਾਡੇ ਦਰਮਿਆਨ ਬਹਿਸ ਅੱਗੇ ਵਧ ਰਹੀ ਹੈ, ਓਨੀ ਹੀ ਜ਼ਿਆਦਾ ਚਿੰਤਾਜਨਕ ਮੈਨੂੰ ਤੁਹਾਡੀ ਤਸਵੀਰ ਨਜ਼ਰ ਆ ਰਹੀ ਹੈ। 
ਇਤਿਹਾਸ ਵਿਚ ਮੈਨੂੰ ਇਕ ਵੀ ਘਟਨਾ ਯਾਦ ਨਹੀਂ ਆਉਂਦੀ, ਜਦੋਂ ਆਪਣਾ ਧਰਮ ਬਦਲਣ ਵਾਲੇ ਲੋਕਾਂ ਜਾਂ ਉਨ੍ਹਾਂ ਦੇ ਜਾਨਸ਼ੀਨਾਂ ਨੇ ਆਪਣੇ ਮੂਲ ਧਰਮ ਦੇ ਲੋਕਾਂ ਨਾਲੋਂ ਅੱਡ ਉਸੇ ਰਾਸ਼ਟਰ ਵਿਚ ਇਕ ਨਵੇਂ ਰਾਸ਼ਟਰ ਦਾ ਦਾਅਵਾ ਕੀਤਾ ਹੋਵੇ। ਜੇ ਭਾਰਤ ਇਸਲਾਮ ਦੇ ਆਉਣ ਤੋਂ ਪਹਿਲਾਂ ਇਕ ਰਾਸ਼ਟਰ ਸੀ ਤਾਂ ਇਸ ਨੂੰ ਇਕਜੁੱਟ ਰਹਿਣਾ ਪਵੇਗਾ, ਬੇਸ਼ੱਕ ਹੀ ਇਸ ਰਾਸ਼ਟਰ ਦੇ ਸਾਰੇ ਲੋਕਾਂ ਨੇ ਆਪਣੇ ਧਰਮ ਬਦਲ ਲਏ ਹੋਣ।''
ਫਿਲਹਾਲ 35 ਮਹੀਨਿਆਂ ਬਾਅਦ ਹੀ ਪਾਕਿਸਤਾਨ ਬਣ ਗਿਆ। ਵੰਡ ਦੌਰਾਨ ਅਤੇ ਬਾਅਦ ਦੇ ਕਈ ਮਹੀਨਿਆਂ ਤਕ ਲੱਖਾਂ ਹਿੰਦੂ-ਮੁਸਲਮਾਨ ਇਕ-ਦੂਜੇ ਨੂੰ ਮਾਰਦੇ ਰਹੇ ਤੇ ਹਿੰਸਾ ਦਾ ਤਾਂਡਵ ਜਾਰੀ ਸੀ। ਸੰਵਿਧਾਨ ਸਭਾ ਨੂੰ ਆਪਣਾ ਕੰਮ ਕਰਦਿਆਂ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸੀ। ਪੂਰਾ ਦੇਸ਼ ਇਸ ਵੰਡ ਕਾਰਨ ਪ੍ਰੇਸ਼ਾਨੀ ਦੀ ਹਾਲਤ ਵਿਚ ਸੀ। 
ਦਸੰਬਰ 1947 ਨੂੰ ਮੁਸਲਿਮ ਲੀਗ (ਜੋ ਵੰਡ ਤੋਂ ਬਾਅਦ ਬਚੇ-ਖੁਚੇ ਮੈਂਬਰਾਂ ਨਾਲ ਬਣੀ ਰਹਿ ਗਈ ਸੀ) ਨੇ ਸੰਵਿਧਾਨ ਦੇ ਖਰੜੇ ਵਿਚ 2 ਸੋਧਾਂ ਦੀ ਤਜਵੀਜ਼ ਰੱਖੀ। ਪਹਿਲੀ ਸੀ ਭਾਰਤ ਵਿਚ ਰਹਿਣ ਵਾਲੇ ਮੁਸਲਮਾਨਾਂ ਲਈ ਵੱਖਰੀਆਂ ਲੋਕ ਸਭਾ ਸੀਟਾਂ ਵਿਚ ਰਾਖਵਾਂਕਰਨ ਪਰ ਦੂਜੀ ਉਸ ਸੰਕਟ 'ਚ ਮੁਸਲਿਮ ਨੇਤਾਵਾਂ ਦੀ ਮਨੋਦਸ਼ਾ ਨੂੰ ਦਰਸਾਉਂਦੀ ਸੀ। 
ਸੋਧ ਵਿਚ ਇਹ ਤਜਵੀਜ਼ ਰੱਖੀ ਗਈ ਸੀ ਕਿ ਮੁਸਲਮਾਨਾਂ ਨੂੰ ਵੱਖਰੀ ਵੋਟਰ ਸ਼੍ਰੇਣੀ ਵਿਚ ਰੱਖਿਆ ਜਾਵੇ। ਇਹ ਇਕ ਅਜਿਹੀ ਮੰਗ ਸੀ, ਜੋ ਆਖਿਰ ਵਿਚ ਇਕ ਹੋਰ ਦੇਸ਼ ਬਣਾਉਣ ਦਾ ਰਾਹ ਪੱਧਰਾ ਕਰਦੀ। ਇਸ ਸੋਧ ਨੂੰ ਦੇਖ ਕੇ ਪੂਰਾ ਦੇਸ਼ ਹੱਕਾ-ਬੱਕਾ ਰਹਿ ਗਿਆ।
ਸਰਦਾਰ ਪਟੇਲ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ, ''ਮੈਨੂੰ ਸਮਝ ਨਹੀਂ ਆ ਰਹੀ ਕਿ ਇੰਨੇ ਵੱਡੇ ਝੰਜਟ ਵਿਚ ਫਸੇ ਦੇਸ਼ ਦੇ ਤਜਰਬੇ ਤੋਂ ਬਾਅਦ ਵੀ ਇਨ੍ਹਾਂ ਵਿਚ ਕੋਈ ਤਬਦੀਲੀ ਆਈ ਜਾਂ ਨਹੀਂ, ਜੋ ਅਜਿਹੀ ਮੰਗ ਕਰ ਰਹੇ ਹਨ।''
ਅੱਜ 70 ਸਾਲਾਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ ਹੈ, ਜੋ ਲੱਖਾਂ ਲੋਕਾਂ ਨੇ ਦੇਖਿਆ ਹੈ। ਬੰਗਲਾ ਟੀ. ਵੀ. ਚੈਨਲਾਂ ਨੇ ਵੀ ਇਸ ਨੂੰ ਦਿਖਾਇਆ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ 12 ਸਤੰਬਰ ਨੂੰ 'ਪੱਛਮੀ ਬੰਗਾਲ ਘੱਟਗਿਣਤੀ ਫੈੱਡਰੇਸ਼ਨ' ਦੀ ਦੇਖ-ਰੇਖ ਹੇਠ 18 ਸੰਗਠਨਾਂ ਨੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਭਾਰਤ ਵਿਚ ਰਹਿਣ ਦੀ ਇਜਾਜ਼ਤ ਦੇਣ ਦੀ ਮੰਗ ਨੂੰ ਲੈ ਕੇ ਇਕ ਰੈਲੀ ਦਾ ਆਯੋਜਨ ਕੀਤਾ। ਰੈਲੀ ਵਿਚ ਬੋਲਦਿਆਂ ਇਕ ਨੌਜਵਾਨ ਆਗੂ ਮੌਲਾਨਾ ਸ਼ੱਬੀਰ ਅਲੀ ਵਾਰਸੀ ਚੀਕ-ਚੀਕ ਕੇ ਕਹਿ ਰਿਹਾ ਸੀ, ''ਤੁਸੀਂ ਇਸ ਗਲਤਫਹਿਮੀ ਵਿਚ ਨਾ ਰਹੋ ਕਿ ਮੁਸਲਮਾਨ ਕਮਜ਼ੋਰ ਹਨ। ਤੁਸੀਂ ਸਾਡਾ ਇਤਿਹਾਸ ਨਹੀਂ ਜਾਣਦੇ। ਅਸੀਂ ਕਰਬਲਾ ਵਾਲੇ ਹਾਂ, ਹੁਸੈਨੀ ਮੁਸਲਮਾਨ ਹਾਂ। ਜੇ ਅਸੀਂ 72 ਵੀ ਹਾਂ ਤਾਂ ਲੱਖਾਂ ਦਾ ਜਨਾਜ਼ਾ ਕੱਢ ਸਕਦੇ ਹਾਂ।''
ਮੰਚ ਉਤੋਂ ਆਵਾਜ਼ ਆਉਂਦੀ ਹੈ, ''ਬਹੁਤ ਖੂਬ।'' ਭੀੜ ਵਿਚੋਂ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਸੁਣਾਈ ਦਿੰਦੇ ਹਨ ਤੇ ਇਹ ਨੇਤਾ ਹੋਰ ਉੱਚੀ ਚੀਕਦਾ ਹੈ, ''ਮੈਂ ਦਿੱਲੀ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਰੋਹਿੰਗਿਆ ਸਾਡੇ ਭਰਾ ਹਨ। ਇਨ੍ਹਾਂ ਦੀ ਅਤੇ ਸਾਡੀ  'ਕੁਰਾਨ' ਇਕ ਹੈ। ਜੋ ਖ਼ੁਦਾ ਇਨ੍ਹਾਂ ਦਾ, ਉਹੀ ਸਾਡਾ....ਦੁਨੀਆ ਵਿਚ ਮੁਸਲਮਾਨ ਕਿਤੇ ਵੀ ਹੋਵੇ, ਉਹ ਸਾਡਾ ਭਰਾ ਹੈ...।''
ਭੀੜ ਹੱਥ ਚੁੱਕ ਕੇ ਕਹਿੰਦੀ ਹੈ, 'ਨਾਲਾ-ਏ-ਤਦਬੀਰ', 'ਅੱਲ੍ਹਾ ਹੂ ਅਕਬਰ'। ਨੇਤਾ ਅੱਗੇ ਕਹਿੰਦਾ ਹੈ, ''ਇਹ ਬੰਗਾਲ ਹੈ, ਗੁਜਰਾਤ, ਆਸਾਮ ਜਾਂ ਯੂ. ਪੀ. ਨਹੀਂ, ਮੁਜ਼ੱਫਰਨਗਰ ਨਹੀਂ। ਇਥੇ ਮੀਡੀਆ ਬੈਠਾ ਹੈ ਤੇ ਮੇਰੀ ਚੁਣੌਤੀ ਹੈ ਕਿ ਬੰਗਾਲ ਵਿਚ ਕਿਸੇ ਮਾਂ ਨੇ ਉਹ ਔਲਾਦ ਪੈਦਾ ਨਹੀਂ ਕੀਤੀ, ਜੋ ਇਕ ਵੀ ਰੋਹਿੰਗਿਆ ਮੁਸਲਮਾਨ ਨੂੰ ਇਥੋਂ ਕੱਢ ਸਕੇ।'' ਭੀੜ ਪਾਗਲਾਂ ਵਾਂਗ ਨਾਅਰੇ ਲਾਉਣ ਲੱਗਦੀ ਹੈ। 
ਸਵਾਲ ਇਸ ਨੇਤਾ ਦੇ ਇਤਰਾਜ਼ਯੋਗ ਭਾਸ਼ਣ ਦਾ ਨਹੀਂ, ਸਵਾਲ ਉਸ ਭੀੜ ਦਾ ਹੈ, ਜੋ ਨਾ ਸਿਰਫ ਉਸ ਦੀਆਂ ਗੱਲਾਂ ਦੀ ਪੁਸ਼ਟੀ ਕਰ ਰਹੀ ਸੀ, ਸਗੋਂ ਉਸ ਦੇ ਕਹੇ ਸ਼ਬਦਾਂ ਉੱਤੇ ਹਾਮੀ ਵੀ ਭਰ ਰਹੀ ਸੀ ਤੇ ਕੁਝ ਵੀ ਕਰ ਦੇਣ ਦੇ ਜੋਸ਼ ਵਿਚ ਬੋਲ ਰਹੀ ਸੀ। 
ਹੁਣ ਜ਼ਰਾ ਇਸ ਉਲਟ ਦਲੀਲ ਨੂੰ ਸਮਝੋ—ਇਹ ਨੇਤਾ ਦੁਨੀਆ ਦੇ ਮੁਸਲਮਾਨਾਂ ਨੂੰ ਆਪਣੇ ਭਰਾ ਮੰਨ ਰਿਹਾ ਹੈ ਪਰ ਜਿਸ ਨਾਲ ਉਸ ਦਾ ਖੂਨ ਦਾ ਰਿਸ਼ਤਾ ਰਿਹਾ ਹੈ ਜਾਂ ਜਿਸ ਮਿੱਟੀ ਵਿਚ ਪਲਿਆ-ਵਧਿਆ ਹੈ, ਉਸੇ ਨੂੰ ਚੁਣੌਤੀ ਦੇ ਰਿਹਾ ਹੈ। ਇਸਲਾਮ ਤੋਂ ਪਹਿਲਾਂ ਇਸ ਦੇ ਪੁਰਖੇ ਭਾਰਤਵਾਸੀ ਸਨ ਪਰ ਕੀ ਤੁਸੀਂ ਕਦੇ ਕਿਸੇ ਸਭਾ ਵਿਚ 'ਭਾਰਤ ਦੇ ਟੁਕੜੇ' ਕਰਨ ਵਾਲੇ ਕਸ਼ਮੀਰੀ ਨਾਅਰਿਆਂ ਵਿਰੁੱਧ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਮੁਸਲਮਾਨਾਂ ਨੂੰ ਇੰਨੇ ਗੁੱਸੇ ਵਿਚ ਦੇਖਿਆ ਹੈ? 
ਖਾਲਿਦ ਅਤੇ ਉਸ ਦੇ ਬੰਦੇ ਜੇ. ਐੱਨ. ਯੂ. ਵਿਚ ਕਿਹੜੀ ਆਜ਼ਾਦੀ ਦੀ ਮੰਗ ਕਰ ਰਹੇ ਸਨ ਅਤੇ ਆਜ਼ਾਦੀ ਨਾ ਮਿਲਣ 'ਤੇ 'ਭਾਰਤ ਤੇਰੇ ਟੁਕੜੇ ਹੋਂਗੇ ਇੰਸ਼ਾ ਅੱਲ੍ਹਾ' ਦਾ ਐਲਾਨ ਕਰ ਰਹੇ ਸਨ? ਭਾਵ ਧਾਰਮਿਕ ਰਿਸ਼ਤਾ ਸੰਸਾਰਕ ਹੈ ਤੇ ਜਿਥੋਂ ਦੀ ਮਿੱਟੀ ਵਿਚ ਸਾਹ ਲਿਆ ਹੋਵੇ, ਉਸ 'ਤੇ ਧਾਰਮਿਕ ਰਿਸ਼ਤਾ ਭਾਰੀ ਪੈਂਦਾ ਹੈ। 
ਤਰਕ-ਵਾਕ ਦੇ ਵਿਸਤਾਰ ਦੀ ਪ੍ਰਕਿਰਿਆ ਦੇ ਤਹਿਤ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਦਾ ਮੁਸਲਮਾਨ ਹਮਲਾ ਕਰੇ ਤਾਂ ਉਹ ਜਾਇਜ਼ ਹੈ ਕਿਉਂਕਿ ਉਹ ਭਰਾ ਹੈ। ਸੈਮੀਟਿਕ ਧਰਮਾਂ ਦੀ ਇਹ ਇਕ ਵੱਡੀ ਸਮੱਸਿਆ ਹੈ। ਉਨ੍ਹਾਂ ਦੀ ਵਚਨਬੱਧਤਾ ਰਾਸ਼ਟਰ ਪ੍ਰਤੀ ਨਹੀਂ, ਸਗੋਂ ਮੂਲ ਤੌਰ 'ਤੇ ਦੁਨੀਆ ਭਰ ਵਿਚ ਫੈਲੇ ਉਨ੍ਹਾਂ ਧਰਮ ਦੇ ਪੈਰੋਕਾਰਾਂ ਪ੍ਰਤੀ ਹੁੰਦੀ ਹੈ, ਜੋ ਉਨ੍ਹਾਂ ਨੂੰ ਰਾਸ਼ਟਰ ਦੀ ਧਾਰਨਾ ਤੋਂ ਦੂਰ ਲੈ ਜਾਂਦੇ ਹਨ। 
ਅਜਿਹੀ ਸਥਿਤੀ ਵਿਚ ਦੇਸ਼ ਕੀ ਕਰੇ? ਹਿੰਦੂਆਂ ਦੀ ਭਾਵਨਾ ਕਿਵੇਂ ਗੀਤਾ ਦੀ 'ਸਹਿਜ ਭਾਵਨਾ' ਵਰਗੀ ਬਣੀ ਰਹੇ? ਅੱਜ ਲੋੜ ਇਸ ਗੱਲ ਦੀ ਹੈ ਕਿ ਮੁਸਲਮਾਨ ਵੀ ਇਹ ਗੱਲ ਸਮਝਣ ਕਿ ਜੇ ਦੁਨੀਆ ਦੇ ਮੁਸਲਮਾਨ ਇਕ ਹਨ ਅਤੇ ਉਹ ਕਿਤਿਓਂ ਵੀ ਆਏ ਹੋਣ ਤਾਂ ਇਹ ਬਕੌਲ ਇਸ ਨੇਤਾ ਦੇ ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਉਦਾਰ ਦਿਲ ਨਾਲ ਅਪਣਾਵੇ, ਨਹੀਂ ਤਾਂ ਕੱਲ ਨੂੰ ਇਹ 40 ਹਜ਼ਾਰ ਰੋਹਿੰਗਿਆ ਵੀ ਇਸੇ ਤਰ੍ਹਾਂ ਚੀਕ-ਚੀਕ ਕੇ ਚੁਣੌਤੀ ਦੇਣਗੇ ਅਤੇ ਕਰਬਲਾ ਦਾ ਇਤਿਹਾਸ ਦੱਸਣਗੇ ਜਾਂ ਵੱਖਰੀ ਵੋਟਰ ਸ਼੍ਰੇਣੀ ਦੀ ਗੱਲ ਕਰਨਗੇ। 
ਨਿਰਪੱਖ ਵਿਸ਼ਲੇਸ਼ਕ ਅਖਲਾਕ ਦੇ ਮਾਰੇ ਜਾਣ 'ਤੇ ਹਿੰਸਕ ਹਿੰਦੂਵਾਦ ਨੂੰ ਬੁਰਾ-ਭਲਾ ਕਹਿਣ ਲੱਗਦੇ ਹਨ, ਸਿਰਫ ਖ਼ੁਦ ਨੂੰ 'ਨਿਰਪੱਖ' ਸਿੱਧ ਕਰਨ ਦੀ ਦੌੜ ਵਿਚ ਪਰ ਕੀ ਕਦੇ ਕੱਟੜਤਾ ਦੇ ਇਸ ਪਹਿਲੂ 'ਤੇ ਉਨ੍ਹਾਂ ਨੇ ਇਤਰਾਜ਼ ਪ੍ਰਗਟਾਇਆ ਹੈ? ਕੋਈ ਅੱਤਵਾਦੀ ਘਟਨਾ ਵਾਪਰਦੀ ਹੈ ਤਾਂ ਸਾਡੀ ਦਲੀਲ ਹੁੰਦੀ ਹੈ ਕਿ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। 
ਅਸੀਂ ਝੂਠ ਬੋਲਦੇ ਹਾਂ। ਉਸ ਨੂੰ ਧਰਮ ਹੀ ਵਿਚਾਰਕ ਵਚਨਬੱਧਤਾ ਦਿੰਦਾ ਹੈ। ਜਿੱਥੇ ਇਕ ਪਾਸੇ ਉਮੀਦ ਕੀਤੀ ਜਾਂਦੀ ਹੈ ਕਿ ਸੱਤਾ ਕਿਸੇ ਪਾਰਟੀ ਵਿਸ਼ੇਸ਼ ਨੂੰ ਮਿਲ ਜਾਣ ਦਾ ਮਤਲਬ ਇਹ ਨਹੀਂ ਕਿ ਹਿੰਸਕ ਹਿੰਦੂ ਕਿਸੇ ਅਖਲਾਕ ਦੇ ਘਰ ਗਊ ਦਾ ਮਾਸ ਲੱਭਣ ਤੇ ਫਿਰ ਉਸ ਨੂੰ ਮਾਰ ਦੇਣ। ਨਾ ਹੀ ਇਹ ਮਤਲਬ ਹੈ ਕਿ ਦੁੱਧ ਦੇ ਕਾਰੋਬਾਰ ਲਈ ਟਰੱਕ ਰਾਹੀਂ ਜਾਇਜ਼ ਤੌਰ 'ਤੇ ਗਊਆਂ ਲਿਜਾ ਰਹੇ ਕਿਸੇ ਪਹਿਲੂ ਖਾਨ ਨੂੰ ਸ਼ਰੇਆਮ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇ। 
'ਕਿਸੇ ਮਾਂ ਨੇ ਉਹ ਲਾਲ ਪੈਦਾ ਨਹੀਂ ਕੀਤਾ' ਕਹਿਣਾ ਵੀ ਅਮਨ-ਪਸੰਦ ਔਸਤਨ ਮੁਸਲਮਾਨਾਂ ਲਈ ਇਤਰਾਜ਼ ਦਾ ਸਬੱਬ ਹੋਣਾ ਚਾਹੀਦਾ ਹੈ, ਨਾ ਕਿ ਜਨੂੰਨ ਦੀ ਵਜ੍ਹਾ। ਖ਼ੁਦ ਮੁਸਲਮਾਨਾਂ ਨੂੰ ਅਜਿਹੇ ਭਾਸ਼ਣਾਂ 'ਤੇ ਰੋਕ ਲਾਉਣੀ ਪਵੇਗੀ ਕਿਉਂਕਿ ਮਮਤਾ ਬੈਨਰਜੀ ਜਾਂ ਹੋਰ ਸਿਆਸੀ ਪਾਰਟੀਆਂ ਨੂੰ ਸਿਰਫ ਵੋਟਾਂ ਨਾਲ ਮਤਲਬ ਹੈ, ਜਾਨਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ।
singh.nk੧੯੯੪@yahoo.com