ਮੋਦੀ-ਸ਼ਾਹ ਦੀ ਜੋੜੀ ਅਗਲੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਰਾਹ ''ਤੇ

08/20/2017 7:43:27 AM

ਅਜਿਹਾ ਲੱਗਦਾ ਹੈ ਕਿ ਸੱਤਾਧਾਰੀ ਪਾਰਟੀ ਨੇ ਮੰਨ ਲਿਆ ਹੈ ਕਿ 2019 ਦੀਆਂ ਚੋਣਾਂ ਪਹਿਲਾਂ ਹੀ ਉਸ ਦੀ ਜੇਬ 'ਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤਕ ਸੱਤਾਧਾਰੀ ਪਾਰਟੀ 'ਚ ਹਰ ਕੋਈ ਰਾਜਗ ਦੇ ਦੂਜੇ ਕਾਰਜਕਾਲ ਨੂੰ ਲੈ ਕੇ ਆਸਵੰਦ ਹੈ। 
ਜੇ ਅਸੀਂ ਕੁਝ ਦਿਖਾਈ ਨਾ ਦੇਣ ਵਾਲੀਆਂ ਘਟਨਾਵਾਂ 'ਤੇ ਧਿਆਨ ਨਾ ਦੇਈਏ ਤਾਂ ਮੋਦੀ ਵਿਰੋਧੀ ਅਨਸਰਾਂ 'ਚ ਇਸ ਗੱਲ ਨੂੰ ਲੈ ਕੇ ਲੱਗਭਗ ਇਕ ਰਾਏ ਹੈ ਕਿ ਰਾਜਗ ਨੂੰ ਇਕ ਹੋਰ 5 ਵਰ੍ਹਿਆਂ ਦੇ ਕਾਰਜਕਾਲ ਲਈ ਸੱਤਾ 'ਚ ਦੁਬਾਰਾ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ। 
ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਨੇ ਇਸ ਗੱਲ ਨੂੰ ਹੋਰ ਵੀ ਪੁਖਤਾ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ 2022 ਜਾਂ ਉਸ ਤੋਂ ਬਾਅਦ ਵੀ ਕਈ ਨਿਸ਼ਾਨੇ ਫੁੰਡਣ ਦੀ ਗੱਲ ਕਹੀ ਹੈ। 
ਇਕ ਮੰਨੇ-ਪ੍ਰਮੰਨੇ ਮੀਡੀਆ ਗਰੁੱਪ ਵਲੋਂ ਹੁਣੇ ਜਿਹੇ ਕਰਵਾਏ ਗਏ ਓਪੀਨੀਅਨ ਪੋਲ ਨੇ ਸੱਤਾਧਾਰੀ ਪਾਰਟੀ ਦੇ ਭਰੋਸੇ ਨੂੰ ਹੋਰ ਵੀ ਵਧਾ ਦਿੱਤਾ ਹੈ। ਓਪੀਨੀਅਨ ਪੋਲ/ਸਰਵੇਖਣ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਜੇ ਹੁਣ ਚੋਣਾਂ ਹੋ ਜਾਂਦੀਆਂ ਹਨ ਤਾਂ ਰਾਜਗ ਨੂੰ ਲੱਗਭਗ 350 ਸੀਟਾਂ ਮਿਲ ਜਾਣਗੀਆਂ। 
ਕੀ ਅਮਿਤ ਸ਼ਾਹ ਨੇ ਇਸ ਸਰਵੇਖਣ ਤੋਂ ਇਸ਼ਾਰਾ ਲੈ ਕੇ ਆਪਣੀ ਪਾਰਟੀ ਦੇ ਵਰਕਰਾਂ ਲਈ 350 ਸੀਟਾਂ ਦਾ ਟੀਚਾ ਮਿੱਥਿਆ ਹੈ? ਇਹ ਤਾਂ ਅਜੇ ਪਤਾ ਨਹੀਂ ਪਰ ਵਿਰੋਧੀ ਧਿਰ ਦੇ ਪੂਰੀ ਤਰ੍ਹਾਂ ਖਿੰਡਰ ਜਾਣ ਅਤੇ ਇਸ ਤੋਂ ਵੀ ਅਹਿਮ, ਲੋਕਾਂ ਨਾਲ ਮੋਦੀ ਦੇ ਸੰਪਰਕ ਨੂੰ ਦੇਖਦਿਆਂ ਇਹ ਗਿਣਤੀ ਜ਼ਿਆਦਾ ਖਾਹਿਸ਼ੀ ਨਜ਼ਰ ਨਹੀਂ ਆਉਂਦੀ। 
ਅਮਿਤ ਸ਼ਾਹ ਨੇ ਬੇਸ਼ੱਕ ਭਾਜਪਾ ਵਰਕਰਾਂ ਦਾ ਉਤਸ਼ਾਹ ਵਧਾਇਆ ਹੈ, ਯੋਜਨਾਬੱਧ ਢੰਗ ਨਾਲ ਸਾਰਾ ਸਾਲ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਸੂਬਿਆਂ ਵਿਚ ਵੀ ਪਾਰਟੀ ਦੀ ਮੈਂਬਰਸ਼ਿਪ ਵਧਾਈ ਹੈ, ਜਿਥੇ ਇਸ ਦੀ ਮੌਜੂਦਗੀ ਲੱਗਭਗ ਨਾ ਦੇ ਬਰਾਬਰ ਸੀ ਪਰ ਵੋਟਰਾਂ ਨੂੰ ਰਿਝਾਉਣ ਲਈ ਮੋਦੀ ਦੀ ਕ੍ਰਿਸ਼ਮਈ ਸ਼ਖ਼ਸੀਅਤ ਤੋਂ ਬਿਨਾਂ ਉਨ੍ਹਾਂ ਦੇ ਯਤਨਾਂ ਨੂੰ ਬੂਰ ਨਹੀਂ ਪੈ ਸਕਦਾ ਸੀ। ਜਿਸ ਤਰ੍ਹਾਂ ਇੰਦਰਾ ਗਾਂਧੀ 70 ਦੇ ਦਹਾਕੇ ਦੇ ਸ਼ੁਰੂ ਵਿਚ ਆਪਣੇ ਸਿਖਰਾਂ 'ਤੇ ਸੀ, ਉਸੇ ਤਰ੍ਹਾਂ ਮੋਦੀ ਦੇ ਅਕਸ ਨੇ ਭਾਜਪਾ ਨੂੰ ਸਫਲਤਾ ਦਿਵਾਈ ਹੈ। 
ਅਮਿਤ ਸ਼ਾਹ ਦੀ ਤਾਕਤ ਮੋਦੀ ਦੀ ਹਰਮਨਪਿਆਰਤਾ ਨੂੰ ਭਾਜਪਾ ਲਈ ਸੀਟਾਂ ਵਿਚ ਬਦਲ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਵਾਜਪਾਈ ਦੇ ਰਾਸ਼ਟਰਵਿਆਪੀ ਅਕਸ ਦੇ ਬਾਵਜੂਦ ਇਕ ਸਮਾਂ ਅਜਿਹਾ ਸੀ, ਜਦੋਂ ਇਸ ਨੂੰ ਕੈਸ਼ ਕਰ ਕੇ ਵੱਡੀ ਗਿਣਤੀ ਵਿਚ ਸੀਟਾਂ ਜਿੱਤਣ ਲਈ ਭਾਜਪਾ 'ਚ ਕੋਈ ਨਹੀਂ ਸੀ। ਅਡਵਾਨੀ ਇਕ ਚੰਗੇ ਆਗੂ ਸਨ ਪਰ ਉਹ ਖੁਦ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਨਜ਼ਰਾਂ ਟਿਕਾਈ ਬੈਠੇ ਸਨ। ਉਨ੍ਹਾਂ ਦੇ ਯਤਨਾਂ ਵਿਚ ਅਜਿਹਾ ਕੁਝ ਨਹੀਂ ਸੀ, ਜੋ ਚੋਣਾਂ ਦੇ ਸਮੇਂ ਜਿੱਤ-ਹਾਰ ਵਿਚਾਲੇ ਇਕ ਅਹਿਮ ਫਰਕ ਪਾ ਦਿੰਦਾ।
ਅਮਿਤ ਸ਼ਾਹ ਨਰਿੰਦਰ ਮੋਦੀ ਦੇ ਵਿਰੋਧੀ ਨਹੀਂ ਹਨ ਤੇ ਨਾ ਹੀ ਉਨ੍ਹਾਂ ਦੀ ਨਜ਼ਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਹੈ। ਘੱਟੋ-ਘੱਟ ਉਦੋਂ ਤਕ ਤਾਂ ਬਿਲਕੁਲ ਵੀ ਨਹੀਂ, ਜਦੋਂ ਤਕ ਉਨ੍ਹਾਂ ਦੇ ਗੁਜਰਾਤੀ ਸਹਿਯੋਗੀ, ਭਾਵ ਨਰਿੰਦਰ ਮੋਦੀ ਆਪਣਾ ਦੂਜਾ ਕਾਰਜਕਾਲ 2024 'ਚ ਪੂਰਾ ਨਹੀਂ ਕਰ ਲੈਂਦੇ। ਉਦੋਂ ਫਿਰ ਪਾਰਟੀ ਦੀ ਅਗਵਾਈ ਕੌਣ ਕਰੇਗਾ ਜਾਂ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਮੋਦੀ ਹੀ ਇਹ ਫਰਜ਼ ਨਿਭਾਉਣ ਲਈ ਤਿਆਰ ਹੋ ਜਾਂਦੇ ਹਨ ਤੇ ਲਗਾਤਾਰ ਤੀਜੀ ਵਾਰ 5 ਵਰ੍ਹਿਆਂ ਲਈ ਆਪਣਾ ਅਹੁਦਾ ਸੰਭਾਲਦੇ ਹਨ—ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਭਵਿੱਖ ਦੇ ਗਰਭ 'ਚ ਹਨ। 
ਹਾਲਾਂਕਿ ਭਾਜਪਾ ਵਿਚ ਕੁਝ ਅਜਿਹੇ ਲੋਕ ਵੀ ਹਨ, ਜੋ 2024 ਜਾਂ ਉਸ ਤੋਂ ਬਾਅਦ ਮੋਦੀ ਵਲੋਂ ਦੌੜ 'ਚੋਂ ਬਾਹਰ ਹੋਣ ਦੀ ਸੂਰਤ ਵਿਚ ਅਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਦੀਆਂ ਸੰਭਾਵਨਾਵਾਂ ਦਰਮਿਆਨ ਖੜ੍ਹੇ ਹੋ ਸਕਦੇ ਹਨ। 
ਪਰ ਅਜੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੋਦੀ-ਸ਼ਾਹ ਦੀ ਜੋੜੀ ਅਗਲੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਰਾਹ 'ਤੇ ਹੈ। ਬਿਹਤਰ ਸੰਦੇਸ਼ ਅਤੇ ਭਾਸ਼ਣ ਕਲਾ ਇਸ ਗੱਲ ਦਾ ਪੂਰਾ ਜਵਾਬ ਨਹੀਂ ਦਿੰਦੀ ਕਿ ਮੋਦੀ ਲੋਕਾਂ ਵਿਚ ਇੰਨੇ ਹਰਮਨਪਿਆਰੇ ਕਿਉਂ ਹਨ? ਸੱਚ ਤਾਂ ਇਹ ਹੈ ਕਿ ਜ਼ਮੀਨੀ ਪੱਧਰ 'ਤੇ ਆਮ ਆਦਮੀ ਨੂੰ ਪ੍ਰਸ਼ਾਸਨ ਵਿਚ ਫਰਕ ਨਜ਼ਰ ਆਉਂਦਾ ਹੈ—ਚਾਹੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਤਕ ਰਸੋਈ ਗੈਸ ਦੇ ਸਿਲੰਡਰ ਪਹੁੰਚਾਉਣਾ ਹੋਵੇ, ਭ੍ਰਿਸ਼ਟਾਚਾਰ ਤੇ ਕਾਲੇ ਧਨ ਵਿਰੁੱਧ ਮੁਹਿੰਮ ਹੋਵੇ, ਤੱਥ ਇਹ ਹੈ ਕਿ ਇਨ੍ਹਾਂ ਨਾਲ ਪ੍ਰਧਾਨ ਮੰਤਰੀ ਦੇ ਅਕਸ ਵਿਚ ਹੋਰ ਚਮਕ ਆਈ ਹੈ। ਇਹ ਵਿਆਪਕ ਧਾਰਨਾ ਹੈ ਕਿ ਉਨ੍ਹਾਂ ਨੂੰ ਗਰੀਬਾਂ ਨਾਲ ਮਤਲਬ ਹੈ ਅਤੇ ਉਹ ਉਨ੍ਹਾਂ ਦੀ ਪ੍ਰਵਾਹ ਕਰਦੇ ਹਨ। ਇਹੋ ਉਨ੍ਹਾਂ ਦੀ ਵਧਦੀ ਹਰਮਨਪਿਆਰਤਾ ਦੀ ਵਜ੍ਹਾ ਹੈ। 
ਸਭ ਤੋਂ ਵਧ ਕੇ ਮੋਦੀ ਵਿਰੋਧੀ ਤਾਕਤਾਂ ਦੀ ਕਮਜ਼ੋਰ ਸਥਿਤੀ ਸ਼ਾਇਦ 2019 ਵਿਚ ਭਾਜਪਾ ਨੂੰ ਮੁੜ ਵੱਡੀ ਗਿਣਤੀ 'ਚ ਸੀਟਾਂ ਜਿੱਤਣ ਦਾ ਭਰੋਸਾ ਦੇ ਰਹੀ ਹੈ। ਨਿਤੀਸ਼ ਕੁਮਾਰ ਦੇ ਮੋਦੀ ਦੇ ਧੜੇ ਵਿਚ ਵਾਪਿਸ ਜਾਣ ਅਤੇ ਸ਼ਰਦ ਯਾਦਵ ਵਲੋਂ ਆਪਣੇ ਲੰਮੇ ਸਿਆਸੀ ਕੈਰੀਅਰ ਨੂੰ ਬਚਾਉਣ ਲਈ ਆਪਣੇ ਦਮ 'ਤੇ ਯਤਨ ਕਰਨ ਕਰਕੇ ਵਿਰੋਧੀ ਧਿਰ ਦੇ ਮੁੜ ਸੁਰਜੀਤ ਹੋਣ ਦੇ ਮੌਕੇ ਬਹੁਤ ਘੱਟ ਨਜ਼ਰ ਆਉਂਦੇ ਹਨ। 
ਜਿਥੇ ਮਮਤਾ ਬੈਨਰਜੀ ਦਾ ਬੰਗਾਲ ਤੋਂ ਬਾਹਰ ਬਹੁਤ ਘੱਟ ਜਾਂ ਨਾ ਦੇ ਬਰਾਬਰ ਅਸਰ ਹੈ, ਉਥੇ ਹੀ ਲਾਲੂ ਯਾਦਵ ਆਪਣੇ 'ਡਾਗ ਹਾਊਸ' ਵਿਚ ਹਨ। ਕਾਂਗਰਸ ਦੇ 'ਬੰਧੂਆ ਗੁਲਾਮਾਂ' ਵਲੋਂ ਪਰਿਵਾਰਵਾਦ ਦੇ ਚੁੰਗਲ 'ਚੋਂ ਮੁਕਤ ਹੋਣ ਤੋਂ ਇਨਕਾਰ ਕਰਨ ਕਰਕੇ ਹੀ ਵਿਰੋਧੀ ਧਿਰ ਕਲਾਬਾਜ਼ੀਆਂ ਖਾ ਰਹੀ ਹੈ। ਜਦੋਂ ਤਕ ਪਰਿਵਾਰ ਦੇ ਪਿੰ੍ਰਸ ਦੇ ਹੱਥਾਂ 'ਚ ਕਮਾਨ ਰਹੇਗੀ, ਉਦੋਂ ਤਕ ਇਸ ਪਾਰਟੀ ਦੇ ਅੱਗੇ ਵਧਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਹਾਲਾਂਕਿ ਮੋਦੀ-ਸ਼ਾਹ ਦੀ ਜੋੜੀ ਦੀ ਇਹ ਬਹੁਤ ਵੱਡੀ ਗਲਤੀ ਹੋਵੇਗੀ, ਜੇ ਉਹ ਲੋਕਾਂ ਨੂੰ ਆਪਣੇ ਹੱਕ 'ਚ ਮੰਨ ਲਵੇਗੀ। ਕੋਈ ਨਹੀਂ ਕਹਿ ਸਕਦਾ ਕਿ ਲੋਕਾਂ ਦਾ ਮੂਡ ਕਦੋਂ ਸੱਤਾਧਾਰੀ ਪਾਰਟੀ ਦੇ ਵਿਰੁੱਧ ਹੋ ਜਾਵੇ।