ਮਾਇਆਵਤੀ ਮਨੂਵਾਦ ਦਾ ''ਅੰਨ੍ਹਾ ਵਿਰੋਧ'' ਕਰਨਾ ਛੱਡੇ

03/25/2017 8:01:49 AM

ਕੋਈ ਇਕ ਜਾਤ, ਇਕ ਸਮੂਹ ਦੇ ਭਰੋਸੇ ਸੱਤਾ ਹਾਸਿਲ ਨਹੀਂ ਕਰ ਸਕਦਾ। ਕੋਈ ਇਕ ਜਾਤ ਤੇ ਸਮੂਹ ਦਰਮਿਆਨ ਨਫਰਤ ਫੈਲਾ ਕੇ ਵੀ ਸੱਤਾ ਹਾਸਿਲ ਨਹੀਂ ਕਰ ਸਕਦਾ। ਸੱਤਾ ਹਾਸਿਲ ਕਰਨ ਲਈ ਸਾਰੀਆਂ ਜਾਤਾਂ ਤੇ ਸਮੂਹਾਂ ਦਾ ਸਮਰਥਨ ਹਾਸਿਲ ਕਰਨਾ ਜ਼ਰੂਰੀ ਹੈ। ਇਹ ਸਮੀਕਰਣ ਵਾਰ-ਵਾਰ ਚੋਣਾਂ ''ਚ ਸਿੱਧ ਹੋ ਰਹੇ ਹਨ ਪਰ ਭਾਰਤੀ ਸਿਆਸਤ ਵਿਚ ਅਜੇ ਵੀ ਕੁਝ ਨੇਤਾ ਤੇ ਸਿਆਸੀ ਧੜੇ ਅਜਿਹੇ ਹਨ, ਜੋ ਵਾਰ-ਵਾਰ ਮਾਤ ਖਾਣ ਦੇ ਬਾਵਜੂਦ ਇਹ ਗੱਲਾਂ ਸਮਝਣ ਲਈ ਤਿਆਰ ਨਹੀਂ ਹਨ। ਮਿਸਾਲ ਵਜੋਂ ਮਾਇਆਵਤੀ ਨੂੰ ਲਿਆ ਜਾ ਸਕਦਾ ਹੈ। ਹੁਣੇ-ਹੁਣੇ ਹੋਈਆਂ ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ''ਚ ਮਾਇਆਵਤੀ ਨੂੰ ਕਰਾਰੀ ਹਾਰ ਮਿਲੀ ਤੇ ਉਸ ਦੀਆਂ ਸਾਰੀਆਂ ਉਮੀਦਾਂ ''ਤੇ ਪਾਣੀ ਫਿਰ ਗਿਆ। ਦਲਿਤ ਤੇ ਮੁਸਲਿਮ ਵੋਟ ਬੈਂਕ ਦੇ ਸਹਾਰੇ ਮੁੜ ਸੱਤਾ ਹਾਸਿਲ ਕਰਨ ਦੇ ਉਸ ਦੇ ਸੁਪਨੇ ਚੂਰ-ਚੂਰ ਹੋ ਗਏ। ਫਿਰ ਵੀ ਮਾਇਆਵਤੀ ਅਸਲੀਅਤ ਨੂੰ ਸਮਝਣ ਅਤੇ ਆਪਣੇ ਸਿਆਸੀ ਰੁਝਾਨ ਬਦਲਣ ਲਈ ਤਿਆਰ ਨਹੀਂ। ਅਸਲ ''ਚ ਉਹ ਸਰਵਜਨ ਤਾਕਤ ਨੂੰ ਕਬੂਲ ਕਰਨ ਲਈ ਤਿਆਰ ਹੀ ਨਹੀਂ ਹੈ। ਭੜਕਾਊ ਬਿਆਨ ਦੇ ਕੇ ਲੋਕ-ਰਾਏ ਦੀ ਕਸੌਟੀ ਨੂੰ ਨਕਾਰਨਾ ਉਸ ਦੀ ਆਦਤ ਬਣ ਚੁੱਕੀ ਹੈ, ਜੋ ਆਤਮਘਾਤੀ ਬਣ ਕੇ ਮਾਇਆਵਤੀ ''ਤੇ ਹੀ ਕਹਿਰ ਢਾਹੁੰਦੀ ਹੈ।
ਕੀ ਇਹ ਸਹੀ ਨਹੀਂ ਕਿ ਮਾਇਆਵਤੀ ਆਪਣੀ ਹਾਰ ਨੂੰ ਕਬੂਲਣ ਦੀ ਬਜਾਏ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਨੂੰ ਦੋਸ਼ ਦੇ ਰਹੀ ਹੈ, ਜਦਕਿ 2007 ''ਚ ਈ. ਵੀ. ਐੱਮ. ਦੇ ਜ਼ਰੀਏ ਹੋਈਆਂ ਚੋਣਾਂ ''ਚ ਹੀ ਮਾਇਆਵਤੀ ਨੇ ਸੱਤਾ ਹਾਸਿਲ ਕੀਤੀ ਸੀ। ਲੋਕਤੰਤਰ ''ਚ ਹਾਰ ਨੂੰ ਵੀ ਕਬੂਲਣ ਦੀ ਰਵਾਇਤ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਇਕ ਸੰਦੇਸ਼, ਸਬਕ ਸਨ ਪਰ ਮਾਇਆਵਤੀ ਨੇ ਉਨ੍ਹਾਂ ਨੂੰ ਸਮਝਣ ਦੀ ਗਲਤੀ ਦੁਹਰਾਈ। ਲੋਕ ਸਭਾ ਚੋਣਾਂ ''ਚ ਮਾਇਆਵਤੀ (ਬਸਪਾ) ਨੂੰ ਯੂ. ਪੀ. ਵਿਚ ਇਕ ਵੀ ਸੀਟ ਨਹੀਂ ਮਿਲੀ ਸੀ।
ਜੇ ਉਨ੍ਹਾਂ ਨਤੀਜਿਆਂ ਨੂੰ ਦੇਖ ਕੇ ਮਾਇਆਵਤੀ ਹੁਣ ਨਵੀਂ ਰਣਨੀਤੀ ਬਣਾਉਂਦੀ ਤੇ ਮਨੂਵਾਦ ਦੇ ਵਿਰੋਧ ਦਾ ਛੁਣਛੁਣਾ ਵਜਾਉਣ ਦੀ ਬਜਾਏ ਦਲਿਤਾਂ ਦੀ ਭਲਾਈ ਲਈ ਸੱਚਮੁਚ ਰਣਨੀਤੀਆਂ ਅੱਗੇ ਲਿਆਉਂਦੀ ਤਾਂ ਸ਼ਾਇਦ ਉਹ ਚੁਣੌਤੀ ਭਰੀ ਸਿਆਸੀ ਤਾਕਤ ਬਣ ਕੇ ਉੱਭਰ ਸਕਦੀ ਸੀ।
ਸਮਾਜ ''ਚ ਨਫਰਤ ਤੇ ਹਿੰਸਾ ਫੈਲਾਉਣੀ ਸੌਖੀ ਹੈ। ਇਸ ਨਾਲ ਸਿਆਸੀ ਰੋਟੀਆਂ ਤਾਂ ਸੇਕੀਆਂ ਜਾ ਸਕਦੀਆਂ ਹਨ ਪਰ ਫੈਸਲਾਕੁੰਨ ਤੇ ਅਜੇਤੂ ਤਾਕਤ ਹਾਸਿਲ ਨਹੀਂ ਕੀਤੀ ਜਾ ਸਕਦੀ। ਦਲਿਤਾਂ ਦਾ ਜਿੰਨਾ ਸ਼ੋਸ਼ਣ ਹੋਇਆ ਹੈ, ਜਿੰਨੇ ਉਨ੍ਹਾਂ ''ਤੇ ਅੱਤਿਆਚਾਰ ਹੋਏ ਹਨ, ਉਸ ਦੀ ਕੋਈ ਹੱਦ ਨਹੀਂ ਦੱਸੀ ਜਾ ਸਕਦੀ। ਦਲਿਤ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਅਪਮਾਨਿਤ ਹੋ ਰਹੇ ਹਨ ਤੇ ਹਾਸ਼ੀਏ ''ਤੇ ਖੜ੍ਹੇ ਹਨ ਪਰ ਇਹ ਕਹਿਣਾ ਵੀ ਸਹੀ ਨਹੀਂ ਹੈ ਕਿ ਭਾਰਤੀ ਸਮਾਜ ਬਦਲਿਆ ਨਹੀਂ, ਆਮ ਲੋਕਾਂ ਦੀ ਦਲਿਤਾਂ ਪ੍ਰਤੀ ਸੋਚ ਨਹੀਂ ਬਦਲੀ।
ਭਾਰਤੀ ਸਮਾਜ ਬਦਲਿਆ ਹੈ, ਦਲਿਤਾਂ ਪ੍ਰਤੀ ਲੋਕਾਂ ਦੀ ਸੋਚ ਵੀ ਬਦਲੀ ਹੈ ਅਤੇ ਪੁਰਾਣੀਆਂ ਰਵਾਇਤਾਂ ਟੁੱਟ ਰਹੀਆਂ ਹਨ। ਆਰਥਿਕ ਤਾਕਤ ਵੀ ਇਕ ਯਕਸ਼ ਸਵਾਲ ਰਹੀ ਹੈ। ਰਾਖਵੇਂਕਰਨ ਤੇ ਸਿਆਸੀ ਤਾਕਤ ਕਾਰਨ ਦਲਿਤਾਂ ਪ੍ਰਤੀ ਸੋਚ ਬਦਲੀ ਹੈ ਤੇ ਦਲਿਤ ਵੀ ਰਾਖਵੇਂਕਰਨ ਸਦਕਾ ਖੁਸ਼ਹਾਲ, ਤਾਕਤਵਰ ਹੋਏ ਹਨ ਪਰ ਮਾਇਆਵਤੀ ਵਰਗੀ ਨੇਤਾ ਦੀ ਮਾਨਸਿਕਤਾ ਇਸ ਸੱਚਾਈ ਨੂੰ ਕਦੇ ਵੀ ਸਵੀਕਾਰ ਨਹੀਂ ਕਰਦੀ। ਇਹ ਵੀ ਸਹੀ ਹੈ ਕਿ ਸਿਆਸੀ ਤਾਕਤ ਤੇ ਰਾਖਵੇਂਕਰਨ ਦੀ ਤਾਕਤ ਨਾਲ ਸਾਰੇ ਦਲਿਤਾਂ ਨੂੰ ਲਾਭ ਨਹੀਂ ਹੋਇਆ ਹੈ ਤੇ ਦਲਿਤਾਂ ਦਾ ਬਹੁਤ ਵੱਡਾ ਹਿੱਸਾ ਇਨ੍ਹਾਂ ਲਾਭਾਂ ਤੋਂ ਵਾਂਝਾ ਹੈ। ਇਸ ਗੱਲ ''ਤੇ ਬਹਿਸ ਹੋ ਸਕਦੀ ਹੈ ਪਰ ਨਹੀਂ ਹੁੰਦੀ। ਜੇਕਰ ਬਹਿਸ ਹੋਵੇਗੀ ਤਾਂ ਜ਼ਿਆਦਾਤਰ ਦਲਿਤਾਂ ਦੇ ਹੱਕਾਂ ''ਤੇ ਕੁੰਡਲੀ ਮਾਰ ਕੇ ਬੈਠਾ ਦਲਿਤਾਂ ਦਾ ਇਕ ਹਿੱਸਾ ਬੇਪਰਦਾ ਹੋ ਜਾਵੇਗਾ। ਨਿਰਣਾਇਕ ਤੌਰ ''ਤੇ ਮਾਇਆਵਤੀ ਨਾ ਤਾਂ ਕਾਂਸ਼ੀ ਰਾਮ ਹੈ ਅਤੇ ਨਾ ਹੀ ਡਾ. ਅੰਬੇਡਕਰ। ਇਨ੍ਹਾਂ ਦੋਹਾਂ ਆਗੂਆਂ ਨੂੰ ਪੈਸੇ, ਜਾਇਦਾਦ ਨਾਲ ਕੋਈ ਮੋਹ ਨਹੀਂ ਸੀ। ਉਹ ਤਾਂ ਸਿਰਫ ਦਲਿਤਾਂ ਦੀ ਤਰੱਕੀ ਅਤੇ ਭਲਾਈ ਚਾਹੁੰਦੇ ਸਨ। ਕਾਂਸ਼ੀ ਰਾਮ ਪਾਰਟੀ ਅਤੇ ਸੰਗਠਨ ਵਿਚ ਆਏ ਪੈਸੇ ਨੂੰ ਵਰਕਰਾਂ ਦਰਮਿਆਨ ਵੰਡ ਦਿੰਦੇ ਸਨ, ਇਸ ਲਈ ਉਨ੍ਹਾਂ ਪ੍ਰਤੀ ਦਲਿਤਾਂ ਦਾ ਸਨਮਾਨ ਜਾਰੀ ਹੈ। ਡਾ. ਅੰਬੇਡਕਰ ਕਹਿੰਦੇ ਸਨ ਕਿ ਸਿਰਫ ਗਾਲ੍ਹਾਂ ਕੱਢਣ ਨਾਲ ਦਲਿਤਾਂ ਦਾ ਭਲਾ, ਵਿਕਾਸ ਨਹੀਂ ਹੋਵੇਗਾ। ਉਹ ਰਚਨਾਤਮਕ ਕੰਮ ''ਤੇ ਜ਼ਿਆਦਾ ਕੇਂਦ੍ਰਿਤ ਸਨ ਤੇ ਸਾਰਿਆਂ ਨੂੰ ਪੜ੍ਹ-ਲਿਖ ਕੇ ਯੋਗ ਬਣਨ ਦੀ ਸਿੱਖਿਆ ਦਿੰਦੇ ਸਨ।
ਦਲਿਤਾਂ ''ਚ ਸਿਰਫ ਮਾਇਆਵਤੀ ਦੀ ਹੀ ਜਾਤ ਨਹੀਂ ਹੈ, ਹੋਰ ਵੀ ਕਈ ਜਾਤਾਂ ਹਨ। ਦਲਿਤਾਂ ਦਰਮਿਆਨ ਅੱਜ ਰਚਨਾਤਮਕ ਕੰਮ ਹੋ ਕਿੱਥੇ ਰਿਹਾ ਹੈ? ਦਲਿਤਾਂ ਨੂੰ ਭੜਕਾ ਕੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਹਨ, ਦਲਿਤਾਂ ਨੂੰ ਫਾਰਵਰਡ  ਤੇ ਪੱਛੜੀਆਂ ਜਾਤਾਂ ਨਾਲ ਲੜਾਉਣ ਦਾ ਕੰਮ ਜਾਰੀ ਹੈ। ਸਿਰਫ ਮਨੂਵਾਦ ਦੇ ਅੰਨ੍ਹੇ ਵਿਰੋਧ ਨਾਲ ਮਾਇਆਵਤੀ ਨੂੰ ਕਦੇ ਸੱਤਾ ਹਾਸਿਲ ਨਹੀਂ ਹੋ ਸਕਦੀ। ਮਾਇਆਵਤੀ ਨੇ ਖ਼ੁਦ ਵੀ ਇਹ ਮੰਨਿਆ ਹੈ, ਫਿਰ ਵੀ ਉਹ ਮਨੂਵਾਦ ਦੇ ਵਿਰੋਧ ਤੋਂ ਬਾਜ਼ ਨਹੀਂ ਆ ਰਹੀ। 2007 ''ਚ ਮਾਇਆਵਤੀ ਨੂੰ ਸੱਤਾ ''ਸਰਵਜਨ ਸੁਖਾਯ, ਸਰਵਜਨ ਹਿਤਾਯ'' ਦੇ ਸਿਧਾਂਤ ''ਤੇ ਮਿਲੀ ਸੀ। ਉਦੋਂ ਬਦਲ ਦੀ ਵੀ ਘਾਟ ਸੀ। ਮੁਲਾਇਮ ਸਿੰਘ ਦੀ ਸੱਤਾ ਉਦੋਂ ਅਰਾਜਕ ਸੀ ਅਤੇ ਭਾਜਪਾ ਖ਼ੁਦ ਕਮਜ਼ੋਰ ਸੀ। ਮਾਇਆਵਤੀ ਨੇ ਉਦੋਂ ਮੁਸਲਿਮ, ਦਲਿਤ ਅਤੇ ਬ੍ਰਾਹਮਣ ਗੱਠਜੋੜ ਦੇ ਦਮ ''ਤੇ ਸੱਤਾ ਹਾਸਿਲ ਕੀਤੀ ਸੀ ਤੇ ਉਸ ਦੀ ਸਰਕਾਰ ਪੂਰੇ 5 ਸਾਲ ਚੱਲੀ ਸੀ। ਉਹ ਚਾਹੁੰਦੀ ਤਾਂ ਦਲਿਤਾਂ ਦੀ ਤਸਵੀਰ ਬਦਲ ਸਕਦੀ ਸੀ, ਦਲਿਤ ਆਪਣਾ ਵਿਕਾਸ ਕਰ ਸਕਦੇ ਸਨ, ਖੁਦ ਨੂੰ ਤਾਕਤਵਰ ਬਣਾ ਸਕਦੇ ਸਨ ਪਰ ਦਲਿਤਾਂ ਦੇ ਨਾਂ ''ਤੇ ਸਿਆਸਤ ਕਰਨ ਵਾਲੀ ਮਾਇਆਵਤੀ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ''ਚ ਉਨ੍ਹਾਂ ਲਈ ਕੁਝ ਖਾਸ ਨਹੀਂ ਕੀਤਾ।
ਸਰਕਾਰੀ ਵਿਭਾਗਾਂ ਵਿਚ ਜੋ ਅਹੁਦੇ ਖਾਲੀ ਸਨ, ਉਨ੍ਹਾਂ ''ਤੇ ਦਲਿਤਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਸੀ ਪਰ ਨਹੀਂ ਹੋਈ। ਮਾਇਆਵਤੀ ਤਾਂ ਸਿਰਫ ਦਲਿਤਾਂ ਦੇ ਨਾਂ ''ਤੇ ਸਿਆਸਤ ਕਰਦੀ ਹੈ। ਅਸਲ ''ਚ ਉਹ ਵੀ ਨਹੀਂ ਚਾਹੁੰਦੀ ਕਿ ਦਲਿਤ ਤਾਕਤਵਰ ਬਣਨ ਕਿਉਂਕਿ ਜੇ ਉਹ ਤਾਕਤਵਰ ਬਣ ਗਏ, ਪੂਰੀ ਤਰ੍ਹਾਂ ਜਾਗਰੂਕ ਹੋ ਗਏ ਤਾਂ ਫਿਰ ਮਾਇਆਵਤੀ ਦੀ ਦੌਲਤਵਾਦੀ ਮਾਨਸਿਕਤਾ ਵੀ ਉਨ੍ਹਾਂ ਦੇ ਧਿਆਨ ''ਚ ਆ ਜਾਵੇਗੀ।
ਮਾਇਆਵਤੀ ਨੂੰ ਸਮਝਣਾ ਚਾਹੀਦਾ ਹੈ ਕਿ ਮਨੂਵਾਦ ਦਾ ਅੰਨ੍ਹਾ ਵਿਰੋਧ ਨੁਕਸਾਨਦੇਹ ਹੈ ਅਤੇ ਹਿੰਦੂ ਵਿਰੋਧ ਨਾਲ ਵੀ ਮਾਇਆਵਤੀ ਘਾਟੇ ''ਚ ਹੀ ਰਹੇਗੀ। ਦਲਿਤਾਂ ਅਤੇ ਪੱਛੜਿਆਂ ਦੀਆਂ ਬਹੁਤੀਆਂ ਜਾਤਾਂ ਦੇ ਲੋਕ ਅੱਜ ਵੀ ਹਿੰਦੂਵਾਦ ਨਾਲ ਜੁੜੇ ਹੋਏ ਹਨ। ਇਸ ਲਈ ਮਾਇਆਵਤੀ ਨੂੰ ਹੁਣ ਹਿੰਦੂਵਾਦ ''ਤੇ ਆਧਾਰਿਤ ਅੰਨ੍ਹੇ ਵਿਰੋਧ ਦੀ ਸਿਆਸਤ ਛੱਡਣੀ ਚਾਹੀਦੀ ਹੈ।                             (guptvishnu@gmail.com)