‘ਮਨ ਕੀ ਬਾਤ’ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦਾ ਪ੍ਰਗਟਾਵਾ

04/27/2023 5:24:46 PM

ਭਾਰਤੀ ਸੱਭਿਆਚਾਰ ’ਚ ਮੰਗਲਕਾਰੀ ਕੰਮ ਲਈ ਸਮੂਹਿਕ ਸੰਕਲਪ ਦੀ ਰਵਾਇਤ ਰਹੀ ਹੈ। ਭਾਰਤ ਵਰਗੇ ਸੱਭਿਆਚਾਰਕ ਰਾਸ਼ਟਰ ਦੇ ਸਮੁੱਚੇ ਸੰਚਾਲਨ ਲਈ ਅਜਿਹੀ ਸਮਰੱਥ ਲੀਡਰਸ਼ਿਪ ਜ਼ਰੂਰੀ ਹੈ, ਜੋ ਦੂਰਦ੍ਰਿਸ਼ਟੀ ਰੱਖਦੀ ਹੋਵੇ ਜੋ ਲੋਕਾਂ ਦੇ ਨਾਲ ਨਿਯਮਿਤ ਵੱਕਫੇ ’ਚ ਸਮਕਾਲੀ ਵਿਸ਼ਿਆਂ ’ਤੇ ਗੱਲਬਾਤ ਕਰੇ, ਉਨ੍ਹਾਂ ਦੇ ਮਨ ਨੂੰ ਸਮਝੇ ਅਤੇ ਆਪਣਾ ਉਨ੍ਹਾਂ ਨੂੰ ਸਮਝਾਵੇ। ਉਸ ਤੋਂ ਬਾਅਦ ਫੈਸਲਾ ਲੈ ਕੇ ਉਨ੍ਹਾਂ ਨੂੰ ਫਲਦਾਇਕ ਬਣਾਏ, ਜਿਸ ਨਾਲ ਲੋਕਾਂ ’ਚ ਵਿਸ਼ਵਾਸ ਪੈਦਾ ਹੋਵੇ ਕਿ ਰਾਸ਼ਟਰ ਸੁਰੱਖਿਅਤ ਹੱਥਾਂ ’ਚ ਹੈ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੀ ਅਰਥਾਂ ’ਚ ਸੰਪੂਰਨ ਸ਼ਖਸੀਅਤ ਹਨ। ਮੁੜ ਨਿਰਮਾਣ ਲਈ ਉਹ ਦ੍ਰਿੜ੍ਹ ਸੰਕਲਪ ਹਨ। ਸਾਲ 2014 ’ਚ ਪ੍ਰਧਾਨ ਮੰਤਰੀ ਵਰਗੇ ਗੁਰੂ ਵਰਗੀ ਜ਼ਿੰਮੇਵਾਰੀ ਨੂੰ ਸੰਭਾਲਦੇ ਹੀ ਉਨ੍ਹਾਂ ਚੋਣ ਵਾਅਦਿਆਂ ’ਤੇ ਅਮਲ ਸ਼ੁਰੂ ਕੀਤਾ। 15 ਅਗਸਤ 2014 ਨੂੰ ਲਾਲ ਕਿਲੇ ਤੋਂ ਦੇਸ਼ ਨੂੰ ਸਵੱਛ ਬਣਾਉਣ ਦੀ ਮੁਹਿੰਮ ਛੇੜੀ। 3 ਅਕਤੂਬਰ 2014 ਨੂੰ ਲੋਕਾਂ ਨਾਲ ਸਿੱਧੇ ਗੱਲਬਾਤ ਲਈ ‘ਮਨ ਕੀ ਬਾਤ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਦਾ ਰੇਡੀਓ ਪ੍ਰਸਾਰਣ ਐਤਵਾਰ ਨੂੰ ਸਵੇਰੇ 11 ਵਜੇ ਹੁੰਦਾ ਹੈ। ਇਸੇ ਮਹੀਨੇ ਪ੍ਰੋਗਰਾਮ ਦੇ 100 ਐਪੀਸੋਡ ਪੂਰੇ ਹੋ ਜਾਣਗੇ। ਹੁਣ ਤੱਕ ਉਹ ਲੋਕਾਂ ਦੇ ਪ੍ਰਮੁੱਖ ਤੌਰ ’ਤੇ ਹੇਠਲੇ ਵਿਸ਼ਿਆਂ ’ਚ ‘ਮਨ ਕੀ ਬਾਤ’ ਰੱਖੇ ਹਨ।

ਪ੍ਰਧਾਨ ਮੰਤਰੀ ਜੀ ਨੇ ‘ਮਨ ਕੀ ਬਾਤ’ ਦੇ ਪਹਿਲੇ ਐਪੀਸੋਡ ’ਚ ਹੀ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੀ ਗੱਲ ਕੀਤੀ। ਜਿਵੇਂ ਸ਼੍ਰੀ ਰਾਮ ਨੇ ਬੁਰਾਈ ਦੇ ਪ੍ਰਤੀਕ ਰਾਵਣ ਦਾ ਅੰਤ ਕੀਤਾ। ਉਂਝ ਹੀ ਅਸੀਂ ‘ਗੰਦਗੀ ਰੂਪੀ ਰਾਵਣ’ ਦੇ ਅੰਤ ਦਾ ਸੰਕਲਪ ਲੈਂਦੇ ਹਾਂ। ਇਸ ਲਈ ਸਾਨੂੰ ਸਾਫ-ਸਫਾਈ ਰੱਖਣਾ, ਕੁੜਾ ਨਾ ਸੁੱਟਣਾ, ਪਲਾਸਟਿਕ ਦੀ ਵਰਤੋਂ ਬੰਦ ਕਰਨੀ, ਕੂੜੇ ਦੀ ਰੀਸਾਈਕਲਿੰਗ ਅਤੇ ਪੌਦੇ ਆਦਿ ਲਗਾਉਣ ਦੇ ਕੰਮ ਕਰਨੇ ਪੈਣਗੇ। ਨਤੀਜੇ ਵਜੋਂ ‘ਸਵੱਛ ਭਾਰਤ ਮੁਹਿੰਮ’ ਜਨ ਅੰਦੋਲਨ ਬਣਿਆ ਜੋ ਲਗਾਤਾਰ ਜਾਰੀ ਹੈ। ਆਜ਼ਾਦੀ ਅੰਦੋਲਨ ’ਚ ਮਹਾਤਮਾ ਗਾਂਧੀ ਨੇ ਚਰਖਾ ਅਤੇ ਖਾਦੀ ਨੂੰ ਸਵੈ-ਨਿਰਭਰਤਾ ਦਾ ਪ੍ਰਤੀਕ ਬਣਾਇਆ, ਜਿਸ ਨਾਲ ਹੱਥ ਨਾਲ ਬਣੇ ਖਾਦੀ ਦੇ ਕੱਪੜੇ ਦੇਸ਼ਭਗਤੀ ਦਾ ਬਦਲ ਬਣਿਆ। ‘ਮਨ ਕੀ ਬਾਤ’ ’ਚ ਮੋਦੀ ਜੀ ਨੇ ਬਾਪੂ ਦੀਆਂ ਯਾਦਾਂ ਜ਼ਿੰਦਾ ਰੱਖਣ ਲਈ ਖਾਦੀ ਦੀ ਵਰਤੋਂ ਅਤੇ ਬੁਣਕਰਾਂ, ਖਾਦੀ ਮਜ਼ਦੂਰਾਂ ਨੂੰ ਮਿਹਨਤਾਨਾ ਦਿਵਾਉਣ ਲਈ ਪ੍ਰੇਰਿਤ ਕੀਤਾ। ਨਤੀਜੇ ਵਜੋਂ ਖਾਦੀ ਉਤਪਾਦਾਂ ਦੀ ਵਿਕਰੀ ’ਚ ਤੇਜ਼ੀ ਆਈ। ਮੋਦੀ ਦੀਆਂ ਜਨਹਿਤਕਾਰੀ ਯੋਜਨਾਵਾਂ ’ਚੋਂ ਇਕ ਹੈ ‘ਆਤਮਨਿਰਭਰ ਭਾਰਤ ਦੀ ਕਲਪਨਾ’। ਮਨ ਕੀ ਬਾਤ ’ਚ ਉਨ੍ਹਾਂ ਯਕੀਨ ਦਿਵਾਇਆ ਕਿ ਜਨਤਾ ਦੇ ਇਸ ਯਤਨ ’ਚ ਸਰਕਾਰ ਉਨ੍ਹਾਂ ਦੇ ਨਾਲ ਹੈ। ਉਦਯੋਗ ਲਾਉਣ ਲਈ ਤਮਾਮ ਰੁਕਾਵਟਾਂ ਅਤੇ ਅੜਿੱਕਿਆਂ ਨੂੰ ਉਨ੍ਹਾਂ ਨੇ ਦੂਰ ਕੀਤਾ। ਨਤੀਜੇ ਵਜੋਂ ਦੇਸ਼ ਆਤਮਨਿਰਭਰਤਾ ਵੱਲ ਅਗਾਂਹਵਧੂ ਹੈ। 21ਵੀਂ ਸਦੀ ‘ਤਕਨੀਕੀ ਮਾਹਰਤਾ’ ਦੀ ਹੈ। ਮੋਦੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ‘ਮਨ ਕੀ ਬਾਤ’ ’ਚ ਕਹਿੰਦੇ ਹਨ ਕਿ ਅਸੀਂ ਤਕਨੀਕੀ ਵਿਕਾਸ ’ਤੇ ਜ਼ੋਰ ਦੇਣਾ ਹੈ। ਨੌਜਵਾਨ ਚਾਹ ਲੈਣ ਤਾਂ ਤਕਨੀਕੀ ਖੇਤਰ ’ਚ ਅਸੀਂ ਚੋਟੀ ’ਤੇ ਪੁੱਜ ਸਕਦੇ ਹਾਂ। ਇਸ ਨੂੰ ਵਧਣ ਫੁੱਲਣ ਲਈ 2023 ਦੇ ਬਜਟ ’ਚ ਕਈ ਵਿਵਸਥਾਵਾਂ ਹਨ ਜਿਵੇਂ ਕੋਡਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਮੈੈਕੈਨਤ੍ਰੋਨਿਕਸ, ਇੰਟਰਨੈੱਟ ਆਫ ਥਿੰਗਸ ਅਤੇ 3-ਡੀ ਪ੍ਰਿੰਟਿੰਗ, ਡ੍ਰੋਨ ਆਦਿ ਤਕਨੀਕੀ ਵਿਸ਼ਿਆਂ ’ਚ ਨੌਜਵਾਨਾਂ ਦਾ ਮਾਹਿਰ ਵਿਕਾਸ।

‘ਪ੍ਰਤਿਭਾ ਮਿਹਨਤ’ ਨੂੰ ਉਤਸ਼ਾਹਿਤ ‘ਮਨ ਕੀ ਬਾਤ’ ਨੂੰ ਵਿਸ਼ੇਸ਼ ਬਣਾਉਂਦਾ ਹੈ। ਇਸ ’ਚ ਪ੍ਰਧਾਨ ਮੰਤਰੀ ਜੀ ਦੇਸ਼ ’ਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੀ ਜਾਣ ਪਛਾਣ ਦੇਸ਼ ਵਾਸੀਆਂ ਨੂੰ ਕਰਵਾਉਂਦੇ ਹਨ। ਇਨ੍ਹਾਂ ’ਚੋਂ ਕਈ ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਸਾਰੇ ਜਾਣਦੇ ਹਨ ਕਿ ਕੁਝ ਲੋਕ ਵਿਦੇਸ਼ਾਂ ਵੱਲੋਂ ਸੰਚਾਲਿਤ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ’ਚ ਨੌਜਵਾਨਾਂ ਨੂੰ ਸਿੱਖਿਆ, ਮਾਹਿਰ ਵਿਕਾਸ, ਸਵੈ-ਰੋਜ਼ਗਾਰ, ਖੇਡਾਂ ਆਦਿ ’ਤੇ ਧਿਆਨ ਦੇਣ ਨੂੰ ਉਤਸ਼ਾਹਿਤ ਕੀਤਾ ਜਿਸ ਨਾਲ ਨੌਜਵਾਨ ਵਰਗ ਹਾਂਪੱਖੀ ਕੰਮਾਂ ’ਚ ਮਾਹਿਰ ਰਹੇ ਅਤੇ ਅਜਿਹੀਆਂ ਸਰਗਰਮੀਆਂ ਨਾ ਹੋਣ। ‘ਸਟਾਰਟਅਪ ਇੰਡੀਆ’ ਵਰਗੇ ਰਚਨਾਤਨਕ ਪ੍ਰੋਗਰਾਮਾਂ ਤੋਂ ਲੱਖਾਂ ਨੌਜਵਾਨਾਂ ਨੇ ਸਵੈ-ਰੋਜ਼ਗਾਰ ਪ੍ਰਾਪਤ ਕੀਤਾ। ਜਦੋਂ ਕੋਵਿਡ ਮਹਾਮਾਰੀ ਵਿਸ਼ਵ ਨੂੰ ਝੰਜੋੜ ਰਹੀ ਸੀ ਤਾਂ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਰਾਹੀਂ ਇਸ ਨਾਲ ਲੜਨ ਦਾ ਸੰਕਲਪ ਦਿਵਾਇਆ। ਉਨ੍ਹਾਂ ਲੋਕਾਂ ਤੋਂ ਦੂਰੀ ਬਣਾ ਕੇ ਰਹਿਣ, ਮਾਸਕ ਪਹਿਨਣ, ਹੱਥਾਂ ਦੀ ਸਫਾਈ, ਹੱਥ ਮਿਲਾਉਣ ਦੀ ਥਾਂ ਹੱਥ ਜੋੜ ਕੇ ਸਵਾਗਤ ਅਤੇ ਵੈਕਸੀਨੇਸ਼ਨ ’ਚ ਸਰਗਰਮੀ ਲਿਆਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਮਾਹਿਰ ਲੀਡਰਸ਼ਿਪ ’ਚ ਭਾਰਤ ਨੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰ ਕੇ ਇਸ ਮਹਾਮਾਰੀ ਨੂੰ ਕੰਟਰੋਲ ਕੀਤਾ।

ਪ੍ਰਧਾਨ ਮੰਤਰੀ ਜੀ ਲਗਾਤਾਰ ਦੇਸ਼ਵਾਸੀਆਂ ਨੂੰ ‘ਸਮਾਜਿਕ ਸਦਭਾਵਨਾ ਦਾ ਸੰਕਲਪ’ ਦਿਵਾਉਂਦੇ ਹਨ। ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਹੋਣ ’ਤੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਰੱਦ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਕਾਨੂੰਨ ਸਾਡੇ ਲਈ ਹਨ ਅਸੀਂ ਕਾਨੂੰਨ ਲਈ ਨਹੀਂ। ਇਹ ਉਨ੍ਹਾਂ ਲੋਕਾਂ ਲਈ ਵਚਨਬੱਧਤਾ ਦੀ ਅਨੋਖੀ ਉਦਾਹਰਣ ਹੈ। ਅੰਗਰੇਜ਼ਾਂ ਨੇ ਸਦੀਆਂ ਤੋਂ ਸੰਚਾਲਿਤ ਸਮੁੱਚੀ ਸਿੱਖਿਆ ਵਿਵਸਥਾ ’ਚ ਦਖਲ ਦੇ ਕੇ ਸ਼ਖਸੀਅਤ ਵਿਕਾਸ, ਚਰਿੱਤਰ ਨਿਰਮਾਣ ਅਤੇ ਤਜਰਬੇਕਾਰ ਗੁਰੂਕੁਲ ਸਿੱਖਿਆ ਵਿਵਸਥਾ ਨੂੰ ਤਹਿਸ-ਨਹਿਸ ਕੀਤਾ। ਮੈਕਾਲੀਅਨ ਸਿੱਖਿਆ ਪ੍ਰਣਾਲੀ ਤੋਂ ਮੁਕਤੀ ਹਾਸਲ ਕਰ ਨ ਲਈ ਵਿਦਿਆਰਥੀ ਅਤੇ ਭਾਰਤ ਕੇਂਦਰਿਤ ਰਾਸ਼ਟਰੀ ਸਿੱਖਿਆ ਨੀਤੀ 2020 ਲਿਆਂਦੀ ਗਈ। ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਸਿੱਖਿਆ ਨੀਤੀ ਭਾਰਤ ਨੂੰ ਮੁੜ ਵਿਸ਼ਵ ਗੁਰੂ ਬਣਾਵੇਗੀ। ਇਸ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ ਨੌਜਵਾਨਾਂ ਲਈ ਵਿਸ਼ਵ ਪੱਧਰ ਦੀਆਂ ਅਸੀਮਤ ਸੰਭਾਵਨਾਵਾਂ ਬਣਨਗੀਆਂ।

ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ’ਚ ਪ੍ਰੀਖਿਆ ਦੀ ਚਿੰਤਾ, ਤਣਾਅ ਤੋਂ ਮੁਕਤੀ ਲਈ ਮੋਦੀ ‘ਪ੍ਰੀਕਸ਼ਾ ਪੇ ਚਰਚਾ’ ਦੇ ਰਾਹੀਂ ਵਿਦਿਆਰਥੀ-ਵਿਦਿਆਰਥਣਾਂ, ਮਾਪਿਆਂ ਅਤੇ ਅਧਿਆਪਕਾਂ ਨਾਲ ਸਿੱਧੀ ਗੱਲਬਾਤ ਸਥਾਪਿਤ ਕਰ ਕੇ, ਸਫਲ ਲੋਕਾਂ ਦੀ ਉਦਾਹਰਣ ਦੇ ਕੇ ਵਿਦਿਆਰਥੀਆਂ ’ਚ ਆਤਮਵਿਸ਼ਵਾਸ ਜਗਾਉਂਦੇ ਹਨ। ਉਨ੍ਹਾਂ ਦੀ ਸਲਾਹ ਹੈ ਕਿ ਵਿਦਿਆਰਥੀ ਨਤੀਜੇ ਦੀ ਚਿੰਤਾ ਕੀਤੇ ਬਿਨਾਂ ਹੱਸਦੇ-ਹੱਸਦੇ ਪ੍ਰੀਖਿਆ ਦੇਣ। ਉਨ੍ਹਾਂ ਦਾ ‘ਵੋਕਲ ਫਾਰ ਲੋਕਲ’ ਦਾ ਨਾਅਰਾ ਭਾਰਤ ਆਤਮਨਿਰਭਰ ਬਣਾਉਣਾ ਹੈ। ਇਸ ’ਚ ਸਥਾਨਕ ਉਤਪਾਦਾਂ ਅਤੇ ਕਾਰੋਬਾਰਾਂ ਨੂੰ ਵਧਾਉਣ ਦਾ ਪ੍ਰਣ ਹੈ। ‘ਕਚਰੇ ਸੇ ਕੰਚਨ’ ਰਾਹੀਂ ਉਨ੍ਹਾਂ ਦੇਸ਼ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਛੱਡਣ ਅਤੇ ਕੂੜੇ ਤੇ ਇਲੈਕਟ੍ਰਾਨਿਕ ਵੇਸਟ ਨੂੰ ਰੀਸਾਈਕਲ ਕਰ ਕੇ ਮੁੜ ਉਪਯੋਗੀ ਬਣਾ ਕੇ ਕੂੜੇ ਤੋਂ ਕੰਚਨ ਬਣਾਉਣ। ਇਸ ਤੋਂ ਇਲਾਵਾ ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਹਰ ਘਰ ਤਿਰੰਗਾ’ ਅਤੇ ‘ਜਲ ਸੁਰੱਖਿਆ’ ਆਦਿ ਿਵਸ਼ਿਆਂ ’ਤੇ ਚਰਚਾ ਦਰਸਾਉਂਦੀ ਹੈ ਕਿ ‘ਮਨ ਕੀ ਬਾਤ’ ਸਿਰਫ ਪ੍ਰੋਗਰਾਮ ਨਹੀਂ ਸਗੋਂ ਭਾਰਤ ਦੇ ਸਮੁੱਚੇ ਵਿਕਾਸ ਦਾ ਮਾਡਲ ਅਤੇ ‘ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ’ ਦਾ ਪ੍ਰਗਟਾਵਾ ਹੈ। ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ‘ਲੋਕਤੰਤਰ’ ਜਿਸ ਦਾ ਮਨੋਰਥ ਅਜਿਹੀ ਵਿਵਸਥਾ ਬਣਾਉਣਾ ਹੈ ਜੋ ‘ਜਨਤਾ ਦੀ, ਜਨਤਾ ਵੱਲੋਂ ਤੇ ਜਨਤਾ ਲਈ ਹੋਵੇ’ ਨੂੰ ਸਥਾਪਿਤ ਕਰਨ ’ਚ ਮਗਨ ਹਨ। ਮਨ ਕੀ ਬਾਤ ’ਚ ਅਜਿਹੇ ਵਿਸ਼ੇ ਹੁੰਦੇ ਹਨ ਜੋ ਸਿੱਧੇ ਲੋਕਾਂ ਦੇ ਸਰੋਕਾਰਾਂ ਨਾਲ ਸਬੰਧਤ ਹਨ। ਇਸ ਰਾਹੀਂ ਮੋਦੀ ਦੇਸ਼ ਨੂੰ ਪੂਰਬ ਤੋਂ ਪੱਛਮ ਅਤੇ ਉਤਰ ਤੋਂ ਦੱਖਣ ਤੱਕ ਜੋ਼ੜ ਰਹੇ ਹਨ। ਸਿਆਸਤ ਤੋਂ ਉਪਰ ਉਠ ਕੇ ਇਸ ਨੂੰ ਪ੍ਰਧਾਨ ਮੰਤਰੀ ਦੀ ਰਾਸ਼ਟਰ ਹਿਤ ਦੀ ਕਲਪਨਾ ਮੰਨ ਕੇ ਲੋਕ ਆਪਣੀ ਭਾਈਵਾਲੀ ਯਕੀਨੀ ਬਣਾ ਕੇ ਇਸ ਨੂੰ ਇਤਿਹਾਸਕ ਬਣਾਉਣ।

ਆਚਾਰੀਆ ਰਾਘਵੇਂਦਰ ਪ੍ਰਸਾਦ ਤਿਵਾੜੀ
(ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ)

Anuradha

This news is Content Editor Anuradha