ਮਮਤਾ ਬੈਨਰਜੀ ਨੇ ਦਿਖਾਈ ‘ਇਕਜੁੱਟਤਾ’

01/21/2019 7:37:53 AM

ਸਖਤ ਮਿਹਨਤ ਨਾਲ ਕੀਤੇ ਪ੍ਰਚਾਰ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਦੀ ਪਰੇਡ ਗਰਾਊਂਡ ’ਚ ਇਕ ਵਿਸ਼ਾਲ ਰੈਲੀ ਦਾ ਆਯੋਜਨ ਕਰਨ ’ਚ ਸਫਲ ਰਹੀ, ਜਿਸ ’ਚ 20 ਪਾਰਟੀਅਾਂ ਦੇ 25 ਨੇਤਾਵਾਂ ਨੇ ਹਿੱਸਾ ਲਿਆ। ਇਸ ਰੈਲੀ ਅਤੇ ਇਸ ’ਚ ਸ਼ਾਮਿਲ ਨੇਤਾਵਾਂ ਦਾ ਏਜੰਡਾ ਅਗਲੀਅਾਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਸਾਹਮਣਾ ਕਰਨ ਲਈ ਤਿਆਰੀ ਕਰਨਾ ਸੀ। ਇਨ੍ਹਾਂ ਨੇਤਾਵਾਂ ਨੇ ਹੋਰਨਾਂ ਸੂਬਿਅਾਂ ’ਚ ਵੀ ਅਜਿਹੀਅਾਂ ਰੈਲੀਅਾਂ ਕਰਨ ਦਾ ਸੰਕਲਪ ਦੁਹਰਾਇਆ ਹੈ। 
ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਿਕ ਇਸ ਰੈਲੀ ’ਚ ਲੱਗਭਗ 20 ਲੱਖ ਲੋਕ ਪੁੱਜੇ। ਸਾਰੇ ਵਿਰੋਧੀ ਨੇਤਾਵਾਂ ਨੇ ਇਕਜੁੱਟਤਾ ਦੀ ਅਪੀਲ ਕੀਤੀ ਤੇ ਅਗਲੀਅਾਂ ਲੋਕ ਸਭਾ ਚੋਣਾਂ ਲਈ ਸਾਧਾਰਨ ਚੋਣ ਮਨੋਰਥ ਪੱਤਰ ਬਣਾਉਣ ਦੀ ਇੱਛਾ  ਪ੍ਰਗਟਾਈ। ਜ਼ਿਆਦਾਤਰ ਨੇਤਾਵਾਂ ਨੇ ਹਿੰਦੀ, ਅੰਗਰੇਜ਼ੀ, ਬੰਗਾਲੀ ਅਤੇ ਤਮਿਲ ’ਚ ਭਾਸ਼ਣ ਦਿੱਤੇ। 
ਹਾਲਾਂਕਿ ਇਸ ਰੈਲੀ ’ਚ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਿੱਸਾ ਨਹੀਂ ਲਿਆ ਪਰ ਪਾਰਟੀ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਦੀ ਸਟੇਟਮੈਂਟ ਤੇ ਰਾਹੁਲ ਗਾਂਧੀ ਦੀ ਚਿੱਠੀ ਪੜ੍ਹੀ, ਜਿਸ ’ਚ ਉਨ੍ਹਾਂ ਨੇ ਮਮਤਾ ਦੀਦੀ ਦੇ ‘ਏਕਤਾ ਅਤੇ ਉਮੀਦ’ ਦੇ ਸ਼ੋਅ ਦਾ ਸਮਰਥਨ ਕੀਤਾ।
ਰੈਲੀ ’ਚ ਇਕ ਮੁੱਖ ਮੁੱਦਾ ਕਰਨਾਟਕ ਸੀ, ਜਿਸ ਦੇ ਲਈ ਜ਼ਿਆਦਾਤਰ ਨੇਤਾਵਾਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਵਿਧਾਇਕਾਂ ਨੂੰ ਖਰੀਦਣ ਲਈ ਮੋਟੀਅਾਂ ਰਕਮਾਂ ਦੀ ਪੇਸ਼ਕਸ਼ ਕਰ ਰਹੀ ਹੈ ਤੇ ਸੂਬੇ ’ਚ ਲੋਕਤੰਤਰ ਦਾ ਮਜ਼ਾਕ ਉਡਾ ਰਹੀ ਹੈ। ਰੈਲੀ ਦੇ ਅਖੀਰ ’ਚ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਸਰਕਾਰ ਦੀ ‘ਐਕਸਪਾਇਰੀ ਡੇਟ’ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਸਾਰਿਅਾਂ ਨੂੰ ਮਿਲ ਕੇ ਉਸ ਨੂੰ ਹਰਾਉਣ ਲਈ ਕੰਮ ਕਰਨਾ ਪਵੇਗਾ। 
ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਆਪਣੇ ਕੰਮ ਤੇ ਤਾਕਤ ਨੂੰ ਦਰਸਾਇਆ ਹੈ। ਜ਼ਿਕਰਯੋਗ ਹੈ ਕਿ ਬੰਗਾਲ ’ਚ 42 ਲੋਕ ਸਭਾ ਸੀਟਾਂ ਹਨ ਤੇ ਜੇ ਮਮਤਾ ਬੈਨਰਜੀ 30 ਜਾਂ ਇਸ ਤੋਂ ਜ਼ਿਆਦਾ ਸੀਟਾਂ ਜਿੱਤ ਲੈਂਦੀ ਹੈ ਤਾਂ ਉਹ ‘ਟੌਪ ਪੋਸਟ’ ਲਈ ਦਾਅਵੇਦਾਰੀ ਕਰ ਸਕਦੀ ਹੈ। 
ਉੱਤਰਾਖੰਡ ਭਾਜਪਾ ’ਚ ਲੋਕ ਸਭਾ ਟਿਕਟਾਂ ਲਈ ਮਾਰਾ-ਮਾਰੀ
ਉੱਤਰਾਖੰਡ ’ਚ ਪਿਛਲੀਅਾਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ 5 ਸੀਟਾਂ ਜਿੱਤੀਅਾਂ ਸਨ ਪਰ ਹੁਣ ਪਾਰਟੀ ਆਪਣੇ ਨੇਤਾਵਾਂ ਦਰਮਿਆਨ ਇਨ੍ਹਾਂ 5 ਸੀਟਾਂ ਨੂੰ ਲੈ ਕੇ ਪ੍ਰੇਸ਼ਾਨ ਹੈ ਕਿਉਂਕਿ ਟਿਕਟਾਂ ਲਈ ਜੋ ਮਾਰਾ-ਮਾਰੀ ਚੱਲ ਰਹੀ ਹੈ, ਉਸ ਦੇ ਮੱਦੇਨਜ਼ਰ ਭਾਜਪਾ ਨੂੰ ਇਨ੍ਹਾਂ ਸੀਟਾਂ ’ਤੇ ਜਿੱਤਣਾ ਅਸੰਭਵ ਲੱਗ ਰਿਹਾ ਹੈ। 
ਹਰਿਦੁਆਰ ’ਚ ਰਮੇਸ਼ ਪੋਖਰਿਆਲ ਨਿਸ਼ੰਕ ਦੀ ਥਾਂ ਮਦਨ ਕੌਸ਼ਿਕ ਚੋਣ ਲੜਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਅਤੇ ਕੇਂਦਰੀ ਸੰਯੁਕਤ ਸੰਗਠਨ ਸਕੱਤਰ ਸ਼ਿਵ ਪ੍ਰਕਾਸ਼ ਤੋਂ ਇਲਾਵਾ ਪ੍ਰਦੇਸ਼ ਸੰਗਠਨ ਮੰਤਰੀ ਸੰਜੇ ਕੁਮਾਰ ਦਾ ਸਮਰਥਨ ਵੀ ਹਾਸਿਲ ਹੈ।  ਪਾਰਟੀ ਨੇ ਮਦਨ ਕੌਸ਼ਿਕ ਨੂੰ ਉੱਤਰਾਖੰਡ ’ਚ ਭਾਜਪਾ ਦੀ ਪ੍ਰਚਾਰ ਕਮੇਟੀ ਦਾ ਮੈਂਬਰ ਬਣਾਇਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਮਿਲ ਸਕਦੀ ਹੈ। 
ਇਸ ਦਰਮਿਆਨ ਨਿਸ਼ੰਕ ਮਦਨ ਕੌਸ਼ਿਕ ਦੇ ਵਿਰੁੱਧ ਪ੍ਰਚਾਰ ਕਰ ਰਹੇ ਹਨ ਕਿਉਂਕਿ ਮਦਨ ਕੌਸ਼ਿਕ ਦੇ ਨੁਮਾਇੰਦੇ ਅਨੂ ਕੱਕੜ ਨੂੰ ਹਰਿਦੁਆਰ ਤੋਂ ਮੇਅਰ ਦੀ ਚੋਣ ’ਚ ਹਾਰ ਮਿਲੀ ਹੈ। ਦੂਜੇ ਪਾਸੇ ਅਜੀਤ ਦੋਭਾਲ ਦੇ ਬੇਟਿਅਾਂ ਅਤੇ ਵਿਜੇ ਬਹੁਗੁਣਾ ਦੇ ਬੇਟਿਅਾਂ ਵਿਚਾਲੇ ਪੌੜੀ ਲੋਕ ਸਭਾ ਸੀਟ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ। ਨੈਨੀਤਾਲ ’ਚ ਬੱਚੀ ਸਿੰਘ ਰਾਵਤ ਅਤੇ ਬਿਸ਼ਨ ਸਿੰਘ ਵੀ ਲੋਕ ਸਭਾ ਚੋਣਾਂ ਲਈ ਟਿਕਟ ਵਾਸਤੇ ਮੈਦਾਨ ’ਚ ਹਨ ਪਰ ਭਗਤ ਸਿੰਘ ਕੋਸ਼ਿਆਰੀ ਬੱਚੀ ਸਿੰਘ ਦੇ ਵਿਰੁੱਧ ਹਨ। 
ਕੋਸ਼ਿਆਰੀ ਨੇ ਹਾਈਕਮਾਨ ਨੂੰ ਸੂਚਿਤ ਕੀਤਾ ਹੈ ਕਿ ਉਹ ਖਰਾਬ ਸਿਹਤ ਕਾਰਨ ਚੋਣ ਨਹੀਂ ਲੜਨਗੇ। ਇਥੇ ਠਾਕੁਰਾਂ ਤੇ ਬ੍ਰਾਹਮਣਾਂ ਵਿਚਾਲੇ ਲੜਾਈ ਵੀ ਦਿਨ-ਬ-ਦਿਨ ਵਧ ਰਹੀ ਹੈ ਤੇ ਸੂਬੇ ਦੇ ਨੇਤਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰ ਰਹੇ ਹਨ। 
ਆਪਣੇ ਮਿਸ਼ਨ ’ਚ ਫੇਲ ਹੋਏ ਯੇਦੀਯੁਰੱਪਾ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਬੀ. ਐੱਸ. ਯੇਦੀਯੁਰੱਪਾ ਹੁਣ ਕਾਂਗਰਸ-ਜਨਤਾ ਦਲ (ਐੱਸ) ਦੀ ਸਰਕਾਰ ਡੇਗਣ ’ਚ ਨਾਕਾਮ ਰਹਿਣ ’ਤੇ ਕਾਫੀ ਨਿਰਉਤਸ਼ਾਹਿਤ ਮਹਿਸੂਸ ਕਰ ਰਹੇ ਹਨ। ਪਤਾ ਲੱਗਾ ਹੈ ਕਿ ਯੇਦੀਯੁਰੱਪਾ ਨੇ ਕੁਝ ਵਿਧਾਇਕਾਂ ਨੂੰ ਨਾਲ ਲੈ ਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਦਿੱਲੀ ’ਚ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਥੇ ਭਾਜਪਾ ਦੇ ਕੌਮੀ ਸੰਮੇਲਨ ਕਾਰਨ ਉਨ੍ਹਾਂ ਨੂੰ ਉਥੇ ਹੀ ਰਹਿਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਹ ਅਮਿਤ ਸ਼ਾਹ ਨੂੰ ਨਿੱਜੀ ਤੌਰ ’ਤੇ ਮਿਲਣ ’ਚ ਅਸਫਲ ਰਹੇ। 
ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਮੰਨਣਾ ਸੀ ਕਿ ਉਹ ਉਦੋਂ ਤਕ ਦਖਲ ਨਹੀਂ ਦੇਵੇਗੀ, ਜਦੋਂ ਤਕ ਯੇਦੀਯੁਰੱਪਾ ਕੋਲ ਸਰਕਾਰ ਬਣਾਉਣ ਲਈ ਕਾਫੀ ਵਿਧਾਇਕ ਨਾ ਹੋਣ। ਇਸ ਦੇ ਸਿੱਟੇ ਵਜੋਂ ਕਰਨਾਟਕ ਤੋਂ ਗੁੜਗਾਓਂ ਦੇ ਇਕ ਰਿਜ਼ਾਰਟ ’ਚ ਲਿਅਾਂਦੇ ਗਏ ਕੁਝ ਭਾਜਪਾ ਵਿਧਾਇਕ ਆਪਣੇ ਘਰ ਪਰਤ ਗਏ ਹਨ। 
ਇਸ ਦਰਮਿਆਨ ਕਾਂਗਰਸ ਨੇ ਆਪਣੇ ਵਿਧਾਇਕਾਂ ਦੀ ਮੀਟਿੰਗ ਸੱਦੀ, ਜਿਸ ’ਚ 4 ਵਿਧਾਇਕ ਗੈਰ-ਹਾਜ਼ਰ ਰਹੇ। ਇਨ੍ਹਾਂ ਵਿਧਾਇਕਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਵਿਧਾਇਕ ਉਮੇਸ਼ ਯਾਦਵ ਅਤੇ ਬੀ. ਨਾਗੇਂਦਰ ਨੇ ਪਾਰਟੀ ਨੂੰ ਸੂਚਿਤ ਕੀਤਾ ਸੀ ਕਿ ਸੂਬੇ ਤੋਂ ਬਾਹਰ ਹੋਣ ਕਾਰਨ ਉਹ ਮੀਟਿੰਗ ’ਚ ਹਿੱਸਾ ਨਹੀਂ ਲੈ ਸਕਣਗੇ। 
ਸਪਾ-ਬਸਪਾ ਗੱਠਜੋੜ ’ਚ ‘ਰਾਲੋਦ’
ਯੂ. ਪੀ. ’ਚ ਸਪਾ-ਬਸਪਾ ਗੱਠਜੋੜ ਤੋਂ ਬਾਅਦ ਭਾਜਪਾ ਬੇਚੈਨ ਹੋ ਗਈ ਹੈ ਅਤੇ ਇਸ ਨੇ ਰਾਸ਼ਟਰੀ ਲੋਕ ਦਲ (ਰਾਲੋਦ) ਨੂੰ ਸੂਬੇ ’ਚ ਮੰਤਰੀ ਅਹੁਦਾ ਤੇ ਇਸ ਦੇ ਨੇਤਾ ਅਜਿਤ ਸਿੰਘ ਨੂੰ ਰਾਜਪਾਲ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਸੂਤਰਾਂ ਮੁਤਾਬਿਕ ਜੈਅੰਤ ਚੌਧਰੀ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
ਜਿਵੇਂ ਹੀ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਪਤਾ ਲੱਗਾ ਕਿ ਭਾਜਪਾ ‘ਰਾਲੋਦ’ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਨੇ ਤੁਰੰਤ ਅਜਿਤ ਸਿੰਘ ਦੇ ਬੇਟੇ ਜੈਅੰਤ ਨੂੰ ਲਖਨਊ ਬੁਲਾਇਆ ਤੇ ਲਖਨਊ ਏਅਰਪੋਰਟ ਤੋਂ ਉਨ੍ਹਾਂ ਨੂੰ ਸਿੱਧੇ ਆਪਣੇ ਘਰ ਲਿਆਉਣ ਲਈ ਕਾਰ ਭੇਜ ਦਿੱਤੀ। 
ਲੰਮੀ ਚਰਚਾ ਤੋਂ ਬਾਅਦ ਅਖਿਲੇਸ਼ ਯਾਦਵ ਨੇ ਆਪਣੇ ਕੋਟੇ ’ਚੋਂ ਰਾਲੋਦ ਨੂੰ ਇਕ ਹੋਰ ਸੀਟ ਦੇਣ ਦਾ ਵਾਅਦਾ ਕੀਤਾ ਹੈ ਕਿਉਂਕਿ ਮਾਇਆਵਤੀ ਇਸ ਪਾਰਟੀ ਨੂੰ 2 ਤੋਂ ਜ਼ਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੀ, ਜਦਕਿ ਰਾਲੋਦ ਵਲੋਂ 6 ਸੀਟਾਂ ਮੰਗੀਅਾਂ ਜਾ ਰਹੀਅਾਂ ਹਨ। ਜੈਅੰਤ ਚੌਧਰੀ ਕਿਉਂਕਿ ਭਾਜਪਾ ਨਾਲ ਗੱਠਜੋੜ ਨਹੀਂ ਕਰਨਾ ਚਾਹੁੰਦੇ, ਇਸ ਲਈ ਉਹ ਤਿੰਨ ਸੀਟਾਂ ਕੈਰਾਨਾ, ਬਾਗਪਤ ਤੇ ਮਥੁਰਾ ਲਈ ਲੱਗਭਗ ਸਹਿਮਤ ਹੋ ਗਏ ਹਨ। 
ਮੁਕਾਬਲਾ ਜੀਂਦ ਦਾ
28 ਜਨਵਰੀ ਨੂੰ ਹੋਣ ਜਾ ਰਹੀ ਜੀਂਦ (ਹਰਿਆਣਾ) ਵਿਧਾਨ ਸਭਾ ਉਪ-ਚੋਣ ’ਚ ਕਾਂਗਰਸ ਵਲੋਂ ਆਪਣੇ ਮੌਜੂਦਾ ਕੈਥਲ ਤੋਂ ਵਿਧਾਇਕ ਰਣਜੀਤ ਸੂਰਜੇਵਾਲਾ ਨੂੰ ਚੋਣ ਮੈਦਾਨ ’ਚ ਉਤਾਰਨ ਤੋਂ ਬਾਅਦ ਇਹ ਉਪ-ਚੋਣ ਪਾਰਟੀ ਲਈ ਨੱਕ ਦਾ ਸਵਾਲ ਬਣ ਗਈ ਹੈ ਪਰ ਇਸ ਅਸਲੀਅਤ ਨੂੰ ਜਾਣਨ ਤੋਂ ਬਾਅਦ ਕਿ ਇਹ ਚਾਰ-ਕੋਣਾ ਮੁਕਾਬਲਾ ਹੈ, ਜਿਸ ’ਚ 3 ਜਾਟ ਉਮੀਦਵਾਰ ਹਨ, ਤਾਂ ਇਕ  ਪੰਜਾਬੀ ਮੈਦਾਨ ’ਚ ਹੈ। ਕਾਂਗਰਸ ਨੇ ਕੋਈ ਵੀ ਰਿਸਕ ਨਾ ਲੈਣ ਦਾ ਫੈਸਲਾ ਕੀਤਾ ਹੈ। 
ਕਾਂਗਰਸ ਦੇ ਖਜ਼ਾਨਚੀ ਅਤੇ ਸੰਕਟਮੋਚਕ ਮੰਨੇ ਜਾਂਦੇ ਅਹਿਮਦ ਪਟੇਲ ਐਕਸ਼ਨ ’ਚ ਆ ਗਏ ਹਨ ਤੇ ਉਨ੍ਹਾਂ ਨੇ ਕਾਂਗਰਸੀ ਨੇਤਾ ਜੈਪ੍ਰਕਾਸ਼ ਨੂੰ ਸੂਰਜੇਵਾਲਾ ਦੇ ਪੱਖ ’ਚ ਪ੍ਰਚਾਰ ਕਰਨ ਲਈ ਲਾ ਦਿੱਤਾ ਹੈ। ਇਸ ਪ੍ਰਕਿਰਿਆ ’ਚ ਪਾਰਟੀ ਲਈ ਲੱਗਭਗ 2000 ਵੋਟਾਂ ਵਧ ਜਾਣਗੀਅਾਂ, ਜੋ ਵਿਧਾਨ ਸਭਾ ਹਲਕੇ ’ਚ ਕਾਫੀ ਅਹਿਮ ਸਿੱਧ ਹੋ ਸਕਦੀਅਾਂ ਹਨ। ਮੌਕੇ ਤੋਂ ਮਿਲੀਅਾਂ ਰਿਪੋਰਟਾਂ ਦੱਸਦੀਅਾਂ ਹਨ ਕਿ ਸੂੂਰਜੇਵਾਲਾ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹਨ।