ਮਾਲਦੀਵ ਨੇ ਭਾਰਤ ਦੀ ਚਿੰਤਾ ਵਧਾਈ

10/26/2023 3:18:03 PM

ਹਿੰਦ ਮਹਾਸਾਗਰ ’ਚ ਭਾਰਤ ਦੇ ਦੱਖਣੀ ਪੱਛਮੀ ਕਿਨਾਰੇ ’ਤੇ ਵਸਿਆ ਇਕ ਦੇਸ਼ ਜਿੱਥੇ ਹੋਈਆਂ ਚੋਣਾਂ ਨੇ ਭਾਰਤ ਦੀ ਚਿੰਤਾ ਵਧੀ ਦਿੱਤੀ ਹੈ। ਇਹ ਦੇਸ਼ ਹੈ ਮਾਲਦੀਵ ਅਤੇ ਇਸ ਦੇਸ਼ ’ਚ ਹੁਣ ਤਕ ਜੋ ਵਿਅਕਤੀ ਪ੍ਰਸ਼ਾਸਨ ਸੰਭਾਲ ਰਹੇ ਸਨ, ਜਿਨ੍ਹਾਂ ਦਾ ਨਾਂ ਇਬ੍ਰਾਹੀਮ ਸੋਲੇਹ ਹੈ ਅਤੇ ਪਹਿਲਾਂ ਉਹ ਰਾਸ਼ਟਰਪਤੀ ਸਨ, ਉਨ੍ਹਾਂ ਦੀ ਇਨ੍ਹਾਂ ਚੋਣਾਂ ’ਚ ਹਾਰ ਹੋ ਗਈ ਹੈ ਅਤੇ ਜਿਸ ਵਿਅਕਤੀ ਨੂੰ ਜਿੱਤ ਮਿਲੀ ਹੈ ਉਸ ਦਾ ਨਾਂ ਹੈ ਮੁਹੰਮਦ ਮੋਇੱਜੂ, ਉਹ ਨਾ ਸਿਰਫ ਪੂਰੀ ਤਰ੍ਹਾਂ ਭਾਰਤ ਵਿਰੋਧੀ ਹੈ ਸਗੋਂ ਉਹ ਚੀਨ ਦੇ ਪਾਲੇ ’ਚ ਬੈਠਾ ਹੋਇਆ ਇਕ ਅਜਿਹਾ ਵਿਅਕਤੀ ਹੈ ਜਿਸ ਕਾਰਨ ਹੁਣ ਚੀਨ ਆਪਣੀ ਸਮੁੰਦਰੀ ਫੌਜ ਦੀ ਧਮਕ ਹਿੰਦ ਮਹਾਸਾਗਰ ’ਚ ਦਿਖਾ ਸਕਦਾ ਹੈ।

ਇਹ ਭਾਰਤ ਲਈ ਚਿੰਤਾ ਦੀ ਗੱਲ ਹੈ ਕਿਉਂਕਿ ਮੋਇੱਜੂ ਉਹ ਆਦਮੀ ਹੈ ਜਿਸ ਨੇ ਕੁਝ ਸਾਲ ਪਹਿਲਾਂ ਰਾਜਧਾਨੀ ਮਾਲੇ ਦਾ ਮੇਅਰ ਹੁੰਦਿਆਂ ਇੰਡੀਆ ਆਊਟ ਦਾ ਨਾਅਰਾ ਦਿੱਤਾ ਸੀ। ਉਸ ਸਮੇਂ ਇਹ ਵੀ ਕਿਹਾ ਸੀ ਕਿ ਜੇ ਉਹ ਮਾਲਦੀਵ ਦੇ ਰਾਸ਼ਟਰਪਤੀ ਬਣੇ ਤਾਂ ਭਾਰਤ ਨੂੰ ਇੱਥੋਂ ਨਿਕਲਣ ’ਤੇ ਮਜਬੂਰ ਕਰ ਦੇਣਗੇ। ਮੋਇੱਜੂ ਨੇ ਇੰਡੀਆ ਆਊਟ ਦਾ ਨਾਅਰਾ ਕਿਉਂ ਦਿੱਤਾ ਸੀ, ਇਸ ਪਿੱਛੇ ਇਕ ਕਾਰਨ ਹੈ। ਪਿਛਲੇ ਦਹਾਕੇ ’ਚ ਭਾਰਤ ਨੇ ਮਾਲਦੀਵ ਨੂੰ 2 ਹੈਲੀਕਾਪਟਰ ਅਤੇ ਇਕ ਛੋਟੇ ਜਹਾਜ਼ ਦਿੱਤੇ ਸਨ, ਜਿਸ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਇਕ ਛੋਟਾ ਭਾਰਤੀ ਦਲ ਉੱਥੇ ਮੌਜੂਦ ਹੈ। ਇਸ ਤੋਂ ਇਲਾਵਾ ਸਾਲ 2021 ’ਚ ਮਾਲਦੀਵ ਡਿਫੈਂਸ ਕੋਰਸ ਨੇ ਦੱਸਿਆ ਕਿ ਭਾਰਤ ਦੇ ਫੌਜ ਦੇ 75 ਅਫਸਰ ਮਾਲਦੀਵ ’ਚ ਰਹਿੰਦੇ ਹਨ। ਇਨ੍ਹਾਂ ਦੀ ਹਾਜ਼ਰੀ ਤੋਂ ਮੋਇੱਜੂ ਨੂੰ ਲੱਗਦਾ ਹੈ ਕਿ ਭਾਰਤ ਦੀ ਮੌਜੂਦਗੀ ਉਨ੍ਹਾਂ ਦੇ ਦੇਸ਼ ’ਚ ਹੈ, ਇਸ ਲਈ ਉਨ੍ਹਾਂ ਨੇ ਇੰਡੀਆ ਆਊਟ ਦਾ ਨਾਅਰਾ ਦਿੱਤਾ ਸੀ।

ਹਾਲਾਂਕਿ ਇਨ੍ਹਾਂ ਚੋਣਾਂ ’ਚ ਮੁਹੰਮਦ ਮੋਇੱਜੂ ਦੀ ਜਿੱਤ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਨਾਸ਼ਿਦ ਅਤੇ ਸੋਲੇਹ ਦੀ ਅੰਦਰੂਨੀ ਫੁੱਟ ਕਾਰਨ ਮੋਇੱਜੂ ਦੀ ਜਿੱਤ ਹੋਈ ਜੋ ਕਿ ਸਿਰਫ 18 ਹਜ਼ਾਰ ਵੋਟਾਂ ਨਾਲ ਮਿਲੀ ਹੈ। ਮੁਹੰਮਦ ਮੋਇੱਜੂ ਨੂੰ 54 ਫੀਸਦੀ ਵੋਟਾਂ ਮਿਲੀਆਂ ਹਨ ਅਤੇ ਉਹ 17 ਨਵੰਬਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

ਮਾਲਦੀਵ ’ਤੇ ਰਣਨੀਤਕ ਕਾਰਨਾਂ ਕਾਰਨ ਭਾਰਤ ਅਤੇ ਚੀਨ ਨੇ ਆਪਣੀ ਨਜ਼ਰ ਰੱਖੀ ਹੋਈ ਹੈ। ਖਾੜੀ ਦੇਸ਼ਾਂ, ਯੂਰਪ ਅਤੇ ਅਫਰੀਕਾ ਤੋਂ ਚੀਨ ਵਾਲਾ ਸਾਮਾਨ ਇੱਥੋਂ ਹੋ ਕੇ ਜਾਂਦਾ ਹੈ। ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਇਬ੍ਰਾਹੀਮ ਸੋਲੇਹ ਸਾਲ 2018 ਤੋਂ ਹੀ ਸੱਤਾ ’ਚ ਬਣੇ ਹੋਏ ਸਨ ਅਤੇ ਉਹ ਭਾਰਤ ਦੇ ਹਮਾਇਤੀ ਮੰਨੇ ਜਾਂਦੇ ਹਨ, ਸੱਤਾ ’ਚ ਆਉਂਦੇ ਹੀ ਉਨ੍ਹਾਂ ਨੇ ਇੰਡੀਆ ਫਸਟ ਦੀ ਨੀਤੀ ਦਾ ਪਾਲਣ ਕੀਤਾ ਜਿਸ ਅਧੀਨ ਉਹ ਭਾਰਤ ਨੂੰ ਪਹਿਲ ਦਿੰਦੇ ਸਨ।

ਲੰਬੇ ਸਮੇਂ ਤੱਕ ਮਾਲਦੀਵ ਭਾਰਤ ਦਾ ਹਮਾਇਤੀ ਬਣਿਆ ਰਿਹਾ ਅਤੇ ਆਰਥਿਕ, ਸੱਭਿਆਚਾਰਕ ਤੌਰ ’ਤੇ ਭਾਰਤ ’ਤੇ ਨਿਰਭਰ ਵੀ ਰਿਹਾ ਪਰ ਜਦੋਂ ਤੋਂ ਚੀਨ ਨੇ ਭਾਰਤ ਨੂੰ ਘੇਰਨ ਲਈ ਪਰਲ ਆਫ ਸਟ੍ਰਿੰਗ ਦੀ ਨੀਤੀ ਅਪਣਾਈ, ਉਦੋਂ ਤੋਂ ਚੀਨ ਨੇ ਭਾਰਤ ਦੇ ਹਰ ਗੁਆਂਢੀ ਨੂੰ ਚਾਰਾ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ’ਚ ਪਾਕਿਸਤਾਨ ਅਤੇ ਸ਼੍ਰੀਲੰਕਾ ਤਾਂ ਚੀਨ ਦੇ ਝਾਂਸੇ ’ਚ ਫਸ ਕੇ ਬਰਬਾਦ ਵੀ ਹੋ ਚੁੱਕੇ ਹਨ।

ਚੀਨ ਨੇ ਨੇਪਾਲ, ਭੂਟਾਨ, ਬੰਗਲਾਦੇਸ਼, ਮਾਲਦੀਵ ਅਤੇ ਅਫਗਾਨਿਸਤਾਨ ਨੂੰ ਵੀ ਆਪਣੇ ਪਾਲੇ ’ਚ ਲੈਣ ਲਈ ਅਣਥੱਕ ਯਤਨ ਕੀਤੇ ਪਰ ਇਹ ਦੇਸ਼ ਚੀਨ ਦੇ ਝਾਂਸੇ ’ਚ ਨਹੀਂ ਆਏ। ਓਧਰ ਮੋਇੱਜੂ ਦੀ ਜਿੱਤ ਨੂੰ ਭਾਰਤ ਦੀ ਰਣਨੀਤਕ ਹਾਰ ਵਜੋਂ ਵੀ ਮਾਹਿਰ ਦੇਖ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਮੋਇੱਜੂ ਦੀ ਜਿੱਤ ਪਿੱਛੇ ਚੀਨ ਦਾ ਹੱਥ ਹੈ, ਚੀਨ ਮੋਇੱਜੂ ਨੂੰ ਆਪਣੇ ਮੋਹਰੇ ਦੇ ਤੌਰ ’ਤੇ ਵਰਤਣਾ ਚਾਹੁੰਦਾ ਹੈ।

ਚੀਨ ਨਾਲ ਬਿਹਤਰ ਰਿਸ਼ਤਿਆਂ ਦੇ ਪੱਖੀ ਮੋਇੱਜੂ ਹੁਣ ਚੀਨ ਨੂੰ ਆਪਣੇ ਦੇਸ਼ ’ਚ ਖੁੱਲ੍ਹੀ ਛੋਟ ਦੇਣਗੇ, ਅਜਿਹਾ ਜਾਣਕਾਰਾਂ ਦਾ ਮੰਨਣਾ ਹੈ। ਹਾਲਾਂਕਿ ਉਨ੍ਹਾਂ ਸਾਹਮਣੇ ਚੀਨ ਦੀਆਂ ਗੁੰਝਲਦਾਰ ਨੀਤੀਆਂ ਦੀ ਜਾਣਕਾਰੀ ਪਹਿਲਾਂ ਤੋਂ ਹੈ ਪਰ ਉਹ ਕੱਟੜ ਭਾਰਤ ਵਿਰੋਧੀ ਹਨ। ਇਸ ਲਈ ਚੀਨ ਦੇ ਵੱਧ ਨੇੜੇ ਜਾ ਰਹੇ ਹਨ। ਚੀਨ ਇਸ ਸੁਨਹਿਰੇ ਮੌਕੇ ਨੂੰ ਚੰਗੀ ਤਰ੍ਹਾਂ ਭੁਨਾਉਣਾ ਚਾਹੇਗਾ, ਖਾਸ ਕਰ ਕੇ ਖਾੜੀ ਦੇਸ਼ਾਂ ਤੋਂ ਚੀਨ ਨੂੰ ਮਿਲਣ ਵਾਲੇ ਤੇਲ ਦਾ ਰਾਹ ਵੀ ਇਹੀ ਹੈ। ਇਸ ਲਈ ਚੀਨ ਦਾ ਡੂੰਘਾ ਇਰਾਦਾ ਹੈ ਕਿ ਉਹ ਇਸ ਰਸਤੇ ਨੂੰ ਸੁਰੱਖਿਅਤ ਰੱਖਣਾ ਚਾਹੇਗਾ, ਇਸ ਦੇ ਇਲਾਵਾ ਚੀਨ ਭਾਰਤ ਦੇ ਦੋ ਦੱਖਣੀ ਦੇਸ਼ਾਂ, ਸ਼੍ਰੀਲੰਕਾ ਅਤੇ ਮਾਲਦੀਵ ਨੂੰ ਆਪਣੇ ਪਾਲੇ ’ਚ ਖਿੱਚ ਕੇ ਹਿੰਦ ਮਹਾਸਾਗਰ ਦੇ ਸਮੁੰਦਰੀ ਵਪਾਰਕ ਮਾਰਗ ’ਤੇ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ।

Rakesh

This news is Content Editor Rakesh