ਲੋਕ ਸਭਾ ਚੋਣਾਂ-2019 ‘ਲੜਾਈ ਸ਼ੁਰੂ ਹੋ ਹੀ ਗਈ’

02/12/2019 7:27:54 AM

ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ ਬਾਰੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੇ  ਚੋਣ ਪ੍ਰਚਾਰ ਦੀ ਇਕ ਮੁਕਾਬਲਤਨ ਸ਼ਾਂਤ ਝਲਕ ਦਿਖਾਈ। ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਨੇ ਗੱਠਜੋੜ ਸਰਕਾਰ ਵਿਰੁੱਧ ਚਿਤਾਵਨੀ ਦਿੱਤੀ। 
'ਮਿਲਾਵਟੀ ਸਰਕਾਰ' ਬਨਾਮ 'ਪੂਰਨ ਬਹੁਮਤ ਵਾਲੀ ਸਰਕਾਰ' ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਬਹੁਮਤ ਵਾਲੀ ਸਰਕਾਰ ਰਾਸ਼ਟਰ ਦੇ ਹਿੱਤ 'ਚ ਕੰਮ ਕਰਦੀ ਹੈ, ਭਾਵ ਦੇਸ਼ਵਾਸੀਆਂ ਲਈ ਸਮਰਪਿਤ ਹੁੰਦੀ ਹੈ, ਜਦਕਿ ਦੂਜੀ ਨਹੀਂ।
ਉਨ੍ਹਾਂ ਕਿਹਾ ਕਿ 'ਮਹਾਮਿਲਾਵਟ' ਜਾਂ ਮਹਾਗੱਠਜੋੜ ਅਸਥਿਰਤਾ, ਭ੍ਰਿਸ਼ਟਾਚਾਰ, ਪਰਿਵਾਰਵਾਦ ਦੀ ਸਿਆਸਤ ਨਾਲ ਸਬੰਧਤ ਹੈ, ਜੋ ਦੇਸ਼ ਦੀ ਸਿਹਤ ਲਈ ਠੀਕ ਨਹੀਂ ਹੈ। ਉਨ੍ਹਾਂ ਕਾਂਗਰਸ 'ਤੇ ਦੋਸ਼ ਲਾਇਆ ਕਿ ਉਸ ਨੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗਾਂਧੀਆਂ (ਨਹਿਰੂ-ਗਾਂਧੀ ਪਰਿਵਾਰ) ਨੂੰ ਦੇਣ ਲਈ ਇਤਿਹਾਸ ਨੂੰ ਬੀ. ਸੀ., ਭਾਵ ਬਿਫੋਰ ਕਾਂਗਰਸ (ਕਾਂਗਰਸ ਤੋਂ ਪਹਿਲਾਂ) ਅਤੇ ਏ. ਡੀ., ਭਾਵ ਆਫਟਰ ਡਾਇਨੈਸਟੀ  (ਵੰਸ਼ ਤੋਂ ਬਾਅਦ) 'ਚ ਵੰਡ ਦਿੱਤਾ, ਜਿਵੇਂ ਕਿ ਉਸ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੁਝ ਹੋਇਆ ਹੀ ਨਹੀਂ ਸੀ। 
55 ਸਾਲ ਬਨਾਮ 55 ਮਹੀਨੇ
ਹਾਲਾਂਕਿ ਇਸ ਦੇ ਨਾਲ ਹੀ ਖ਼ੁਦ ਮੋਦੀ ਨੇ ਵਾਰ-ਵਾਰ ਪਹਿਲਾਂ ਅਤੇ ਬਾਅਦ ਦੇ ਦ੍ਰਿਸ਼ ਦਾ ਜ਼ਿਕਰ ਕੀਤਾ, ਸੱਤਾ ਭੋਗ ਦੇ 55 ਸਾਲ ਬਨਾਮ ਸੇਵਾ-ਭਾਵਨਾ ਦੇ 55 ਮਹੀਨੇ। ਉਨ੍ਹਾਂ ਨੇ ਆਪਣੀ ਸਰਕਾਰ ਵਿਰੁੱਧ ਕਾਂਗਰਸ ਦੀ ਇਸ ਆਲੋਚਨਾ ਦਾ ਡਟ ਕੇ ਸਾਹਮਣਾ ਕਰਦਿਆਂ ਕਿਹਾ ਕਿ ਇਸ ਨੇ ਸੰਸਥਾਵਾਂ ਪ੍ਰਤੀ ਸਨਮਾਨ ਨਹੀਂ ਦਿਖਾਇਆ ਹੈ।
ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਉਹੀ ਪਾਰਟੀ ਹੈ, ਜਿਸ ਨੇ ਐਮਰਜੈਂਸੀ ਲਾਈ ਸੀ ਅਤੇ ਧਾਰਾ-356 ਦੀ ਦੁਰਵਰਤੋਂ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਾਂਗਰਸ ਉਨ੍ਹਾਂ ਦੀ ਜਾਂ ਭਾਜਪਾ ਦੀ ਆਲੋਚਨਾ ਕਰਦੀ ਹੈ ਤਾਂ ਉਸ 'ਚ ਖ਼ੁਦ ਦੇਸ਼ ਦੀ ਆਲੋਚਨਾ ਦਾ ਜੋਖ਼ਮ ਹੁੰਦਾ ਹੈ। 
ਲੋਕ ਸਭਾ ਦੀਆਂ ਅਹਿਮ ਚੋਣਾਂ ਤੋਂ ਪਹਿਲਾਂ ਕਾਫੀ  ਤਿੱਖੇ ਸੰਘਰਸ਼ ਦੀ ਉਮੀਦ ਕੀਤੀ ਜਾਂਦੀ ਹੈ। ਜੇਕਰ ਲੋਕ ਸਭਾ 'ਚ  ਬੀਤੇ ਵੀਰਵਾਰ ਪ੍ਰਧਾਨ ਮੰਤਰੀ ਨੇ ਜੋ ਕਿਹਾ ਅਤੇ ਜੋ ਉਨ੍ਹਾਂ ਨੇ ਨਹੀਂ ਕਿਹਾ, ਇਕ ਸੰਕੇਤ ਹੈ ਤਾਂ ਇਸ ਵਾਰ ਚੋਣ ਪ੍ਰਚਾਰ  ਉਮੀਦ ਲਈ ਵਾਅਦੇ ਦੀ ਬਜਾਏ ਡਰ ਪੈਦਾ ਕਰਨ ਨੂੰ ਲੈ ਕੇ ਜ਼ਿਆਦਾ ਹੋਵੇਗਾ। ਮੂਲ ਤੌਰ 'ਤੇ ਇਹ ਮੁਕਾਬਲੇਬਾਜ਼ੀ 2014 ਨਾਲੋਂ ਵੱਖਰੀ ਹੋਵੇਗੀ, ਜਦੋਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਇਕ ਲਹਿਰ 'ਤੇ ਸਵਾਰ ਹੋ ਕੇ ਕੇਂਦਰ  ਦੀ ਸੱਤਾ ਵਿਚ ਆਈ ਸੀ। 
5 ਸਾਲ ਪਹਿਲਾਂ ਚੋਣਾਂ ਹਮਲਾਵਰਤਾ ਨਾਲ ਇਕ-ਦੂਜੇ 'ਤੇ ਹਮਲਾ ਕਰਦਿਆਂ ਲੜੀਆਂ ਗਈਆਂ ਸਨ ਪਰ ਇਹ ਕਿਹਾ ਜਾ ਸਕਦਾ ਹੈ ਕਿ ਗਾਲੀ-ਗਲੋਚ ਦੇ ਬਾਵਜੂਦ ਜੇਤੂ 'ਸੁਪਨੇ ਦੀ ਤਾਕਤ' ਨਾਲ ਜਿੱਤਿਆ, ਨਾ ਕਿ ਦੱਬੇ ਮੁਰਦੇ ਪੁੱਟਣ ਨਾਲ। 
ਸੁਪਨਾ ਇਕ ਤਬਦੀਲੀ ਸੀ
ਉਹ ਸੁਪਨਾ ਇਕ ਤਬਦੀਲੀ ਸੀ, ਜਿਉਂ ਦੀ ਤਿਉਂ ਸਥਿਤੀ ਨਾਲੋਂ ਵੱਖਰਾ ਤੇ ਜਿਹੜੇ ਨੇਤਾਵਾਂ ਤੇ ਪਾਰਟੀਆਂ ਦੀ ਸੋਚ 'ਚ ਉਹ ਸੀ, ਉਹ ਉਸ ਨਾਲ ਜੁੜ ਗਈਆਂ। ਇਸ ਨੇ ਇਕ 'ਨਵੇਂ ਭਾਰਤ', ਭਾਵ ਦੇਸ਼ ਦੇ ਬਹੁਗਿਣਤੀ ਇੱਛਾਵਾਨ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਇਕ ਨਵੀਂ ਕਿਸਮ ਦਾ ਸਿਆਸੀ ਨੁਮਾਇੰਦਾ ਦਿਖਾਉਂਦਿਆਂ ਡਰਾਈਵਿੰਗ ਸੀਟ 'ਤੇ ਬਿਠਾ ਦਿੱਤਾ। 5 ਸਾਲ ਪਹਿਲਾਂ ਮੋਦੀ ਦੀ ਭਾਜਪਾ ਨੇ ਉਸ ਪਲ ਨੂੰ ਓਨਾ ਹੀ ਗ੍ਰਹਿਣ ਕਰ ਲਿਆ, ਜਿੰਨਾ ਉਸ ਨੇ ਉਸ ਨੂੰ ਤਿਆਰ ਕੀਤਾ ਸੀ। 
ਯਕੀਨੀ ਤੌਰ 'ਤੇ ਅਗਲੀਆਂ ਸੰਸਦੀ ਚੋਣਾਂ ਜਾਂ ਉਸ ਤੋਂ ਪਹਿਲਾਂ ਹੀ ਅਜਿਹਾ ਦਿਖਾਈ ਦਿੰਦਾ ਹੈ ਕਿ ਭਵਿੱਖ ਨੂੰ ਲੈ ਕੇ ਉਮੀਦਾਂ ਦਾ ਸੋਕਾ ਨਾ ਸਿਰਫ ਸੱਤਾਧਾਰੀ ਪਾਰਟੀ ਦੀ ਸਪੱਸ਼ਟ ਰਣਨੀਤੀ ਦਾ ਪ੍ਰਤੀਬਿੰਬ ਹੈ, ਸਗੋਂ ਵਿਰੋਧੀ ਧਿਰ ਦੀ ਸਿਆਸਤ ਦਾ ਵੀ। 
ਹੁਣ ਤਕ  ਵਿਰੋਧੀ ਪਾਰਟੀਆਂ ਵਲੋਂ ਚੁੱਕਿਆ ਗਿਆ ਸਰਵਸ੍ਰੇਸ਼ਠ ਕਦਮ, ਜਿਨ੍ਹਾਂ ਨੇ ਮੋਦੀ-ਭਾਜਪਾ ਵਿਰੁੱਧ ਖ਼ੁਦ ਨੂੰ ਇਕਜੁੱਟ ਕਰ ਲਿਆ ਹੈ, ਇਹ ਕਿ ਉਹ ਮੋਦੀ-ਭਾਜਪਾ ਵਿਰੋਧੀ ਹਨ। ਲੜਾਈ ਤਾਂ ਸ਼ੁਰੂ ਹੋ ਹੀ ਗਈ ਹੈ।  ('ਇੰਡੀਅਨ ਐਕਸਪ੍ਰੈੱਸ' ਤੋਂ ਧੰਨਵਾਦ ਸਹਿਤ)

Bharat Thapa

This news is Content Editor Bharat Thapa