ਆਸਮਾਨੀ ਬਿਜਲੀ ਦੁਨੀਆ ਭਰ ਦੀ ਊਰਜਾ ਜ਼ਰੂਰਤ ਪੂਰੀ ਕਰ ਸਕਦੀ ਹੈ

03/27/2017 7:12:29 AM

ਬਿਜਲੀ ਅੱਜ ਸੱਭਿਅਕ ਸਮਾਜ ਦੀ ਬੁਨਿਆਦੀ ਜ਼ਰੂਰਤ ਬਣ ਚੁੱਕੀ ਹੈ। ਗਰੀਬ-ਅਮੀਰ ਸਭ ਨੂੰ ਇਸ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਬਿਜਲੀ ਦਾ ਉਤਪਾਦਨ ਇੰਨਾ ਨਹੀਂ ਹੁੰਦਾ ਕਿ ਹਰ ਕਿਸੇ ਦੀ ਜ਼ਰੂਰਤ ਨੂੰ ਪੂਰਾ ਕਰ ਸਕੇ, ਇਸ ਲਈ ਬਿਜਲੀ ਉਤਪਾਦਨ ਦੇ ਬਦਲ ਦੇ ਸ੍ਰੋਤ ਲਗਾਤਾਰ ਲੱਭੇ ਜਾਂਦੇ ਹਨ। ਪਾਣੀ ਤੋਂ ਬਿਜਲੀ ਬਣਦੀ ਹੈ, ਕੋਲੇ ਤੋਂ ਬਣਦੀ ਹੈ, ਨਿਊਕਲੀਅਰ ਰਿਐਕਟਰ ਤੋਂ ਬਣਦੀ ਹੈ ਤੇ ਸੂਰਜ ਦੀ ਰੌਸ਼ਨੀ ਤੋਂ ਵੀ ਬਣਦੀ ਹੈ ਪਰ ਵਿਗਿਆਨਿਕ ਸੂਰਜ ਪ੍ਰਕਾਸ਼ ਕਪੂਰ, ਜਿਨ੍ਹਾਂ ਨੇ ਵੈਦਿਕ ਵਿਗਿਆਨ ਦੇ ਆਧਾਰ ''ਤੇ ਆਧੁਨਿਕ ਜਗਤ ਦੀਆਂ ਕਈ ਵੱਡੀਆਂ ਚੁਣੌਤੀਆਂ ਨੂੰ ਮੌਲਿਕ ਤੌਰ ''ਤੇ ਸੁਲਝਾਉਣ ਦਾ ਕੰਮ ਕੀਤਾ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਬੱਦਲਾਂ ''ਚ ਚਮਕਣ ਵਾਲੀ ਬਿਜਲੀ ਨੂੰ ਵੀ ਆਦਮੀ ਦੀ ਜ਼ਰੂਰਤ ਲਈ ਵਰਤਿਆ ਜਾ ਸਕਦਾ ਹੈ।
ਇਹ ਕੋਈ ਕੋਰੀ ਕਲਪਨਾ ਨਹੀਂ, ਸਗੋਂ ਇਕ ਹਕੀਕਤ ਹੈ। ਦੁਨੀਆ ਦੇ ਵਿਕਸਿਤ ਦੇਸ਼ ਜਿਵੇਂ ਅਮਰੀਕਾ, ਜਾਪਾਨ, ਫਰਾਂਸ ਆਦਿ ਤਾਂ ਇਸ ਬਿਜਲੀ ਨੂੰ ਵਰਤੋਂ ਵਿਚ ਲਿਆਉਣ ਲਈ ਸੰਗਠਿਤ ਵੀ ਹੋ ਚੁੱਕੇ ਹਨ। ਉਨ੍ਹਾਂ ਦੀ ਸੰਸਥਾ ਦਾ ਨਾਂ ਹੈ ਇੰਟਰਨੈਸ਼ਨਲ ਕਮਿਸ਼ਨ ਆਨ ਐਟਮੋਸਫੇਅਰਿਕ ਇਲੈਕਟ੍ਰੀਸਿਟੀ। ਬਦਕਿਸਮਤੀ ਨਾਲ ਭਾਰਤ ਇਸ ਸੰਗਠਨ ਦਾ ਮੈਂਬਰ ਨਹੀਂ ਹੈ। ਅਲਬਤਾ ਇਹ ਗੱਲ ਵੱਖਰੀ ਹੈ ਕਿ ਭਾਰਤ ਦੇ ਵੈਦਿਕ ਸ਼ਾਸਤਰਾਂ ''ਚ ਆਸਮਾਨੀ ਬਿਜਲੀ ਨੂੰ ਕੰਟਰੋਲ ਕਰਨ ਦਾ ਵਰਣਨ ਆਉਂਦਾ ਹੈ। ਦੇਵਤਿਆਂ ਦੇ ਰਾਜਾ ਇੰਦਰ ਨੂੰ ਇਸ ਦੀ ਮੁਹਾਰਤ ਹਾਸਿਲ ਸੀ। ਸੁਣਨ ''ਚ ਇਹ ਵਿਚਾਰ ਅਟਪਟਾ ਲੱਗੇਗਾ, ਠੀਕ ਉਵੇਂ ਹੀ, ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਜੇਕਰ ਕੋਈ ਕਹਿੰਦਾ ਕਿ ਮੈਂ ਲੋਹੇ ਦੇ ਜਹਾਜ਼ ਵਿਚ ਬੈਠ ਕੇ ਉੱਡ ਜਾਵਾਂਗਾ ਤਾਂ ਦੁਨੀਆ ਉਸ ਦਾ ਮਜ਼ਾਕ ਉਡਾਉਂਦੀ।
ਪ੍ਰਿਥਵੀ ਦੀ ਸਤ੍ਹਾ ਤੋਂ 80 ਕਿਲੋਮੀਟਰ ਉਪਰ ਤਕ ਤਾਂ ਸਾਡਾ ਵਾਯੂਮੰਡਲ ਹੈ। ਉਸ ਤੋਂ ਉਪਰ 220 ਕਿਲੋਮੀਟਰ ਤਕ ਇਕ ਅਦ੍ਰਿਸ਼ ਗੋਲੇ ਨੇ ਪ੍ਰਿਥਵੀ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ, ਜਿਸ ਨੂੰ ਆਇਨੋ ਸਫੇਅਰ ਕਹਿੰਦੇ ਹਨ, ਜੋ ਆਇਨਜ਼ ਤੋਂ ਬਣਿਆ ਹੋਇਆ ਹੈ। ਇਸ ਆਇਨੋ ਸਫੇਅਰ ਦੇ ਕਣ ਬਿਜਲੀ ਨਾਲ ਚਾਰਜ ਹੁੰਦੇ ਹਨ। ਉਨ੍ਹਾਂ ਦੇ ਅਤੇ ਪ੍ਰਿਥਵੀ ਦੀ ਸਤ੍ਹਾ ਵਿਚਾਲੇ ਲਗਾਤਾਰ ਆਸਮਾਨੀ ਬਿਜਲੀ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਇਕ ਗਲੋਬਲ ਸਰਕਟ ਕੰਮ ਕਰਦਾ ਹੈ, ਜੋ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਪਰ ਇੰਨੀ ਬਿਜਲੀ ਦਾ ਆਦਾਨ-ਪ੍ਰਦਾਨ ਹੁੰਦਾ ਹੈ ਕਿ ਪੂਰੀ ਦੁਨੀਆ ਦੀ 700 ਕਰੋੜ ਦੀ ਆਬਾਦੀ ਦੀ ਬਿਜਲੀ ਦੀ ਜ਼ਰੂਰਤ ਬਿਨਾਂ ਖਰਚ ਕੀਤੇ ਪੂਰੀ ਹੋ ਸਕਦੀ ਹੈ। ਉਪਰੋਕਤ ਕੌਮਾਂਤਰੀ ਸੰਸਥਾ ਦਾ ਇਹੀ ਉਦੇਸ਼ ਹੈ ਕਿ ਕਿਵੇਂ ਇਸ ਬਿਜਲੀ ਨੂੰ ਮਨੁੱਖਤਾ ਦੀ ਲੋੜ ਲਈ ਵਰਤੋਂ ਵਿਚ ਲਿਆਂਦਾ ਜਾਵੇ।
ਜਦੋਂ ਆਸਮਾਨ ਵਿਚ ਬਿਜਲੀ ਚਮਕਦੀ ਹੈ ਤਾਂ ਇਹ ਅਕਸਰ ਪਹਿਲਾਂ ਪਹਾੜਾਂ ਦੀਆਂ ਚੋਟੀਆਂ ''ਤੇ ਡਿਗਦੀ ਹੈ। ਡਾ. ਕਪੂਰ ਦੱਸਦੇ ਹਨ ਕਿ ਇਸ ਬਿਜਲੀ ਨਾਲ 30000 ਡਿਗਰੀ ਸੈਂਟੀਗ੍ਰੇਡ ਦਾ ਤਾਪਮਾਨ ਪੈਦਾ ਹੁੰਦਾ ਹੈ, ਜਿਸ ਨਾਲ ਪਹਾੜ ਦੀ ਚੋਟੀ ਖੰਡਿਤ ਹੋ ਜਾਂਦੀ ਹੈ। ਉਪਰੋਕਤ ਕੌਮਾਂਤਰੀ ਸੰਸਥਾ ਨੇ ਅਜੇ ਤਕ ਸਿਰਫ ਇੰਨੀ ਸਫਲਤਾ ਹਾਸਿਲ ਕੀਤੀ ਹੈ ਕਿ ਇਸ ਬਿਜਲੀ ਨਾਲ ਉਹ ਪਹਾੜਾਂ ਦੀਆਂ ਚੋਟੀਆਂ ਨੂੰ ਤੋੜ ਕੇ ਸਮਤਲ ਬਣਾਉਣ ਦਾ ਕੰਮ ਕਰਨ ਲੱਗੇ ਹਨ, ਜੋ ਕੰਮ ਹੁਣ ਤਕ ਡਾਇਨਾਮਾਈਟ ਕਰਦਾ ਸੀ। ਰਿਗਵੇਦ ਅਨੁਸਾਰ ਦੇਵਰਾਜ ਇੰਦਰ ਨੇ ਸ਼ੰਭਰ ਰਾਖਸ਼ਸ ਦੇ 99 ਕਿਲੇ ਇਸੇ ਬਿਜਲੀ ਨਾਲ ਤਬਾਹ ਕੀਤੇ ਸਨ। ਰਿਗਵੇਦ ਵਿਚ ਇੰਦਰ ਦੀ ਸ਼ਕਤੀ ''ਚ 300 ਸੂਕਤ ਹਨ, ਜਿਨ੍ਹਾਂ ਵਿਚ ਇਸ ਬਿਜਲੀ ਦੀ ਵਰਤੋਂ ਦੀਆਂ ਵਿਧੀਆਂ ਦੱਸੀਆਂ ਗਈਆਂ ਹਨ।
ਵੇਦਾਂ ਅਨੁਸਾਰ ਇਸ ਬਿਜਲੀ ਨੂੰ ਸਾਧਾਰਨ ਵਿਗਿਆਨ ਦੀ ਮਦਦ ਨਾਲ ਗਰਿੱਡ ਵਿਚ ਪਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਨਿਊਯਾਰਕ ਦੀ ਮਸ਼ਹੂਰ ਇਮਾਰਤ ਇੰਪਾਇਰ ਸਟੇਟ ਬਿਲਡਿੰਗ ਦੀ ਚੋਟੀ ''ਤੇ ਜੋ ਤੜੀਚਾਲਕ ਲੱਗਾ ਹੈ, ਉਸ ''ਤੇ ਪੂਰੇ ਸਾਲ ਵਿਚ ਔਸਤਨ 300 ਵਾਰ ਬਿਜਲੀ ਡਿਗਦੀ ਹੈ, ਜਿਸ ਨੂੰ ਲਾਈਟਨਿੰਗ ਕੰਡਕਟਰ ਰਾਹੀਂ ਧਰਤੀ ਦੇ ਅੰਦਰ ਪਹੁੰਚਾ ਦਿੱਤਾ ਜਾਂਦਾ ਹੈ। ਭਾਰਤ ਵਿਚ ਵੀ ਤੁਸੀਂ ਅਨੇਕ ਇਮਾਰਤਾਂ ''ਤੇ ਅਜਿਹੇ ਤੜੀਚਾਲਕ ਦੇਖੇ ਹੋਣਗੇ, ਜੋ ਭਵਨਾਂ ਨੂੰ ਆਸਮਾਨੀ ਬਿਜਲੀ ਦੇ ਡਿਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਜੇਕਰ ਇਸ ਬਿਜਲੀ ਨੂੰ ਜ਼ਮੀਨ ਦੇ ਅੰਦਰ ਨਾ ਲਿਜਾ ਕੇ ਅਡਾਪਟਰ ਲਾ ਕੇ ਉਸ ਦੇ ਪੈਰਾਮੀਟਰਜ਼ ਬਦਲ ਕੇ ਉਸ ਨੂੰ ਗਰਿੱਡ ਵਿਚ ਦੇ ਦਿੱਤਾ ਜਾਵੇ ਤਾਂ ਇਸ ਦੀ ਵੰਡ ਮਨੁੱਖੀ ਲੋੜਾਂ ਲਈ ਕੀਤੀ ਜਾ ਸਕਦੀ ਹੈ।
ਮੇਘਾਲਿਆ ਸੂਬਾ, ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ, ਬੱਦਲਾਂ ਦਾ ਘਰ ਹੈ। ਇਥੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੀਂਹ ਪੈਂਦਾ ਹੈ ਅਤੇ ਸਭ ਤੋਂ ਜ਼ਿਆਦਾ ਬਿਜਲੀ ਡਿਗਦੀ ਹੈ। ਇਨ੍ਹਾਂ ਬੱਦਲਾਂ ਨੂੰ ਵੇਦਾਂ ਵਿਚ ਪ੍ਰਜਨਯ ਬੱਦਲ ਕਿਹਾ ਜਾਂਦਾ ਹੈ ਅਤੇ ਵਿਗਿਆਨ ਦੀ ਭਾਸ਼ਾ ਵਿਚ ਸ਼ਕੁਮੁਲੋਨਿੰਬਸ ਕਲਾਊਡਸ ਕਿਹਾ ਜਾਂਦਾ ਹੈ। ਕਿਸੇ ਹਵਾਈ ਜਹਾਜ਼ ਨੂੰ ਇਸ ਬੱਦਲ ਵਿਚੋਂ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਕਿਉਂਕਿ ਅਜਿਹਾ ਕਰਨ ''ਤੇ ਪੂਰਾ ਜਹਾਜ਼ ਅੱਗ ਦੀ ਭੇਟ ਚੜ੍ਹ ਸਕਦਾ ਹੈ। ਬੱਦਲ ਫਟਣਾ ਇਕ ਭਾਰੀ ਕੁਦਰਤੀ ਆਫ਼ਤ ਹੈ, ਜੋ ਉੱਤਰਾਖੰਡ ਵਿਚ ਵਾਪਰੀ ਸੀ, ਉਸ ਨੂੰ ਵੀ ਇਸ ਵਿਧੀ ਨਾਲ ਰੋਕਿਆ ਜਾ ਸਕਦਾ ਸੀ। ਜੇਕਰ ਹਿਮਾਲਿਆ ਦੀਆਂ ਚੋਟੀਆਂ ''ਤੇ ਇਲੈਕਟ੍ਰੀਕਲ ਕਨਵਰਜ਼ਨ ਯੂਨਿਟਸ ਲਾ ਦਿੱਤੇ ਜਾਣ ਅਤੇ ਇਸ ਤਰ੍ਹਾਂ ਸਿਰਜੇ ਗਏ ਬੱਦਲਾਂ ਤੋਂ ਪ੍ਰਾਪਤ ਬਿਜਲੀ ਨੂੰ ਗਰਿੱਡ ਨੂੰ ਦੇ ਦਿੱਤਾ ਜਾਵੇ ਤਾਂ ਉੱਤਰ-ਭਾਰਤ ਦੀ ਬਿਜਲੀ ਦੀ ਲੋੜ ਪੂਰੀ ਹੋ ਜਾਵੇਗੀ ਅਤੇ ਬੱਦਲ ਫਟਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਵੇਗਾ।
ਧਰਤੀ ਦੀ ਸਤ੍ਹਾ ਤੋਂ 50,000 ਕਿਲੋਮੀਟਰ ਉਪਰ ਧਰਤੀ ਦਾ ਚੁੰਬਕੀ ਆਵਰਤ, ਮੈਗਨੇਟੋ ਸਫੇਅਰ ਖਤਮ ਹੋ ਜਾਂਦਾ ਹੈ। ਇਸ ਪੱਧਰ ''ਤੇ ਸੂਰਜ ਤੋਂ ਆਉਣ ਵਾਲੀਆਂ ਸੂਰਜੀ ਹਵਾਵਾਂ ਦੇ ਬਿਜਲੀ ਆਵਰਤ ਕਣ (ਆਇਨਜ਼) ਉੱਤਰੀ ਅਤੇ ਦੱਖਣੀ ਧਰੁਵ ਤੋਂ ਧਰਤੀ ਵਿਚ ਪ੍ਰਵੇਸ਼ ਕਰਦੇ ਹਨ, ਜਿਨ੍ਹਾਂ ਨੂੰ ਅਰੋਰਾ ਲਾਈਟਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚ ਇੰਨੀ ਊਰਜਾ ਹੁੰਦੀ ਹੈ ਕਿ ਜੇਕਰ ਉਸ ਨੂੰ ਵੀ ਇਕ ਵੇਵ ਗਾਈਡਸ ਰਾਹੀਂ ਇਲੈਕਟ੍ਰੀਕਲ ਕਨਵਰਜ਼ਨ ਯੂਨਿਟ ਲਾ ਕੇ ਗਰਿੱਡ ''ਚ ਦਿੱਤਾ ਜਾਵੇ ਤਾਂ ਪੂਰੀ ਦੁਨੀਆ ਦੀ ਬਿਜਲੀ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ। ਡਾ. ਕਪੂਰ ਸਵਾਲ ਕਰਦੇ ਹਨ ਕਿ ਭਾਰਤ ਸਰਕਾਰ ਦਾ ਵਿਗਿਆਨ ਅਤੇ ਤਕਨੀਕੀ ਮੰਤਰਾਲਾ ਕਿਉਂ ਸੁੱਤਾ ਹੋਇਆ ਹੈ, ਜਦਕਿ ਸਾਡੇ ਵੈਦਿਕ ਗਿਆਨ ਦਾ ਲਾਭ ਉਠਾ ਕੇ ਦੁਨੀਆ ਦੇ ਵਿਕਸਿਤ ਦੇਸ਼ ਆਸਮਾਨੀ ਬਿਜਲੀ ਦੀ ਵਰਤੋਂ ਕਰਨ ਦੀ ਤਿਆਰੀ ''ਚ ਜੁਟੇ ਹਨ।
(www.vineetnarain.net)