ਆਓ ਅਸੀਂ ਸਭ ਮਿਲ ਕੇ ਨਸ਼ਾਖੋਰੀ ਦਾ ਵਿਰੋਧ ਕਰੀਏ

06/26/2023 6:09:12 PM

ਇਹ ਇਕ ਅਟਲ ਸੱਚਾਈ ਹੈ ਕਿ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਪੀੜਤ ਵਿਅਕਤੀ ਨੂੰ ਪਰਿਵਾਰਕ ਤੇ ਸਮਾਜਿਕ ਵੱਖਵਾਦ ਅਤੇ ਲੋਕਾਂ ਦੀ ਬੇਧਿਆਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਯਕੀਨੀ ਤੌਰ ’ਤੇ ਵਿਅਕਤੀ ਨੂੰ ਬਹੁਤ ਮਾਨਸਿਕ ਅਤੇ ਸਰੀਰਕ ਦੁੱਖ ਅਤੇ ਸਦਮਾ ਪਹੁੰਚਦਾ ਹੈ। ਉਹ ਲੋੜੀਂਦੀ ਮਦਦ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਇਸ ਨਾਲ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਜੀਵਨ ਤਰਸਯੋਗ ਅਤੇ ਔਖਾ ਬਣ ਜਾਂਦਾ ਹੈ। ਇਸ ਲਈ ਨਸ਼ੀਲੀਆਂ ਦਵਾਈਆਂ ਤੋਂ ਛੁਟਕਾਰਾ ਹਾਸਲ ਕਰਨ ਦੀਆਂ ਨੀਤੀਆਂ ਲਈ ਇਕ ਲੋਕ-ਕੇਂਦਰਿਤ ਸੋਚ ਦੀ ਲੋੜ ਹੈ ਜੋ ਮਨੁੱਖੀ ਅਧਿਕਾਰਾਂ ਅਤੇ ਤਰਸ ’ਤੇ ਆਧਾਰਿਤ ਹੋਵੇ। ਇਸ ਸਾਲ ਦਾ ਵਿਸ਼ਵ ਡਰੱਗ ਦਿਵਸ, ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਲੱਗਣ ਵਾਲੇ ਕਲੰਕ ਅਤੇ ਵਿਤਕਰੇ ਦੇ ਨਾਂਹਪੱਖੀ ਅਸਰ ਸਬੰਧੀ ਜਾਗਰੂਕਤਾ ਵਧਾਉਣ ਅਤੇ ਡਰੱਗਸ ਦੀ ਵਰਤੋਂ ਕਰਨ ਵਾਲੇ ਲੋਕਾਂ ’ਚ ਏਡਜ਼ ਅਤੇ ਹੈਪੇਟਾਈਟਿਸ ਮਹਾਮਾਰੀ ਬਾਰੇ ਜਾਗਰੂਕਤਾ ਵਧਾਉਣ ਅਤੇ ਇਨ੍ਹਾਂ ਰੋਗਾਂ ਲਈ ਰੋਕਥਾਮ ਵਾਲੇ ਪ੍ਰੋਗਰਾਮਾਂ ਦਾ ਪਸਾਰ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੈ।

ਇਨ੍ਹਾਂ ’ਚੋਂ ਡਰੱਗਸ ਦੀ ਵਰਤੋਂ ਕਰਨ ਵਾਲੇ ਸਭ ਲੋਕਾਂ ਲਈ ਸਬੂਤਾਂ ’ਤੇ ਆਧਾਰਿਤ, ਸਵੈ-ਇੱਛੁਕ ਸੇਵਾਵਾਂ ਨੂੰ ਵਧਾਉਣ, ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੇ ਨੁਕਸਾਨ, ਉਪਲੱਬਧ ਇਲਾਜ ਅਤੇ ਜਲਦੀ ਦਖਲਅੰਦਾਜ਼ੀ ਅਤੇ ਮਦਦ ਦੀ ਅਹਿਮੀਅਤ ਬਾਰੇ ਸਿੱਖਿਅਤ ਕਰਨਾ, ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਅਪਰਾਧਾਂ ਜਿਵੇਂ ਭਾਈਚਾਰੇ ’ਤੇ ਆਧਾਰਿਤ ਇਲਾਜ ਅਤੇ ਸੇਵਾਵਾਂ ਲਈ ਜੇਲ ਦੇ ਬਦਲ ਦੀ ਹਮਾਇਤ, ਭਾਸ਼ਾ ਅਤੇ ਵਤੀਰੇ ਨੂੰ ਹੱਲਾਸ਼ੇਰੀ ਦੇ ਕੇ ਨਸ਼ੇ ਨਾਲ ਜੁੜੇ ਕਲੰਕ ਅਤੇ ਵਿਤਕਰੇ ਦਾ ਮੁਕਾਬਲਾ ਕਰਨਾ ਸ਼ਾਮਲ ਹੈ। ਆਓ, ਇਕ ਵਾਰ ਕੌਮਾਂਤਰੀ ਪੱਧਰ ’ਤੇ ਨਸ਼ੀਲੀਆਂ ਵਸਤਾਂ ਦੀ ਦੁਰਵਰਤੋਂ ਦੀ ਭਿਆਨਕਤਾ ’ਤੇ ਇਕ ਨਜ਼ਰ ਮਾਰੀਏ। ਯੂ. ਐੱਨ. ਆਫਿਸ ਆਨ ਡਰੱਗਸ ਐਂਡ ਕ੍ਰਾਈਮ (ਯੂ. ਐੱਨ. ਓ. ਡੀ. ਸੀ.) ਦੀ ਵਰਲਡ ਡਰੱਗ ਰਿਪੋਰਟ-2022 ਮੁਤਾਬਕ, 2020 ’ਚ ਸਮੁੱਚੀ ਦੁਨੀਆ ’ਚ 15-64 ਸਾਲ ਦੀ ਉਮਰ ਦੇ ਲਗਭਗ 28.40 ਕਰੋੜ ਲੋਕ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰ ਰਹੇ ਸਨ ਜੋ ਪਿਛਲੇ ਦਹਾਕੇ ਦੇ ਮੁਕਾਬਲੇ 26 ਫੀਸਦੀ ਵੱਧ ਹਨ। ਇਸ ਰਿਪੋਰਟ ਮੁਤਾਬਕ ਵਧੇਰੇ ਨੌਜਵਾਨ ਜ਼ਿਆਦਾਤਰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਕਈ ਦੇਸ਼ਾਂ ’ਚ ਇਨ੍ਹਾਂ ਦੀ ਵਰਤੋਂ ਪਿਛਲੀ ਪੀੜ੍ਹੀ ਦੇ ਮੁਕਾਬਲੇ ਵਧ ਗਈ ਹੈ।

ਇਸ ਰਿਪੋਰਟ ਅਨੁਸਾਰ ਸਮੁੱਚੀ ਦੁਨੀਆ ’ਚ 1.12 ਕਰੋੜ ਲੋਕ ਡਰੱਗਸ ਦੇ ਇੰਜੈਕਸ਼ਨ ਦੀ ਵਰਤੋਂ ਕਰ ਰਹੇ ਹਨ। 2018 ਦੌਰਾਨ ਏਮਜ਼ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ (ਐੱਨ. ਡੀ. ਡੀ. ਟੀ. ਸੀ.) ਗਾਜ਼ੀਆਬਾਦ ਵਲੋਂ ਆਯੋਜਿਤ ਰਾਸ਼ਟਰੀ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ ਨਸ਼ੀਲੀਆਂ ਵਸਤਾਂ ਦੀ ਵਰਤੋਂ ਅਤੇ ਰੁਝਾਨ ਮੁਤਾਬਕ 10-17 ਸਾਲ ਦੀ ਉਮਰ ਦੇ ਬੱਚਿਆਂ ਅਤੇ ਅੱਲ੍ਹੜਾਂ ’ਚ ਸ਼ਰਾਬ, ਭੰਗ, ਅਫੀਮ, ਇਨਹੇਲੈਂਟ, ਕੋਕੀਨ ਅਤੇ ਕਈ ਕਿਸਮ ਦੇ ਭੜਕਾਊ (ਏ. ਟੀ. ਐੱਸ.) ਅਤੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ 6.06 ਫੀਸਦੀ ਹੈ ਜਦੋਂ ਕਿ 18 ਤੋਂ 75 ਸਾਲ ਦੀ ਉਮਰ ਦੇ 24.71 ਫੀਸਦੀ ਬਾਲਗ ਇਸ ’ਚ ਸ਼ਾਮਲ ਪਾਏ ਗਏ। ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਦੀ ਦਲਦਲ ’ਚੋਂ ਬਾਹਰ ਕੱਢਣ ’ਚ ਮਦਦ ਦੇਣ ਦੀ ਸਮੂਹਿਕ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਜੇ ਹਰ ਹਿੱਤਧਾਰਕ ਇਸ ਸਬੰਧੀ ਕੀਤੇ ਜਾ ਰਹੇ ਸਰਕਾਰੀ ਯਤਨਾਂ ’ਚ ਸਹਿਯੋਗ ਕਰੇ ਤਾਂ ਉਨ੍ਹਾਂ ਨਾਲ ਮੁਕਾਬਲਾ ਕਰਨਾ ਸੌਖਾ ਹੋ ਜਾਵੇਗਾ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਅਧੀਨ ਭਾਰਤ ਸਰਕਾਰ ਨਸ਼ੀਲੀਆਂ ਦਵਾਈਅਾਂ ਦੀ ਮੰਗ ’ਚ ਕਮੀ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨ. ਏ. ਪੀ. ਡੀ. ਡੀ. ਆਰ.) ਮੁਤਾਬਕ ਇਕ ਯੋਜਨਾ ਲਾਗੂ ਕਰ ਰਹੀ ਹੈ। ਉਸ ਅਧੀਨ ਨਿਵਾਰਕ ਸਿੱਖਿਆ ਅਤੇ ਜਾਗਰੂਕਤਾ ਸਿਰਜਨ, ਸਮਰੱਥਾ ਦਾ ਨਿਰਮਾਣ, ਹੁਨਰ ਦੇ ਵਿਕਾਸ ਲਈ ਸੂਬਾਈ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਵਿੱਤੀ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ ਪੀੜਤਾਂ ਲਈ ਵਿਕਾਸ ਅਤੇ ਕਾਰੋਬਾਰੀ ਸਿਖਲਾਈ ਅਤੇ ਰੋਜ਼ੀ-ਰੋਟੀ ’ਚ ਸਹਿਯੋਗ ਲਈ 2020-21 ਦੌਰਾਨ ਐੱਨ. ਏ. ਪੀ. ਡੀ. ਡੀ. ਆਰ. ਅਧੀਨ 285590 ਲਾਭ ਹਾਸਲ ਕਰਨ ਵਾਲੇ ਸਨ।

ਵਧੇਰੇ ਲਾਭ ਹਾਸਲ ਕਰਨ ਵਾਲੇ ਆਂਧਰਾ ਪ੍ਰਦੇਸ਼ (15295), ਦਿੱਲੀ (17019), ਹਰਿਆਣਾ (6940), ਹਿਮਾਚਲ ਪ੍ਰਦੇਸ਼ (12619), ਮੱਧ ਪ੍ਰਦੇਸ਼ (28929), ਪੰਜਾਬ (9555), ਰਾਜਸਥਾਨ (22103), ਤੇਲੰਗਾਨਾ (6620), ਉੱਤਰ ਪ੍ਰਦੇਸ਼ (16503) ਅਤੇ ਪੱਛਮੀ ਬੰਗਾਲ ਤੋਂ (7639) ਸਨ। ਇਸੇ ਤਰ੍ਹਾਂ ਨਸ਼ਾਮੁਕਤ ਭਾਰਤ ਮੁਹਿੰਮ ਅਗਸਤ 2020 ’ਚ ਸ਼ੁਰੂ ਕੀਤੀ ਗਈ ਸੀ, ਇਸ ਅਧੀਨ ਔਰਤਾਂ, ਬੱਚਿਆਂ, ਵਿੱਦਿਅਕ ਅਦਾਰਿਆਂ, ਨਾਗਰਿਕ, ਸਮਾਜ ਸੰਗਠਨਾਂ ਆਦਿ ਵਰਗੇ ਹਿੱਤਧਾਰਕਾਂ ਦੀ ਭਾਈਵਾਲੀ ’ਤੇ ਵਿਸ਼ੇਸ਼ ਜ਼ੋਰ ਿਦੱਤਾ ਗਿਆ ਹੈ ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਨਸ਼ੀਲੀਆਂ ਵਸਤਾਂ ਦੀ ਵਰਤੋਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਹੁਣ ਤੱਕ ਜ਼ਮੀਨੀ ਪੱਧਰ ’ਤੇ ਕੀਤੀਆਂ ਗਈਆਂ ਵੱਖ-ਵੱਖ ਸਰਗਰਮੀਆਂ ਰਾਹੀਂ 12 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਿਆ ਜਾ ਚੁੱਕਾ ਹੈ। 4 ਹਜ਼ਾਰ ਤੋਂ ਵੱਧ ਯੁਵਾ ਮੰਡਲ, ਨਹਿਰੂ ਯੁਵਾ ਕੇਂਦਰ (ਐੱਨ. ਵਾਈ. ਕੇ.), ਐੱਨ. ਐੱਸ. ਐੱਸ. ਸਵੈਮਸੇਵਕ, ਯੁਵਾ ਮੰਡਲ ਵੀ ਨਸ਼ਾਮੁਕਤ ਭਾਰਤ ਮੁਹਿੰਮ ਨਾਲ ਜੁੜੇ ਹੋਏ ਹਨ। ਆਂਗਣਵਾੜੀ ਕੇਂਦਰਾਂ ਅਤੇ ਆਸ਼ਾ ਵਰਕਰਾਂ, ਏ. ਐੱਨ. ਐੱਮ., ਮਹਿਲਾ ਮੰਡਲਾਂ ਅਤੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਰਾਹੀਂ ਇਕ ਵੱਡੇ ਭਾਈਚਾਰੇ ਤੱਕ ਪਹੁੰਚਣ ’ਚ 2.05 ਕਰੋੜ ਤੋਂ ਵੱਧ ਔਰਤਾਂ ਦਾ ਯੋਗਦਾਨ ਵੀ ਅਹਿਮ ਰਿਹਾ ਹੈ। ਨਸ਼ਾਮੁਕਤ ਭਾਰਤ ਮੁਹਿੰਮ ਅਧੀਨ ਪੂਰੇ ਦੇਸ਼ ’ਚ ਹੁਣ ਤੱਕ 1.19 ਲੱਖ ਤੋਂ ਵੱਧ ਿਵੱਦਿਅਕ ਅਦਾਰਿਆਂ ਵਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ੀਲੀਆਂ ਵਸਤਾਂ ਦੀ ਵਰਤੋਂ ਸਬੰਧੀ ਸਿੱਖਿਅਤ ਕਰਨ ਲਈ ਸਰਗਰਮੀਆਂ ਆਯੋਜਿਤ ਕੀਤੀਆਂ ਗਈਆਂ ਹਨ। ਹਰਿਆਣਾ ’ਚ ਨਸ਼ੀਲੀਆਂ ਵਸਤਾਂ ਦੀ ਆਦਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਸੂਬਾ ਸਰਕਾਰ ਵੱਲੋਂ ਸਵਾਪਕ ਔਸ਼ਧੀ ਅਤੇ ਮਨ ’ਤੇ ਪ੍ਰਭਾਵ ਵਾਲੇ ਪਦਾਰਥ ਐਕਟ 1985 (1985 ਦਾ ਕੇਂਦਰੀ ਐਕਟ-61) ਅਧੀਨ ਨਿਯਮ ਨੋਟੀਫਾਈ ਕੀਤੇ ਗਏ ਹਨ। ਇਹ ਨਿਯਮ ਹਰਿਆਣਾ ਨਸ਼ਾਮੁਕਤੀ ਕੇਂਦਰ ਨਿਯਮ 2010 ਕਹਾਉਂਦੇ ਹਨ। ਇਨ੍ਹਾਂ ਨਿਯਮਾਂ ਦੇ ਨਿਯਮ-6 ਅਧੀਨ ਵਿਵਸਥਾ ਮੁਤਾਬਕ ਹਰਿਆਣਾ ’ਚ ਨਸ਼ਾਮੁਕਤੀ ਕੇਂਦਰਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ। ਦੁਨੀਆ ’ਚ ਨਸ਼ਾ ਵਿਰੋਧੀ ਦਿਵਸ ਮਨਾਉਣਾ ਸਿਰਫ ਤਦ ਹੀ ਸਾਰਥਕ ਹੋ ਸਕਦਾ ਹੈ ਜਦੋਂ ਇਕ ਜਾਗਰੂਕ ਸਮਾਜ ਵਜੋਂ ਅਸੀਂ ਸਭ ਮਿਲ ਕੇ ਇਸ ਬੁਰਾਈ ਵਿਰੁੱਧ ਸਮੂਹਿਕ ਯਤਨ ਕਰੀਏ। ਜੇ ਅਸੀਂ ਇਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਤਾਂ ਸਾਨੂੰ ਹਰ ਤਰ੍ਹਾਂ ਦੇ ਨਸ਼ੇ ਨੂੰ ਜੜ੍ਹੋਂ ਪੁੱਟਣਾ ਹੋਵੇਗਾ। (ਪ੍ਰਗਟਾਏ ਗਏ ਵਿਚਾਰ ਬਿਲਕੁਲ ਨਿੱਜੀ ਹਨ।)

ਬੰਡਾਰੂ ਦੱਤਾਤ੍ਰੇਅ
ਮਾਣਯੋਗ ਰਾਜਪਾਲ, ਹਰਿਆਣਾ

Anuradha

This news is Content Editor Anuradha