ਕੋਹਲੀ-ਕੁੰਬਲੇ ਕਾਂਡ : ਕੀ ਹੁਣ ''ਜੀ ਹਜ਼ੂਰੀਏ'' ਹੀ ਕੋਚ ਬਣਿਆ ਕਰਨਗੇ

06/23/2017 6:47:59 AM

'ਖਸਮਾਂ ਨੂੰ ਖਾਂਦਾ ਡੰਡਾ, ਖੂਹ ਵਿਚ ਪੈਂਦਾ ਮੁੰਡਾ, ਸਾਂਭ ਕੇ ਰੱਖੋ ਧੰਦਾ'। ਬੇਸ਼ੱਕ ਸਿਧਾਂਤਕ ਤੌਰ 'ਤੇ ਹੀ ਸਹੀ, ਭਾਰਤੀ ਕ੍ਰਿਕਟ ਦੇ ਅਗਲੇ ਕੋਚ ਨੂੰ ਇਹ ਕਥਨ ਯਾਦ ਰੱਖਣਾ ਪਵੇਗਾ ਕਿਉਂਕਿ ਹੁਣ ਉਸ ਦਾ ਕੰਮ ਸਿਰਫ ਨਤੀਜਿਆਂ 'ਤੇ ਹੀ ਨਿਰਭਰ ਹੋਵੇਗਾ। 
ਲਗਾਤਾਰ 5 ਸੀਰੀਜ਼ ਵਿਚ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਦੇ ਬਾਵਜੂਦ ਅਨਿਲ ਕੁੰਬਲੇ ਦੀ ਬਰਖਾਸਤਗੀ ਨੇ ਦਿਖਾ ਦਿੱਤਾ ਹੈ ਕਿ ਜੇ ਕਿਸੇ ਕੋਚ ਨੇ ਆਪਣੀ ਨੌਕਰੀ ਬਚਾਉਣੀ ਹੈ ਤਾਂ ਉਸ ਨੂੰ ਕਪਤਾਨ ਦੀ 'ਲੋਲੋ-ਪੋਪੋ' ਕਰਨੀ ਪਵੇਗੀ ਤੇ ਟੀਮ ਵਿਚ ਹਰਮਨ-ਪਿਆਰੇ ਬਣੇ ਰਹਿਣਾ ਪਵੇਗਾ। 
ਗ੍ਰੇਗ ਚੈਪਲ ਦੀ 2007 ਵਿਚ ਕੋਚ ਦੇ ਅਹੁਦੇ ਤੋਂ ਬਰਖਾਸਤਗੀ ਲਈ ਡ੍ਰੈਸਿੰਗ ਰੂਮ ਦੀ ਬਗਾਵਤ ਜ਼ਿੰਮੇਵਾਰ ਸੀ ਪਰ ਇਸ ਨਾਲ ਉਨ੍ਹਾਂ ਤੋਂ ਬਾਅਦ ਭਾਰਤ ਆਉਣ ਵਾਲੇ ਵਿਦੇਸ਼ੀ ਕੋਚਾਂ ਨੂੰ ਇਹ ਸਬਕ ਮਿਲ ਗਿਆ ਕਿ ਜ਼ੁਬਾਨ ਘੱਟ ਚਲਾਓ ਤੇ ਅਦ੍ਰਿਸ਼ ਬਣੇ ਰਹੋ। ਹੁਣ ਅਨਿਲ ਕੁੰਬਲੇ ਦੀ ਅਪਮਾਨਜਨਕ ਵਿਦਾਇਗੀ ਨੇ ਕਿਸੇ ਕੋਚ ਲਈ ਵਰਜਿਤ ਗੱਲਾਂ ਦੀ ਸੂਚੀ ਵਿਚ ਕੁਝ ਨਵਾਂ ਵਾਧਾ ਕਰ ਦਿੱਤਾ ਹੈ, ਜਿਸ ਨਾਲ ਭਾਰਤੀ ਕ੍ਰਿਕਟ ਟੀਮ ਦੇ ਕੋਚ ਦਾ ਦਬਦਬਾ ਹੋਰ ਵੀ ਕਮਜ਼ੋਰ ਹੋ ਗਿਆ ਹੈ। 
ਪਰ ਇਹ ਲੇਖ ਵਿਰਾਟ ਕੋਹਲੀ ਨੂੰ ਖਲਨਾਇਕ ਤੇ ਅਨਿਲ ਕੁੰਬਲੇ ਨੂੰ ਪੀੜਤ ਵਜੋਂ ਦਰਸਾਉਣ ਦੀ ਕਵਾਇਦ ਨਹੀਂ ਹੈ। ਭਾਰਤੀ ਕ੍ਰਿਕਟ ਦੇ ਕਈ ਬਹੁਤ ਸੰਵੇਦਨਸ਼ੀਲ ਮੁੱਦਿਆਂ ਵਾਂਗ ਇਸ ਮਾਮਲੇ ਦੇ ਸੰਬੰਧ ਵਿਚ ਉੱਠੀ ਧੂੜ ਵੀ ਲੰਡਨ ਹੋਟਲ ਦੇ ਕਾਨਫਰੰਸ ਰੂਮ ਦੇ ਗਲੀਚਿਆਂ ਹੇਠਾਂ ਦੱਬ ਦਿੱਤੀ ਗਈ ਹੈ, ਜਿੱਥੇ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਤੇ ਵੀ. ਵੀ. ਐੱਸ. ਲਕਸ਼ਮਣ 'ਤੇ ਆਧਾਰਿਤ ਹਾਈ-ਪ੍ਰੋਫਾਈਲ ਕ੍ਰਿਕਟ ਕਮੇਟੀ ਦੇ ਨਾਲ-ਨਾਲ ਬੀ. ਸੀ. ਸੀ. ਆਈ. ਦੇ ਘਾਗਾਂ ਨੇ ਕਿਸੇ ਸਮਝੌਤੇ ਦੀ ਗੁੰਜਾਇਸ਼ ਲੱਭਣ ਲਈ ਕੋਹਲੀ ਤੇ ਕੁੰਬਲੇ ਦਾ ਪੱਖ ਸੁਣਿਆ।
ਇਸ ਤੋਂ ਪਹਿਲਾਂ ਕਿ ਅਸਲੀਅਤ ਕਮਰੇ ਤਕ ਪਹੁੰਚਦੀ, ਕਿਸੇ ਵੀ ਕੀਮਤ 'ਤੇ ਆਪਣੀ ਜ਼ੁਬਾਨ ਨਾ ਖੋਲ੍ਹਣ ਲਈ ਸੰਕਲਪਬੱਧ ਭਾਰਤੀ ਕ੍ਰਿਕਟ ਦੇ ਸਭ ਤੋਂ ਤਾਕਤਵਰ ਵਿਅਕਤੀਆਂ ਨੇ ਇਸ ਦਾ ਗਲਾ ਦਬਾ ਦਿੱਤਾ ਅਤੇ ਇਸ ਅਸਫਲ 'ਸ਼ਾਂਤੀ ਵਾਰਤਾ' ਵਿਚੋਂ ਜੋ ਖ਼ਬਰਾਂ ਬਾਹਰ ਆਈਆਂ ਹਨ, ਉਹ ਸਿਰਫ ਅਸਲੀ ਘਟਨਾ ਬਾਰੇ ਅਟਕਲਾਂ ਮਾਤਰ ਹਨ। ਬੀ. ਸੀ. ਸੀ. ਆਈ. ਅਧਿਕਾਰਤ ਤੌਰ 'ਤੇ ਇਸ ਘਟਨਾ ਦੀ 'ਝੂਠੀ' ਤਸਵੀਰ ਪੇਸ਼ ਕਰ ਰਹੀ ਹੈ। ਇਸ ਦੇ ਅਧਿਕਾਰੀ ਅਜੇ ਵੀ ਕੋਚ ਬਦਲੇ ਜਾਣ ਨੂੰ ਬਿਲਕੁਲ 'ਸਹਿਜ ਸਰਗਰਮੀ' ਦਾ ਨਾਂ ਦੇ ਰਹੇ ਹਨ। 
ਇਥੋਂ ਤਕ ਕਿ ਕੁੰਬਲੇ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਅਲਵਿਦਾ ਕਹਿੰਦਿਆਂ ਸੱਚਮੁਚ ਜ਼ੋਰ ਨਾਲ ਦਰਵਾਜ਼ਾ ਬੰਦ ਨਹੀਂ ਕੀਤਾ ਸੀ। ਅਲਵਿਦਾ ਦੇ ਰੂਪ ਵਿਚ ਉਨ੍ਹਾਂ ਨੇ ਜੋ ਟਵੀਟ ਕੀਤਾ, ਉਹ ਬਹੁਤ ਝਿਜਕ ਭਰਿਆ ਹੈ ਅਤੇ ਕਿਸੇ ਵਿਰੁੱਧ ਵੀ ਦੁਰਭਾਵਨਾ ਨਹੀਂ ਪ੍ਰਗਟਾਉਂਦਾ। ਕੁੰਬਲੇ ਦੀ ਸਥਿਤੀ ਨੇਕੀ ਲਈ 'ਸ਼ਹੀਦ' ਹੋਣ ਵਾਲੇ ਵਿਅਕਤੀ ਵਰਗੀ ਹੈ। ਉਨ੍ਹਾਂ ਨੇ ਸਿਰਫ ਇੰਨਾ ਹੀ ਸੰਕੇਤ ਦਿੱਤਾ ਹੈ ਕਿ ਕੋਹਲੀ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਂਝ ਕੋਹਲੀ ਵੀ ਹੁਣ ਤਕ ਚੈਂਪੀਅਨਜ਼ ਟਰਾਫੀ ਦੀਆਂ ਬਹੁਤੀਆਂ ਪ੍ਰੈੱਸ ਕਾਨਫਰੰਸਾਂ ਵਿਚ ਆਪਣੇ ਤੇ ਕੁੰਬਲੇ ਦਰਮਿਆਨ ਕਿਸੇ ਤਰ੍ਹਾਂ ਦੀ ਕੁੜੱਤਣ ਹੋਣ ਤੋਂ ਇਨਕਾਰ ਕਰਦੇ ਰਹੇ ਹਨ।
ਕ੍ਰਿਕਟ ਦੇ ਖਿਡਾਰੀ ਹਮੇਸ਼ਾ ਵਾਂਗ ਬਿਨਾਂ ਸੋਚੇ-ਸਮਝੇ ਉਲਟੀਆਂ-ਸਿੱਧੀਆਂ ਗੱਲਾਂ ਕਰਨ ਵਿਚ ਯਕੀਨ ਨਹੀਂ ਰੱਖਦੇ। ਉਨ੍ਹਾਂ ਨੂੰ ਪਤਾ ਹੈ ਕਿ ਕ੍ਰਿਕਟ ਅਨਿਸ਼ਚਿਤਤਾਵਾਂ ਵਾਲੀ ਖੇਡ ਹੈ। ਕੁਝ ਹੀ ਮਹੀਨਿਆਂ ਵਿਚ ਕਪਤਾਨ ਆਪਣੀ 'ਫਾਰਮ' ਗੁਆ ਸਕਦਾ ਹੈ ਤੇ ਦੂਜਿਆਂ ਦਾ ਪਸੰਦੀਦਾ ਨਹੀਂ ਰਹਿ ਸਕਦਾ। ਬੀ. ਸੀ. ਸੀ. ਆਈ. ਵਿਚ ਵੀ ਸੱਤਾ ਸਮੀਕਰਣ ਅਤੇ ਚਹੇਤੇ ਰਾਤੋ-ਰਾਤ ਬਦਲ ਸਕਦੇ ਹਨ। ਬੀ. ਸੀ. ਸੀ. ਆਈ. ਦੀ ਸੰਕਟਕਾਲੀਨ ਦਿਸ਼ਾ ਨਿਰਦੇਸ਼ਕਾ 'ਚ ਇਹ ਗੱਲ ਬਹੁਤ ਜ਼ਬਰਦਸਤ ਢੰਗ ਨਾਲ ਰੇਖਾਂਕਿਤ ਕੀਤੀ ਗਈ ਹੈ। ਕੋਈ ਵੀ ਜਵਾਰਭਾਟੇ ਦੇ ਵਿਰੁੱਧ ਨਹੀਂ ਤੈਰਦਾ, ਸਗੋਂ ਉਸ ਦੇ ਸ਼ਾਂਤ ਹੋ ਜਾਣ ਦੀ ਉਡੀਕ ਕਰਦਾ ਹੈ। 
ਘੁਸਰ-ਮੁਸਰ ਤੋਂ ਪਤਾ ਲੱਗਾ ਹੈ ਕਿ ਕੋਹਲੀ ਨੂੰ ਕੁੰਬਲੇ ਦਾ ਨਜ਼ਰੀਆ ਦਮ-ਘੋਟੂ ਲੱਗਦਾ ਸੀ। ਰਵੀ ਸ਼ਾਸਤਰੀ ਦੇ ਸਹਿਜ ਤੇ ਸਰਲ ਦੌਰ ਦੇ ਉਲਟ ਕੁੰਬਲੇ ਦੇ ਦੌਰ ਵਿਚ ਬਹੁਤ ਜ਼ਿਆਦਾ ਹਦਾਇਤਾਂ ਜਾਰੀ ਹੁੰਦੀਆਂ ਸਨ। ਕੁਝ ਲੋਕ ਇਨ੍ਹਾਂ ਹਦਾਇਤਾਂ ਨੂੰ ਸੁਝਾਅ ਦਾ ਨਾਂ ਦਿੰਦੇ ਹਨ ਪਰ ਹਰ ਕਿਸੇ ਦੀ ਪ੍ਰਤੀਕਿਰਿਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਧੜੇ ਨਾਲ ਸੰਬੰਧਿਤ ਹੈ। ਇਹ ਦੋਸ਼ ਵੀ ਲੱਗਾ ਸੀ ਕਿ ਕੁੰਬਲੇ ਭਾਰਤੀ ਟੀਮ ਦੇ ਕਪਤਾਨ ਹੋਣ ਵਰਗਾ ਸਲੂਕ ਕਰਦੇ ਸਨ। 
ਇਹ ਪ੍ਰਤੀਕਿਰਿਆ ਵੀ ਵੱਖ-ਵੱਖ ਹੋ ਸਕਦੀ ਹੈ ਕਿ ਤੁਸੀਂ ਕਿਸ ਦੇ ਪੱਖ ਵਿਚ ਹੋ? ਕੁੰਬਲੇ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਸਲੀਕੇ ਨਾਲ ਹਰੇਕ ਮੈਚ ਦੀ ਯੋਜਨਾ ਸਥਿਤੀਆਂ ਮੁਤਾਬਿਕ ਤਿਆਰ ਕਰਨ ਵਾਲੇ ਵਿਅਕਤੀ ਹਨ। ਉਹ ਐਨ ਮੌਕੇ 'ਤੇ ਹਰੇਕ ਵਿਰੋਧੀ ਦੀ ਕਮਜ਼ੋਰੀ ਨੂੰ ਤਾੜ ਕੇ ਉਸ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦੇ ਸਨ ਤੇ ਮੈਚ ਦੌਰਾਨ ਕਿਸੇ ਵਿਰੋਧੀ ਖਿਡਾਰੀ ਦੀ ਗਲਤੀ ਫੜ ਕੇ ਆਪਣੀ ਟੀਮ ਦੇ ਖਿਡਾਰੀਆਂ ਦੇ ਧਿਆਨ ਵਿਚ ਲਿਆਉਂਦੇ ਸਨ ਨਾ ਕਿ ਉਸਦੀ ਚੀਰ-ਫਾੜ ਕਰਨ ਲਈ ਮੈਚ ਖਤਮ ਹੋਣ ਤਕ ਉਡੀਕ ਕਰਦੇ ਸਨ। 
ਦੂਜੇ ਪਾਸੇ ਕੋਹਲੀ ਧੜੇ ਦੀਆਂ ਨਜ਼ਰਾਂ ਵਿਚ ਮੈਚ ਦੌਰਾਨ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਬੇਵਜ੍ਹਾ ਦਖਲਅੰਦਾਜ਼ੀ ਵਾਂਗ ਹੁੰਦੀਆਂ ਸਨ। ਕਿਹਾ ਜਾਂਦਾ ਹੈ ਕਿ ਮੈਚ ਦੌਰਾਨ ਕੁਝ ਹੀ ਅਜਿਹੇ ਫੈਸਲੇ ਲਏ ਗਏ ਹੋਣਗੇ, ਜਿਨ੍ਹਾਂ 'ਤੇ ਕਪਤਾਨ ਤੇ ਕੋਚ ਦੀ ਆਪਸੀ ਸਹਿਮਤੀ ਰਹੀ ਹੋਵੇਗੀ। ਇਕ ਡ੍ਰੈਸਿੰਗ ਰੂਮ ਵਿਚ ਕੁੰਬਲੇ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਉਨ੍ਹਾਂ ਦੀਆਂ ਜਿਨ੍ਹਾਂ ਗੱਲਾਂ ਨੂੰ ਦਖਲਅੰਦਾਜ਼ੀ ਮੰਨਿਆ ਜਾਂਦਾ ਹੈ, ਅਸਲ ਵਿਚ ਉਨ੍ਹਾਂ ਦੀ ਵਿਆਖਿਆ ਹੀ ਗਲਤ ਢੰਗ ਨਾਲ ਕੀਤੀ ਜਾ ਰਹੀ ਹੈ। 
ਜਿਸ ਟੀਮ ਵਿਚ ਜ਼ਿਆਦਾਤਰ ਖਿਡਾਰੀਆਂ ਨਾਲ ਕੋਹਲੀ ਦੇ ਏਜੰਟਾਂ ਵਲੋਂ ਐਗਰੀਮੈਂਟ ਕੀਤਾ ਗਿਆ ਹੋਵੇ, ਉਥੇ ਅਜਿਹੇ ਮੁੱਦੇ ਬਹੁਤ ਹੀ ਸੰਵੇਦਨਸ਼ੀਲ ਬਣ ਜਾਂਦੇ ਹਨ। ਫਿਰ ਵੀ ਪਾਰਦਰਸ਼ਿਤਾ ਦੀ ਘਾਟ ਅਤੇ ਖਿਡਾਰੀਆਂ-ਅਧਿਕਾਰੀਆਂ ਵਿਚਾਲੇ ਜ਼ੁਬਾਨਬੰਦੀ ਦੇ ਸਮਝੌਤੇ ਕਾਰਨ ਅਜਿਹੀਆਂ ਗੱਲਾਂ ਨੂੰ 'ਸਾਜ਼ਿਸ਼ ਦਾ ਸਿਧਾਂਤ' ਕਹਿ ਕੇ ਨਕਾਰ ਦਿੱਤਾ ਜਾਂਦਾ ਹੈ। ਅਸਲ ਵਿਚ ਬੀ. ਸੀ. ਸੀ. ਆਈ. ਕਿਸੇ ਨਾਂਹਪੱਖੀ ਪਹਿਲੂ ਬਾਰੇ ਪਤਾ ਲਾਉਣ ਦੀ ਮਾਨਸਿਕਤਾ ਹੀ ਨਹੀਂ ਰੱਖਦੀ। 
ਫਿਰ ਵੀ 2-4 ਗੱਲਾਂ ਅਜਿਹੀਆਂ ਹਨ, ਜੋ ਬਹੁਤ ਦ੍ਰਿੜ੍ਹਤਾ ਨਾਲ ਕਹੀਆਂ ਜਾ ਸਕਦੀਆਂ ਹਨ। ਕੁੰਬਲੇ ਦਾ ਦੌਰ ਸ਼ਾਸਤਰੀ ਦੇ ਦੌਰ ਨਾਲੋਂ ਬਹੁਤ ਵੱਖਰਾ ਸੀ ਤੇ ਕੋਹਲੀ ਨੂੰ ਇਸ ਵਿਚ ਅਡਜਸਟ ਕਰਨਾ ਮੁਸ਼ਕਿਲ ਲੱਗ ਰਿਹਾ ਸੀ। ਇਹ ਗੱਲ ਵੀ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਕੁੰਬਲੇ ਦੀ ਬਰਖਾਸਤਗੀ ਨੂੰ ਦੇਖਦੇ ਹੋਏ ਅਗਲਾ ਕੋਚ ਜ਼ਰੂਰ ਹੀ ਸਮਝਦਾਰੀ ਤੋਂ ਕੰਮ ਲਵੇਗਾ ਅਤੇ ਲਕਸ਼ਮਣ ਰੇਖਾ ਟੱਪਣ ਦੀ ਜੁਰਅੱਤ ਨਹੀਂ ਕਰੇਗਾ। 
ਭਾਰਤ ਦੇ ਸਟਾਰ ਫਿਰਕੀਬਾਜ਼ ਆਰ. ਅਸ਼ਵਿਨ ਨੇ ਹੁਣੇ-ਹੁਣੇ ਇਕ ਇੰਟਰਵਿਊ ਵਿਚ ਟੀਮ ਨਾਲ ਰਵੀ ਸ਼ਾਸਤਰੀ ਦੇ ਵਰਤਾਓ ਦੀ ਇਕ ਝਲਕ ਪੇਸ਼ ਕੀਤੀ ਸੀ। ਜਦੋਂ ਸ਼ਾਸਤਰੀ ਨੇ ਨਵੀਂ-ਨਵੀਂ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸੱਦਿਆ ਪਰ ਕੋਈ ਵੀ ਖਿਡਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ। ਸਹਾਇਕ ਕੋਚ ਨੂੰ ਪੂਰੀ ਟੀਮ ਇਕੱਠੀ ਕਰਨ ਵਿਚ ਕਾਫੀ ਦੇਰ ਲੱਗ ਗਈ। ਜਦੋਂ ਤਕ ਸਾਰੇ ਖਿਡਾਰੀ ਲੱਭ-ਲੱਭ ਕੇ ਨਹੀਂ ਲਿਆਂਦੇ ਗਏ, ਉਦੋਂ ਤਕ ਸਹਾਇਕ ਕੋਚ ਦੇ ਪਸੀਨੇ ਛੁੱਟਦੇ ਰਹੇ। ਆਖਿਰ ਜਦੋਂ ਸਾਰੇ ਖਿਡਾਰੀ ਸ਼ਾਸਤਰੀ ਦੁਆਲੇ ਖੜ੍ਹੇ ਹੋ ਗਏ ਤਾਂ ਉਨ੍ਹਾਂ ਨੂੰ ਡਰ ਸੀ ਕਿ ਸ਼ਾਸਤਰੀ ਬਹੁਤ ਲਾਲ-ਪੀਲੇ ਹੋਣਗੇ ਪਰ ਜੋ ਹੋਇਆ, ਉਸ ਤੋਂ ਬਾਅਦ ਖਿਡਾਰੀ ਹੱਸ-ਹੱਸ ਕੇ ਲੋਟ-ਪੋਟ ਹੋ ਗਏ।
ਸ਼ਾਸਤਰੀ ਨੇ ਦਹਾੜਦਿਆਂ ਸਿਰਫ ਇੰਨਾ ਹੀ ਕਿਹਾ: ''ਜਾਓ,  ਅਤੇ ਆਸਟ੍ਰੇਲੀਆ ਵਾਲਿਆਂ ਦੇ ਚੀਥੜੇ ਉਡਾ ਦਿਓ।'' ਇੰਨਾ ਕਹਿ ਕੇ ਉਹ ਮੁੜੇ ਤੇ ਚਲੇ ਗਏ। ਉਨ੍ਹਾਂ ਨੇ ਕੋਈ ਲੈਕਚਰ ਨਹੀਂ ਦਿੱਤਾ ਤੇ ਨਾ ਹੀ ਕਿਸੇ ਅਨੁਸ਼ਾਸਨੀ ਕਾਰਵਾਈ ਦੀ ਧਮਕੀ ਦਿੱਤੀ। ਦੂਜੇ ਪਾਸੇ ਕੁੰਬਲੇ ਦੇ ਦੌਰ 'ਚ ਇਹੋ ਮੀਟਿੰਗ ਕਾਫੀ ਲੰਮੇ ਸਮੇਂ ਤਕ ਚੱਲਣੀ ਸੀ ਤੇ ਉਸ ਦਾ ਅੰਤ ਵੀ ਇੰਨਾ ਖੁਸ਼ੀ ਭਰਿਆ ਨਹੀਂ ਹੋਣਾ ਸੀ। 
ਤਾਂ ਕੀ ਇਸ ਦਾ ਇਹ ਅਰਥ ਲਿਆ ਜਾਵੇ ਕਿ ਨੌਜਵਾਨ ਭਾਰਤੀ ਟੀਮ ਨੂੰ ਇਕ ਅਜਿਹੇ ਕੋਚ ਦੀ ਲੋੜ ਹੈ, ਜੋ 'ਉਨ੍ਹਾਂ 'ਚੋਂ ਹੀ ਇਕ' ਹੋਵੇ ਜਾਂ ਕਿਸੇ ਸਕੂਲ ਦੇ ਕਠੋਰ ਹੈੱਡਮਾਸਟਰ ਵਰਗਾ? ਕੁੰਬਲੇ ਨੂੰ ਜ਼ਿਆਦਾ ਲੰਮੇ ਸਮੇਂ ਤਕ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਦਾ ਤਾਂ ਸ਼ਾਇਦ ਇਸ ਸਵਾਲ ਦਾ ਜਵਾਬ ਮਿਲ ਜਾਂਦਾ। 
ਜਿੱਥੋਂ ਤਕ ਬੀ. ਸੀ. ਸੀ. ਆਈ. ਦਾ ਸਵਾਲ ਹੈ, ਇਸ ਨੇ ਕਪਤਾਨ ਦਾ ਸਾਥ ਦੇ ਕੇ ਬਹੁਤ ਸਮਝਦਾਰੀ ਦਿਖਾਈ ਹੈ। ਕੁੰਬਲੇ ਦਾ ਕੋਈ ਯੋਗ ਉੱਤਰਾਧਿਕਾਰੀ ਲੱਭਣਾ ਬਹੁਤ ਮੁਸ਼ਕਿਲ ਹੋਵੇਗਾ ਪਰ ਕੋਹਲੀ ਦਾ ਬਦਲ ਲੱਭਣਾ ਸ਼ਾਇਦ ਇਸ ਨਾਲੋਂ ਵੀ ਜ਼ਿਆਦਾ ਮੁਸ਼ਕਿਲ ਹੋਵੇਗਾ। ਇਸ ਤੋਂ ਇਲਾਵਾ ਸਚਿਨ, ਗਾਂਗੁਲੀ ਅਤੇ ਲਕਸ਼ਮਣ ਵਰਗੇ ਘਾਗ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਨੂੰ ਕੁੰਬਲੇ ਦੀ ਤਰਫਦਾਰੀ ਕਰਨ ਦਾ ਉਲ੍ਹਾਂਭਾ ਮਿਲੇ। 
ਜੇ ਇਸ ਕਾਂਡ ਨਾਲ ਖੜ੍ਹਾ ਹੋਇਆ ਹੰਗਾਮਾ ਅਣਸੁਖਾਵਾਂ ਹੈ ਤਾਂ ਵੀ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ। ਟੀਮ 'ਤੇ ਆਧਾਰਿਤ ਕਿਸੇ ਵੀ ਖੇਡ ਵਿਚ ਇਕ ਵਿਅਕਤੀ ਨੂੰ ਇੰਨੀਆਂ ਤਾਕਤਾਂ ਦੇਣਾ ਕਿ ਕੋਈ ਉਸ 'ਤੇ ਸਵਾਲ ਨਾ ਉਠਾ ਸਕੇ, ਇਕ ਗੈਰ-ਸਿਹਤਮੰਦ ਰੁਝਾਨ ਹੋਵੇਗਾ। ਖ਼ੁਦ ਨੂੰ 'ਰੱਬ' ਮੰਨਣ ਵਾਲੀ ਮਾਨਸਿਕਤਾ ਦੇ ਸ਼ਿਕਾਰ ਖਿਡਾਰੀ ਆਪਣੀ ਟੀਮ ਲਈ ਕੋਈ ਬਹੁਤ ਮਹਾਨ ਕਾਰਨਾਮਾ ਨਹੀਂ ਕਰਦੇ। ਮੌਜੂਦਾ ਭਾਰਤੀ ਟੀਮ ਦੇ ਖਿਡਾਰੀ ਕਿਸੇ ਵੀ ਤਰ੍ਹਾਂ ਸਟੀਵ ਵਾਗ ਵਰਗੇ ਅਜੇਤੂ ਨਹੀਂ ਹਨ। ਵਿਦੇਸ਼ਾਂ ਵਿਚ ਕੋਹਲੀ ਅਤੇ ਭਾਰਤੀ ਟੀਮ ਦੇ ਬਾਕੀ ਖਿਡਾਰੀਆਂ ਦਾ ਰਿਕਾਰਡ ਇੰਨਾ ਬਿਹਤਰੀਨ ਨਹੀਂ ਕਿ ਖੁਸ਼ ਹੋਇਆ ਜਾਵੇ। ਅਜਿਹਾ ਟੀਚਾ ਹਾਸਿਲ ਕਰਨ ਲਈ ਭਾਰਤ ਨੂੰ ਬਹੁਤ ਜ਼ਿਆਦਾ ਤਿਆਰੀ ਵਾਲੀ ਟੀਮ ਦੀ ਲੋੜ ਹੈ, ਨਾ ਕਿ ਅਜਿਹੀ ਟੀਮ ਦੀ, ਜਿਹੜੀ ਸਿਰਫ ਆਪਣੀ ਸਥਿਤੀ ਉੱਤੇ ਹੀ ਖੁਸ਼ ਹੁੰਦੀ ਹੋਵੇ। 
ਆਉਣ ਵਾਲੇ ਦਿਨਾਂ ਵਿਚ ਭਾਰਤੀ ਕੋਚ ਆਪਣੇ ਵਿਚਾਰਾਂ ਨੂੰ ਜਨਤਕ ਕਰਨ ਜਾਂ ਟੀਮ ਦੀ ਜ਼ਿੰਦਗੀ ਦੁੱਭਰ ਬਣਾਉਣ ਤੋਂ ਪਹਿਲਾਂ ਦੋ ਵਾਰ ਸੋਚੇਗਾ। ਬਹੁਤ ਜ਼ਿਆਦਾ ਤਨਖਾਹ ਅਤੇ ਢੇਰ ਸਾਰੀਆਂ ਸਹੂਲਤਾਂ ਵਾਲੀ ਨੌਕਰੀ ਕਰਨ ਵਾਲੇ ਲੋਕਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ ਉਦੋਂ ਹੀ ਬੋਲਣਗੇ, ਜਦੋਂ ਉਨ੍ਹਾਂ ਨੂੰ ਕਿਹਾ ਜਾਵੇ। 
ਸ਼ਾਇਦ ਕੋਹਲੀ ਦਾ ਕੋਚ ਬਦਲਣ ਲਈ ਕਹਿਣਾ ਜਾਇਜ਼ ਹੈ ਕਿਉਂਕਿ ਦੋਹਾਂ ਵਿਚਾਲੇ ਕਾਰਜਸ਼ੀਲ ਸੰਬੰਧ ਟੁੱਟ ਚੁੱਕੇ ਸਨ। ਫਿਰ ਵੀ ਕੁੰਬਲੇ ਦੀ ਬੇਵਕਤੀ ਵਿਦਾਇਗੀ ਨੇ ਇਕ ਗਲਤ ਸੰਦੇਸ਼ ਦਿੱਤਾ ਹੈ। ਜੇਕਰ ਅਜਿਹੇ ਕਾਂਡ ਜ਼ਿਆਦਾ ਗਿਣਤੀ ਵਿਚ ਦੇਖਣ ਨੂੰ ਮਿਲਣਗੇ ਤਾਂ ਭਾਰਤੀ ਕੋਚ ਦਾ ਅਹੁਦਾ ਲੈਣ ਲਈ ਸਿਰਫ 'ਜੀ ਹਜ਼ੂਰੀਏ' ਹੀ ਅੱਗੇ ਆਇਆ ਕਰਨਗੇ।