ਕਿਤੇ ਨਹੀਂ ਜਾਣ ਵਾਲਾ ਕਸ਼ਮੀਰ

04/30/2017 1:51:40 AM

ਪਤਾ ਨਹੀਂ ਕਿੰਨੀ ਵਾਰ ਇਹ ਗੱਲ ਦੁਹਰਾਈ ਜਾ ਚੁੱਕੀ ਹੈ ਕਿ ਕਸ਼ਮੀਰ ਦੀ ਸਮੱਸਿਆ ਇਕ ਅਣਬੁੱਝ ਬੁਝਾਰਤ ਹੈ, ਜਿਸ ਨੇ 70 ਸਾਲਾਂ ਤੋਂ ਵੱਡੇ-ਵੱਡੇ ਧਨੰਤਰਾਂ ਦਾ ਦਿਮਾਗ ਚਕਰਾਇਆ ਹੋਇਆ ਹੈ। ਜਿਥੋਂ ਤਕ ਵੀ ਯਾਦ ਕੀਤਾ ਜਾਵੇ, ਭਾਰਤ ਦੇ ਸਿਆਸੀ ਤੰਤਰ ਨੂੰ ਇਹ ਸਮੱਸਿਆ ਲਹੂ-ਲੁਹਾਨ ਹੀ ਕਰਦੀ ਆ ਰਹੀ ਹੈ।
ਵਿਚ-ਵਿਚ ਬੇਸ਼ੱਕ ਸ਼ਾਂਤੀ ਅਤੇ ਅਸਥਿਰਤਾ ਦੇ ਦੌਰ ਆਉਂਦੇ ਰਹੇ ਹਨ ਪਰ ਇਨ੍ਹਾਂ ਦੇ ਨਾਲ ਹੀ ਇਹ ਵੀ ਯਾਦ ਕਰੋ ਕਿ ਪਾਕਿਸਤਾਨ ਨੇ ਐਨ 1947 ਤੋਂ ਸ਼ੁਰੂ ਕਰਕੇ ਕਸ਼ਮੀਰ ਨੂੰ ਹਥਿਆਉਣ ਲਈ ਚਾਰ ਲੜਾਈਆਂ ਲੜੀਆਂ ਹਨ ਅਤੇ ਹਰ ਵਾਰ ਭਾਰਤ ਨੇ ਉਸ ਨੂੰ ਧੂੜ ਚਟਾਈ ਹੈ।
ਇਸ ਲਈ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਵਰਗੇ ਕਿਸੇ ਵਿਅਕਤੀ ਦਾ ਮੋਦੀ ਸਰਕਾਰ ਨੂੰ ਇਹ ਸੁਝਾਅ ਦੇਣਾ ਕਿ ਕਸ਼ਮੀਰ ਸਾਡੇ ਹੱਥੋਂ ਨਿਕਲ ਸਕਦਾ ਹੈ, ਕੁਝ ਜ਼ਿਆਦਾ ਹੀ ਸ਼ੇਖਚਿੱਲੀਨੁਮਾ ਸੁਪਨਾ ਹੈ। ਇਹ ਸਮੱਸਿਆ ਚਾਹੇ ਕਿੰਨੀ ਵੀ ਗੁੰਝਲਦਾਰ ਕਿਉਂ ਨਾ ਹੋਵੇ, ਸੱਚਾਈ ਇਹ ਹੈ ਕਿ ਕਸ਼ਮੀਰ ਕਿਤੇ ਵੀ ਜਾਣ ਵਾਲਾ ਨਹੀਂ। ਭਾਰਤੀ ਸੱਤਾਤੰਤਰ ਕੋਈ ਇੰਨੀ ਕਮਜ਼ੋਰ ਚੀਜ਼ ਨਹੀਂ ਹੈ ਕਿ ਕਸ਼ਮੀਰ ਨੂੰ ਆਪਣੇ ਹੱਥੋਂ ਖਿਸਕਣ ਦੇਵੇਗਾ?
ਜਿਸ ਨੂੰ ਅਸੀਂ ਕਸ਼ਮੀਰ ਸਮੱਸਿਆ ਕਹਿੰਦੇ ਹਾਂ, ਉਸ ਦੀਆਂ ਜੜ੍ਹਾਂ ਉਨ੍ਹਾਂ ਲੋਕਾਂ ਦੀ ਤਿਕੜਮਬਾਜ਼ ਮਾਨਸਿਕਤਾ  ਵਿਚ ਹਨ, ਜਿਨ੍ਹਾਂ ਦੇ ਹੱਥ ਵਿਚ ਵੰਡ ਦੇ ਸਮੇਂ ਫੈਸਲਾਕੁੰਨ ਤਾਕਤ ਸੀ ਅਤੇ ਜਿਨ੍ਹਾਂ ਨੇ ਇਸ ਉਪ-ਮਹਾਦੀਪ ਨੂੰ 2 ਦੁਸ਼ਮਣਾਂ ਦਰਮਿਆਨ ਵੰਡ ਕੇ ਰੱਖ ਦਿੱਤਾ।
ਕਸ਼ਮੀਰ ਬਾਰੇ ਲਿਖਣ ਦਾ ਸਾਡਾ ਉਦੇਸ਼ ਉਸ ਟਕਰਾਅ ਲਈ ਕਿਸੇ ਨੂੰ ਦੋਸ਼ ਦੇਣਾ ਨਹੀਂ, ਜੋ ਪਾਕਿਸਤਾਨ ਦੇ ਜਨਮ ਤੋਂ ਹੀ ਭਾਰੀ ਮਾਤਰਾ ਵਿਚ ਭਾਰਤ ਦੇ ਮਨੁੱਖੀ ਅਤੇ ਪਦਾਰਥਕ ਸੋਮਿਆਂ ਦੀ ਬਲੀ ਦਿੰਦਾ ਆ ਰਿਹਾ ਹੈ। ਸਾਡਾ ਉਦੇਸ਼ ਤਾਂ ਆਮ ਪਾਠਕਾਂ ਨੂੰ ਕਸ਼ਮੀਰ ਦੇ ਸਬੰਧ ਵਿਚ ਉਨ੍ਹਾਂ ਤੱਥਾਂ ਦਾ ਚੇਤਾ ਕਰਵਾਉਣਾ ਹੈ, ਜੋ ਬਦਕਿਸਮਤੀ ਨਾਲ ਕਦੇ-ਕਦੇ ਉਨ੍ਹਾਂ ਦੇ ਦਿਮਾਗ ''ਚੋਂ ਨਿਕਲ ਜਾਂਦੇ ਹਨ, ਜਦੋਂ ਵਾਦੀ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ।
ਅੱਜਕਲ ਅਜਿਹਾ ਆਮ ਤੌਰ ''ਤੇ ਹੁੰਦਾ ਹੈ। ਕਸ਼ਮੀਰ ਬਾਰੇ ਉਹ ਤੱਥ, ਜਿਨ੍ਹਾਂ ਬਾਰੇ ਸਭ ਨੂੰ ਪਤਾ ਹੈ, ਫਿਰ ਵੀ ਬਹੁਤੇ ਲੋਕਾਂ ਦੀ ਯਾਦਦਾਸ਼ਤ ''ਚੋਂ ਗਾਇਬ ਹੋ ਚੁੱਕੇ ਹਨ, ਇਸ ਤਰ੍ਹਾਂ ਹਨ :
* ਜੰਮੂ-ਕਸ਼ਮੀਰ ਦਾ ਕੁਲ ਖੇਤਰਫਲ 101380 ਵਰਗ ਕਿਲੋਮੀਟਰ ਹੈ (ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰ ਨੂੰ ਛੱਡ ਕੇ)।
* ਇਸ ''ਚੋਂ ਕਸ਼ਮੀਰ ਦੇ ਖੇਤਰਫਲ ਦਾ ਹਿੱਸਾ 15 ਫੀਸਦੀ ਹੈ।
* ਜੰਮੂ-ਕਸ਼ਮੀਰ ਦਾ ਹਿੱਸਾ 26 ਫੀਸਦੀ ਹੈ।
* ਲੱਦਾਖ ਦਾ ਖੇਤਰ 59 ਫੀਸਦੀ ਹੈ।
* ਕੁਲ ਆਬਾਦੀ 1.25 ਕਰੋੜ ਹੈ।
* ਕਸ਼ਮੀਰ ''ਚ 69 ਲੱਖ ਲੋਕ ਹਨ, ਜਿਨ੍ਹਾਂ ''ਚੋਂ 13 ਲੱਖ ਗੈਰ-ਕਸ਼ਮੀਰੀ ਭਾਸ਼ਾ ਬੋਲਦੇ ਹਨ।
* ਜੰਮੂ ''ਚ 53 ਲੱਖ ਲੋਕ ਮੁੱਖ ਤੌਰ ''ਤੇ ਡੋਗਰੀ, ਪੰਜਾਬੀ ਅਤੇ ਹਿੰਦੀ ਬੋਲਦੇ ਹਨ।
* ਲੱਦਾਖ ''ਚ 3 ਲੱਖ ਆਬਾਦੀ ਲੱਦਾਖੀ ਭਾਸ਼ਾ ਬੋਲਦੀ ਹੈ, ਉਂਝ ਉਥੇ 7.50 ਲੱਖ ਲੋਕ ਹੋਰ ਵੀ ਰਹਿੰਦੇ ਹਨ ਪਰ ਉਨ੍ਹਾਂ ਨੂੰ ਸਿਵਲ ਅਧਿਕਾਰ ਹਾਸਿਲ ਨਹੀਂ ਹਨ।
* ਜੰਮੂ-ਕਸ਼ਮੀਰ ਦੇ 52 ਜ਼ਿਲੇ ਹਨ, ਜਿਨ੍ਹਾਂ ''ਚੋਂ 5 ਵੱਖਵਾਦੀ ਹਿੰਸਾ ਦੀ ਲਪੇਟ ਵਿਚ ਹਨ। ਇਨ੍ਹਾਂ ਦੇ ਨਾਂ ਹਨ ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ, ਕੁਲਗਾਮ ਅਤੇ ਪੁਲਵਾਮਾ।
* 15 ਜ਼ਿਲੇ ਪੂਰੀ ਤਰ੍ਹਾਂ ਵੱਖਵਾਦ ਦੇ ਵਿਰੁੱਧ ਹਨ। ਵੱਖਵਾਦੀ ਜੰਮੂ-ਕਸ਼ਮੀਰ ਦੀ ਆਬਾਦੀ ''ਚ ਵੱਧ ਤੋਂ ਵੱਧ 15 ਫੀਸਦੀ ਹੀ ਬਣਦੇ ਹਨ ਅਤੇ ਉਹ ਮੁੱਖ ਤੌਰ ''ਤੇ ਸੁੰਨੀ ਮੁਸਲਮਾਨ ਹਨ।
* ਜੰਮੂ-ਕਸ਼ਮੀਰ ਦੀ ਆਬਾਦੀ ਵਿਚ ਸ਼ੀਆ, ਡੋਗਰਾ (ਰਾਜਪੂਤ, ਬ੍ਰਾਹਮਣ, ਮਹਾਜਨ ਆਦਿ), ਕਸ਼ਮੀਰੀ ਪੰਡਿਤ, ਸਿੱਖ, ਬੋਧੀ (ਲੱਦਾਖੀ), ਗੁੱਜਰ ਬਕਰਵਾਲ, ਪਹਾੜੀ, ਬਲਟੀ, ਈਸਾਈ ਆਦਿ ਹਨ।
* ਕਸ਼ਮੀਰ ਵਾਦੀ ''ਚ ਸਿਰਫ ਇਕ-ਤਿਹਾਈ ਲੋਕ ਹੀ ਕਸ਼ਮੀਰੀ ਭਾਸ਼ਾ ਬੋਲਦੇ ਹਨ ਪਰ ਵੱਖਵਾਦੀ ਅੰਦੋਲਨ ''ਚ ਉਨ੍ਹਾਂ ਦਾ ਹੀ ਗ਼ਲਬਾ ਹੈ। ਇਹੋ ਇਕ-ਤਿਹਾਈ ਲੋਕ ਜੰਮੂ-ਕਸ਼ਮੀਰ ਦੇ ਕਾਰੋਬਾਰ ਅਤੇ ਜਨਤਕ ਸੇਵਾਵਾਂ ''ਤੇ ਕਬਜ਼ਾ ਕਰੀ ਬੈਠੇ ਹਨ।
* ਜ਼ਿਕਰਯੋਗ ਹੈ ਕਿ ਪੁੰਛ ਅਤੇ ਕਾਰਗਿਲ ਜ਼ਿਲੇ ਬੇਸ਼ੱਕ ਮੁਸਲਿਮ ਬਹੁਲਤਾ ਵਾਲੇ ਹਨ, ਤਾਂ ਵੀ ਇਥੋਂ ਦੇ ਲੋਕ ਭਾਰਤ ਵਿਰੋਧੀ ਮੁਜ਼ਾਹਰਿਆਂ ਵਿਚ ਹਿੱਸਾ ਨਹੀਂ ਲੈਂਦੇ। ਇਸ ਦਾ ਸਰਲ ਜਿਹਾ ਅਰਥ ਇਹ ਹੈ ਕਿ ਜਿਸ ਨੂੰ ਅਸੀਂ ਕਸ਼ਮੀਰ ਦੀ ਸਮੱਸਿਆ ਕਹਿੰਦੇ ਹਾਂ, ਉਹ ਸਿਰਫ 5 ਜ਼ਿਲਿਆਂ ਅਤੇ ਜੰਮੂ-ਕਸ਼ਮੀਰ ਦੀ 5 ਫੀਸਦੀ ਤੋਂ ਵੀ ਘੱਟ ਆਬਾਦੀ ਤਕ ਸੀਮਤ ਹੈ। ਉਂਝ ਵਾਦੀ ਵਿਚ ਲੁੱਟਮਾਰ, ਸਾੜ-ਫੂਕ, ਦੰਗਿਆਂ ਅਤੇ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅੱਤਵਾਦੀਆਂ ਦੀਆਂ ਕਰਤੂਤਾਂ ਦੀਆਂ ਖ਼ਬਰਾਂ ਦੇਣ ਲਈ ਅਸੀਂ ਮੀਡੀਆ ਨੂੰ ਦੋਸ਼ ਨਹੀਂ ਦੇ ਸਕਦੇ।
ਉਕਤ ਤੱਥਾਂ ਦੀ ਰੌਸ਼ਨੀ ਵਿਚ ਮੀਡੀਆ ਨੂੰ ਆਪਣਾ ਇਹ ਸੰਦਰਭ ਦਰੁਸਤ ਕਰਨ ਦੀ ਲੋੜ ਹੈ ਕਿ ਪੂਰਾ ਕਸ਼ਮੀਰ ਸੜ ਰਿਹਾ ਹੈ। ਕਦੇ ਇਸ ਸੂਬੇ ਵਿਚ ਅੱਗ ਲੱਗੀ ਹੋਈ ਸੀ ਪਰ ਹੁਣ ਨਹੀਂ ਹੈ। ਉਂਝ ਕਈ ਸਾਲਾਂ ਤੋਂ ਇਥੇ ਕੋਈ ਅੱਗ ਲੱਗੀ ਹੀ ਨਹੀਂ ਸੀ ਪਰ ਪਾਕਿਸਤਾਨ ਵਲੋਂ ਬਨਾਉਟੀ ਕਸ਼ਮੀਰ ਅੰਦੋਲਨ ਖੜ੍ਹਾ ਕੀਤੇ ਜਾਣ ਤੋਂ ਬਾਅਦ ਹੀ ਅਜਿਹਾ ਲੱਗਣ ਲੱਗਾ ਹੈ ਜਿਵੇਂ ਪੂਰਾ ਕਸ਼ਮੀਰ ਅੱਗ ਵਿਚ ਸੜ ਰਿਹਾ ਹੈ।
ਉਂਝ ਕਸ਼ਮੀਰ ਵਿਚ ਬੇਸ਼ੱਕ ਫਿਲਹਾਲ ਡੈੱਡਲਾਕ ਵਾਲੀ ਸਥਿਤੀ ਬਣੀ ਹੋਈ ਹੈ, ਤਾਂ ਵੀ ਦੇਰ-ਸਵੇਰ ਇਹ ਖਤਮ ਹੋਵੇਗੀ ਹੀ ਅਤੇ ਕੋਈ ਵੀ ਸਹੀ ਦਿਮਾਗ ਵਾਲਾ ਵਿਅਕਤੀ ਗੱਲਬਾਤ ਦੀ ਲੋੜ ਤੋਂ ਇਨਕਾਰ ਨਹੀਂ ਕਰੇਗਾ। ਆਪਸੀ ਗੱਲਬਾਤ ਨਾਲ ਯਕੀਨੀ ਤੌਰ ''ਤੇ ਕਤਲਗਾਹ ਬਣ ਚੁੱਕੀ ਵਾਦੀ ਦਾ ਤਾਪਮਾਨ ਕੁਝ ਹੇਠਾਂ ਆਵੇਗਾ ਪਰ ਜਦੋਂ ਤਕ ਪੱਥਰਬਾਜ਼ (ਸਹੀ ਅਰਥਾਂ ਵਿਚ ਉਨ੍ਹਾਂ ਨੂੰ ਤਨਖਾਹ ਦੇਣ ਵਾਲੇ ਅਤੇ ਸਰਹੱਦ ਪਾਰੋਂ ਉਨ੍ਹਾਂ ਨੂੰ ਕੰਟਰੋਲ ਕਰਨ ਵਾਲੇ ਅਨਸਰ) ਆਪਣੀਆਂ ਭੜਕਾਊ ਸਰਗਰਮੀਆਂ ਬੰਦ ਨਹੀਂ ਕਰਦੇ, ਉਦੋਂ ਤਕ ''ਆਜ਼ਾਦੀ'' ਦਾ ਰੌਲਾ ਪਾਉਣ ਵਾਲਿਆਂ ਨਾਲ ਭਾਰਤੀ ਸੱਤਾਤੰਤਰ ਕੋਈ ਗੱਲਬਾਤ ਨਹੀਂ ਕਰ ਸਕਦਾ।
ਇਸੇ ਦਰਮਿਆਨ ਦੋਵੇਂ ਦੇਸ਼ ਇਸ਼ਤਿਹਾਰਬਾਜ਼ੀ ਦੀ ਚਮਕ-ਦਮਕ ਤੋਂ ਦੂਰ ਰਹਿੰਦਿਆਂ ਮੁੜ ਪਿਛਲੇ ਦਰਵਾਜ਼ਿਓਂ ਗੱਲਬਾਤ ਸ਼ੁਰੂ ਕਰ ਸਕਦੇ ਹਨ ਅਤੇ ਕਿਸੇ ਤੀਜੇ ਦੇਸ਼ ਦੀ ਸਹਾਇਤਾ ਨਾਲ ਕਸ਼ਮੀਰ ਵਿਚ ਆਮ ਵਰਗੀ ਸਥਿਤੀ ਬਹਾਲ ਕਰਨ ਲਈ ਮੀਟਿੰਗਾਂ ਕਰ ਸਕਦੇ ਹਨ। ਫਿਰ ਵੀ ਆਮ ਭਾਰਤੀ ਨਾਗਰਿਕਾਂ ਨੂੰ ਇਸ ਗੱਲ ਨਾਲ ਭਰਮ ਵਿਚ ਨਹੀਂ ਪੈਣਾ ਚਾਹੀਦਾ ਕਿ ਕਸ਼ਮੀਰ ਭਾਰਤ ਦੇ ਹੱਥੋਂ ਖਿਸਕ ਰਿਹਾ ਹੈ। ਉਂਝ ਆਜ਼ਾਦੀ ਲਈ ਸ਼ਾਂਤਮਈ ਅੰਦੋਲਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਕਿਸੇ ਵੀ ਲੋਕਤੰਤਰਿਕ ਦੇਸ਼ ਵਿਚ ਲੜੀਵਾਰ ਢੰਗ ਨਾਲ ਹਿੰਸਕ ਮੁਜ਼ਾਹਰੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਅਜਿਹੇ ਮੁਜ਼ਾਹਰਿਆਂ ਨੂੰ ਪੂਰੀ ਤਾਕਤ ਨਾਲ ਕੁਚਲਣਾ ਪਵੇਗਾ।    
                     (virendra੧੯੪੬@yahoo.co.in)