ਨਹਿਰੂ ਤੇ ਇੰਦਰਾ ਗਾਂਧੀ ਵਿਰੁੱਧ ਬੇਬੁਨਿਆਦ ''ਕੂੜ ਪ੍ਰਚਾਰ'' ਕਰਨਾ ਠੀਕ ਨਹੀਂ

08/19/2017 4:49:53 AM

ਭਾਰਤ 'ਚ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ 2 ਮਹਾਨ ਤੇ ਵਿਸ਼ਵ ਪ੍ਰਸਿੱਧ ਨੇਤਾਵਾਂ ਦੇ ਅਕਸ ਨੂੰ ਖਰਾਬ ਕਰਨ ਲਈ ਗਿਣੀ-ਮਿੱਥੀ ਸਾਜ਼ਿਸ਼ ਦੇ ਤਹਿਤ ਬੇਬੁਨਿਆਦ ਅਤੇ ਮਨਘੜਤ ਕਹਾਣੀਆਂ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ 'ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਕਈ ਸਕੂਲਾਂ ਦੇ ਬੱਚੇ ਵੀ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਨ। 
ਇਸ ਤਰ੍ਹਾਂ ਵੱਕਾਰੀ ਨੇਤਾਵਾਂ ਦੇ ਚਰਿੱਤਰ 'ਤੇ ਦੋਸ਼ ਲਾਉਣ ਨਾਲ ਸਿਰਫ ਉਨ੍ਹਾਂ ਦਾ ਹੀ ਨੁਕਸਾਨ ਨਹੀਂ ਹੋਵੇਗਾ, ਸਗੋਂ ਭਾਰਤ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਆਜ਼ਾਦੀ ਸੰਗਰਾਮ 'ਚ ਉਨ੍ਹਾਂ ਨੇਤਾਵਾਂ ਦੇ ਅਹਿਮ ਯੋਗਦਾਨ ਨੂੰ ਘੱਟ ਕਰ ਕੇ ਦਿਖਾਉਣ ਨਾਲ ਸਿਆਸੀ ਇਤਿਹਾਸ ਵੀ ਵਿਗੜ ਜਾਵੇਗਾ ਤੇ ਭਾਰਤ ਦਾ ਅਕਸ ਵਿਦੇਸ਼ਾਂ ਵਿਚ ਵੀ ਤਾਰ-ਤਾਰ ਹੋ ਜਾਵੇਗਾ। 
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅਣਗਿਣਤ ਲੋਕਾਂ ਦਾ ਯੋਗਦਾਨ ਰਿਹਾ ਹੈ ਤੇ ਇਹ ਲੋਕ ਸਾਰੇ ਮਜ਼੍ਹਬਾਂ-ਧਰਮਾਂ ਨਾਲ ਸੰਬੰਧਿਤ ਸਨ ਪਰ 1915 ਤੋਂ ਬਾਅਦ ਆਜ਼ਾਦੀ ਸੰਗਰਾਮ ਦੀ ਅਗਵਾਈ ਮਹਾਤਮਾ ਗਾਂਧੀ ਕਰਨ ਲੱਗੇ। ਉਨ੍ਹਾਂ ਦੀ ਅਗਵਾਈ ਹੇਠ ਪੰ. ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ ਤੇ ਹੋਰ ਕਈ ਨਾਮੀ ਨੇਤਾ ਉੱਭਰ ਕੇ ਸਾਹਮਣੇ ਆਏ ਪਰ ਸੋਸ਼ਲ ਮੀਡੀਆ 'ਤੇ ਅੱਜ ਸਭ ਤੋਂ ਜ਼ਿਆਦਾ ਸ਼ਿਕਾਰ ਹੋਣ ਵਾਲੇ 2 ਮਹਾਨ ਨੇਤਾ ਹਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਤੇ ਉਨ੍ਹਾਂ ਦੀ ਧੀ ਇੰਦਰਾ ਗਾਂਧੀ, ਜੋ ਲਾਲ ਬਹਾਦੁਰ ਸ਼ਾਸਤਰੀ ਦੀ ਤਾਸ਼ਕੰਦ 'ਚ ਮੌਤ ਹੋਣ ਤੋਂ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਬਣੀ।
ਇਨ੍ਹਾਂ ਦੋਹਾਂ ਬਾਰੇ ਐੱਮ. ਓ. ਮਥਾਈ ਦੀ ਕਿਤਾਬ 'ਤੇ ਆਧਾਰਿਤ ਕੁਝ ਫਜ਼ੂਲ ਘਟਨਾਵਾਂ ਨੂੰ ਲੈ ਕੇ ਫਿਲਮਾਂ ਬਣਾਈਆਂ ਗਈਆਂ ਹਨ। ਫਿਲਮ ਨਿਰਮਾਤਾ ਅਸਲੀਅਤ ਨੂੰ ਅਣਡਿੱਠ ਕਰ ਕੇ ਤੱਥਾਂ ਨੂੰ ਤੋੜ-ਮਰੋੜ ਕੇ ਅਤੇ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਪੀੜਤ ਮਾਨਸਿਕਤਾ ਕਾਰਨ ਅਜਿਹੇ ਕੰਮਾਂ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ। ਜ਼ਿਕਰਯੋਗ ਹੈ ਕਿ ਮਥਈ ਪੰ. ਨਹਿਰੂ ਦੇ ਕਾਰਜਕਾਲ ਵਿਚ ਇਕ ਮਾਮੂਲੀ ਟਾਈਪਿਸਟ ਸੀ, ਜਿਸ ਨੇ ਪੰਡਿਤ ਜੀ ਨਾਲ ਨੇੜਤਾ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ। 1959 'ਚ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਰਾਜ ਸਭਾ ਦਾ ਮੈਂਬਰ ਬਣਨ ਲਈ ਉਸ ਨੇ ਪਹਿਲਾਂ ਸ਼ਾਸਤਰੀ ਜੀ ਅਤੇ ਬਾਅਦ 'ਚ ਇੰਦਰਾ ਗਾਂਧੀ ਨਾਲ ਸੰਪਰਕ ਕੀਤਾ ਪਰ ਉਸ ਦੀ ਗੱਲ ਨਹੀਂ ਬਣ ਸਕੀ। 
ਇੰਦਰਾ ਗਾਂਧੀ ਤੇ ਉਨ੍ਹਾਂ ਦੇ ਪਤੀ ਫਿਰੋਜ਼ ਗਾਂਧੀ ਨਾਲ ਮਥਈ ਦੀ ਸ਼ੁਰੂ ਤੋਂ ਅਣਬਣ ਰਹੀ। ਉਸ ਨੇ ਬਦਲੇ ਦੀ ਭਾਵਨਾ ਨਾਲ ਕੁਝ ਅਜਿਹੀਆਂ ਚੀਜ਼ਾਂ ਬਿਆਨ ਕੀਤੀਆਂ, ਜਿਨ੍ਹਾਂ ਦਾ ਨਾ ਤਾਂ ਉਨ੍ਹਾਂ ਦੇ ਨਿੱਜੀ ਜੀਵਨ ਤੇ ਨਾ ਹੀ ਸਿਆਸੀ ਇਤਿਹਾਸ ਨਾਲ ਕੋਈ ਲੈਣਾ-ਦੇਣਾ ਹੈ ਪਰ ਇਨ੍ਹਾਂ ਦੋਹਾਂ ਨੇਤਾਵਾਂ ਵਿਰੁੱਧ ਕਿਸੇ ਨਾ ਕਿਸੇ ਬੇਬੁਨਿਆਦ ਤੱਥ ਨੂੰ ਲੈ ਕੇ ਕੂੜ ਪ੍ਰਚਾਰ ਕਰਨਾ ਠੀਕ ਨਹੀਂ। ਇਹ ਤਾਂ ਕਿਸੇ ਸਾਜ਼ਿਸ਼ ਦੇ ਤਹਿਤ ਐਵੇਂ ਹੀ 'ਰਾਈ ਦਾ ਪਹਾੜ' ਬਣਾਇਆ ਜਾ ਰਿਹਾ ਹੈ। 
ਮੁਹੰਮਦ ਯੂਨਸ ਦੇ ਮਹਾਤਮਾ ਗਾਂਧੀ, ਸਰਹੱਦੀ ਗਾਂਧੀ ਖਾਨ ਅਬਦੁਲ ਗੱਫਾਰ ਖਾਨ, ਮੌਲਾਨਾ ਆਜ਼ਾਦ, ਸਰਦਾਰ ਪਟੇਲ, ਨਹਿਰੂ, ਇੰਦਰਾ ਗਾਂਧੀ ਤੇ ਕਾਂਗਰਸ ਦੇ ਕਈ ਹੋਰ ਨੇਤਾਵਾਂ ਨਾਲ ਗੂੜ੍ਹੇ ਸੰਬੰਧ ਰਹੇ ਹਨ ਅਤੇ ਉਹ 1920 ਤੋਂ ਲੈ ਕੇ 1978 ਤਕ ਰਾਸ਼ਟਰ ਵਿਚ ਵਾਪਰੀਆਂ ਇਕ-ਦੋ ਘਟਨਾਵਾਂ ਤੋਂ ਜਾਣੂ ਸੀ, ਜਿਨ੍ਹਾਂ ਦਾ ਜ਼ਿਕਰ ਉਸ ਨੇ ਬੜੀ ਨਿਡਰਤਾ ਨਾਲ ਆਪਣੀ ਕਿਤਾਬ 'ਪਰਸਨਜ਼ ਪੈਸ਼ਨਜ਼ ਐਂਡ ਪਾਲੀਟਿਕਸ' ਵਿਚ ਖੁੱਲ੍ਹ ਕੇ ਕੀਤਾ ਹੈ। 
ਜੇ ਅਜਿਹੀਆਂ ਘਟਨਾਵਾਂ ਪੰਡਿਤ ਜੀ ਅਤੇ ਇੰਦਰਾ ਗਾਂਧੀ ਨਾਲ ਹੋਈਆਂ ਹੁੰਦੀਆਂ ਤਾਂ ਉਹ ਆਪਣੀ ਕਿਤਾਬ ਵਿਚ ਜ਼ਰੂਰ ਉਨ੍ਹਾਂ ਦਾ ਜ਼ਿਕਰ ਕਰਦੇ। ਇਸ ਤੋਂ ਸਪੱਸ਼ਟ ਹੈ ਕਿ ਫਿਲਮ 'ਇੰਦੂ ਸਰਕਾਰ' ਅਤੇ ਪੰਡਿਤ ਨਹਿਰੂ 'ਤੇ ਬਣਾਈਆਂ ਫਿਲਮਾਂ ਉਨ੍ਹਾਂ ਦੀ ਸਾਖ ਨੂੰ ਧੱਬਾ ਲਾਉਣ ਦੀ ਇਕ ਸਾਜ਼ਿਸ਼ ਹੈ। 
ਪੰ. ਨਹਿਰੂ ਵਿਸ਼ਵ ਪ੍ਰਸਿੱਧ ਨੇਤਾ ਸਨ, ਜਿਨ੍ਹਾਂ ਨੇ ਆਪਣੇ ਵਿਚਾਰਾਂ ਤੇ ਕੰਮਾਂ ਨਾਲ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਇਆ, ਵਿਸ਼ਵ ਪੱਧਰ 'ਤੇ ਭਾਰਤ ਦੇ ਮਨੁੱਖੀ ਭਲਾਈ ਦੇ ਸੰਦੇਸ਼ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ। ਪੰ. ਨਹਿਰੂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ 17 ਸਾਲ ਕੈਦ ਕੱਟੀ। ਪੰਜਾਬ 'ਚ ਜੈਤੋ ਦੇ ਮੋਰਚੇ ਦੌਰਾਨ ਉਨ੍ਹਾਂ ਨੂੰ ਕਾਲ ਕੋਠਰੀ 'ਚ ਬੰਦ ਕਰ ਦਿੱਤਾ ਗਿਆ।  
ਆਜ਼ਾਦੀ ਤੋਂ ਬਾਅਦ ਪੰਡਿਤ ਜੀ ਨੂੰ ਜਿਹੜੀਆਂ ਮੁਸ਼ਕਿਲ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ, ਉਹੋ ਜਿਹੀਆਂ ਸਥਿਤੀਆਂ ਦਾ ਸਾਹਮਣਾ ਭਾਰਤ ਦੇ ਇਤਿਹਾਸ 'ਚ ਸ਼ਾਇਦ ਕਿਸੇ ਹੋਰ ਨੇਤਾ ਨੂੰ ਨਹੀਂ ਕਰਨਾ ਪਿਆ। ਇਕ ਪਾਸੇ ਦੇਸ਼ 'ਚ ਵੰਡ ਦੇ ਸਿੱਟੇ ਵਜੋਂ ਫਿਰਕਾਪ੍ਰਸਤੀ ਦੇ ਜ਼ਹਿਰ ਕਾਰਨ ਕਤਲੇਆਮ ਸ਼ੁਰੂ ਹੋ ਗਿਆ, ਜਿਸ ਕਾਰਨ 10 ਲੱਖ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਤੇ ਲੱਗਭਗ 2 ਕਰੋੜ ਲੋਕਾਂ ਨੂੰ ਘਰੋਂ-ਬੇਘਰ ਹੋਣਾ ਪਿਆ, ਜਦਕਿ ਦੂਜੇ ਪਾਸੇ ਬ੍ਰਿਟਿਸ਼ ਇੰਡੀਆ ਨਾਲ 563 ਆਜ਼ਾਦ ਰਿਆਸਤਾਂ ਦਾ ਭਾਰਤ 'ਚ ਰਲੇਵਾਂ ਕਰਨਾ ਬਹੁਤ ਮੁਸ਼ਕਿਲ ਕੰਮ ਸੀ। ਪੰ. ਨਹਿਰੂ ਦੀ ਅਗਵਾਈ ਹੇਠ ਸਰਦਾਰ ਪਟੇਲ ਨੇ ਇਸ ਕੰਮ ਨੂੰ ਅਮਲੀ ਰੂਪ ਦਿੱਤਾ। 
ਕਸ਼ਮੀਰ ਦੀ ਸਮੱਸਿਆ ਲਈ ਅੱਜ ਪੰਡਿਤ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ। ਅਸਲ ਵਿਚ ਉਨ੍ਹਾਂ ਕਾਰਨ ਹੀ ਕਸ਼ਮੀਰ ਦਾ ਭਾਰਤ 'ਚ ਰਲੇਵਾਂ ਹੋਇਆ ਸੀ ਅਤੇ ਉਨ੍ਹਾਂ ਨੇ ਹੀ ਦੇਸ਼ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਪੰਜ ਸਾਲਾ ਯੋਜਨਾਵਾਂ ਬਣਾਈਆਂ, ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਡੈਮਾਂ ਦਾ ਨਿਰਮਾਣ ਕਰਵਾਇਆ, ਲੋਹੇ ਤੇ ਸਟੀਲ ਦੇ ਵੱਡੇ-ਵੱਡੇ ਕਾਰਖਾਨੇ ਲਗਵਾਏ, 'ਇਸਰੋ' ਦੀ ਨੀਂਹ ਰੱਖੀ, ਆਰਥਿਕ, ਸਮਾਜਿਕ ਤੇ ਸਿਆਸੀ ਪਹਿਲੂਆਂ ਨੂੰ ਨਵੇਂ ਆਯਾਮ ਦਿੱਤੇ।
'ਇਸਰੋ' ਕਾਰਨ ਹੀ ਅੱਜ ਭਾਰਤ ਦੂਜੇ ਦੇਸ਼ਾਂ ਦੇ ਉਪ-ਗ੍ਰਹਿ ਵੀ ਪੁਲਾੜ 'ਚ ਪਹੁੰਚਾ ਰਿਹਾ ਹੈ। ਪੰ. ਨਹਿਰੂ ਵੱਡੇ ਉਦਯੋਗਾਂ ਅਤੇ ਮੈਗਾ ਵਿਕਾਸ ਪ੍ਰਾਜੈਕਟਾਂ ਨੂੰ 'ਪਵਿੱਤਰ ਮੰਦਿਰ' ਮੰਨਦੇ ਸਨ। ਉਨ੍ਹਾਂ ਨੇ ਖ਼ੁਦ ਕਈ ਕਿਤਾਬਾਂ ਲਿਖੀਆਂ ਤੇ ਉਨ੍ਹਾਂ ਦੇ ਜੀਵਨ ਉੱਤੇ ਵੀ ਅਣਗਿਣਤ ਕਿਤਾਬਾਂ ਲਿਖੀਆਂ ਗਈਆਂ। ਇਨ੍ਹਾਂ ਸਭ ਗੁਣਾਂ ਦੇ ਬਾਵਜੂਦ ਉਨ੍ਹਾਂ ਨੂੰ ਗੈਰ-ਹਿੰਦੂ, ਬੀਫ ਖਾਣ ਵਾਲੇ ਅਤੇ ਐਸ਼ਪ੍ਰਸਤ ਨੇਤਾ ਵਜੋਂ ਦਰਸਾਉਣਾ ਸਮੁੱਚੇ ਭਾਰਤੀਆਂ ਦਾ ਅਪਮਾਨ ਹੈ। 
ਪੰਡਿਤ ਨਹਿਰੂ ਤੋਂ ਬਾਅਦ ਇੰਦਰਾ ਗਾਂਧੀ ਦੇਸ਼ ਦੀ ਇਕ ਤਾਕਤਵਰ ਨੇਤਾ ਬਣ ਕੇ ਉੱਭਰੀ। ਉਨ੍ਹਾਂ ਨੇ ਆਪਣੇ ਪਿਤਾ ਨਾਲ ਆਜ਼ਾਦੀ ਅੰਦੋਲਨ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਿਆ ਸੀ ਤੇ ਆਜ਼ਾਦੀ ਤੋਂ ਬਾਅਦ ਆਪਣਾ ਜੀਵਨ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ। 1969 'ਚ ਇੰਦਰਾ ਗਾਂਧੀ ਨੇ ਬੈਂਕਾਂ ਦਾ ਕੌਮੀਕਰਨ ਕਰ ਕੇ ਛੋਟੇ ਅਤੇ ਦਰਮਿਆਨੇ ਉਦਯੋਗ ਸਥਾਪਿਤ ਕਰਨ ਲਈ ਬੈਂਕਾਂ ਦੇ ਬੂਹੇ ਖੋਲ੍ਹ ਦਿੱਤੇ। ਖੇਤੀ ਖੇਤਰ 'ਚ ਹਰੀ ਕ੍ਰਾਂਤੀ ਆਉਣ ਨਾਲ 1971 'ਚ ਪਹਿਲੀ ਵਾਰ ਦੇਸ਼ ਅਨਾਜ ਦੇ ਮਾਮਲੇ 'ਚ ਸਵੈ-ਨਿਰਭਰ ਬਣਿਆ, ਜਦਕਿ 1923 ਤੋਂ ਭਾਰਤ ਲਗਾਤਾਰ ਹੋਰਨਾਂ ਦੇਸ਼ਾਂ ਤੋਂ ਅਨਾਜ ਮੰਗਵਾ ਰਿਹਾ ਸੀ। 
1971 'ਚ ਭਾਰਤ ਨੇ ਇੰਦਰਾ ਗਾਂਧੀ ਦੀ ਅਗਵਾਈ ਹੇਠ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰਵਾਇਆ ਤੇ ਇਕ ਨਵੇਂ ਦੇਸ਼ ਬੰਗਲਾਦੇਸ਼ ਦਾ ਨਿਰਮਾਣ ਕੀਤਾ। ਇਹ ਦੁਨੀਆ ਦੇ ਇਤਿਹਾਸ ਨੂੰ ਬਦਲਣ ਦੀ ਸਭ ਤੋਂ ਵੱਡੀ ਘਟਨਾ ਸੀ। 
ਇੰਦਰਾ ਗਾਂਧੀ ਧਰਮ-ਨਿਰਪੱਖਤਾ ਦੀ ਜਿਊਂਦੀ-ਜਾਗਦੀ ਮਿਸਾਲ ਸੀ, ਅੱਤਵਾਦ ਤੇ ਵੱਖਵਾਦ ਦੀ ਸਖਤ ਵਿਰੋਧੀ ਸੀ। ਉਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਨੂੰ 'ਦੁਰਗਾ' ਕਹਿ ਕੇ ਨਿਵਾਜਿਆ ਸੀ। ਅਜਿਹੀ ਨੇਤਾ ਦੇ ਚਰਿੱਤਰ ਨੂੰ ਘਟੀਆ ਢੰਗ ਨਾਲ ਪੇਸ਼ ਕਰਨਾ ਇਕ ਸੋਚੀ-ਸਮਝੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ। ਆਪਣੇ ਸਮੇਂ ਵਿਚ ਉਹ ਸਭ ਤੋਂ ਜ਼ਿਆਦਾ ਹਰਮਨਪਿਆਰੀ, ਤਾਕਤਵਰ ਅਤੇ ਨੀਤੀ-ਨਿਪੁੰਨ ਨੇਤਾ ਸੀ। ਇਹ ਇੰਦਰਾ ਗਾਂਧੀ ਦੀ ਦਲੇਰੀ ਹੀ ਸੀ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਨਿਕਸਨ ਨੂੰ 1971 ਦੀ ਭਾਰਤ-ਪਾਕਿ ਜੰਗ ਵੇਲੇ ਬੰਗਾਲ ਦੀ ਖਾੜੀ 'ਚੋਂ ਆਪਣਾ ਬੇੜਾ ਵਾਪਿਸ ਲਿਜਾਣ ਲਈ ਮਜਬੂਰ ਹੋਣਾ ਪਿਆ ਸੀ। 
ਕਾਲਪਨਿਕ ਕਹਾਣੀਆਂ ਨੂੰ ਜੋੜ ਕੇ ਹਕੀਕਤ ਵਿਚ ਨਹੀਂ ਬਦਲਿਆ ਜਾ ਸਕਦਾ, ਇਤਿਹਾਸਿਕ ਤੱਥਾਂ ਨੂੰ ਅਣਡਿੱਠ ਕਰ ਕੇ ਝੂਠ ਦੀ ਬੁਨਿਆਦ 'ਤੇ ਇਤਿਹਾਸ ਦੀ ਰਚਨਾ ਨਹੀਂ ਕੀਤੀ ਜਾ ਸਕਦੀ। ਭਾਰਤੀ ਰਾਸ਼ਟਰਵਾਦੀ ਅਤੇ ਸਾਰੇ ਧਰਮਾਂ ਦੇ ਲੋਕਾਂ ਨਾਲ ਪਿਆਰ ਕਰਨ ਵਾਲੇ ਨੇਤਾਵਾਂ ਵਲੋਂ ਰਾਸ਼ਟਰ ਲਈ ਪਾਏ ਯੋਗਦਾਨ ਤੋਂ ਸਭ ਚੰਗੀ ਤਰ੍ਹਾਂ ਜਾਣੂ ਹਨ। 
ਪੰਡਿਤ ਜੀ ਨੇ ਸਵੇਜ ਨਹਿਰ ਦੇ ਮਾਮਲੇ ਵਿਚ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਿਰ ਦਾ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਜਦੋਂ 1956 ਵਿਚ ਉਹ ਸਾਊਦੀ ਅਰਬ ਗਏ ਤਾਂ ਬਾਦਸ਼ਾਹ ਨੇ ਉਨ੍ਹਾਂ ਦੇ ਇਸ ਫੈਸਲੇ ਦੀ ਤਾਰੀਫ ਕਰਦਿਆਂ ਕਿਹਾ ਸੀ, ''ਪੰਡਿਤ ਜੀ ਰਸੂਲ-ਏ-ਸਲਾਮ ਹਨ।'' ਭਾਵ ਸ਼ਾਂਤੀ ਦੇ ਪੈਗੰਬਰ (ਅਰਬੀ ਭਾਸ਼ਾ ਵਿਚ) ਹਨ। ਇਸ 'ਤੇ ਪ੍ਰਸਿੱਧ ਸ਼ਾਇਦ ਰਾਇਸ ਅਮਰੋਹੀ ਨੇ ਇਕ ਸ਼ੇਅਰ ਕਿਹਾ, ਜੋ ਪਾਕਿਸਤਾਨ ਦੀ ਅਖ਼ਬਾਰ 'ਜੰਗ' ਵਿਚ ਇਸ ਤਰ੍ਹਾਂ ਛਾਪਿਆ ਗਿਆ :
ਜਪ ਰਹਾ ਹੈ ਆਜ ਮਾਲਾ ਏਕ ਹਿੰਦੂ ਕੀ ਅਰਬ
ਬ੍ਰਾਹਮਣਜ਼ਾਦੇ ਮੇਂ ਸ਼ਾਨੇ ਦਿਲਬਰੀ ਐਸੀ ਤੋ ਹੋ
ਹਿਕਮਤੇ ਪੰਡਿਤ ਜਵਾਹਰ ਲਾਲ ਨਹਿਰੂ ਕੀ ਕਸਮ
ਮਰ ਮਿਟੇ ਇਸਲਾਮ ਜਿਸ ਪਰ ਕਾਫਰੀ ਐਸਾ ਤੋ ਹੋ।