ਧਰਮ, ਜਾਤੀ, ਫਿਰਕੇ ਨੂੰ ''ਦੇਸ਼ ਸੇਵਾ'' ਤੋਂ ਦੂਰ ਰੱਖਣਾ ਹੀ ਬਿਹਤਰ

02/15/2020 12:44:28 AM

ਸੰਸਾਰ ਦੇ ਮਹਾਨ ਨੀਤੀਵਾਨਾਂ ਕੌਟਲਿਆ, ਕਨਫਿਊਸ਼ੀਅਸ ਅਤੇ ਖਲੀਫਾ ਹਜ਼ਰਤ ਅਲੀ ਨੇ ਵੱਖ-ਵੱਖ ਸ਼ਬਦਾਂ 'ਚ ਇਕ ਹੀ ਗੱਲ ਕਹੀ ਹੈ ਅਤੇ ਜਿਸ ਦਾ ਿਸੱਟਾ ਇਹੀ ਹੈ ਿਕ ਜੇਕਰ ਧਾਰਮਿਕ, ਜਾਤੀਗਤ ਅਤੇ ਫਿਰਕੇ ਦੇ ਆਧਾਰ 'ਤੇ ਿਕਸੇ ਦੇਸ਼ ਦਾ ਸ਼ਾਸਨ ਚੱਲਦਾ ਹੈ ਜਾਂ ਚਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਕੱਟੜਵਾਦੀ, ਆਧੁਨਿਕਤਾ ਵਿਰੋਧੀ ਅਤੇ ਪੂਰੀ ਤਰ੍ਹਾਂ ਗੈਰ-ਵਿਗਿਆਨਿਕ ਹੋ ਜਾਂਦਾ ਹੈ। ਜਿਥੇ ਤਰਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਵਿਚਾਰਕ ਮੱਤਭੇਦ ਦਾ ਕੋਈ ਸਥਾਨ ਨਹੀਂ ਹੁੰਦਾ ਅਤੇ ਉਸ ਨੂੰ ਤਾਨਾਸ਼ਾਹੀ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ।

ਤਰੱਕੀ ਦਾ ਪੈਮਾਨਾ
ਜੋ ਦੇਸ਼ ਅੱਜ ਦੁਨੀਆ ਦੇ ਸਿਰਮੌਰ ਭਾਵ ਤਰੱਕੀ ਦਾ ਪੈਮਾਨਾ ਕਹੇ ਜਾਂਦੇ ਹਨ, ਜਿਵੇਂ ਅਮਰੀਕਾ ਤਾਂ ਉਨ੍ਹਾਂ ਦੇਸ਼ਾਂ 'ਚ ਸ਼ਾਸਨ ਕਰਨ ਨੂੰ ਸਾਇੰਟਿਫਿਕ ਮੈਨੇਜਮੈਂਟ ਦਾ ਨਾਂ ਿਦੱਤਾ ਿਗਆ। ਉਨ੍ਹਾਂ ਦਾ ਕਹਿਣਾ ਹੈ ਕਿ ਧਰਮ, ਜਾਤੀ, ਫਿਰਕਾ ਕਿਸੇ ਵੀ ਵਿਅਕਤੀ ਦਾ ਨਿੱਜੀ ਜਾਂ ਵੱਧ ਤੋਂ ਵੱਧ ਪਰਿਵਾਰਕ ਮਾਮਲਾ ਹੋ ਸਕਦਾ ਹੈ ਅਤੇ ਉਹ ਮਿਲ ਕੇ ਚਾਹੁਣ ਤਾਂ ਆਪੋ-ਆਪਣੇ ਸਮਾਜ ਬਣਾ ਸਕਦੇ ਹਨ ਅਤੇ ਉਸ ਦੀ ਭਲਾਈ ਲਈ ਆਪਸ 'ਚ ਜੁੜ ਸਕਦੇ ਹਨ। ਇਸ ਤੋਂ ਅੱਗੇ ਜੇਕਰ ਉਹ ਜਾਂਦੇ ਹਨ ਤਾਂ ਉਹ ਵੱਖ-ਵੱਖ ਧਰਮਾਂ-ਜਾਤੀਆਂ, ਫਿਰਕਿਆਂ ਵਿਚਾਲੇ ਟਕਰਾਅ ਕਦੇ-ਕਦੇ ਖੂਨੀ ਸੰਘਰਸ਼ ਦਾ ਕਾਰਣ ਵੀ ਬਣ ਜਾਂਦਾ ਹੈ।
ਜੋ ਦੇਸ਼ ਪੂਰੀ ਤਰ੍ਹਾਂ ਧਰਮ ਆਧਾਰਿਤ ਹਨ, ਵਿਸ਼ੇਸ਼ ਤੌਰ 'ਤੇ ਇਸਲਾਮ ਤਾਂ ਉੱਥੇ ਿਕਸੇ ਦੂਸਰੇ ਧਰਮ ਦੀ ਪਾਲਣਾ ਕਰਨ ਵਾਲਿਆਂ ਨੂੰ ਆਪਣੇ ਧਰਮ ਨਾਲ ਸਬੰਧਤ ਕੋਈ ਵੀ ਆਯੋਜਨ, ਪੂਜਾ ਅਰਚਨਾ ਕਰਨ ਦੀ ਸਿਰਫ ਇਜਾਜ਼ਤ ਹੀ ਨਹੀਂ ਦਿੱਤੀ ਜਾ ਸਕਦੀ ਸਗੋਂ ਅਜਿਹਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜਿਵੇਂ ਕਿ ਸਾਊਦੀ ਅਰਬ ਵਰਗੇ ਕੱਟੜ ਇਸਲਾਮੀ ਦੇਸ਼ 'ਚ ਹੁੰਦਾ ਹੈ। ਉੱਥੇ ਕੰਮ ਕਰਨ ਵਾਲੇ ਕਿਸੇ ਿਹੰਦੂ ਨੇ ਜੇਕਰ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਹੈ ਤਾਂ ਉਹ ਮਨ 'ਚ ਤਾਂ ਕਰ ਸਕਦਾ ਹੈ ਪਰ ਉਸ ਨੂੰ ਕੋਈ ਕਿਤਾਬ ਜਾਂ ਹਿੰਦੂ ਦੇਵੀ-ਦੇਵਤਾ ਦੀ ਮੂਰਤੀ ਰੱਖਣ 'ਤੇ ਸਜ਼ਾ ਮਿਲ ਸਕਦੀ ਹੈ।
ਜਿਹੜੇ ਦੇਸ਼ਾਂ 'ਚ ਧਰਮ ਪਹਿਲੇ ਨੰਬਰ 'ਤੇ ਆਉਂਦਾ ਹੈ, ਉਨ੍ਹਾਂ ਦੀ ਹਾਲਤ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਅੱਜ ਵੀ ਦਕੀਆਨੂਸੀ ਮਾਨਤਾਵਾਂ, ਪੱਛੜੇਪਣ ਅਤੇ ਗਰੀਬੀ ਦੇ ਚੁੰਗਲ 'ਚ ਫਸੇ ਹੋਏ ਹਨ ਅਤੇ ਜਿਹੜੇ ਦੇਸ਼ਾਂ ਨੇ ਧਾਰਮਿਕ ਆਧਾਰ ਨੂੰ ਸ਼ਾਸਨ ਦਾ ਜ਼ਰੀਆ ਨਹੀਂ ਬਣਾਇਆ, ਉਹ ਖੁਸ਼ਹਾਲੀ ਦੇ ਅਲੰਬਰਦਾਰ ਕਹੇ ਜਾਂਦੇ ਹਨ। ਆਪਣੇ ਗੁਆਂਢੀਆਂ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਹੀ ਤੁਲਨਾ ਕਰ ਲਓ। ਪਾਕਿਸਤਾਨ 'ਤੇ ਇਸਲਾਮੀ ਆਕਿਆਂ ਦਾ ਕਬਜ਼ਾ ਹੈ, ਜੋ ਕੱਟੜਪੰਥੀ ਹਨ ਅਤੇ ਉਨ੍ਹਾਂ ਦੇ ਹੱਥ 'ਚ ਸ਼ਾਸਨ ਦੀ ਵਾਗਡੋਰ ਹੈ ਤਾਂ ਵਿਕਾਸ ਦੇ ਨਾਂ 'ਤੇ ਸ਼ੋਸ਼ਣ ਕਰਨ ਅਤੇ ਦਹਿਸ਼ਤਗਰਦਾਂ ਦਾ ਬੋਲਬਾਲਾ ਹੈ। ਇਸ ਦੇ ਉਲਟ ਬੰਗਲਾਦੇਸ਼ ਦਾ ਵਧਦਾ ਵਿਦੇਸ਼ੀ ਮੁਦਰਾ ਫੰਡ ਅਤੇ ਤਰੱਕੀ ਦਰ ਹੈਰਾਨੀ ਪੈਦਾ ਕਰਦੀ ਹੈ।
ਆਧੁਨਿਕ ਯੁੱਗ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਜਿਹੜੇ ਦੇਸ਼ਾਂ ਨੇ ਧਰਮ ਨੂੰ ਸ਼ਾਸਨ ਨਾਲ ਨਹੀਂ ਜੋੜਿਆ ਅਤੇ ਵਿਗਿਆਨਿਕ ਆਧਾਰ ਨੂੰ ਤਰੱਕੀ ਦਾ ਰਸਤਾ ਬਣਾਇਆ, ਉਹ ਅੱਜ ਆਰਥਿਕ ਅਤੇ ਸਮਾਜਿਕ ਦ੍ਰਿਸ਼ਟੀ ਤੋਂ ਸੰਪੰਨ ਕਹੇ ਜਾਂਦੇ ਹਨ ਅਤੇ ਦੁਨੀਆ ਦੀ ਜ਼ਿਆਦਾ ਜਾਇਦਾਦ ਉਨ੍ਹਾਂ ਦੇ ਹੱਥਾਂ 'ਚ ਸਿਮਟ ਕੇ ਰਹਿ ਗਈ ਹੈ। ਉਨ੍ਹਾਂ ਦੇ ਲਈ ਕਿਸੇ ਵੀ ਧਾਰਮਿਕ ਪ੍ਰੰਪਰਾ ਨੂੰ ਮੰਨਣ ਵਾਲੇ ਦੇਸ਼ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਗੁਲਾਮ ਬਣਾਉਣਾ ਚੁਟਕੀ ਦਾ ਕੰਮ ਹੈ। ਭਾਵੇਂ ਉਹ ਅਮਰੀਕਾ, ਰੂਸ, ਚੀਨ, ਜਾਪਾਨ ਕੋਈ ਵੀ ਦੇਸ਼ ਹੋਣ, ਜੋ ਹਰ ਪੱਖੋਂ ਸੰਪੰਨ ਹਨ।
ਜਿਥੋਂ ਤੱਕ ਸਾਡੇ ਦੇਸ਼ ਦਾ ਸਬੰਧ ਹੈ, ਜਿਥੇ ਧਰਮ, ਜਾਤੀ ਅਤੇ ਫਿਰਕੇ ਨੂੰ ਪ੍ਰਸ਼ਾਸਨ 'ਤੇ ਹਾਵੀ ਨਹੀਂ ਹੋਣ ਦਿੱਤਾ ਗਿਆ। ਦੇਸ਼ ਸਾਰੇ ਖੇਤਰਾਂ 'ਚ ਮੱਧਮ ਰਫਤਾਰ ਨਾਲ ਹੀ ਸਹੀ, ਤਰੱਕੀ ਕਰਦਾ ਰਿਹਾ ਪਰ ਜਦੋਂ ਤੱਕ ਕਿਸੇ ਵੀ ਪ੍ਰਦੇਸ਼ ਜਾਂ ਕੇਂਦਰ 'ਚ ਪ੍ਰਸ਼ਾਸਨ ਲਈ ਇਨ੍ਹਾਂ ਤਿੰਨਾਂ ਜਾਂ ਕਿਸੇ ਿੲਕ ਨੂੰ ਵੀ ਸ਼ਾਸਨ ਕਰਨ ਦਾ ਸਾਧਨ ਜਾਂ ਜ਼ਰੀਆ ਬਣਾਇਆ ਗਿਆ, ਅਜਿਹਾ ਕਰਨ ਵਾਲੇ ਨੇਤਾਵਾਂ ਅਤੇ ਸਿਆਸੀ ਦਲਾਂ ਨੂੰ ਮੂੰਹ ਦੀ ਖਾਣੀ ਪਈ। ਜਨਤਾ ਦੀਆਂ ਮੁਸੀਬਤਾਂ ਵਧੀਆਂ, ਪਤਨ ਨੂੰ ਰਫਤਾਰ ਮਿਲ ਗਈ ਅਤੇ ਤਰੱਕੀ ਦਾ ਰਸਤਾ ਰੁਕਦਾ ਗਿਆ।

ਧਰਮ ਦਾ ਤੜਕਾ
ਇਕ ਉਦਾਹਰਣ ਤੋਂ ਇਹ ਗੱਲ ਸਮਝੀ ਜਾ ਸਕਦੀ ਹੈ। ਇਹ ਸਭ ਜਾਣਦੇ ਹਨ ਕਿ ਦੇਸ਼ 'ਚ ਨਾਗਰਿਕਤਾ ਕਾਨੂੰਨ, ਹਰ 10 ਸਾਲਾਂ 'ਚ ਮਰਦਮਸ਼ੁਮਾਰੀ, ਆਬਾਦੀ ਦੇ ਹਿਸਾਬ ਨਾਲ ਨੀਤੀ ਬਣਾਉਣਾ, ਯੋਜਨਾਵਾਂ ਲਾਗੂ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਜੀਵਨ ਦੇਣ ਦੀਆਂ ਕੋਸ਼ਿਸ਼ਾਂ ਆਜ਼ਾਦੀ ਤੋਂ ਬਾਅਦ ਲਗਾਤਾਰ ਹੁੰਦੀਆਂ ਰਹੀਆਂ ਹਨ। ਹੁਣ ਥੋੜ੍ਹੀ ਜਿਹੀ ਗੱਲ ਸਮਝੋ ਕਿ ਜਿਵੇਂ ਹੀ ਸੰਵਿਧਾਨ ਸੋਧ ਦੇ ਜ਼ਰੀਏ ਨਾਗਰਿਕਤਾ ਕਾਨੂੰਨ 'ਚ ਧਰਮ ਦਾ ਤੜਕਾ ਲੱਗਾ, ਦੇਸ਼ ਭਰ 'ਚ ਇਸ ਦੇ ਵਿਰੋਧ ਦੀ ਬੇਬੁਨਿਆਦ ਅਜਿਹੀ ਲਹਿਰ ਉੱਠੀ, ਜੋ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਹਕੀਕਤ ਨੂੰ ਸਮਝਣ ਅਤੇ ਇਸ ਗੱਲ ਨੂੰ ਮੰਨਣ ਲਈ ਮੁਸਲਿਮ ਸਮਾਜ ਤਿਆਰ ਹੀ ਨਹੀਂ ਹੈ ਕਿ ਇਸ ਕਾਨੂੰਨ ਨਾਲ ਕਿਸੇ ਵੀ ਭਾਰਤੀ ਦੀ ਨਾਗਰਿਕਤਾ 'ਤੇ ਕੋਈ ਸੰਕਟ ਨਹੀਂ ਹੈ। ਧਰਮ ਦੀ ਗੱਲ ਕਰਦੇ ਹੀ ਗੈਰ-ਸਮਾਜਿਕ ਅਨਸਰਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ, ਜਿਨ੍ਹਾਂ ਨੂੰ ਇਨ੍ਹਾਂ ਸਾਲਾਂ 'ਚ ਸਰਕਾਰ ਦੀ ਸਖਤੀ ਕਾਰਣ ਉੱਭਰਨ ਦਾ ਕੋਈ ਮੌਕਾ ਨਹੀਂ ਮਿਲਿਆ ਸੀ, ਉਹ ਸਾਰੇ ਇਕਜੁੱਟ ਹੋ ਗਏ ਅਤੇ ਦੇਸ਼ ਨੂੰ ਅਰਾਜਕਤਾ ਦੇ ਮੁਹਾਣੇ 'ਤੇ ਲਿਆ ਖੜ੍ਹਾ ਕੀਤਾ। ਇਥੋਂ ਤੱਕ ਕਿ ਦੇਸ਼ ਦੀ ਇਕ ਹੋਰ ਵੰਡ ਧਰਮ ਦੇ ਆਧਾਰ 'ਤੇ ਕਰਨ ਦੀ ਚਾਲ ਚੱਲਣ ਦੇ ਸੁਪਨੇ ਕੁਝ ਲੋਕਾਂ ਵਲੋਂ ਦੇਖੇ ਜਾਣ ਲੱਗੇ। ਇਸ ਕਾਰਵਾਈ ਨੇ ਪਿਛਲੇ ਸਾਲਾਂ 'ਚ ਕੀਤੇ ਗਏ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਕੰਮਾਂ 'ਤੇ ਧੂੜ ਦੀ ਪਰਤ ਚੜ੍ਹਾ ਦਿੱਤੀ, ਜਿਸ ਦਾ ਨਤੀਜਾ ਦਿੱਲੀ ਚੋਣਾਂ 'ਚ ਭਾਜਪਾ ਨੂੰ ਭਾਰੀ ਹਾਰ ਦੇ ਰੂਪ 'ਚ ਮਿਲਿਆ। ਧਰਮ, ਜਾਤੀ, ਫਿਰਕੇ ਨੂੰ ਸ਼ਾਸਨ ਲਈ ਵਰਤਣ ਵਾਲਿਆਂ ਲਈ ਇਹ ਇਕ ਿਚਤਾਵਨੀ ਹੈ।
ਮਹਾਨ ਦਾਰਸ਼ਨਿਕ ਕਾਰਲ ਮਾਰਕਸ ਨੇ ਧਰਮ ਨੂੰ ਅਫੀਮ ਦੀ ਸੰਗਿਆ ਦਿੱਤੀ ਸੀ। ਧਰਮ ਦੱਬੇ-ਕੁਚਲੇ ਲੋਕਾਂ ਦੀ ਆਹ ਹੈ, ਜੋ ਜ਼ੁਲਮ ਕਰਨ ਵਾਲਿਆਂ ਦਾ ਵਿਰੋਧ ਕਰਨ ਲਈ ਇਸ ਤਰ੍ਹਾਂ ਨਿਕਲਦੀ ਹੈ, 'ਜਾਹ ਤੈਨੂੰ ਈਸ਼ਵਰ ਜਾਂ ਖੁਦਾ ਦੇਖ ਲਵੇਗਾ, ਉਸ ਦੀ ਲਾਠੀ ਜਦੋਂ ਪਵੇਗੀ ਤਾਂ ਤੂੰ ਕਿਤੇ ਦਾ ਵੀ ਨਹੀਂ ਰਹੇਗਾ।'
ਧਰਮ ਦਾ ਕਿਸੇ ਵਿਅਕਤੀ ਦੇ ਜੀਵਨ 'ਚ ਵਿਵਹਾਰਿਕ ਸਥਾਨ ਹੋ ਸਕਦਾ ਹੈ, ਜਿਵੇਂ ਕਿ ਅਸੀਂ ਅਕਸਰ ਬੀਮਾਰ, ਜ਼ਖਮੀ, ਬੇਸਹਾਰਾ ਅਤੇ ਪੀੜਤ ਵਿਅਕਤੀ ਦੀ ਮਦਦ ਧਰਮ ਨਾਂ 'ਤੇ ਕਰ ਦਿੰਦੇ ਹਾਂ। ਜਿਸ ਤਰ੍ਹਾਂ ਅਫੀਮ ਨਾਲ ਕਿਸੇ ਵੀ ਵਿਅਕਤੀ ਨੂੰ ਕੁਝ ਸਮੇਂ ਦੇ ਲਈ ਨਕਾਰਾ ਕੀਤਾ ਜਾ ਸਕਦਾ ਹੈ ਅਤੇ ਉਹ ਆਪਣੇ-ਆਪ ਨੂੰ ਭੁੱਲ ਕੇ ਕਿਸੇ ਦੂਸਰੀ ਹੀ ਦੁਨੀਆ 'ਚ ਪਹੁੰਚ ਜਾਂਦਾ ਹੈ, ਉਸੇ ਤਰ੍ਹਾਂ ਧਰਮ ਵੀ ਵਿਅਕਤੀ ਨੂੰ ਉਸ ਦਾ ਦੁੱਖ ਭੁੱਲਣ 'ਚ ਮਦਦ ਕਰਦਾ ਹੈ। ਧਰਮ ਦੀ ਇਹ ਸੀਮਾ ਹੈ ਕਿਉਂਕਿ ਧਰਮ ਨੇ ਮਨੁੱਖ ਨੂੰ ਨਹੀਂ ਬਣਾਇਆ ਸਗੋਂ ਮਨੁੱਖ ਨੇ ਧਰਮ ਨੂੰ ਬਣਾਇਆ ਹੈ। ਇਸ ਲਈ ਧਰਮ ਭਾਰਤ ਵਰਗੇ ਵਿਸ਼ਾਲ ਅਤੇ ਬਹੁਧਰਮੀ ਦੇਸ਼ ਦੇ ਸ਼ਾਸਨ ਦਾ ਸਾਧਨ ਨਹੀਂ ਹੋ ਸਕਦਾ। ਜਦੋਂ ਅਸੀਂ ਸਰਵ ਧਰਮ ਸਮਭਾਵ ਜਾਂ ਵਸੂਧੈਵ ਕੁਟੁੰਬਕਮ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਇਹੀ ਹੈ ਕਿ ਭਾਰਤ ਕਦੇ ਵੀ ਹਿੰਦੂ, ਮੁਸਲਿਮ, ਈਸਾਈ ਰਾਸ਼ਟਰ ਨਹੀਂ ਬਣ ਸਕਦਾ।

                                                                                                 —ਪੂਰਨ ਚੰਦ ਸਰੀਨ

KamalJeet Singh

This news is Content Editor KamalJeet Singh