ਨਾਟਕੀ ਉਤਰਾਅ-ਚੜ੍ਹਾਅ ਵਾਲਾ ਰਿਹਾ ''ਇੰਦਰਾ ਗਾਂਧੀ ਦਾ ਕੈਰੀਅਰ''

11/19/2017 6:18:33 AM

ਅੱਜ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦਾ ਜਨਮ ਦਿਨ ਹੈ ਅਤੇ ਤੁਹਾਨੂੰ ਉਨ੍ਹਾਂ ਦੇ ਕੈਰੀਅਰ, ਸ਼ਖ਼ਸੀਅਤ ਬਾਰੇ ਬਹੁਤ ਸਾਰੇ ਲੇਖ ਪੜ੍ਹਨ ਨੂੰ ਮਿਲਣਗੇ। ਆਪਣੀ ਮੌਤ ਤੋਂ 30 ਸਾਲਾਂ ਬਾਅਦ ਵੀ ਉਹ ਸਾਡੇ ਸਿਆਸੀ ਮੰਚ 'ਤੇ ਇਕ 'ਮਹਾਪੁਰਸ਼' ਵਾਂਗ ਛਾਈ ਹੋਈ ਹੈ। 
ਹਾਲਾਂਕਿ ਮੈਂ ਇਥੇ ਕੁਝ ਸਵਾਲ ਉਠਾਉਣਾ ਚਾਹੁੰਦਾ ਹਾਂ, ਜੋ ਸ਼ਾਇਦ ਉਨ੍ਹਾਂ ਖੇਤਰਾਂ ਦੀ ਪਛਾਣ ਕਰਨਗੇ, ਜਿਥੇ ਜ਼ਿਆਦਾ ਸਪੱਸ਼ਟਤਾ ਜਾਂ ਸਾਫਗੋਈ ਦੀ ਲੋੜ ਹੈ। ਅਸੀਂ ਸ਼ੁਰੂਆਤ ਕਰਦੇ ਹਾਂ ਸਿਆਸਤਦਾਨ ਇੰਦਰਾ ਤੋਂ :
ਓਪੀਨੀਅਨ ਪੋਲਜ਼ ਦੱਸਦੇ ਹਨ ਕਿ ਉਹ ਸਭ ਤੋਂ ਵੱਧ ਸਨਮਾਨਜਨਕ ਮੰਨੀ ਜਾਂਦੀ ਸੀ ਪਰ ਕੀ ਉਹ ਮਹਾਨ ਪ੍ਰਧਾਨ ਮੰਤਰੀ ਸੀ ਜਾਂ ਸਿਰਫ ਲੰਮੇ ਸਮੇਂ ਤਕ ਰਾਜ ਕਰਨ ਵਾਲੀ? ਬਹੁਤੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਹੁੰਦਿਆਂ 1970-71 ਦਾ ਬੰਗਲਾਦੇਸ਼ ਸੰਕਟ ਸਾਹਮਣੇ ਆਇਆ ਅਤੇ ਪੂਰਬੀ ਪਾਕਿਸਤਾਨ ਨੇ ਆਤਮ-ਸਮਰਪਣ ਕੀਤਾ।
ਇਹ ਉਨ੍ਹਾਂ ਦੀ ਹੀ ਸਮਝਦਾਰੀ ਸੀ ਕਿ ਉਨ੍ਹਾਂ ਨੇ ਭਾਰਤ ਦੇ ਰਵੱਈਏ 'ਤੇ ਸਮਰਥਨ ਜੁਟਾਉਣ ਲਈ ਲਗਾਤਾਰ ਇਕ ਕੌਮਾਂਤਰੀ ਮੁਹਿੰਮ ਚਲਾਉਣ ਵਾਸਤੇ ਤਿਆਰੀ ਲਈ ਫੀਲਡ ਮਾਰਸ਼ਲ ਮਾਣਕ ਸ਼ਾਅ ਨੂੰ ਫੌਜ ਵਾਸਤੇ ਜ਼ਰੂਰੀ ਸਮਾਂ ਦਿੱਤਾ। 
ਜਿੱਤ ਨਾਲ ਨਜਿੱਠਣ ਦੇ ਸੰਬੰਧ ਵਿਚ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਪਹਿਲਾ—ਕੀ ਪੂਰਬੀ ਪਾਕਿਸਤਾਨ ਵਲੋਂ ਗੋਡੇ ਟੇਕਣ ਤੋਂ ਬਾਅਦ ਜੰਗ ਰੋਕਣ ਵਿਚ ਇੰਦਰਾ ਗਲਤ ਸੀ? ਕੀ ਇਹ ਪੱਛਮ 'ਚ ਲੜਾਈ ਲੜਨ ਅਤੇ ਕਸ਼ਮੀਰ ਦੀ ਸਮੱਸਿਆ ਸੁਲਝਾਉਣ ਦਾ ਮੌਕਾ ਸੀ, ਜਿਸ ਨੂੰ ਉਨ੍ਹਾਂ ਨੇ ਹੱਥੋਂ ਜਾਣ ਦਿੱਤਾ ਜਾਂ ਉਹ ਕੌਮਾਂਤਰੀ ਨਤੀਜਿਆਂ ਦੀ ਉਡੀਕ ਕਰਦੀ, ਜਿਨ੍ਹਾਂ ਨਾਲ ਭਾਰਤ ਨਜਿੱਠ ਨਹੀਂ ਸਕਦਾ ਸੀ? ਕੀ ਸ਼ਿਮਲਾ ਸਿਖਰ ਵਾਰਤਾ ਵਿਚ ਕਸ਼ਮੀਰ ਬਾਰੇ ਭੁੱਟੋ ਦੇ ਸ਼ਬਦਾਂ 'ਤੇ ਭਰੋਸਾ ਕਰਨਾ ਇਕ ਗਲਤੀ ਸੀ ਜਾਂ ਇੰਦਰਾ ਕੋਲ ਕੋਈ ਹੋਰ ਬਦਲ ਨਹੀਂ ਸੀ? 
ਬੰਗਲਾਦੇਸ਼ ਬਣਨ ਤੋਂ 3 ਸਾਲਾਂ ਬਾਅਦ 1975 ਦੀ ਐਮਰਜੈਂਸੀ ਇੰਦਰਾ ਦੇ ਪਤਨ ਦਾ ਕਾਰਨ ਬਣੀ। ਕੀ ਉਹ ਸਿਰਫ ਆਪਣੇ ਨਿੱਜੀ ਸਿਆਸੀ ਵਜੂਦ ਲਈ ਲੜ ਰਹੀ ਸੀ ਜਾਂ ਜੈਪ੍ਰਕਾਸ਼ ਨਾਰਾਇਣ ਵਲੋਂ ਫੌਜ ਅਤੇ ਪੁਲਸ ਨੂੰ ਗੈਰ-ਕਾਨੂੰਨੀ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦਿੱਤੇ ਸੱਦੇ ਕਾਰਨ ਕਾਨੂੰਨ-ਵਿਵਸਥਾ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਸੀ? 
ਇੰਦਰਾ ਗਾਂਧੀ ਦਾ ਛੋਟਾ ਬੇਟਾ ਸੰਜੇ ਬਿਨਾਂ ਸ਼ੱਕ ਉਨ੍ਹਾਂ ਦੀ ਕਮਜ਼ੋਰੀ ਸੀ ਪਰ ਕੀ ਉਨ੍ਹਾਂ ਨੂੰ ਸੰਜੇ ਵਲੋਂ ਨਸਬੰਦੀ ਅਤੇ ਝੌਂਪੜ-ਪੱਟੀਆਂ ਹਟਾਉਣ ਦੀ ਚਲਾਈ ਮੁਹਿੰਮ ਬਾਰੇ ਪਤਾ ਨਹੀਂ ਸੀ? ਉਨ੍ਹਾਂ ਦੇ ਸਕੱਤਰ ਆਰ. ਕੇ. ਧਵਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਸੀ ਪਰ ਟੀ. ਵੀ. ਰਾਜੇਸ਼ਵਰ, ਜੋ ਉਦੋਂ ਖੁਫੀਆ ਬਿਊਰੋ ਦੇ ਨਿਰਦੇਸ਼ਕ ਸਨ, ਦਾ ਕਹਿਣਾ ਹੈ ਕਿ ਇੰਦਰਾ ਨੂੰ ਇਸ ਬਾਰੇ ਪਤਾ ਸੀ। 
1977 'ਚ ਉਨ੍ਹਾਂ ਵਲੋਂ ਐਲਾਨੀਆਂ ਚੋਣਾਂ 'ਤੇ ਰਹੱਸ ਦਾ ਪਰਛਾਵਾਂ ਸੀ। ਕੀ ਉਨ੍ਹਾਂ ਨੇ ਇਹ ਜਾਣਦੇ ਹੋਏ ਵੀ ਚੋਣਾਂ ਕਰਵਾਈਆਂ ਕਿ ਉਹ ਹਾਰ ਜਾਵੇਗੀ? ਦੂਜੇ ਸ਼ਬਦਾਂ ਵਿਚ ਕੀ ਇਹ ਕੋਸ਼ਿਸ਼ ਪਛਤਾਵੇ ਲਈ ਕੀਤੀ ਗਈ ਸੀ ਜਾਂ ਫਿਰ ਖੁਫੀਆ ਏਜੰਸੀਆਂ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਸੀ? 
ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਇੰਦਰਾ ਗਾਂਧੀ ਨੂੰ ਸਿੱਖਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਅੰਤ 'ਆਪ੍ਰੇਸ਼ਨ ਬਲਿਊ ਸਟਾਰ' ਦੇ ਰੂਪ ਵਿਚ ਹੋਇਆ ਪਰ ਕੀ ਕਾਰਵਾਈ ਲਈ ਉਨ੍ਹਾਂ ਕੋਲ ਸਿਰਫ ਇਹੋ ਇਕ ਰਾਹ ਸੀ ਜਾਂ ਉਹ ਬਿਜਲੀ, ਪਾਣੀ ਅਤੇ ਭੋਜਨ ਦੀ ਸਪਲਾਈ ਰੋਕ ਕੇ ਅੱਤਵਾਦੀਆਂ ਨੂੰ ਬਾਹਰ ਨਿਕਲਣ ਲਈ ਮਜਬੂਰ ਕਰ ਸਕਦੀ ਸੀ? 
ਯਕੀਨੀ ਤੌਰ 'ਤੇ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਅਕਾਲੀਆਂ ਨੂੰ ਦਬਾਉਣ ਲਈ ਸਮਰਥਨ ਦਿੱਤਾ ਸੀ, ਜੋ ਬਾਅਦ 'ਚ ਇਕ ਭਸਮਾਸੁਰ ਸਿੱਧ ਹੋਇਆ। ਜ਼ਿਆਦਾਤਰ ਜੀਵਨੀ ਲੇਖਕ ਇੰਦਰਾ ਗਾਂਧੀ 'ਤੇ ਦੋਸ਼ ਲਾਉਂਦੇ ਹਨ ਕਿ ਉਸ ਨੇ ਸਥਿਤੀ ਨਾਲ ਨਜਿੱਠਣ ਦਾ ਸਹੀ ਤਰੀਕਾ ਨਹੀਂ ਅਪਣਾਇਆ ਪਰ ਕੀ ਇਸ ਗੱਲ ਦਾ ਸਿਹਰਾ ਉਨ੍ਹਾਂ ਨੂੰ ਨਹੀਂ ਜਾਂਦਾ ਕਿ ਉਨ੍ਹਾਂ ਨੇ ਸਿੱਖ ਅੰਗਰੱਖਿਅਕਾਂ ਨੂੰ ਹੀ ਆਪਣੀ ਸਕਿਓਰਿਟੀ ਲਈ ਤਾਇਨਾਤ ਰੱਖਣ 'ਤੇ ਜ਼ੋਰ ਦਿੱਤਾ, ਜੋ ਇਕ ਅਜਿਹਾ ਫੈਸਲਾ ਸੀ, ਜਿਸ ਨੇ ਆਖਿਰ ਉਨ੍ਹਾਂ ਦੀ ਜਾਨ ਲੈ ਲਈ।
ਇਕ ਅਜਿਹੀ ਪ੍ਰਧਾਨ ਮੰਤਰੀ, ਜਿਸ ਦੀ ਵਿਸ਼ੇਸ਼ਤਾ ਸਿਆਸਤ ਸੀ, ਦਾ ਅਰਥਚਾਰੇ ਨਾਲ ਨਜਿੱਠਣਾ ਅਨਿਸ਼ਚਿਤ ਸੀ। ਦੂਜੇ ਪਾਸੇ ਉਨ੍ਹਾਂ ਨੇ ਹਰੀ ਕ੍ਰਾਂਤੀ ਦੀ ਅਗਵਾਈ ਕੀਤੀ ਪਰ ਇਸ ਦੇ ਨਾਲ ਹੀ ਲਾਇਸੈਂਸ-ਪਰਮਿਟ ਰਾਜ ਦੀ ਸ਼ੁਰੂਆਤ ਕਰ ਦਿੱਤੀ। ਬੈਂਕਾਂ ਦਾ ਕੌਮੀਕਰਨ ਸਿਆਸੀ ਕਾਰਨਾਂ ਕਰਕੇ ਅੱਧਾ-ਅਧੂਰਾ ਰਹਿ ਗਿਆ। ਕੀ 70 ਅਤੇ 80 ਦੇ ਦਹਾਕਿਆਂ ਵਿਚ ਭਾਰਤ ਦੀ ਘਟੀਆ ਆਰਥਿਕ ਕਾਰਗੁਜ਼ਾਰੀ ਦਾ ਦੋਸ਼ ਇੰਦਰਾ ਗਾਂਧੀ ਨੂੰ ਦਿੱਤਾ ਜਾਣਾ ਚਾਹੀਦਾ ਹੈ? 
ਅੱਜ ਤੁਸੀਂ ਕਾਂਗਰਸ ਪਾਰਟੀ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਅਣਡਿੱਠ ਨਹੀਂ ਕਰ ਸਕਦੇ। ਨਹਿਰੂ ਦੇ ਮੁਕਾਬਲੇ ਇੰਦਰਾ ਨੇ ਪਰਿਵਾਰਵਾਦ ਦੀ ਪ੍ਰਥਾ ਨੂੰ ਜ਼ਿਆਦਾ ਅਹਿਮੀਅਤ ਦਿੱਤੀ। ਕੀ ਉਨ੍ਹਾਂ ਦੇ ਸਖ਼ਤ ਕੰਟਰੋਲ ਨੇ ਪਾਰਟੀ ਦੇ ਅੰਦਰੂਨੀ ਲੋਕਤੰਤਰ ਨੂੰ ਖਤਮ ਕਰ ਦਿੱਤਾ ਅਤੇ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਗਾਂਧੀ ਪਰਿਵਾਰ ਦੀ ਪਿੱਛਲੱਗੂ ਬਣਾ ਦਿੱਤਾ? 
ਇੰਦਰਾ ਗਾਂਧੀ ਦਾ ਕੈਰੀਅਰ ਨਾਟਕੀ ਉਤਰਾਅ-ਚੜ੍ਹਾਅ ਵਾਲਾ ਰਿਹਾ। 1966 ਦੀ 'ਗੂੰਗੀ ਗੁੜੀਆ' 1971 ਵਿਚ ਭਾਰਤ ਦੀ 'ਸਮਰਾਟ' ਵਿਚ ਬਦਲ ਗਈ। 
1977 ਵਿਚ ਸੱਤਾ ਗੁਆਉਣ ਤੋਂ ਬਾਅਦ ਉਨ੍ਹਾਂ ਨੇ 1980 'ਚ ਫਿਰ ਵਾਪਸੀ ਕੀਤੀ, ਜਿਸ ਦਾ ਅੰਤ 1984 ਵਿਚ ਉਨ੍ਹਾਂ ਦੀ ਹੱਤਿਆ ਨਾਲ ਹੋਇਆ। ਉਨ੍ਹਾਂ ਦੀ ਚੋਣਾਂ ਜਿੱਤਣ ਦੀ ਸਮਰੱਥਾ 'ਤੇ ਬਹੁਤ ਘੱਟ ਲੋਕਾਂ ਨੂੰ ਸ਼ੱਕ ਹੋਵੇਗਾ। ਕੀ ਉਹ ਇਕ ਬਿਹਤਰੀਨ ਸਿਆਸਤਦਾਨ ਪਰ ਰਾਜਭਾਗ ਸੰਭਾਲਣ ਦੇ ਮਾਮਲੇ 'ਚ ਕਮਜ਼ੋਰ ਸ਼ਾਸਕ ਸੀ? 
ਅਸੀਂ ਇੰਦਰਾ ਗਾਂਧੀ ਬਾਰੇ ਇਕ ਗੰਭੀਰ ਵਿਅਕਤੀ (ਔਰਤ) ਵਾਂਗ ਸੋਚਦੇ ਹਾਂ ਪਰ ਅਸਲ ਵਿਚ ਉਹ ਹੱਸਮੁਖ ਸੁਭਾਅ ਦੀ ਮਾਲਕ ਸੀ। ਉਨ੍ਹਾਂ ਦਾ ਸਟਾਈਲ ਵਿਲੱਖਣ ਸੀ। ਕਈ ਵਾਰ ਉਹ ਪ੍ਰੇਸ਼ਾਨੀਆਂ ਨਾਲ ਵੀ ਜੂਝਦੀ ਰਹੀ। ਆਪਣੇ ਵਿਆਹੁਤਾ ਜੀਵਨ, ਜੋ ਸਫਲ ਨਹੀਂ ਰਿਹਾ, ਵਿਚ ਉਹ ਆਮ ਤੌਰ 'ਤੇ ਖੁਸ਼ ਨਹੀਂ ਰਹਿੰਦੀ ਸੀ। ਇਸ ਦੇ ਬਾਵਜੂਦ ਉਹ ਦਲੇਰ ਅਤੇ ਦ੍ਰਿੜ੍ਹ ਇਰਾਦੇ ਵਾਲੀ ਸੀ, ਤਾਂ ਕੀ ਅਸੀਂ ਉਨ੍ਹਾਂ ਨੂੰ ਇਕ ਗੁੰਝਲਦਾਰ ਅਤੇ ਨਿੱਜੀ ਸ਼ਖ਼ਸੀਅਤ ਦੇ ਰੂਪ ਵਿਚ ਜਾਣਦੇ ਸੀ ਜਾਂ ਸਿਰਫ ਇਕ ਜਨਤਕ ਚਿਹਰੇ ਵਜੋਂ। 
ਆਖਿਰ ਵਿਚ ਕੀ ਇਕ ਅਜਿਹੀ ਔਰਤ ਬੁਢਾਪੇ ਜਾਂ ਬੀਮਾਰੀ ਕਾਰਨ ਮਰਨਾ ਚਾਹੁੰਦੀ ਹੈ? ਕੀ ਇਹ ਕਹਿਣਾ 'ਰੋਮਾਂਟਿਕ' ਹੋਵੇਗਾ ਕਿ ਇੰਦਰਾ ਗਾਂਧੀ ਨੇ ਰਿਟਾਇਰਮੈਂਟ ਜਾਂ 'ਹਾਰ ਕੇ' ਬਾਹਰ ਹੋਣ ਨਾਲੋਂ ਮਾਰ ਦਿੱਤੇ ਜਾਣ ਨੂੰ ਤਰਜੀਹ ਦਿੱਤੀ?