ਭਾਰਤੀ ਫਿਲਮ ਉਦਯੋਗ ਲਈ ‘ਵਧਾਈਅਾਂ’ ਦਾ ਵਰ੍ਹਾ ਬਣਿਆ 2018

10/26/2018 6:51:30 AM

ਭਾਰਤੀ ਫਿਲਮ ਉਦਯੋਗ ਲਈ 2018 ਦਾ ਵਰ੍ਹਾ ਹੁਣ ਤਕ ਸ਼ਾਨਦਾਰ ਰਿਹਾ ਹੈ ਅਤੇ ਪਾਰਟੀ ਅਜੇ ਵੀ ਜਾਰੀ ਹੈ। ਅਮਿਤ ਰਵਿੰਦਰਨਾਥ ਸ਼ਰਮਾ ਦੀ ਫਿਲਮ ‘ਬਧਾਈ ਹੋ’ ਗੁਦਗੁਦਾਉਣ ਵਾਲੀ ਹੈ। 50 ਸਾਲ ਦੀ ਉਮਰ ’ਚ ਕੌਸ਼ਿਕ ਜੋੜੇ ਨੂੰ ਪਤਾ ਲੱਗਦਾ ਹੈ ਕਿ ਉਹ ਇਕ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਦੁਰਘਟਨਾਵੱਸ ਹੋਏ ਗਰਭਧਾਰਨ ਨੂੰ ਉਨ੍ਹਾਂ ਦੇ ਵੱਡੇ ਹੋ ਚੁੱਕੇ ਬੱਚਿਅਾਂ, ਕੌਸ਼ਿਕ ਦੀ ਮਾਤਾ, ਗੁਅਾਂਢੀਅਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਵਲੋਂ ਮਿਲਣ ਵਾਲੀ ਪ੍ਰਤੀਕਿਰਿਆ ਨੂੰ ਦੇਖਣਾ ਮਜ਼ੇਦਾਰ ਹੈ। 
ਨੀਨਾ ਗੁਪਤਾ ਨੇ ਇਸ ਫਿਲਮ ’ਚ ਦਿਲਖਿੱਚਵੀਂ ਸ਼੍ਰੀਮਤੀ ਕੌਸ਼ਿਕ ਦੀ ਭੂਮਿਕਾ ਨਿਭਾਈ ਹੈ, ਜਦਕਿ ਗਜਰਾਜ ਰਾਓ ਨੇ ਮਿ. ਕੌਸ਼ਿਕ ਦੀ ਭੂਮਿਕਾ ਨੂੰ ਚਾਰ ਚੰਨ ਲਾਏ ਹਨ, ਜੋ ਮੱਧ ਵਰਗ ਦਾ ਇਕ ਰੇਲਵੇ ਮੁਲਾਜ਼ਮ ਤੇ ਵੱਖਰੀ ਹੀ ਕਿਸਮ ਦਾ ਪਤੀ ਹੈ ਤੇ ਆਪਣੀ ਪਤਨੀ ਨੂੰ  ਬਹੁਤ ਪਿਆਰ ਕਰਦਾ ਹੈ। ‘ਜੰਗਲੀ ਪਿਕਚਰਜ਼’ ਦੀ ਇਸ ਫਿਲਮ ਨੇ ਪਹਿਲੇ ਵੀਕੈਂਡ ’ਚ ਵਿਸ਼ਵ ਪੱਧਰ ’ਤੇ 73 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ। ਇਹ ਸ਼ਾਇਦ ਇਕ ਅਰਬ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ। 
‘ਬਧਾਈ ਹੋ’ ਦੇ ਨੇੜੇ ਹੈ ਸ਼੍ਰੀਰਾਮ ਰਾਘਵਨ ਦੀ ਥ੍ਰਿਲਰ ਫਿਲਮ ‘ਅੰਧਾਧੁਨ’, ਜੋ ਬਾਕਸ ਆਫਿਸ ’ਤੇ 56 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ ਤੇ ਅੱਗੇ ਵੀ ਜਾਰੀ ਹੈ। ਜਿਵੇਂ ਕਿ ਰਾਘਵਨ ਦੀਅਾਂ ਫਿਲਮਾਂ ’ਚ ਹੁੰਦਾ ਹੈ, ਇਹ ਕਹਾਣੀ ਇਕ ਅਜਿਹੇ ਵਿਅਕਤੀ ਦੀ ਹੈ, ਜੋ ਖ਼ੁਦ ਨੂੰ ਇਕ ਅੰਨ੍ਹੇ ਵਜੋਂ ਪੇਸ਼ ਕਰਦਾ ਹੈ ਤੇ ਫਿਰ ਇਕ ਹੱਤਿਆ ਹੁੰਦੀ ਦੇਖਦਾ ਹੈ। ਕਈ ਉਤਰਾਅ-ਚੜ੍ਹਾਵਾਂ ਵਾਲੀ ਇਹ ਫਿਲਮ ਦਰਸ਼ਕਾਂ ਦੇ  ਸਾਹ ਰੋਕ ਦਿੰਦੀ ਹੈ। 
ਅਗਸਤ ’ਚ ਅਮਰ ਕੌਸ਼ਿਕ ਦੀ ਹਾਰਰ-ਕਾਮੇਡੀ ਫਿਲਮ ‘ਸਤ੍ਰੀ’ ਗੁੰਮਨਾਮੀ ’ਚੋਂ ਨਿਕਲ ਕੇ ਬਾਹਰ ਆਈ ਤੇ ਬਾਕਸ ਆਫਿਸ ’ਤੇ ਕਮਾਈ ਦੇ ਮਾਮਲੇ ’ਚ ਬਹੁਤ ਵਧੀਆ ਰਹੀ। ਇਸ ਫਿਲਮ ਨੇ 115 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਇਹ ਫਿਲਮਾਂ 2018 ਦੀਅਾਂ ਹੋਰ ਵੱਡੀਅਾਂ ਹਿੱਟ ਫਿਲਮਾਂ ‘ਰਾਜ਼ੀ’, ‘ਭਾਰਤ ਅਨੇ ਨੇਨੂ’, ‘ਰੰਗਸਥਮਲ’ ਅਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਦੇ ਨਾਲ ਸ਼ਾਮਿਲ ਹੋਈਅਾਂ।
ਤੁਸੀਂ ਦਲੀਲ ਦੇ ਸਕਦੇ ਹੋ ਕਿ 2 ਸਾਲਾਂ ਤਕ ਫਲਾਪ ਫਿਲਮਾਂ ਦੇਣ ਅਤੇ ਮਾਲੀਏ ਦੇ ਸਥਿਰ ਰਹਿਣ ਤੋਂ ਬਾਅਦ ਭਾਰਤ ਦੇ 156 ਅਰਬ ਰੁਪਏ ਦੇ ਫਿਲਮ ਉਦਯੋਗ ਦੀ ਕਿਸਮਤ ਜਾਗਣੀ ਹੀ ਸੀ, ਇਸ ਲਈ ਇਸ ਪੁਨਰ-ਜੀਵਨ ’ਚ ਖਾਸ ਕੀ ਹੈ? 
‘ਇਰੋਜ਼ ਇੰਟਰਨੈਸ਼ਨਲ ਮੀਡੀਆ’ ਦੇ ਬਿਜ਼ਨੈੱਸ ਡਿਵੈੱਲਪਮੈਂਟ ਵਿਭਾਗ ਦੇ ਮੁਖੀ ਕੁਮਾਰ ਆਹੂਜਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ  ਤੋਂ ਦਰਸ਼ਕਾਂ ਦੀ ਪਸੰਦ ਬਦਲ ਰਹੀ ਹੈ ਅਤੇ ਇਹ ਪਸੰਦ ਹੁਣ ਚੋਟੀ ਦੇ 10 ਚਾਰਟਾਂ ’ਚ ਦਾਖਲ ਹੋ ਰਹੀ ਹੈ। ਮੇਘਨਾ ਗੁਲਜ਼ਾਰ ਦੀ  ਫਿਲਮ ‘ਰਾਜ਼ੀ’ ਦੀ ਗੱਲ ਕਰੀਏ ਤਾਂ ਇਹ ਹੁਣ ਤਕ ਇਸ ਵਰ੍ਹੇ ਦੀਅਾਂ ਸਭ ਤੋਂ ਵੱਧ ਮੁਨਾਫਾ  ਕਮਾਉਣ  ਵਾਲੀਅਾਂ ਫਿਲਮਾਂ ’ਚੋਂ ਇਕ ਹੈ। 
ਆਲੀਆ ਭੱਟ ਇਕ ਸਟਾਰ ਨਹੀਂ ਹੈ, ਜਿਸ ’ਤੇ ਫਿਲਮ ਉਦਯੋਗ ਦਾਅ ਲਗਾ ਸਕੇ ਪਰ ਇਕ ਭਾਰਤੀ ਲੜਕੀ ਦੀ ਕਹਾਣੀ, ਜੋ 1971 ਦੀ ਜੰਗ ਦੌਰਾਨ ਜਾਸੂਸੀ ਕਰਨ ਲਈ ਇਕ  ਪਾਕਿਸਤਾਨੀ ਫੌਜੀ ਅਧਿਕਾਰੀ ਨਾਲ ਵਿਆਹ ਕਰ ਲੈਂਦੀ ਹੈ, ਫਿਲਮ ਨੂੰ ਜ਼ਿਕਰਯੋਗ ਬਣਾਉਂਦੀ ਹੈ। ਦਰਸ਼ਕ ਇਸ ਨਾਲ ਸਹਿਮਤ ਹਨ ਅਤੇ ਉਨ੍ਹਾਂ ਨੇ ਇਸ ਨੂੰ ਦੇਖਣ ਲਈ ਟਿਕਟਾਂ ਖਰੀਦਣ ਲਈ ਵਿਸ਼ਵ ਪੱਧਰ ’ਤੇ ਲੱਗਭਗ 200 ਕਰੋੜ ਰੁਪਏ ਖਰਚ ਕੀਤੇ। 
ਇਹ ਚੋਟੀ ਦੀਅਾਂ 50 ਫਿਲਮਾਂ ਬਾਰੇ ਸੱਚ ਹੈ, ਜਿਸ ਲਗਾਤਾਰਤਾ ਨਾਲ  ਵਿਸ਼ੇ-ਵਸਤੂ  ਵਾਲੀਅਾਂ ਫਿਲਮਾਂ’ ਚੰਗੀ ਕਾਰਗੁਜ਼ਾਰੀ ਦਿਖਾ ਰਹੀਅਾਂ ਹਨ, ਇਹ ਇਕ ਪਹਿਲਾ ਚੰਗਾ ਸੰਕੇਤ ਹੈ। ਅਜਿਹੀਅਾਂ  ਫਿਲਮਾਂ ਆਮ ਤੌਰ ’ਤੇ  ਦਿਲਚਸਪ, ਚੰਗੀ ਕਹਾਣੀ ਵਾਲੀਅਾਂ, ਵੱਡੇ ਸਟਾਰਜ਼ ਤੋਂ ਬਿਨਾਂ ਹੁੰਦੀਅਾਂ ਹਨ, ਜੋ ਆਮ ਤੌਰ ’ਤੇ ਵਪਾਰਕ ਤੌਰ ’ਤੇ ਚੰਗੀ ਕਾਰਗੁਜ਼ਾਰੀ ਨਹੀਂ ਦਿਖਾਉਂਦੀਅਾਂ। ਬਿਨਾਂ ਸ਼ੱਕ ਵੱਡੇ ਸਟਾਰਜ਼ ਵਾਲੀਅਾਂ ਕੁਝ ‘ਮਸਾਲਾ ਫਿਲਮਾਂ’ ਨੇ ਵੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ, ਜਿਵੇਂ ਕਿ ‘ਪਦਮਾਵਤ’, ‘ਸੰਜੂ’, ‘ਵੀਰੇ ਦੀ ਵੈਡਿੰਗ’ ਆਦਿ। ਦਰਸ਼ਕਾਂ ਅਤੇ ਫਿਲਮ ਨਿਰਮਾਤਾ ਦੀਅਾਂ ਸੰਵੇਦਨਾਵਾਂ ਦਾ  ਮਿਸ਼ਰਣ ਦੂਸਰਾ ਸੰਕੇਤ ਹੈ। ਭਾਰਤੀ ਫਿਲਮ ਉਦਯੋਗ ਦੇ ਮਾਲੀਏ ਦਾ ਦੋ-ਤਿਹਾਈ ਤੋਂ ਵੱਧ ਟਿਕਟਾਂ ਦੀ ਵਿਕਰੀ ਜਾਂ ਬਾਕਸ ਆਫਿਸ ਤੋਂ ਆਉਂਦਾ ਹੈ। 
2017 ’ਚ ਲੱਗਭਗ 130 ਕਰੋੜ ਟਿਕਟਾਂ ਵੇਚੀਅਾਂ ਗਈਅਾਂ, ਅਜਿਹੀ ਗਿਣਤੀ, ਜੋ ਲੱਗਭਗ 4 ਸਾਲਾਂ ਤੋਂ ਗਿਰਾਵਟ ਵੱਲ ਜਾਂ ਸਥਿਰ ਰਹੀ ਹੈ। ਜਿੱਥੇ 2018 ਦੇ ਅੰਕੜੇ ਅਜੇ ਆਉਣੇ ਹਨ, ਸਿੰਗਲ ਸਕ੍ਰੀਨਜ਼  ਅਤੇ ਮਲਟੀਪਲੈਕਸਾਂ ਤੋਂ ਮਿਲਣ ਵਾਲੀਅਾਂ ਸ਼ੁਰੂਆਤੀ ਰਿਪੋਰਟਾਂ ਸੰਕੇਤ ਦਿੰਦੀਅਾਂ ਹਨ ਕਿ ਟਿਕਟਾਂ ਦੀ ਵਿਕਰੀ ਉਪਰ ਜਾ ਰਹੀ ਹੈ। ਭਾਰਤ ਦੀ ਸਭ ਤੋਂ ਵੱਡੀ ਮਲਟੀਪਲੈਕਸ ਲੜੀ, 711 ਸਕ੍ਰੀਨਾਂ ਵਾਲੇ  ਪੀ. ਵੀ. ਆਰ. ਸਿਨੇਮਾਜ਼ ’ਚ ਟਿਕਟਾਂ ਦੀ ਵਿਕਰੀ 2017-18 ਦੀ ਪਹਿਲੀ ਤਿਮਾਹੀ ’ਚ ਲੱਗਭਗ 2.10 ਕਰੋੜ ਦੇ ਮੁਕਾਬਲੇ 2018-19 ਦੇ ਉਸੇ ਸਮੇਂ ਦੌਰਾਨ 2.27 ਕਰੋੜ ਹੋ ਗਈ।
ਵਪਾਰਕ  ਹਲਕਿਅਾਂ ’ਚ ਇਸ ਗੱਲ ਨੂੰ ਲੈ ਕੇ ਕੁਝ ਵਿਵਾਦ ਹੈ ਕਿ ਕੀ ਨਵੇਂ ਲੋਕਾਂ ਨੇ ਟਿਕਟਾਂ ਖਰੀਦਣੀਅਾਂ ਸ਼ੁਰੂ ਕਰ ਦਿੱਤੀਅਾਂ ਹਨ ਜਾਂ ਪੁਰਾਣੇ ਦਰਸ਼ਕਾਂ ਨੇ ਜ਼ਿਆਦਾ ਫਿਲਮਾਂ ਦੇਖਣਾ ਸ਼ੁਰੂ ਕਰ ਦਿੱਤਾ ਹੈ? ਜਦੋਂ ਤਕ ਜ਼ਿਆਦਾ ਟਿਕਟਾਂ ਵਿਕ ਰਹੀਅਾਂ ਹਨ, ਇਸ ਗੱਲ ਦੇ ਕੋਈ ਮਾਇਨੇ ਨਹੀਂ।