ਭਾਰਤ 1947 ''ਚ ਬਣਿਆ ਸੀ ''ਹਿੰਦੂ ਰਾਜ''

10/17/2017 1:59:09 AM

 

5 ਅਕਤੂਬਰ ਨੂੰ 'ਇੰਡੀਅਨ ਐਕਸਪ੍ਰੈੱਸ' ਵਿਚ ਫਰਾਂਸੀਸੀ ਵਿਦਵਾਨਾਂ ਕ੍ਰਿਸਟੋਫ ਜਾਫ੍ਰੇਲੋ ਅਤੇ ਗਿਲੇ ਵਾਰਨੀਅਰ ਵਲੋਂ ਲਿਖੇ ਸੰਪਾਦਕੀ ਸਫੇ ਦੇ ਮੁੱਖ ਲੇਖ ਦਾ ਵਿਸ਼ਾ ਇਹ ਸੀ ਕਿ ਕਾਂਗਰਸ ਵਿਚਾਰਕ ਨਜ਼ਰੀਏ ਤੋਂ ਭਾਜਪਾ ਨਾਲੋਂ ਕਿੰਨੀ ਵੱਖਰੀ ਹੈ? 
ਸੰਪਾਦਕ ਨੇ ਵੀ ਇਸ ਲੇਖ ਦੀ ਮੂਲ ਭਾਵਨਾ ਨੂੰ ਸਮਝਦਿਆਂ ਇਸ ਨੂੰ ਬਿਲਕੁਲ ਸਹੀ ਸੁਰਖ਼ੀ (ਹੈਡਿੰਗ) ਨਾਲ ਨਿਵਾਜਿਆ : 'ਕਾਂਗਰਸ ਅਤੇ ਭਾਜਪਾ—ਆਪਸੀ ਜੰਗ ਦੀ ਨੌਟੰਕੀ'। ਦੋਹਾਂ ਲੇਖਕਾਂ ਨੇ ਆਪਣੀ ਪ੍ਰਯੋਗਸ਼ਾਲਾ ਦੇ ਰੂਪ ਵਿਚ ਗੁਜਰਾਤ 'ਤੇ ਧਿਆਨ ਫੋਕਸ ਕੀਤਾ ਤਾਂ ਕਿ ਉਹ ਇਹ ਅਧਿਐਨ ਕਰ ਸਕਣ ਕਿ ਮੁੱਖ ਨੇਤਾਵਾਂ ਨੇ ਕਿਸ ਤਰ੍ਹਾਂ ਸਰਕਸ ਦੇ ਕਲਾਕਾਰਾਂ ਵਾਂਗ ਵਾਰ-ਵਾਰ ਪਲਟੀ ਖਾਧੀ। 
ਮੈਨੂੰ ਲੱਗਦਾ ਹੈ ਕਿ ਇਹ ਇਕ ਵਿਆਪਕ ਖੋਜ ਦਾ ਵਿਸ਼ਾ ਹੈ ਕਿਉਂਕਿ ਲੜਾਈ ਦੀ ਇਹ ਨੌਟੰਕੀ ਜਾਂ ਡਰਾਮੇਬਾਜ਼ੀ ਦੇਸ਼ ਦੇ ਉਨ੍ਹਾਂ ਸਾਰੇ ਖੇਤਰਾਂ 'ਤੇ ਲਾਗੂ ਹੁੰਦੀ ਹੈ, ਜਿਥੇ ਕਾਂਗਰਸ ਦੀ ਥੋੜ੍ਹੀ-ਬਹੁਤ ਮੌਜੂਦਗੀ ਹੈ। ਬਹੁਤੇ ਮਾਮਲਿਆਂ 'ਚ ਇਹ ਭਾਜਪਾ ਦੀ 'ਬੀ ਟੀਮ' ਵਰਗੀ ਦਿਖਾਈ ਦਿੰਦੀ ਹੈ ਤੇ ਇਸੇ ਕਾਰਨ ਇਸ ਨੇ ਭਾਜਪਾ ਦੇ ਅੱਗੇ ਵਧਣ ਲਈ ਜਗ੍ਹਾ ਖਾਲੀ ਕੀਤੀ ਹੈ। 
ਹਾਲ ਹੀ ਦੇ ਦਹਾਕਿਆਂ 'ਚ ਕਾਂਗਰਸ ਨੇ ਭਾਜਪਾ ਸਾਹਮਣੇ 2 ਤਰ੍ਹਾਂ ਦੀਆਂ ਮੁਦਰਾਵਾਂ (Postures) ਪੇਸ਼ ਕੀਤੀਆਂ ਹਨ। ਮੱਧ ਪ੍ਰਦੇਸ਼ 'ਚ ਅਰਜੁਨ ਸਿੰਘ ਅਤੇ ਦਿੱਗਵਿਜੇ ਸਿੰਘ ਦੀ ਅਗਵਾਈ ਹੇਠ ਪਾਰਟੀ ਨੇ ਭਾਜਪਾ ਨਾਲ ਸਿੱਧੀ ਟੱਕਰ ਲਈ ਕਿਉਂਕਿ ਤੀਜੀ ਪਾਰਟੀ ਕੋਈ ਸੀ ਹੀ ਨਹੀਂ। ਕੇਰਲਾ ਵਿਚ ਖਾਸ ਤੌਰ 'ਤੇ ਕੇ. ਕਰੁਣਾਕਰਨ ਦੇ ਮੁੱਖ ਮੰਤਰੀ ਹੁੰਦਿਆਂ ਪਾਰਟੀ ਨੇ ਹਰੇਕ ਉਸ ਜਗ੍ਹਾ 'ਤੇ ਸੰਘ ਪਰਿਵਾਰ ਦਾ ਪੱਲਾ ਫੜਿਆ, ਜਿਥੇ ਖੱਬੇ ਮੋਰਚੇ ਨਾਲ ਟੱਕਰ ਲੈਣ ਲਈ ਅਜਿਹਾ ਕਰਨਾ ਜ਼ਰੂਰੀ ਸੀ। ਅਸਲ 'ਚ ਕਰੁਣਾਕਰਨ ਤਾਂ ਇਸ ਦੋਗਲੀ ਸਿਆਸਤ ਦੇ ਉਸਤਾਦ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਕੋਜ਼ੀਕੋਡ 'ਚ ਮਾਕਪਾ ਦੇ ਟੀ. ਕੇ. ਹਮਜ਼ਾ ਨੂੰ ਹਰਾਉਣ ਲਈ ਕਾਂਗਰਸ, ਭਾਜਪਾ ਤੇ ਮੁਸਲਿਮ ਲੀਗ ਨੂੰ ਇਕ ਹੀ ਛਾਬੇ 'ਚ ਬਿਠਾਉਣ ਦਾ ਦਾਅ ਚਲਾਇਆ ਸੀ। 
ਆਖਿਰ ਭੋਪਾਲ ਵਿਚ ਹਿੰਦੂਵਾਦ ਨਾਲ ਦੋ-ਦੋ ਹੱਥ ਕਰਨ ਅਤੇ ਤਿਰੂਅਨੰਤਪੁਰਮ ਵਿਚ ਇਸ ਨਾਲ ਅੱਖ ਲੜਾਉਣ ਦੀ ਕਾਂਗਰਸ ਦੀ ਨੀਤੀ ਦਾ ਕੀ ਸਿੱਟਾ ਨਿਕਲਿਆ? ਪਿਛਲੇ ਹਫਤੇ ਮੈਂ ਇੰਦੌਰ ਅਤੇ ਮਾਂਡੂ ਵਿਚ ਮੱਧ ਪ੍ਰਦੇਸ਼ ਕਾਂਗਰਸ ਦੇ ਜਿਨ੍ਹਾਂ ਸੂਬਾਈ ਤੇ ਜ਼ਿਲਾ ਪੱਧਰੀ ਮੁਸਲਿਮ ਆਗੂਆਂ ਨੂੰ ਮਿਲਿਆ, ਉਨ੍ਹਾਂ ਨੇ ਆਪਣੀ ਸਥਿਤੀ ਦੀ ਬਹੁਤ ਤਰਸਯੋਗ ਤਸਵੀਰ ਪੇਸ਼ ਕੀਤੀ ਤੇ ਕਿਹਾ ਕਿ ਦਿੱਲੀ ਜਾਂ ਭੋਪਾਲ ਵਿਚ ਬੈਠੀ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਆਪਣੇ ਘੜੇ ਦੀ ਮੱਛੀ ਸਮਝਿਆ ਹੋਇਆ ਹੈ।

ਯੂਥ ਕਾਂਗਰਸ ਦੇ ਨੇਤਾ ਮੁਹੰਮਦ ਕਾਮਰਾਨ ਨੇ ਪੀੜਾ ਜ਼ਾਹਿਰ ਕਰਦਿਆਂ ਕਿਹਾ ਕਿ ''ਅੱਜਕਲ ਟੀਨਾ ਫੈਕਟਰ (ਭਾਵ ਕੋਈ ਹੋਰ ਬਦਲ ਨਹੀਂ) ਸਾਡੇ 'ਤੇ ਹੀ ਲਾਗੂ ਹੁੰਦਾ ਹੈ। ਜਦੋਂ ਇਕ ਮੁਸਲਿਮ ਬਹੁਲਤਾ ਵਾਲੇ ਪਿੰਡ 'ਚ ਅੱਗ ਲੱਗੀ ਤਾਂ ਕਾਂਗਰਸ ਦਾ ਕੋਈ ਵੀ ਸੀਨੀਅਰ ਨੇਤਾ, ਜੋ ਅਕਸਰ ਹਿੰਦੂ ਹੀ ਹੁੰਦਾ ਹੈ, ਲੋਕਾਂ ਦਾ ਦੁੱਖ ਵੰਡਾਉਣ ਲਈ ਨਹੀਂ ਪੁੱਜਾ।''
ਰਾਜਸਥਾਨ 'ਚ ਵੀ ਸਥਿਤੀਆਂ ਲੱਗਭਗ ਅਜਿਹੀਆਂ ਹੀ ਹਨ। ਜਦੋਂ 2011 'ਚ ਦਿੱਲੀ ਤੋਂ ਕਾਰ ਰਾਹੀਂ ਸਿਰਫ 1 ਘੰਟੇ ਦੇ ਸਫਰ ਦੀ ਦੂਰੀ 'ਤੇ ਸਥਿਤ ਗੋਪਾਲਗੜ੍ਹ 'ਚ 10 ਮੁਸਲਮਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤਾਂ ਨਾ ਰਾਹੁਲ ਗਾਂਧੀ ਅਤੇ ਨਾ ਹੀ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਉਥੇ ਜਾਣ ਦਾ ਕਸ਼ਟ ਕੀਤਾ, ਹਾਲਾਂਕਿ ਕਈ ਵਫਦਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਉਥੇ ਜਾਣ ਦੀ ਬੇਨਤੀ ਕੀਤੀ ਸੀ। ਦੇਸ਼ ਵਿਚ ਕਿਸੇ ਮਸਜਿਦ ਅੰਦਰ ਪੁਲਸ ਵਲੋਂ ਗੋਲੀ ਚਲਾਉਣ ਦੀ ਇਹ ਪਹਿਲੀ ਘਟਨਾ ਸੀ। 
ਕੇਰਲਾ 'ਚ ਕਾਂਗਰਸ ਦੀ ਛੋਟੇ-ਛੋਟੇ ਭਾਈਚਾਰਕ ਤੇ ਫਿਰਕੂ ਧੜਿਆਂ ਉੱਤੇ ਨਿਰਭਰਤਾ ਦਾ ਅਕਸਰ ਇਹ ਨਤੀਜਾ ਨਿਕਲਿਆ ਹੈ ਕਿ ਹਿੰਦੂਵਾਦੀ ਤਾਕਤਾਂ ਦੇ ਅੱਗੇ ਵਧਣ ਲਈ ਹੌਲੀ-ਹੌਲੀ ਰਾਹ ਖੁੱਲ੍ਹਦੇ ਗਏ ਤੇ ਹੁਣ ਇਹ ਤਾਕਤਾਂ ਲੱਗਭਗ ਇਸ ਸਥਿਤੀ 'ਚ ਆ ਗਈਆਂ ਹਨ ਕਿ ਕਾਂਗਰਸ ਦੀ ਥਾਂ ਲੈਣ ਲਈ ਦਾਅਵੇਦਾਰੀ ਠੋਕ ਸਕਣ। ਇਸ ਪ੍ਰਕਿਰਿਆ ਦੇ ਸੁਸਤ ਰਫਤਾਰ ਵਿਚ ਰਹਿਣ ਲਈ ਸੂਬੇ ਦਾ ਵਿਸ਼ੇਸ਼ ਕਿਸਮ ਦਾ ਅਤੇ ਜਾਗਰੂਕ ਸਮਾਜਿਕ ਤਾਣਾ-ਬਾਣਾ ਜ਼ਿੰਮੇਵਾਰ ਹੈ। 
ਪਰ ਇਸ ਅਸਲੀਅਤ ਦੇ ਬਾਵਜੂਦ ਸਵ. ਰਾਜੀਵ ਗਾਂਧੀ ਦੇ 'ਬ੍ਰਾਹਮਣੀਕਰਨ' ਕਰਨ ਦੇ ਯਤਨਾਂ ਤੋਂ ਕਰੁਣਾਕਰਨ ਨਿਰਉਤਸ਼ਾਹਿਤ ਨਹੀਂ ਹੋਏ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਰਾਜੀਵ ਗਾਂਧੀ ਗੁਰੂਵਾਯੂਰ ਦੇ ਪ੍ਰਸਿੱਧ ਕ੍ਰਿਸ਼ਨ ਮੰਦਿਰ 'ਚ ਆਰਤੀ ਨਹੀਂ ਕਰਦੇ ਤਾਂ ਉਹ 'ਬਾਬਾ-ਲੋਕ' ਦੇ ਪੱਧਰ ਤੋਂ ਉਪਰ ਉੱਠ ਕੇ ਸਿਆਸਤ ਦੇ 'ਗ੍ਰੈਜੂਏਟ' ਨਹੀਂ ਬਣ ਸਕਣਗੇ।
ਉਂਝ ਇਹ ਸਪੱਸ਼ਟ ਨਹੀਂ ਕਿ ਰਾਜੀਵ ਗਾਂਧੀ ਬ੍ਰਾਹਮਣ ਜਾਂ ਇਥੋਂ ਤਕ ਕਿ ਹਿੰਦੂ ਵੀ ਬਣ ਸਕੇ ਸਨ ਜਾਂ ਨਹੀਂ ਪਰ ਇਹ ਗੱਲ ਤੈਅ ਹੈ ਕਿ ਉਨ੍ਹਾਂ ਨੂੰ ਗੁਰੂਵਾਯੂਰ ਦੀ ਪ੍ਰਸਿੱਧ ਖੀਰ (ਪਾਯਸਮ) ਦਾ ਸੁਆਦ ਬਹੁਤ ਪਸੰਦ ਆਇਆ ਸੀ। ਇਸੇ ਕਾਰਨ ਜਦੋਂ ਉਨ੍ਹਾਂ ਦਾ ਪਰਿਵਾਰ ਨਵੇਂ ਵਰ੍ਹੇ 'ਤੇ ਲਕਸ਼ਦੀਪ 'ਚ ਜਸ਼ਨ ਮਨਾ ਰਿਹਾ ਸੀ ਤਾਂ ਉਨ੍ਹਾਂ ਨੂੰ ਭਾਰੀ ਮਾਤਰਾ ਵਿਚ 'ਪਾਯਸਮ' ਖੀਰ ਮੁਹੱਈਆ ਕਰਵਾਈ ਗਈ ਸੀ। 
ਦਸੰਬਰ 1984 ਦੀਆਂ ਚੋਣਾਂ ਵਿਚ 514 'ਚੋਂ 404 ਲੋਕ ਸਭਾ ਸੀਟਾਂ 'ਤੇ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਬੇਮਿਸਾਲ ਜਿੱਤ ਨੂੰ ਇੰਦਰਾ ਗਾਂਧੀ ਦੀ ਜਾਨ ਲੈਣ ਵਾਲੇ ਘੱਟਗਿਣਤੀ ਫਿਰਕੂਵਾਦ ਦੀ ਪ੍ਰਤੀਕਿਰਿਆ 'ਚ ਹਿੰਦੂਆਂ ਦੀ ਇਕਜੁੱਟਤਾ  ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਇਥੋਂ ਤਕ ਕਿ ਪਾਰਟੀ ਦੇ ਖ਼ਜ਼ਾਨਚੀ ਸੀਤਾਰਾਮ ਯੇਚੁਰੀ (ਜੋ ਰੋਮ-ਰੋਮ ਗ਼ੈਰ-ਫਿਰਕੂ ਸਨ) ਨੇ ਇਸ ਫਤਵੇ ਦੀ ਵਿਆਖਿਆ ਬਹੁਗਿਣਤੀਵਾਦੀ ਅਰਥਾਂ 'ਚ ਹੀ ਕੀਤੀ ਸੀ। 
1986 'ਚ ਕਾਂਗਰਸ ਦੇ ਇਕ ਜਾਗਰੂਕ ਜਨਰਲ ਸਕੱਤਰ ਵੀ. ਐੱਨ. ਗਾਡਗਿਲ ਨੇ ਮੈਨੂੰ ਦੱਸਿਆ ਸੀ ਕਿ ਹਿੰਦੂਆਂ 'ਚ ਇਹ ਭਾਵਨਾ ਬਹੁਤ ਵੱਡੇ ਪੱਧਰ 'ਤੇ ਪਾਈ ਜਾ ਰਹੀ ਹੈ ਕਿ ਕਾਂਗਰਸ ਮੁਸਲਮਾਨਾਂ ਦਾ ਤੁਸ਼ਟੀਕਰਨ ਕਰ ਰਹੀ ਹੈ। ਇਹੋ ਮਾਨਸਿਕਤਾ ਸਮਾਂ ਪਾ ਕੇ ਕਾਂਗਰਸ ਦੀਆਂ ਸਮੁੱਚੀਆਂ ਸਰਗਰਮੀਆਂ ਨੂੰ ਨਿਰਦੇਸ਼ਿਤ ਕਰਦੀ ਰਹੀ ਤੇ ਜਿਵੇਂ ਕਿ ਫਰਾਂਸੀਸੀ ਵਿਦਵਾਨਾਂ ਨੇ ਗੁਜਰਾਤ 'ਚ ਦੇਖਿਆ ਹੈ, ਇਸ ਦਾ ਸਰੂਪ ਕੁਝ ਅਜਿਹਾ ਬਣ ਗਿਆ ਕਿ ਭਾਜਪਾ ਨਾਲੋਂ ਇਸ ਦੀ ਭਿੰਨਤਾ ਦਾ ਪਤਾ ਲਾ ਸਕਣਾ ਹੀ ਮੁਸ਼ਕਿਲ ਹੋ ਗਿਆ। 
ਮੁਸਲਮਾਨਾਂ ਦਾ ਕਾਂਗਰਸ ਵਲੋਂ ਕਿੰਨਾ ਤੁਸ਼ਟੀਕਰਨ ਕੀਤਾ ਗਿਆ ਸੀ, ਇਹ ਗੱਲ ਕਾਂਗਰਸ ਦੇ 60 ਵਰ੍ਹਿਆਂ ਦੇ ਸ਼ਾਸਨ ਦੌਰਾਨ ਮੁਸਲਮਾਨਾਂ ਦੀਆਂ ਸਮਾਜਿਕ, ਆਰਥਿਕ ਸਥਿਤੀਆਂ 'ਤੇ ਸੱਚਰ ਕਮੇਟੀ ਦੀ ਰਿਪੋਰਟ ਤੋਂ ਸਪੱਸ਼ਟ ਹੋ ਜਾਂਦਾ ਹੈ। ਇਸ ਰਿਪੋਰਟ ਮੁਤਾਬਿਕ ਮੁਸਲਮਾਨਾਂ ਦੀ ਸਮਾਜਿਕ ਹੈਸੀਅਤ ਸਭ ਤੋਂ ਹੇਠਲੇ ਪੱਧਰ ਵਾਲੇ ਦਲਿਤਾਂ ਤੋਂ ਵੀ ਨੀਵੀਂ ਚਲੀ ਗਈ ਹੈ। ਸੱਚਰ ਕਮੇਟੀ ਵਲੋਂ ਆਪਣੀ ਰਿਪੋਰਟ 'ਚ ਬਿਆਨ ਕੀਤੀ ਗਈ ਦੁਰਦਸ਼ਾ 'ਚੋਂ ਮੁਸਲਮਾਨਾਂ ਨੂੰ ਬਾਹਰ ਕੱਢਣ ਲਈ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਜੋ ਸਿਫਾਰਿਸ਼ਾਂ ਕੀਤੀਆਂ ਸਨ, ਉਹ ਅਜੇ ਤਕ ਅਲਮਾਰੀਆਂ 'ਚ ਪਈਆਂ ਧੂੜ ਫੱਕ ਰਹੀਆਂ ਹਨ। 
1992-93 ਦੇ ਮੁੰਬਈ ਦੰਗਿਆਂ 'ਚ ਮਾਰੇ ਗਏ ਲੱਗਭਗ 900 ਵਿਅਕਤੀਆਂ 'ਚੋਂ ਬਹੁਤੇ ਮੁਸਲਮਾਨ ਸਨ ਤੇ ਇਨ੍ਹਾਂ ਦੰਗਿਆਂ ਦੇ ਸੰਬੰਧ ਵਿਚ ਬਣਾਏ ਗਏ ਸ਼੍ਰੀਕ੍ਰਿਸ਼ਨਾ ਕਮਿਸ਼ਨ ਨੇ ਇਨ੍ਹਾਂ 'ਚ ਸਿੱਧੇ ਤੌਰ 'ਤੇ ਸ਼ਾਮਿਲ ਸਿਆਸਤਦਾਨਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ ਪਰ ਇਹ ਰਿਪੋਰਟ ਅੱਜ ਤਕ ਜਨਤਕ ਨਹੀਂ ਕੀਤੀ ਗਈ। ਇਨ੍ਹਾਂ ਸਾਰੀਆਂ ਗੱਲਾਂ ਦਾ ਦੋਸ਼ ਸਿਰਫ ਮੋਦੀ ਵਲੋਂ ਕੀਤੇ ਜਾ ਰਹੇ ਭਗਵਾਕਰਨ ਦੇ ਸਿਰ ਮੜ੍ਹਨਾ ਇਤਿਹਾਸ ਦੀ ਬਹੁਤ ਵੱਡੀ ਅਣਦੇਖੀ ਕਰਨ ਦੇ ਤੁਲ ਹੈ। ਹਿੰਦੂਵਾਦ ਅੱਜ ਜਿੰਨਾ ਅੱਗੇ ਵਧ ਚੁੱਕਾ ਹੈ, ਉਸ ਨੂੰ ਸਿਰਫ ਪਿਛਲੇ 3 ਸਾਲਾਂ ਦੀ ਪ੍ਰਾਪਤੀ ਦੱਸਣ ਲਈ ਸਾਨੂੰ ਕਿਸੇ ਜ਼ਬਰਦਸਤੀ ਜਾਦੂ ਜਾਂ ਚਮਤਕਾਰ ਦਾ ਸਹਾਰਾ ਲੈਣਾ ਪਵੇਗਾ। 
ਦੋ-ਟੁੱਕ ਗੱਲ ਇਹ ਹੈ ਕਿ ਹਿੰਦੂਵਾਦ ਦਾ ਆਧਾਰ ਕਾਂਗਰਸ ਦੇ ਪਿਛਲੇ 70 ਸਾਲਾਂ ਦੌਰਾਨ ਹੀ ਤਿਆਰ ਕੀਤਾ ਗਿਆ ਸੀ। ਸਾਨੂੰ ਕਿਸੇ ਵੀ ਹਾਲਤ 'ਚ ਇਹ ਨਹੀਂ ਭੁੱਲਣਾ ਚਾਹੀਦਾ ਕਿ 70 ਸਾਲਾਂ ਦੌਰਾਨ ਹਿੰਦੂ ਮਹਾਸਭਾ, ਆਰ. ਐੱਸ. ਐੱਸ., ਅਖਿਲ ਭਾਰਤੀ ਰਾਮਰਾਜ ਪ੍ਰੀਸ਼ਦ ਤੇ ਕਾਂਗਰਸ ਦੇ ਕਈ ਤਰ੍ਹਾਂ ਦੇ ਅਨਸਰ ਬਿਲਕੁਲ ਇਕ-ਦੂਜੇ 'ਚ ਅਭੇਦ ਹੋਏ ਰਹੇ ਹਨ। ਹਿੰਦੂ ਮਹਾਸਭਾ ਦੇ ਬਾਨੀ ਪੰ. ਮਦਨਮੋਹਨ ਮਾਲਵੀਆ 4 ਵਾਰ ਕਾਂਗਰਸ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਦੀ ਭਾਰਤ ਬਾਰੇ ਕਲਪਨਾ ਉਨ੍ਹਾਂ ਵਲੋਂ ਸਥਾਪਿਤ ਬਨਾਰਸ ਹਿੰਦੂ ਯੂਨੀਵਰਸਿਟੀ ਨਾਲੋਂ ਕੋਈ ਜ਼ਿਆਦਾ ਵੱਖਰੀ ਨਹੀਂ ਹੋ ਸਕਦੀ। 
ਯੂ. ਪੀ. ਦੇ ਪਹਿਲੇ ਗ੍ਰਹਿ ਸਕੱਤਰ ਰਾਜੇਸ਼ਵਰ ਦਿਆਲ ਨੇ ਆਪਣੀਆਂ ਯਾਦਾਂ ਬਾਰੇ ਲਿਖੀ ਕਿਤਾਬ 'ਸਾਡੇ ਯੁੱਗ ਦਾ ਜੀਵਨ' ਵਿਚ ਯੂ. ਪੀ. ਦੇ ਪਹਿਲੇ ਮੁੱਖ ਮੰਤਰੀ ਪੰ. ਗੋਬਿੰਦ ਵੱਲਭ ਪੰਤ ਅਤੇ ਸਰਸੰਘਚਾਲਕ ਗੁਰੂ ਗੋਲਵਲਕਰ ਬਾਰੇ ਇਕ ਬਹੁਤ ਹੀ ਹੈਰਾਨੀਜਨਕ ਪ੍ਰਸੰਗ ਦਾ ਜ਼ਿਕਰ ਕੀਤਾ। ਸੰਘ ਦੇ ਮੁਖੀ ਤੋਂ ਬਹੁਤ ਹੀ ਇਤਰਾਜ਼ਯੋਗ ਦਸਤਾਵੇਜ਼ਾਂ ਨਾਲ ਭਰਿਆ ਇਕ ਟਰੰਕ ਮਿਲਿਆ ਸੀ, ਜਿਨ੍ਹਾਂ ਵਿਚ ਪੱਛਮੀ ਯੂ. ਪੀ. ਵਿਚ ਫਿਰਕੂ ਹਿੰਸਾ ਫੈਲਾਉਣ ਦੀਆਂ ਵਿਆਪਕ ਯੋਜਨਾਵਾਂ ਦਰਜ ਸਨ, ਫਿਰ ਵੀ ਮੁੱਖ ਮੰਤਰੀ ਨੇ ਉਨ੍ਹਾਂ ਦੇ ਬਚ ਨਿਕਲਣ ਦਾ ਜੁਗਾੜ ਕਰ ਦਿੱਤਾ।
ਇਹ ਸਭ ਕੁਝ ਅਟੱਲ ਰੂਪ 'ਚ ਸਾਨੂੰ ਉਸ ਫੈਸਲੇ ਵੱਲ ਲੈ ਜਾਂਦਾ ਹੈ, ਜਿਸ ਦੇ ਪੱਖ ਵਿਚ ਮੈਂ ਆਪਣੀ ਕਿਤਾਬ ‘2eing “he Other : “he Muslim in 9ndia’ ਵਿਚ ਦਲੀਲਪੂਰਵਕ ਵਿਆਖਿਆ ਕੀਤੀ ਹੈ। 3 ਜੂਨ 1947 ਨੂੰ ਮਾਊਂਟਬੈਟਨ ਦੀ ਦੇਸ਼ ਦੀ ਵੰਡ ਬਾਰੇ ਯੋਜਨਾ ਕਬੂਲ ਕਰਨ ਤੋਂ ਬਾਅਦ ਕਾਂਗਰਸ ਨੇ ਅਮਲੀ ਤੌਰ 'ਤੇ 'ਦੋ-ਰਾਸ਼ਟਰੀ ਸਿਧਾਂਤ' ਮੰਨ ਲਿਆ ਸੀ, ਜਦਕਿ ਜਨਤਕ ਤੌਰ 'ਤੇ ਉਹ ਇਸ ਦੇ ਵਿਰੁੱਧ ਬੋਲਦੀ ਸੀ। ਕਸ਼ਮੀਰ ਨੂੰ ਆਪਣੇ ਨਾਲ ਰੱਖਣ ਲਈ ਕੁਝ ਨਾ ਕੁਝ ਕਰਨਾ ਜ਼ਰੂਰੀ ਸੀ। 
15 ਅਗਸਤ 1947 ਨੂੰ ਭਾਰਤ ਬੜੀ ਆਸਾਨੀ ਨਾਲ ਬ੍ਰਿਟਿਸ਼ ਰਾਜ ਤੋਂ ਹਿੰਦੂ ਰਾਜ ਵੱਲ ਚੱਲ ਪਿਆ। ਪਾਕਿਸਤਾਨ ਦੀ ਤਰਜ਼ 'ਤੇ ਇਸ ਦਾ ਨਾਂ ਵੀ 'ਹਿੰਦੋਸਤਾਨ' ਰੱਖਿਆ ਜਾ ਸਕਦਾ ਸੀ। ਜੇ ਉਦੋਂ ਭਾਰਤ ਦੀ ਵਾਗਡੋਰ ਹਿੰਦੂਆਂ ਦੇ ਹੱਥ ਵਿਚ ਹੁੰਦੀ ਤਾਂ ਸੱਤਾ ਦੀ ਹਿੱਸੇਦਾਰੀ ਲਈ ਜ਼ਿਆਦਾ ਈਮਾਨਦਾਰੀ ਵਾਲੀ ਸੌਦੇਬਾਜ਼ੀ ਸੰਭਵ ਸੀ। ਜੇ ਅਜਿਹਾ ਹੋ ਗਿਆ ਹੁੰਦਾ ਤਾਂ ਨਵੇਂ ਸਿਰਿਓਂ ਹਿੰਦੂ ਰਾਸ਼ਟਰ ਦਾ ਸੁਪਨਾ ਸਾਕਾਰ ਕਰਨ ਦੀ ਪੀੜਾਦਾਇਕ ਪ੍ਰਕਿਰਿਆ ਦੀ ਨੌਬਤ ਹੀ ਨਾ ਆਈ ਹੁੰਦੀ।