ਭਾਰਤ-ਇਸਰਾਈਲ ਸੰਬੰਧ : ਏਸ਼ੀਆਈ ਖੇਤਰ ''ਚ ਸ਼ਾਂਤੀ ਬਣਾਈ ਰੱਖਣ ਦੀ ਇਕ ਨਵੀਂ ਪਹਿਲ

01/19/2018 6:04:04 AM

ਨਿਊ ਇੰਡੀਆ, ਭਾਵ ਸਾਡਾ ਭਾਰਤ ਸੰਸਾਰਕ ਮੰਚ 'ਤੇ ਇਕ ਨਵਾਂ ਇਤਿਹਾਸ ਰਚਣ ਦੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਭਾਰਤ ਤੇ ਇਸਰਾਈਲ ਦੇ ਇਕ-ਦੂਜੇ ਦੇ ਨੇੜੇ ਆਉਣ ਨਾਲ ਪੂਰੀ ਦੁਨੀਆ ਨੂੰ ਇਹ ਸੰਦੇਸ਼ ਗਿਆ ਹੈ ਕਿ ਅਸੀਂ ਦੁਨੀਆ 'ਚ ਇਕ ਤਾਕਤ ਵਜੋਂ ਕਿਸੇ ਤੋਂ ਘੱਟ ਨਹੀਂ ਹਾਂ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਹਾਂ। 
ਇਹ ਦੁਸ਼ਮਣ ਦੇਸ਼ਾਂ ਲਈ ਚਿਤਾਵਨੀ ਹੈ ਤੇ ਮਿੱਤਰ ਦੇਸ਼ਾਂ ਲਈ ਪ੍ਰੇਮ ਦੀ ਸੌਗਾਤ। ਸੱਚ ਤਾਂ ਇਹ ਹੈ ਕਿ ਭਾਰਤ ਤੇ ਇਸਰਾਈਲ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਦੇਰ ਨਾਲ ਹੀ ਸਹੀ, ਘੱਟੋ-ਘੱਟ ਦੋਵੇਂ ਦੇਸ਼ ਹੁਣ ਆਪਣੀਆਂ ਲੋੜਾਂ ਮੁਤਾਬਿਕ ਵਿਕਾਸ ਤੇ ਸ਼ਾਂਤੀ ਦੇ ਰਾਹ ਉੱਤੇ ਮਿਲ ਕੇ ਚੱਲਣਗੇ।
ਯਾਦ ਰਹੇ ਕਿ ਇਸਰਾਈਲ ਕੋਲ ਆਧੁਨਿਕ ਅਤੇ ਮੂਹਰਲੀ ਕਤਾਰ ਦੇ ਹਥਿਆਰਾਂ ਦੀ ਤਕਨੀਕ ਤੇ ਆਪਣੇ 9 ਸੈਟੇਲਾਈਟ ਹਨ, ਜੋ ਕਿਸੇ ਵੀ ਦੇਸ਼ ਨਾਲ ਉਹ ਸਾਂਝੇ ਨਹੀਂ ਕਰਦਾ। ਉਸ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ ਹੈ। ਕਈ ਦੇਸ਼ਾਂ ਦੇ ਸਮੂਹ ਦੇ ਹਮਲੇ ਨੂੰ ਨਕਾਰਾ ਬਣਾਇਆ ਅਤੇ ਆਪਣਾ ਲੋਹਾ ਮੰਨਵਾਇਆ। ਅੱਜ ਚੀਨ ਅਤੇ ਭਾਰਤ ਵਰਗੇ ਦੇਸ਼ ਵੀ ਉਸ ਦੀ ਰੱਖਿਆ ਤਕਨੀਕ ਦੇ ਕਾਇਲ ਹਨ। 
ਦੂਜੇ ਪਾਸੇ ਜੈਵਿਕ ਖੇਤੀ ਵਾਲੀ ਉਸ ਦੀ ਤਕਨੀਕ 'ਘੱਟ ਪਾਣੀ ਦੀ ਵਰਤੋਂ ਨਾਲ ਵੱਧ ਤੋਂ ਵੱਧ ਉਤਪਾਦਨ' ਨੇ ਵੀ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਇਸ 'ਚ ਉਹ ਭਾਰਤ ਦੀ ਤਕਨੀਕੀ ਸਹਾਇਤਾ ਕਰ ਰਿਹਾ ਹੈ। 
ਕਾਰਗਿਲ ਜੰਗ ਵਿਚ ਇਸਰਾਈਲੀ ਤਕਨੀਕ ਦੀ ਵਰਤੋਂ ਕਰਕੇ ਭਾਰਤ ਨੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ ਸੀ, ਜਦਕਿ ਹਥਿਆਰਾਂ ਦੀ ਜਿਹੜੀ ਖੇਪ ਉਦੋਂ ਇਸਰਾਈਲ ਵਲੋਂ ਭਾਰਤ ਨੂੰ ਮਿਲਣੀ ਸੀ, ਉਸ ਨੂੰ ਰੋਕਣ ਤੇ ਲਟਕਾਉਣ ਦਾ ਦਬਾਅ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਪਾਇਆ ਸੀ, ਫਿਰ ਵੀ ਸਮੇਂ ਸਿਰ ਹਥਿਆਰਾਂ ਦੀ ਖੇਪ ਮਿਲ ਗਈ ਤੇ ਕਾਰਗਿਲ ਜੰਗ ਦਾ ਇਤਿਹਾਸ ਹੀ ਬਦਲ ਗਿਆ।
ਇਹ ਵਕਤ ਦਾ ਤਕਾਜ਼ਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਦੋਸਤੀ ਅਤੇ ਰਣਨੀਤਕ ਪਹਿਲ ਨੂੰ ਸਮੁੱਚੀ ਦੁਨੀਆ ਕਿਸ ਤਰ੍ਹਾਂ ਲੈ ਰਹੀ ਹੈ, ਇਹ ਵੱਖਰੀ ਗੱਲ ਹੈ ਪਰ ਕਈ ਮੁਲਕਾਂ ਨੂੰ ਇਹ ਦੋਸਤੀ ਹਜ਼ਮ ਨਹੀਂ ਹੋ ਰਹੀ। ਦੂਜੇ ਪਾਸੇ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸੀਟ ਚਾਹੀਦੀ ਹੈ ਤਾਂ ਉਸ ਨੂੰ ਮੁਸਲਿਮ ਦੇਸ਼ਾਂ ਦਾ ਵੀ ਵੱਧ ਤੋਂ ਵੱਧ ਸਮਰਥਨ ਚਾਹੀਦਾ ਹੈ। ਇਸ ਦੇ ਲਈ ਭਾਰਤ ਨੂੰ ਹੋਰਨਾਂ ਦੇਸ਼ਾਂ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਰਾਹ ਅਪਣਾਉਣਾ ਪਵੇਗਾ। ਇਸ ਹਿਸਾਬ ਨਾਲ ਮੋਦੀ ਆਪਣੀ ਰਣਨੀਤੀ ਤੇ ਸਮਝ ਮੁਤਾਬਿਕ ਬਿਲਕੁਲ ਸਹੀ ਟਰੈਕ 'ਤੇ ਚੱਲ ਰਹੇ ਹਨ ਤੇ ਉਸ ਦੇ ਸੁਖਾਵੇਂ ਨਤੀਜੇ ਵੀ ਸਾਹਮਣੇ ਆ ਰਹੇ ਹਨ। 
ਭਾਰਤ-ਇਸਰਾਈਲ ਵਿਚਾਲੇ ਜੋ 9 ਇਤਿਹਾਸਿਕ ਸਮਝੌਤੇ ਹੋਏ ਹਨ, ਉਨ੍ਹਾਂ ਦਾ ਭਵਿੱਖ ਵਿਚ ਦੋਹਾਂ ਦੇਸ਼ਾਂ ਦੇ ਕ੍ਰਾਂਤੀਕਾਰੀ ਵਿਕਾਸ ਵਿਚ ਅਹਿਮ ਯੋਗਦਾਨ ਹੋਵੇਗਾ। ਜ਼ਿਕਰਯੋਗ ਹੈ ਕਿ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਭਾਰਤ ਵਿਚ ਆਪਣੀ ਗੁਜਰਾਤ ਯਾਤਰਾ ਦੌਰਾਨ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਮੋਦੀ ਨੌਜਵਾਨ ਭਾਰਤ ਵਿਚ ਕ੍ਰਾਂਤੀਕਾਰੀ, ਸਾਰਥਕ ਤਬਦੀਲੀਆਂ ਲਿਆ ਰਹੇ ਹਨ, ਪੂਰੇ ਭਾਰਤ ਨੂੰ ਦੁਨੀਆ ਦੇ ਤਾਕਤਵਰ ਦੇਸ਼ਾਂ ਦੀ ਸ਼੍ਰੇਣੀ ਵਿਚ ਖੜ੍ਹਾ ਕਰਨ ਦਾ ਕੰਮ ਕਰ ਰਹੇ ਹਨ। 
ਉਨ੍ਹਾਂ ਨੇ ਅਹਿਮਦਾਬਾਦ ਜ਼ਿਲੇ ਦੇ ਬਾਵਲਾ ਵਿਚ ਪੈਂਦੇ ਪਿੰਡ ਦੇਵ ਧੋਲੇਰਾ ਵਿਚ ਨਵੀਂ ਪੀੜ੍ਹੀ ਦੇ ਉਦਯੋਗਪਤੀਆਂ ਨੂੰ ਹੱਲਾਸ਼ੇਰੀ ਦੇਣ ਵਾਲੀ ਸੰਸਥਾ 'ਆਈ ਕ੍ਰਿਏਟ' ਦੇ ਰਸਮੀ ਉਦਘਾਟਨ ਮੌਕੇ ਮੋਦੀ ਦੀ ਮੌਜੂਦਗੀ ਵਿਚ ਕਿਹਾ ਕਿ ਆਈ ਪੈਡ ਅਤੇ ਆਈ ਪੌਡ ਤੋਂ ਇਲਾਵਾ ਹੁਣ ਦੁਨੀਆ ਨੂੰ ਆਈ ਕ੍ਰਿਏਟ ਬਾਰੇ ਵੀ ਜਾਣਨ ਦੀ ਲੋੜ ਹੈ, ਜਿਸ ਦੀ ਨੀਂਹ ਮੋਦੀ ਨੇ ਇਥੇ ਮੁੱਖ ਮੰਤਰੀ ਹੁੰਦਿਆਂ ਰੱਖੀ ਸੀ। 
ਇਸ ਮੌਕੇ ਮੋਦੀ ਨੇ ਕਿਹਾ ਕਿ 100 ਸਾਲ ਪਹਿਲਾਂ ਇਸਰਾਈਲ ਦੇ ਹਾਈਫਾ ਸ਼ਹਿਰ ਦੀ ਮੁਕਤੀ ਲਈ ਲੜੀ ਗਈ ਲੜਾਈ ਵਿਚ ਕਈ ਭਾਰਤੀ ਜਵਾਨ ਵੀ ਸ਼ਾਮਿਲ ਸਨ ਤੇ ਉਨ੍ਹਾਂ ਵਿਚ ਬਹੁਤੇ ਗੁਜਰਾਤੀ ਸਨ। ਆਪਣੀ ਇਸ ਭਾਰਤ ਯਾਤਰਾ ਦੌਰਾਨ ਨੇਤਨਯਾਹੂ ਸਾਬਰਮਤੀ ਪਹੁੰਚੇ, ਜਿਥੇ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਤਨੀ ਨੇ ਚਰਖਾ ਚਲਾਇਆ ਤੇ ਇਸ ਤੋਂ ਇਲਾਵਾ ਮੋਦੀ ਨਾਲ ਪਤੰਗਬਾਜ਼ੀ ਦਾ ਆਨੰਦ ਵੀ ਲਿਆ। ਸਲੀਕੇ ਦੇ ਸਦਾਚਾਰ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ ਆਸ਼ਰਮ ਵਿਚ ਮਹਾਤਮਾ ਗਾਂਧੀ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। 
ਪਿਛਲੇ ਸਾਲ ਭਾਰਤ-ਇਸਰਾਈਲ ਸੰਬੰਧਾਂ ਨੂੰ ਨਵੀਂ ਦਿਸ਼ਾ ਉਦੋਂ ਮਿਲੀ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਹੋਏ ਅਹਿਮ ਸਮਝੌਤੇ ਸਮੇਂ ਮਿੱਤਰਤਾ ਗੂੜ੍ਹੀ ਹੋਈ। ਉਦੋਂ ਮੋਦੀ ਇਸਰਾਈਲ ਦੇ ਦੌਰੇ 'ਤੇ ਆਖਰੀ ਦਿਨ ਹਾਈਫਾ ਸ਼ਹਿਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਹਿਲੀ ਸੰਸਾਰ ਜੰਗ ਵਿਚ ਸ਼ਹੀਦ ਹੋਏ 44 ਭਾਰਤੀ ਜਵਾਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ। ਉਥੇ ਮੋਦੀ ਫੌਜ ਦੇ ਜਵਾਨਾਂ ਨੂੰ ਵੀ ਮਿਲੇ। ਉਹ ਇਕ ਇਤਿਹਾਸਿਕ ਮੌਕਾ ਸੀ, ਜਦੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੋਵੇ। 
ਇਤਿਹਾਸ ਦੇ ਪੰਨੇ ਦੱਸਦੇ ਹਨ ਕਿ 100 ਸਾਲ ਪਹਿਲਾਂ ਭਾਰਤੀ ਜਵਾਨਾਂ ਨੇ ਇਸ ਸ਼ਹਿਰ ਨੂੰ ਤੁਰਕੀ ਤੋਂ ਮੁਕਤ ਕਰਵਾਇਆ ਸੀ। ਉਦੋਂ ਉਨ੍ਹਾਂ ਕੋਲ ਸਿਰਫ ਤਲਵਾਰਾਂ ਤੇ ਭਾਲੇ ਹੀ ਸਨ ਪਰ ਉਨ੍ਹਾਂ ਨੇ ਤੁਰਕੀ ਦੀ ਫੌਜ ਦੀਆਂ ਬੰਦੂਕਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਆਖਿਰ ਜੰਗ ਜਿੱਤੀ। 
ਭਾਰਤੀ ਘੋੜਸਵਾਰ ਜਵਾਨਾਂ ਦੀ ਇਹ ਬਹਾਦੁਰੀ ਭਰੀ ਕਹਾਣੀ ਇਸਰਾਈਲ ਦੇ ਸਕੂਲਾਂ ਵਿਚ ਵੀ ਪੜ੍ਹਾਈ/ਸੁਣਾਈ ਜਾਂਦੀ ਹੈ। ਅਸਲ ਵਿਚ ਭਾਰਤੀ ਜਵਾਨਾਂ ਨੇ ਹਾਈਫਾ ਨੂੰ ਤੁਰਕੀ ਦੇ ਓਟੋਮਨ ਸਾਮਰਾਜ ਤੋਂ ਆਜ਼ਾਦ ਕਰਵਾਇਆ ਸੀ। ਇਤਿਹਾਸ ਦੱਸਦਾ ਹੈ ਕਿ ਇਸ 'ਤੇ 400 ਸਾਲਾਂ ਤੋਂ ਤੁਰਕੀ ਦਾ ਕਬਜ਼ਾ ਸੀ। ਇਸ ਜੰਗ ਵਿਚ ਭਾਰਤੀ ਜਵਾਨਾਂ ਨੇ ਬਹਾਈ ਭਾਈਚਾਰੇ ਦੇ ਅਧਿਆਤਮਕ ਨੇਤਾ ਅਬਦੁਲ ਬਾਹਾ ਨੂੰ ਵੀ ਕੁਸ਼ਲਤਾ ਨਾਲ ਬਚਾਇਆ ਸੀ। 
ਭਾਰਤ ਵਿਚ ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਜਿਨ੍ਹਾਂ ਨੇ ਭਾਰਤ ਦੀਆਂ ਤਿੰਨ ਰਿਆਸਤਾਂ—ਜੋਧਪੁਰ, ਮੈਸੂਰ ਅਤੇ ਹੈਦਰਾਬਾਦ ਦੇ ਘੋੜਸਵਾਰ ਸੈਨਿਕਾਂ ਨੂੰ ਜਨਰਲ ਐਡਮੰਡ ਅਲੈਂਬੀ ਦੀ ਅਗਵਾਈ ਹੇਠ ਉਥੇ ਲੜਨ ਲਈ ਭੇਜਿਆ ਸੀ। ਸਾਡੇ ਇਸ ਦਲੇਰੀ ਭਰੇ ਇਤਿਹਾਸ 'ਤੇ ਅੱਜ ਪੂਰੀ ਦੁਨੀਆ ਮਾਣ ਕਰਦੀ ਹੈ। 
ਦਿਲਚਸਪ ਗੱਲ ਇਹ ਵੀ ਹੈ ਕਿ ਕਾਂਗਰਸ ਦੀ ਹਾਰ ਤੋਂ ਬਾਅਦ ਭਾਜਪਾ ਦੇ ਸੱਤਾ ਵਿਚ ਆਉਂਦਿਆਂ ਹੀ ਭਾਰਤ ਤੇ ਇਸਰਾਈਲ ਵਿਚਾਲੇ ਸਹਿਯੋਗ ਤੇ ਦੋਸਤੀ ਦੀ ਭਾਵਨਾ ਜਾਗੀ ਤੇ ਇਸਲਾਮੀ ਕੱਟੜਵਾਦ ਪ੍ਰਤੀ ਦੋਹਾਂ ਦੀ ਸੋਚ ਇਕੋ ਜਿਹੀ ਹੋਣ ਕਰਕੇ ਅਤੇ ਮੱਧ ਪੂਰਬ ਵਿਚ ਯਹੂਦੀ ਸਮਰਥਕ ਨੀਤੀ ਦੀ ਵਜ੍ਹਾ ਕਰਕੇ ਭਾਰਤ-ਇਸਰਾਈਲ ਵਿਚਾਲੇ ਸੰਬੰਧ ਮਜ਼ਬੂਤ ਹੋਏ। ਯਕੀਨੀ ਤੌਰ 'ਤੇ ਅੱਜ ਇਸਰਾਈਲ ਰੂਸ ਤੋਂ ਬਾਅਦ ਭਾਰਤ ਦਾ ਸਭ ਤੋਂ ਵੱਡਾ ਫੌਜੀ ਸਹਾਇਕ ਤੇ ਬਰਾਮਦਕਾਰ ਹੈ। 
ਮੌਜੂਦਾ ਸੰਸਾਰਕ ਦੌਰ ਨੂੰ ਦੇਖੀਏ ਤਾਂ ਨੇਪਾਲ ਵਿਚ ਚੀਨ ਦੇ ਛਾਇਆਵਾਦ ਦਾ ਲਗਾਤਾਰ ਪਸਾਰ ਵੀ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਬੰਗਲਾਦੇਸ਼ ਤੇ ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਸਮੱਸਿਆ ਭਾਰਤ ਲਈ ਵੀ ਸਿਰਦਰਦੀ ਬਣੀ ਹੋਈ ਹੈ। ਸ਼੍ਰੀਲੰਕਾ ਦੇ ਚੀਨ ਵੱਲ ਝੁਕਾਅ ਕਾਰਨ ਸਾਡੀ ਸਮੁੰਦਰੀ ਸਰਹੱਦ ਅੰਦਰ ਚੀਨ ਦੇ ਜਹਾਜ਼ਾਂ ਦੀ ਅਕਸਰ ਅਣਚਾਹੀ ਮੌਜੂਦਗੀ ਕਾਰਨ ਵੀ ਮਾਹੌਲ ਅਸ਼ਾਂਤ ਬਣਿਆ ਰਹਿੰਦਾ ਹੈ। ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਚੀਨ ਦੀ ਸਰਹੱਦ 'ਤੇ ਚੀਨ ਦੇ ਬੇਵਜ੍ਹਾ ਦਖਲ ਨੇ ਵੀ ਤਣਾਅ ਪੈਦਾ ਕੀਤਾ ਹੋਇਆ ਹੈ। 
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਬਲੋਚਿਸਤਾਨ ਦੇ ਅੰਦਰੂਨੀ ਵਿਵਾਦ ਕਾਰਨ ਚੀਨ ਦੀ ਦਿਲਚਸਪੀ ਉਥੋਂ ਦੇ ਸੋਮਿਆਂ ਪ੍ਰਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਬਲੋਚਿਸਤਾਨ ਦੀ ਅੰਦਰੂਨੀ ਆਜ਼ਾਦੀ ਦੇ ਅੰਦੋਲਨ ਨੂੰ ਸਮਰਥਨ ਦੇਣ ਕਾਰਨ ਉਥੇ ਮੋਦੀ ਦੀ ਜੈ ਜੈ ਕਾਰ ਹੋ ਰਹੀ ਹੈ, ਜਿਸ ਕਾਰਨ ਚੀਨ ਬੌਖਲਾਇਆ ਹੋਇਆ ਹੈ। 
ਇਹ ਮੋਦੀ ਦੀ ਦੂਰਰਸ ਕੂਟਨੀਤਕ ਸੂਝਬੂਝ ਹੈ ਕਿ ਅੱਜ ਪਾਕਿਸਤਾਨ ਸੰਸਾਰਕ ਮੰਚ 'ਤੇ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ, ਇਥੋਂ ਤਕ ਕਿ ਅਮਰੀਕਾ ਨੇ ਵੀ ਉਸ ਨੂੰ ਮਦਦ ਦੇਣੀ (ਫਿਲਹਾਲ) ਰੋਕ ਦਿੱਤੀ ਹੈ ਕਿਉਂਕਿ ਉਹ ਵੀ ਸਮਝ ਗਿਆ ਹੈ ਕਿ ਉਸ ਨੂੰ ਤਾਜ਼ਾ ਸੰਸਾਰਕ ਮਾਹੌਲ ਵਿਚ ਭਾਰਤ ਦਾ ਸਾਥ ਦੇਣਾ ਚਾਹੀਦਾ ਹੈ ਤੇ ਭਵਿੱਖ ਵਿਚ ਵੀ ਭਾਰਤ ਨੂੰ ਅਣਡਿੱਠ ਕਰਨਾ ਮੁਸ਼ਕਿਲ ਹੈ। 
ਭਾਰਤ ਤੇ ਇਸਰਾਈਲ ਵਿਚਾਲੇ ਦੋਸਤੀ ਸਹੀ ਅਰਥਾਂ ਵਿਚ ਏਸ਼ੀਆਈ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਇਕ ਨਵੀਂ ਪਹਿਲ ਵਜੋਂ ਦੇਖੀ ਜਾ ਰਹੀ ਹੈ, ਜੋ ਚੀਨ ਤੇ ਅਮਰੀਕਾ ਨੂੰ ਵੀ ਸੰਤੁਲਿਤ ਰਹਿਣ ਦਾ ਸੰਦੇਸ਼ ਦਿੰਦੀ ਹੈ, ਤਾਂ ਪਾਕਿਸਤਾਨ ਨੂੰ ਸਾਵਧਾਨ ਰਹਿਣ ਦਾ ਪੈਗ਼ਾਮ।