ਭਾਰਤ-ਚੀਨ : ਖੁਸ਼-ਖਬਰ

11/13/2020 3:35:50 AM

ਡਾ. ਵੇਦਪ੍ਰਤਾਪ ਵੈਦਿਕ ਪੜ੍ਹੀ ਹੈ

ਭਾਰਤ-ਚੀਨ ਤਣਾਅ ਖਤਮ ਹੋਣ ਦੇ ਸੰਕੇਤ ਮਿਲਣ ਲੱਗੇ ਹਨ। ਅਜੇ ਦੋਵਾਂ ਪਾਸਿਆਂ ਦੀ ਫੌਜਾਂ ਨੇ ਪਿੱਛੇ ਹਟਣਾ ਸ਼ੁਰੂ ਨਹੀਂ ਕੀਤਾ ਪਰ ਦੋਵੇਂ ਇਸ ਗੱਲ ’ਤੇ ਸਹਿਮਤ ਹੋ ਗਈਆਂ ਹਨ ਕਿ ਮਾਰਚ-ਅਪ੍ਰੈਲ ’ਚ ਉਹ ਜਿੱਥੇ ਸਨ, ਉੱਥੇ ਵਾਪਸ ਚਲੀਆਂ ਜਾਣਗੀਆਂ। ਉਨ੍ਹਾਂ ਦਾ ਵਾਪਸ ਜਾਣਾ ਵੀ ਅੱਜਕੱਲ ’ਚ ਹੀ ਸ਼ੁਰੂ ਹੋਣ ਵਾਲਾ ਹੈ। ਤਿੰਨ ਦਿਨ ’ਚ 30-30 ਫੀਸਦੀ ਫੌਜੀ ਹਟਣਗੇ, ਜਿੰਨੇ ਉਨ੍ਹਾਂ ਦੇ ਹਟਣਗੇ, ਓਨੇ ਹੀ ਸਾਡੇ ਵੀ ਹਟਣਗੇ।

ਉਨ੍ਹਾਂ ਨੇ ਪਿਛਲੇ ਚਾਰ-ਛੇ ਮਹੀਨਿਆਂ ’ਚ ਲੱਦਾਖ ਸਰਹੱਦ ’ਤੇ ਹਜ਼ਾਰਾਂ ਨਵੇਂ ਫੌਜੀ ਤਾਇਨਾਤ ਕਰ ਦਿੱਤੇ ਹਨ। ਚੀਨ ਨੇ ਤੋਪਾਂ, ਟੈਂਕਾਂ ਅਤੇ ਜਹਾਜ਼ਾਂ ਦਾ ਵੀ ਪ੍ਰਬੰਧ ਕਰ ਲਿਆ ਹੈ ਪਰ ਚੀਨੀ ਫੌਜੀਆਂ ਨੂੰ ਲੱਦਾਖ ਦੀ ਠੰਡ ਨੇ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। 15000 ਫੁੱਟ ਦੀ ਉੱਚਾਈ ’ਤੇ ਮਹੀਨਿਆਂ ਤੱਕ ਟਿਕੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ। ਭਾਰਤੀ ਫੌਜੀ ਤਾਂ ਪਹਿਲਾਂ ਤੋਂ ਹੀ ਗਿੱਝੇ ਹੋਏ ਹਨ।

8 ਵਾਰ ਦੀ ਲੰਬੀ ਗੱਲਬਾਤ ਦੇ ਬਾਅਦ ਦੋਵੇਂ ਪੈਸਿਆਂ ਦੇ ਜਰਨੈਲਾਂ ਦਰਮਿਆਨ ਜੋ ਸਹਿਮਤੀ ਹੋਈ ਹੈ, ਉਸ ਦੇ ਪਿੱਛੇ ਦੋ ਵੱਡੇ ਕਾਰਨ ਹੋਰ ਵੀ ਹਨ। ਇਕ ਤਾਂ ਚੀਨੀ ਕੰਪਨੀਆਂ ’ਤੇ ਲੱਗੀਆਂ ਭਾਰਤੀ ਪਾਬੰਦੀਆਂ ਅਤੇ ਵਪਾਰਕ ਬਾਈਕਾਟ ਨੇ ਚੀਨੀ ਸਰਕਾਰ ’ਤੇ ਪਿੱਛੇ ਹਟਣ ਲਈ ਦਬਾਅ ਬਣਾਇਆ ਹੈ। ਦੂਸਰਾ, ਟ੍ਰੰਪ ਪ੍ਰਸ਼ਾਸਨ ਨੇ ਚੀਨ ਨਾਲ ਚੱਲ ਰਹੇ ਆਪਣੇ ਝਗੜੇ ਦੇ ਕਾਰਨ ਉਸ ਨੂੰ ਭਾਰਤ ’ਤੇ ਹਮਲਵਾਰ ਕਹਿ ਕੇ ਸਾਰੀ ਦੁਨੀਆ ’ਚ ਬਦਨਾਮ ਕਰ ਦਿੱਤਾ ਹੈ। ਹੁਣ ਅਮਰੀਕਾ ਦੇ ਨਵੇਂ ਬਾਇਡੇਨ-ਪ੍ਰਸ਼ਾਸਨ ਨਾਲ ਤਣਾਅ ਖਤਮ ਕਰਨ ’ਚ ਇਹ ਤੱਥ ਚੀਨ ਦੀ ਮਦਦ ਕਰੇਗਾ ਕਿ ਭਾਰਤ ਨਾਲ ਉਸ ਦਾ ਸਮਝੌਤਾ ਹੋ ਗਿਆ ਹੈ।

ਲੱਦਾਖ ਦੀ ਇਕ ਝੜਪ ’ਚ ਸਾਡੇ 20 ਜਵਾਨ ਸ਼ਹੀਦ ਅਤੇ ਚੀਨ ਦੇ ਵੀ ਕੁਝ ਫੌਜੀ ਜ਼ਰੂਰ ਮਾਰੇ ਗਏ ਪਰ ਇਹ ਘਟਨਾ ਸਥਾਨਕ ਅਤੇ ਤੱਤਕਾਲੀ ਬਣ ਕੇ ਰਹਿ ਗਈ। ਦੋਵਾਂ ਫੌਜਾਂ ’ਚ ਜੰਗ ਵਰਗੀ ਸਥਿਤੀ ਨਹੀਂ ਬਣੀ, ਹਾਲਾਂਕਿ ਸਾਡੇ ਅਨਾੜੀ ਟੀ.ਵੀ ਚੈਨਲ ਅਤੇ ਚੀਨ ਦਾ ਫੁਕਰਾ ਅਖਬਾਰ ‘ਗਲੋਬਲ ਟਾਈਮਸ’ ਇਸ ਦੀ ਬਹੁਤ ਕੋਸ਼ਿਸ਼ ਕਰਦਾ ਰਿਹਾ ਪਰ ਮੈਂ ਭਾਰਤ ਅਤੇ ਚੀਨ ਦੇ ਨੇਤਾਵਾਂ ਦੀ ਇਸ ਮਾਮਲੇ ’ਚ ਸ਼ਲਾਘਾ ਕਰਨੀ ਚਾਹੁੰਦਾ ਹਾਂ। ਉਨ੍ਹਾਂ ਨੇ ਇਕ ਦੂਸਰੇ ਵਿਰੁੱਧ ਨਾਂ ਲੈ ਕੇ ਕੋਈ ਨਿਰਾਦਰਯੋਗ ਜਾਂ ਭੜਕਾਉ ਬਿਆਨ ਨਹੀਂ ਦਿੱਤਾ। ਸਾਡੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਚੀਨੀ ਕਬਜ਼ੇ ’ਤੇ ਆਪਣਾ ਗੁੱਸਾ ਜ਼ਰੂਰ ਪ੍ਰਗਟ ਕੀਤਾ ਪਰ ਕਦੀ ਚੀਨ ਦਾ ਨਾਂ ਤੱਕ ਨਹੀਂ ਲਿਆ। ਚੀਨ ਦੇ ਨੇਤਾਵਾਂ ਨੇ ਵੀ ਭਾਰਤ ਦੇ ਗੁੱਸੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ।

ਦੋਵਾਂ ਦੇਸ਼ਾਂ ਦੀ ਜਨਤਾ ਭਾਵੇਂ ਉਪਰੋਂ ਪ੍ਰਚਾਰ ਦੀ ਤਿਲਕਣ ’ਤੇ ਤਿਲਕਦੀ ਰਹੀ ਹੋਵੇ, ਪਰ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਠਰ੍ਹੰਮੇ ਨੂੰ ਹੀ ਇਸ ਸਮਝੌਤੇ ਦਾ ਸਿਹਰਾ ਮਿਲਣਾ ਚਾਹੀਦਾ ਹੈ। ਸੱਚਾਈ ਤਾਂ ਇਹ ਹੈ ਕਿ ਭਾਰਤ ਅਤੇ ਚੀਨ ਮਿਲ ਕੇ ਕੰਮ ਕਰਨ ਤਾਂ 21ਵੀਂ ਸਦੀ ਨਿਸ਼ਚਿਤ ਏਸ਼ਿਆਈ ਸਦੀ ਬਣ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਭਾਰਤ ਚੀਨ ਤੋਂ ਬੇਖਬਰ ਹੋ ਜਾਵੇ। ਦੋਵਾਂ ਦੇਸ਼ਾਂ ਦਰਮਿਆਨ ਸਖਤ ਮੁਕਾਬਲੇਬਾਜ਼ੀ ਜ਼ਰੂਰ ਚਲਦੀ ਰਹੇਗੀ ਪਰ ਇਹ ਗੁੱਸਾ ਅਤੇ ਪ੍ਰਤੀਹਿੰਸਾ ਦਾ ਰੂਪ ਨਾ ਲੈ ਲਵੇ, ਇਹ ਦੇਖਣਾ ਜ਼ਰੂਰੀ ਹੈ।

Bharat Thapa

This news is Content Editor Bharat Thapa