ਭਾਰਤ ਨੇ ਕਿਵੇਂ ਜਿੱਤੀ 1971 ਦੀ ਜੰਗ

12/16/2017 7:36:16 AM

ਪੰਜਾਬ ਦੇ ਰਾਜਪਾਲ ਸ਼੍ਰੀ ਵੀ. ਪੀ. ਐੱਸ. ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ, ਨਿੱਜੀ ਦਿਲਚਸਪੀ ਅਤੇ ਅਣਥੱਕ ਯਤਨਾਂ ਸਦਕਾ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ, ਜਦੋਂ ਉੱਚ ਪੱਧਰੀ ਮਿਲਟਰੀ ਲਿਟਰੇਚਰ ਫੈਸਟੀਵਲ ਚੰਡੀਗੜ੍ਹ ਵਿਖੇ ਬੀਤੀ 8-9 ਦਸੰਬਰ ਨੂੰ ਕਰਵਾਇਆ ਗਿਆ। ਇਸ ਨਿਵੇਕਲੇ ਫੌਜੀ ਉਤਸਵ 'ਚ ਉੱਚ ਫੌਜੀ/ਸਾਬਕਾ ਫੌਜੀ ਅਧਿਕਾਰੀਆਂ, ਸਰਵਉੱਚ ਬਹਾਦਰੀ ਪੁਰਸਕਾਰ ਜੇਤੂਆਂ (ਪੀ. ਵੀ. ਸੀ.) ਤੇ ਉੱਘੇ ਫੌਜੀ ਵਿਦਵਾਨਾਂ, ਇਤਿਹਾਸਕਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਸਲਿਆਂ, ਜੰਗਾਂ ਬਾਰੇ ਵਿਚਾਰ ਸਾਂਝੇ ਕੀਤੇ।
ਯਾਦ ਰਹੇ ਕਿ ਸਮੁੱਚੇ ਭਾਰਤ ਅੰਦਰ 16 ਦਸੰਬਰ ਨੂੰ 'ਵਿਜੇ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਵਾਸਤੇ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਯੁੱਧ ਲੜਨ ਵਾਸਤੇ ਮਜਬੂਰ ਕਿਵੇਂ ਕੀਤਾ ਤੇ ਜੰਗ ਜਿੱਤੀ ਕਿਵੇਂ ਗਈ?
ਪੱਛਮੀ ਪਾਕਿਸਤਾਨ ਵਲੋਂ ਪੂਰਬੀ ਪਾਕਿਸਤਾਨ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਸਮੁੱਚੇ ਵਿਕਾਸ ਪੱਖੋਂ ਲਗਾਤਾਰ ਅਣਡਿੱਠ ਕਰਨ ਨਾਲ ਮੱਤਭੇਦ ਵਧਦੇ ਗਏ ਅਤੇ ਪ੍ਰਜਾਤੰਤਰ  ਪ੍ਰਣਾਲੀ ਨੂੰ ਠੇਸ ਲੱਗਣੀ ਸ਼ੁਰੂ ਹੋ ਗਈ।  ਜਨਵਰੀ 1969 'ਚ ਢਾਕਾ ਅੰਦਰ ਮੁੱਖ ਵਿਰੋਧੀ ਪਾਰਟੀਆਂ ਨੇ ਇਕ ਮੀਟਿੰਗ ਕਰ ਕੇ ਸਾਂਝੇ ਤੌਰ 'ਤੇ ਜਮਹੂਰੀਅਤ ਬਹਾਲ ਕਰਨ ਦੀ ਮੰਗ ਰੱਖੀ। ਪਾਕਿਸਤਾਨ ਅੰਦਰ ਜਦੋਂ ਹਾਲਾਤ ਬੇਕਾਬੂ ਹੁੰਦੇ ਦੇਖੇ ਗਏ ਤਾਂ ਉਥੋਂ ਦਾ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ 24 ਮਾਰਚ 1969 ਨੂੰ ਰਾਜਸੱਤਾ ਜਨਰਲ ਯਾਹੀਆ ਖਾਨ ਨੂੰ ਸੌਂਪ ਕੇ ਆਪ ਪਾਸੇ ਹੋ ਗਿਆ। ਯਾਹੀਆ ਖਾਨ ਨੇ ਤੁਰੰਤ 'ਮਾਰਸ਼ਲ ਲਾਅ' ਲਾਗੂ ਕਰ ਦਿੱਤਾ। 3 ਦਸੰਬਰ 1970 ਨੂੰ ਪਾਕਿਸਤਾਨ 'ਚ ਆਮ ਚੋਣਾਂ ਕਰਵਾਈਆਂ ਗਈਆਂ। ਪੂਰਬੀ ਪਾਕਿਸਤਾਨ (ਬਾਅਦ 'ਚ ਬੰਗਲਾਦੇਸ਼) ਦੀ ਸਿਆਸੀ ਪਾਰਟੀ 'ਆਵਾਮੀ ਲੀਗ' ਨੇ 169 'ਚੋਂ 167 ਸੀਟਾਂ ਜਿੱਤੀਆਂ ਅਤੇ 313 ਮੈਂਬਰਾਂ ਵਾਲੀ ਪਾਕਿਸਤਾਨ ਦੀ ਪਾਰਲੀਮੈਂਟ 'ਮਜਲਿਸ-ਏ-ਸੂਰਾ' ਵਿਚ ਵੀ ਬਹੁਮਤ ਹਾਸਲ ਕੀਤਾ। ਆਵਾਮੀ ਲੀਗ ਦੇ ਨੇਤਾ ਸ਼ੇਖ ਮੁਜੀਬ-ਉਰ- ਰਹਿਮਾਨ ਨੇ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ, ਜੋ ਪੀ. ਪੀ. ਏ. ਦੇ ਲੀਡਰ ਜ਼ੁਲਿਫਕਾਰ ਅਲੀ ਭੁੱਟੋ ਨੂੰ ਮਨਜ਼ੂਰ ਨਹੀਂ ਸੀ। 
ਯਾਹੀਆ ਖਾਨ ਨੇ ਪੂਰਬੀ ਪਾਕਿਸਤਾਨ ਅੰਦਰ ਬਾਗੀਆਂ ਨੂੰ ਕੁਚਲਣ ਵਾਸਤੇ ਪੱਛਮੀ ਪਾਕਿਸਤਾਨ ਦੇ ਪ੍ਰਮੁੱਖ ਸੈਨਾਪਤੀ ਨੂੰ ਆਦੇਸ਼ ਜਾਰੀ ਕੀਤੇ। ਬਸ ਫਿਰ ਪਾਕਿਸਤਾਨ ਮਿਲਟਰੀ ਨੇ 25 ਮਾਰਚ 1971 ਨੂੰ ਢਾਕਾ ਇਲਾਕੇ ਅੰਦਰ ਅਨੁਸ਼ਾਸਨੀ ਕਾਰਵਾਈ ਆਰੰਭ ਦਿੱਤੀ ਤੇ ਸਭ ਤੋਂ ਪਹਿਲਾਂ 25-26 ਮਾਰਚ ਦੀ ਰਾਤ ਨੂੰ ਸ਼ੇਖ ਮੁਜੀਬ-ਉਰ-ਰਹਿਮਾਨ ਨੂੰ ਕੈਦ ਕਰ ਕੇ ਪਾਕਿਸਤਾਨ ਲੈ ਗਏ। ਆਵਾਮੀ ਲੀਗ ਦਾ ਕਾਡਰ ਖਿੰਡਰਨਾ ਸ਼ੁਰੂ ਹੋ ਗਿਆ। ਘੱਟਗਿਣਤੀ ਵਰਗ 'ਤੇ ਕਈ ਕਿਸਮ ਦੇ ਅੱਤਿਆਚਾਰ, ਜਿਵੇਂ ਕਿ ਨਸਲਕੁਸ਼ੀ, ਬਲਾਤਕਾਰ ਤੇ ਲੁੱਟ-ਖਸੁੱਟ ਆਦਿ ਸ਼ੁਰੂ ਹੋ ਗਏ।
ਲੱਖਾਂ ਦੀ ਗਿਣਤੀ 'ਚ ਉਥੋਂ ਦੇ ਵਸਨੀਕਾਂ ਨੇ ਪੱਛਮੀ ਬੰਗਾਲ, ਆਸਾਮ, ਮੇਘਾਲਿਆ ਅਤੇ ਤ੍ਰਿਪੁਰਾ ਵਰਗੇ ਸੂਬਿਆਂ ਅੰਦਰ ਪਨਾਹ ਲੈਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਸ਼ਰਨਾਰਥੀ ਕੈਂਪਾਂ 'ਚ ਆਸਰਾ ਲੈਣਾ ਪਿਆ, ਜਿਸ ਕਾਰਨ ਭਾਰਤ 'ਤੇ ਆਰਥਿਕ ਬੋਝ ਪੈਣ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਵੀ ਪੈਦਾ ਹੋ ਗਈਆਂ, ਜੋ ਅਜੇ ਤਕ ਸੁਲਝਾਈਆਂ ਨਹੀਂ ਜਾ ਸਕੀਆਂ। 
ਭਾਰਤ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਨੂੰ ਦਖਲਅੰਦਾਜ਼ੀ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਪਰ ਕੋਈ ਲਾਹੇਵੰਦ ਹੁੰਗਾਰਾ ਨਾ ਮਿਲਿਆ।
27 ਮਾਰਚ 1971 ਨੂੰ ਫੌਜ ਦੇ ਬਾਗੀ ਅਫਸਰ ਜ਼ਿਆ-ਉਰ-ਰਹਿਮਾਨ (ਬਾਅਦ 'ਚ ਰਾਸ਼ਟਰਪਤੀ) ਨੇ ਨਜ਼ਰਬੰਦ ਸ਼ੇਖ ਦੀ ਤਰਫੋਂ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਕਰ ਦਿੱੱਤਾ ਤੇ ਬਹੁਤ ਸਾਰੇ ਨੀਮ ਫੌਜੀ ਹਿੱਸੇ ਬਗਾਵਤ ਕਰ ਕੇ ਮੁਕਤੀ ਵਾਹਿਨੀ 'ਚ ਸ਼ਾਮਲ ਹੋ ਗਏ। ਯਾਦ ਰਹੇ ਕਿ ਮੁਕਤੀ ਵਾਹਿਨੀ ਨੇ ਭਾਰਤੀ ਫੌਜ ਨਾਲ ਮਿਲ ਕੇ ਜੰਗ 'ਚ ਜਿੱਤ ਪ੍ਰਾਪਤ ਕੀਤੀ।
ਭਾਰਤ-ਪਾਕਿ ਵਿਚਾਲੇ ਜੰਗ ਦੀ ਸ਼ੁਰੂਆਤ 3 ਦਸੰਬਰ 1971 ਨੂੰ ਉਸ ਸਮੇਂ ਹੋਈ, ਜਦੋਂ ਪਾਕਿ ਦੀ ਹਵਾਈ ਫੌਜ ਨੇ ਭਾਰਤ ਦੇ 11 ਹਵਾਈ ਅੱਡਿਆਂ ਉਪਰ ਬੰਬਾਰੀ ਆਰੰਭ ਕਰ ਦਿੱਤੀ। 13 ਦਿਨ ਚੱਲੀ ਇਸ ਜੰਗ ਦੌਰਾਨ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਚਮਤਕਾਰੀ ਜਿੱਤ ਹਾਸਲ ਕੀਤੀ, ਜਿਸ ਦੇ ਸਿੱਟੇ ਵਜੋਂ ਇਕ ਨਵੇਂ ਮੁਲਕ 'ਬੰਗਲਾਦੇਸ਼' ਦੀ ਸਿਰਜਣਾ ਹੋਈ।
ਪੂਰਬੀ ਪਾਕਿਸਤਾਨ ਦੀ ਫੌਜ ਦੇ ਆਰਮੀ ਕਮਾਂਡਰ ਲੈਫ. ਜਨਰਲ ਏ. ਕੇ. ਨਿਆਜ਼ੀ ਨੇ ਆਪਣੀ ਫੌਜ ਦੇ ਤਕਰੀਬਨ 93 ਹਜ਼ਾਰ ਫੌਜੀਆਂ ਸਮੇਤ 16 ਦਸੰਬਰ ਨੂੰ ਭਾਰਤੀ ਫੌਜ ਦੇ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਗੋਡੇ ਟੇਕ ਦਿੱਤੇ। 
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੁਲਕ ਦੀ ਨਾਮਵਰ ਫੌਜ ਨੇ ਇਕ ਸੀਮਤ ਲੜਾਈ ਉਪਰੰਤ ਇੰਨੀ ਭਾਰੀ ਮਾਤਰਾ 'ਚ ਮੁਕਾਬਲੇ ਵਾਲੀ ਫੌਜ ਸਾਹਮਣੇ ਆਤਮਸਮਰਪਣ ਕੀਤਾ ਹੋਵੇ। ਭਾਰਤ ਦੀ ਇਸ ਵਿਸ਼ਵ ਪੱਧਰੀ ਜੰਗੀ ਜਿੱਤ ਨੂੰ ਯਾਦ ਕਰਦਿਆਂ 16 ਦਸੰਬਰ ਨੂੰ 'ਵਿਜੇ ਦਿਵਸ' ਵਜੋਂ ਮਨਾਇਆ ਜਾਂਦਾ ਹੈ।           kahlonks@gmail.com