ਇਦਲਿਬ ’ਤੇ ਹਵਾਈ ਹਮਲਾ ਹੋਵੇਗਾ ਜਾਂ ਰਸਾਇਣਕ, ਖਦਸ਼ਾ ਬਰਕਰਾਰ

09/19/2018 3:28:08 AM

ਬਹੁਤ ਸਾਰੇ ਲੋਕਾਂ ਨੂੰ ਖਦਸ਼ਾ ਹੈ ਕਿ ਉੱਤਰ-ਪੱਛਮੀ ਸੀਰੀਆ ’ਚ ਏਬਲਾ ਅਤੇ ਇਦਲਿਬ ਦੇ ਬਾਈਜੈਂਟਾਨ ਅਤੇ ਰੋਮਨ ਥਾਵਾਂ ਨੂੰ ਸ਼ਾਇਦ ਇਕ ਵੱਡੇ ਧਮਾਕੇ ਨਾਲ ਢਹਿ-ਢੇਰੀ ਕਰ ਦਿੱਤਾ ਜਾਵੇਗਾ। ਬਹੁਤ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨੁਕਸਾਨਾਂ ਵੱਲ ਧਿਆਨ ਵੀ ਨਹੀਂ ਜਾਵੇਗਾ ਅਤੇ ਉਹ ਉੱਭਰਦੀ ਮਨੁੱਖੀ ਤਬਾਹੀ ’ਚ ਸਮਾ ਜਾਣਗੇ। 
2011 ’ਚ ਜਦੋਂ ਤੋਂ ਅਰਬ ਸਪਰਿੰਗ ਦਾ ਤਖਤਾ ਪਲਟਣ ਲਈ  ਘੜੀ ਗਈ ਖਾਨਾਜੰਗੀ ਨੂੰ ਸ਼ੁਰੂ ਕੀਤਾ ਗਿਆ, ਉਦੋਂ ਤੋਂ ਸੀਰੀਆਈ ਥਿਏਟਰ ਨੇ ਕਈ ਕਲਾਈਮੈਕਸ ਦੇਖੇ ਹਨ :  ਹੋਮਸ, ਹਾਮਾ, ਡੇਰਾ, ਰੱਕਾ, ਅਲੇਪੋ,  ਇਦਲਿਬ ਦਾ ਉੱਤਰ-ਪੂਰਬੀ  ਖੇਤਰ ਪਰ ਇਸ ਗੱਲ ਨੂੰ ਲੈ ਕੇ ਇਕ ਰਾਏ ਹੈ ਕਿ ਇਦਲਿਬ ਖੇਤਰ ਨੂੰ ਇਸ ਤਰ੍ਹਾਂ ਝੰਜੋੜਿਆ ਜਾਵੇਗਾ, ਜਿਵੇਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ। ਇਹ ਅਤਿਕਥਨੀ ਨਿੱਜੀ ਆਬਜ਼ਰਵੇਸ਼ਨ ’ਤੇ ਆਧਾਰਿਤ ਨਹੀਂ ਹੈ, ਹਾਲਾਂਕਿ ਮੈਂ ਖਾਨਾਜੰਗੀ ਦਰਮਿਆਨ ਸੀਰੀਆ ਗਿਅਾ ਹਾਂ। 
ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਸੀਰੀਆਈ ਸਰਕਾਰ ਇਦਲਿਬ ’ਚ ਰਸਾਇਣਕ ਹਥਿਆਰਾਂ ਦਾ ਇਸਤੇਮਾਲ ਕਰਨ ਹੀ ਵਾਲੀ ਹੈ। ਬੋਲਟਨ ਤੋਂ ਪਹਿਲਾਂ ਇਲਾਕੇ ਦੇ ਇਕ ਤੇਜ਼-ਤਰਾਰ ਨੇਤਾ ਹਸਨ ਨਸਰੁੱਲਾ ਨੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਕੋਲ ਇਸ ਗੱਲ ਦੀ ਸੂਚਨਾ ਹੈ ਕਿ ਦਮਿਸ਼ਕ ’ਤੇ ਇਹ ਦੋਸ਼ ਲਾਉਣ ਲਈ ਇਕ ਸਾਜ਼ਿਸ਼ ਘੜੀ ਜਾ ਰਹੀ ਹੈ ਕਿ ਉਸ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਹੈ। 
ਸਾਡੇ ਸਮੇਂ ’ਚ ਇਹ ਇਕ ਤ੍ਰਾਸਦੀ ਹੈ ਕਿ ਮਹਾਨ ਅਤੇ ਦਰਮਿਆਨੀਅਾਂ ਤਾਕਤਾਂ ਇਦਲਿਬ ’ਤੇ ਇਸ ਦੇ ਪ੍ਰਾਚੀਨ ਟਿਕਾਣਿਅਾਂ ਜਾਂ ਸ਼ਹਿਰੀ ਆਬਾਦੀ ਕਾਰਨ ਇਸ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਰਹੀਅਾਂ, ਸਗੋਂ ਇਸ ਲਈ ਕਰ ਰਹੀਅਾਂ ਹਨ ਕਿ ਇਥੇ ਸਰਕਾਰ ਦੇ ਮਾਧਿਅਮ ਰਾਹੀਂ 60 ਤੋਂ 80 ਹਜ਼ਾਰ ਤਕ ਅੱਤਵਾਦੀ ਫੈਲੇ ਹੋਏ ਹਨ, ਜੋ ਵੱਖ-ਵੱਖ ਅੱਧਾ ਦਰਜਨ ਸਮੂਹਾਂ ਦੇ ਹਨ। ਇਨ੍ਹਾਂ ਸਮੂਹਾਂ ਵਿਚਾਲੇ ਝਗੜੇ ਹੁੰਦੇ ਰਹਿੰਦੇ ਹਨ, ਜੋ ਉਨ੍ਹਾਂ ਤਾਕਤਾਂ ਨਾਲ ਨੇੜਤਾ ਹੋਣ ਦਾ ਦਾਅਵਾ ਕਰਦੇ ਹਨ, ਜੋ ਸੀਰੀਆ ’ਤੇ ਆਪਣਾ ਦਾਅਵਾ ਪ੍ਰਗਟਾਉਂਦੀਅਾਂ ਹਨ। 
ਇਨ੍ਹਾਂ ਸਮੂਹਾਂ ਦੀ ਹੈਰਾਨ ਕਰਨ ਵਾਲੀ ਲੜੀ ’ਚ ਅਲ ਨੁਸਰਾ ਫਰੰਟ, ਹਾਯਾ ਤਹਿਰੀਰ-ਏ-ਸ਼ਾਮ, ਤੁਰਕਿਸਤਾਨ ਇਸਲਾਮਿਕ ਫਰੰਟ ਸ਼ਾਮਿਲ ਹਨ, ਜਿਨ੍ਹਾਂ ਦੇ ਸ਼ਿਨਜਿਅਾਨ ’ਚ ਉਈਗੁਰ ਸਮੂਹਾਂ ਨਾਲ ਸਬੰਧ ਹਨ। ਇਸ ਤੋਂ ਇਲਾਵਾ ਪੀ. ਕੇ. ਕੇ. ਦੀਅਾਂ ਸਹਾਇਕ ਇਕਾਈਅਾਂ ਵੀ ਹਨ, ਜੋ ਤੁਰਕੀ ਨਾਲ ਸਬੰਧਿਤ ਹਨ। ਇਥੇ ਚੇਚਨਜ਼ ਨੂੰ ਨਹੀਂ ਭੁਲਾਇਆ ਜਾ ਸਕਦਾ, ਜੋ ਕਾਕਾਸ਼ਸ ’ਤੇ ਨਿਸ਼ਾਨਾ ਲਾਈ ਬੈਠੇ ਹਨ। ਇਕ ਇਥੇ ਫ੍ਰੀ ਸੀਰੀਅਨ ਫਰੰਟ ਹੈ। 
ਦਮਿਸ਼ਕ ਲਈ ਅੱਤਵਾਦੀ ਇਕ ਅੱਤਵਾਦੀ ਹੀ ਹੈ ਤੇ ਉਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਦੂਜੇ ਪਾਸੇ ਤੁਰਕੀ ’ਚ ਕੁਝ ਹੋਰ ਸਮੂਹ ਹਨ, ਮਿਸਾਲ ਵਜੋਂ ਤਹਿਰੀਰ-ਏ-ਸ਼ਾਮ, ਜਿਸ ਦੀ ਕੁਰਦਿਸ਼ ਸਮੂਹਾਂ ਨਾਲ ਅੰਕਾਰਾ ਦੇ ਝਗੜਿਅਾਂ ’ਚ ਦਾਅਵੇਦਾਰੀ ਹੈ। ਅਮਰੀਕਾ ਜ਼ਿਆਦਾਤਰ ਅੱਤਵਾਦੀ ਸਮੂਹਾਂ ਦੀ ਸੁਰੱਖਿਆ ਚਾਹੇਗਾ ਕਿਉਂਕਿ ਜਦੋਂ ਵੀ ਬਸ਼ਰ ਅਲ-ਅਸਦ ’ਤੇ ਵਾਧੂ ਦਬਾਅ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਇਹ ਸਮੂਹ ਹਮੇਸ਼ਾ ਕੰਮ ਆਉਂਦੇ ਹਨ ਜੇਕਰ ਬਸ਼ਰ ਅਲ-ਅਸਦ ਸੀਰੀਆ ’ਚ ਜ਼ਿਆਦਾ ਬੇਸ ਬਣਾਉਣ ਦੀ ਇਜਾਜ਼ਤ ਦਿੰਦੇ ਹਨ ਤਾਂ ਅਮਰੀਕਾ ਸ਼ਾਇਦ ਕੁਝ ਮਾਮਲਿਅਾਂ ਲਈ ਵਿਚੋਲਗੀ ਕਰਨ ਨੂੰ ਤਿਆਰ ਹੋ ਸਕਦਾ ਸੀ। 
ਅਫਗਾਨਿਸਤਾਨ, ਇਰਾਕ, ਸੀਰੀਆ ਤੇ ਇਥੋਂ ਤਕ ਕਿ ਕੋਸੋਵੋ, ਭਾਵ ਹਰ ਜਗ੍ਹਾ ਅਮਰੀਕੀਅਾਂ ਦੇ ਹਿੱਤ ਜ਼ਰੂਰ ਹਨ। ਸਰਬੀਆ ’ਤੇ 72 ਦਿਨਾਂ ਦੀ ਬੰਬਾਰੀ ਤੋਂ ਬਾਅਦ ਸਲੋਬੋਡਾਨ ਮਾਈਲੋਸੇਵਿਕ ਨੂੰ ਹਟਾ ਕੇ ਕੋਸੋਵੋ ਦਾ ਆਜ਼ਾਦ ਰੁਝਾਨ ਬਣਾਉਣ ਤੋਂ ਬਾਅਦ ਅਮਰੀਕਾ ਉਥੋਂ ਉਦੋਂ ਹੀ ਹਟਿਆ, ਜਦੋਂ ਉਸ ਨੇ ਮਕਦੂਨੀਆ ਨੇੜੇ ਬਾਂਡ ਸਟੀਲ ਬਣਾ ਲਿਆ, ਜੋ ਵੀਅਤਨਾਮ ਤੋਂ ਬਾਅਦ ਉਸ ਦਾ ਸਭ ਤੋਂ ਵੱਡਾ ਫੌਜੀ ਅੱਡਾ ਹੈ।
 ਇਸੇ ਤਰ੍ਹਾਂ ਉਹ ਅਫਗਾਨਿਸਤਾਨ ’ਚ ਵੀ ਪ੍ਰਤੱਖ ਤੌਰ ’ਤੇ ਓਸਾਮਾ-ਬਿਨ-ਲਾਦੇਨ ਨੂੰ ਖਤਮ ਕਰਨ ਲਈ ਦਾਖਲ ਹੋਇਆ ਸੀ ਪਰ ਪਿਛਲੇ 17 ਸਾਲਾਂ ਤੋਂ ਜ਼ਿਆਦਾ ਸਮੇਂ ਦੌਰਾਨ ਅਮਰੀਕਾ ਨੇ ਪਾਕਿਸਤਾਨ ’ਚ ਦੁਨੀਆ ਦੇ ਇਕੋ-ਇਕ ਮੁਸਲਿਮ ਪ੍ਰਮਾਣੂ ਬੰਬ, ਈਰਾਨ, ਮੱਧ ਏਸ਼ੀਆਈ ਗਣਰਾਜਾਂ ਅਤੇ ਸ਼ਿਨਜਿਆਨ ਨੂੰ ਆਪਣੇ ਦਾਇਰੇ ’ਚ ਰੱਖਣ ਲਈ ਉਥੇ ਆਪਣੇ ਕਈ ਹਿੱਤ ਵਿਕਸਿਤ ਕਰ ਲਏ ਹਨ, ਜਿਨ੍ਹਾਂ ’ਚ ਖਣਿਜ, ਯੂਨੋਕਾਲ ਪਾਈਪ ਲਾਈਨ ਅਤੇ ਹੇਲਮੰਡ ’ਚ ਸਥਿਤ ਅਫੀਮ ਦੇ ਖੇਤ ਸ਼ਾਮਿਲ ਹਨ। 
ਇਦਲਿਬ ’ਚ ਵੀ ਅਮਰੀਕਾ ਦੇ ਕਈ ਤਰ੍ਹਾਂ ਦੇ ਹਿੱਤ ਹਨ। ਸੀਰੀਆ ’ਚ ਇਦਲਿਬ ਇਕ ਅਜਿਹਾ ਖੇਤਰ ਹੈ, ਜਿਥੇ ਸਾਰੇ ਖੇਤਰੀ ਤੇ ਸੰਸਾਰਕ ਦਾਅਵੇਦਾਰਾਂ ਨੇ ਆਪਣੇ ਹਿੱਤ ਪਾਲੇ ਹੋਏ ਹਨ ਅਤੇ ਆਪੋ-ਆਪਣੇ ‘ਲੜਾਕਿਅਾਂ’, ‘ਅੱਤਵਾਦੀਅਾਂ’ ਅਤੇ ‘ਨਰਮ ਸਮੂਹਾਂ’ ਨੂੰ ਧੱਕਿਆ ਹੋਇਆ ਹੈ। 
ਸੀਰੀਆ, ਰੂਸ ਅਤੇ ਈਰਾਨ ਲਈ ਉਹ ਸਾਰੇ ਇਕੋ ਜਿਹੇ ਹਨ ਤੇ ਉਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਪਰ ਇਹ ਹੱਲ ਤੁਰਕੀ ਲਈ ਇਕ ਸਰਾਪ ਹੈ। ਇਹ ਦੇਸ਼ ਪਹਿਲਾਂ ਹੀ 35 ਲੱਖ ਸ਼ਰਨਾਰਥੀਅਾਂ ਨੂੰ ਪਨਾਹ ਦੇ ਚੁੱਕਾ ਹੈ। ਇਦਲਿਬ ’ਤੇ ਬੰਬਾਰੀ ਕਾਰਨ ਹੋਰ 25 ਲੱਖ ਨਾਗਰਿਕ ਤੁਰਕੀ ਦੀ ਸਰਹੱਦ ਪਾਰ ਕਰਨ ਲਈ ਮਜਬੂੂਰ ਹੋਣਗੇ। 
ਅਮਰੀਕਾ ਨਾ ਸਿਰਫ ਇਸ ਖੇਤਰ ’ਚ ਆਪਣੇ ਅੱਡੇ ਬਣਾਉਣਾ ਚਾਹੇਗਾ, ਜਿਵੇਂ ਕਿ ਅਮਰੀਕੀਅਾਂ ਦੀ ਆਦਤ ਹੈ, ਸਗੋਂ ਇਸ ਦੇ ਕੰਟਰੋਲ ’ਚ ਇਕ ਹੋਰ ਸੰਭਾਵੀ ਰਾਜ ਹੋਵੇਗਾ। ਇਹ ਘਰ ਤੋਂ ਦੂਰ ਪੱਛਮੀ ਏਸ਼ੀਆ ’ਚ ਦੂਜਾ ਘਰ ਹੋਵੇਗਾ, ਬਿਲਕੁਲ ਉਸੇ ਤਰ੍ਹਾਂ, ਜਿਵੇਂ ਇਸਰਾਈਲ। 
ਇਕ ਹੋਰ ਵੱਡਾ ਵਿਚਾਰ ਇਸਰਾਈਲ ਦੀ ਸੰਤੁਸ਼ਟੀ ਲਈ ਸੀਰੀਆ ਨੂੰ ਵੰਡਣ ਦਾ ਹੈ। ਸੀਰੀਆ ਨੂੰ ਚਾਰ ਹਿੱਸਿਅਾਂ ’ਚ ਵੰਡਣ ਦਾ ਵਿਚਾਰ ਓਨਾ ਹੀ ਪੁਰਾਣਾ ਹੈ, ਜਿੰਨੀਅਾਂ ਕਿ ਇਥੋਂ ਦੀਅਾਂ ਪਹਾੜੀਅਾਂ ਪਰ ਹੋਰ ਸਾਰੀਅਾਂ ਤਾਕਤਾਂ, ਮਿਸਾਲ ਵਜੋਂ ਈਰਾਨ, ਤੁਰਕੀ ਤੇ ਰੂਸ ਅਜਿਹਾ ਨਹੀਂ ਹੋਣ ਦੇਣਗੀਅਾਂ। ਜਦੋਂ ਪਿਛਲੇ ਹਫਤੇ ਤਿੰਨੇ ਤਾਕਤਾਂ ਤਹਿਰਾਨ ’ਚ ਮਿਲੀਅਾਂ ਤਾਂ ਇਕ ਮੁੱਦੇ ’ਤੇ ਉਨ੍ਹਾਂ ਦੀ ਸਰਵਸੰਮਤੀ ਸੀ ਤੇ ਉਹ ਸੀ ਸੀਰੀਆ ਦੀ ਖੇਤਰੀ ਅਖੰਡਤਾ।