‘ਆਈ. ਐੱਸ.’ ਕਿਸੇ ਵੀ ਤਰ੍ਹਾਂ ਇਸਲਾਮ ਦੀ ਨੁਮਾਇੰਦਗੀ ਨਹੀਂ ਕਰਦਾ

11/13/2018 6:54:32 AM

ਪਿਛਲੇ ਦਿਨੀਂ ਰਾਇਲ ਸਵੀਡਿਸ਼ ਅਕੈਡਮੀ ਨੇ ਸੰਨ 2018 ’ਚ ਸ਼ਾਂਤੀ ਯਤਨਾਂ ਲਈ ਦਿੱਤੇ ਜਾਣ ਵਾਲੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਕੀਤਾ। ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਡੈਨਿਸ ਮੁਕਵੇਗੇ ਅਤੇ ਨਾਦੀਆ ਮੁਰਾਦ ਨੂੰ ਦਿੱਤਾ ਜਾਵੇਗਾ। ਨਾਦੀਆ ਮੁਰਾਦ ਦੇ ਨਾਂ ਦਾ ਐਲਾਨ ਹੁੰਦਿਅਾਂ ਹੀ ਦੁਨੀਆ ਦੇ ਖਤਰਨਾਕ ਅੱਤਵਾਦੀ ਸੰਗਠਨ ‘ਆਈ. ਐੱਸ.’ (ਇਸਲਾਮਿਕ ਸਟੇਟ) ਦਾ ਉਹ ਚਿਹਰਾ ਇਕ ਵਾਰ ਫਿਰ ਸਾਹਮਣੇ ਆ ਗਿਆ, ਜਿਸ ਬਾਰੇ ਇਹੋ ਮਾਨਤਾ ਹੈ ਕਿ ਇਹ ਮੂਲ ਤੌਰ ’ਤੇ ਇਸਲਾਮ ਦੀ ਨੁਮਾਇੰਦਗੀ ਕਰਦਾ ਹੈ। ਨਾਦੀਆ ਮੁਰਾਦ ਇਰਾਕ ਦੇ ਘੱਟਗਿਣਤੀ ਯਜੀਦੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਨਾਦੀਆ ਨੂੰ ਆਈ. ਐੱਸ. ਵਲੋਂ ਕਾਫੀ ਸਮੇਂ ਤੋਂ ਬੰਧਕ ਬਣਾ ਕੇ ਰੱਖਿਆ ਗਿਆ ਸੀ ਤੇ ਇਸ ਦੌਰਾਨ ਉਸ ਨਾਲ ਕਈ ਵਾਰ ਬਲਾਤਕਾਰ ਤੇ ਹੋਰ ਕਈ ਤਰੀਕਿਅਾਂ ਨਾਲ ਉਸ ਦਾ ਸ਼ੋਸ਼ਣ ਕੀਤਾ ਗਿਆ। 
ਨਾਦੀਆ ਨੇ ਹੀ ਦੁਨੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਈ. ਐੱਸ. ਦੇ ਅੱਤਵਾਦੀ ਕੁੜੀਅਾਂ ਨੂੰ ‘ਸੈਕਸ ਗੁਲਾਮ’ ਬਣਾ ਕੇ ਆਪਣੇ ਮਨਸੂਬੇ ਪੂਰੇ ਕਰਦੇ ਹਨ।  ਦਸੰਬਰ  2015 ’ਚ  ਨਾਦੀਆ  ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਸਾਹਮਣੇ ਪੇਸ਼ ਹੋਈ ਸੀ ਅਤੇ ਸਾਰੇ ਦੇਸ਼ਾਂ ਦੇ ਨੁਮਾਇੰਦਿਅਾਂ ਸਾਹਮਣੇ ਉਥੇ ਆਪਣੇ ’ਤੇ ਹੋਏ ਜ਼ੁਲਮਾਂ ਬਾਰੇ ਖੁੱਲ੍ਹ  ਕੇ ਦੱਸਿਆ ਸੀ। ਨਾਦੀਆ ਨੇ ਆਈ. ਐੱਸ. ਦੀ ਜੋ ਕਹਾਣੀ ਦੱਸੀ, ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। 
ਨਾਦੀਆ ਅਨੁਸਾਰ ਉਸ ਨੂੰ ਅਤੇ ਹੋਰਨਾਂ ਕੁੜੀਅਾਂ ਨੂੰ ਅਗਸਤ 2014 ’ਚ ਅਗਵਾ ਕਰ ਕੇ ਮੋਸੁਲ ’ਚ ਸਥਿਤ ਇਸਲਾਮਿਕ ਕੋਰਟ ’ਚ ਲਿਜਾਇਆ ਗਿਆ ਸੀ, ਜਿੱਥੇ ਹਰ ਇਕ ਔਰਤ ਦੀ ਫੋਟੋ ਖਿੱਚੀ ਜਾਂਦੀ ਸੀ। ਔਰਤਾਂ ਦੀਅਾਂ ਖਿੱਚੀਅਾਂ ਗਈਅਾਂ ਹਜ਼ਾਰਾਂ ਫੋਟੋਅਾਂ ਨਾਲ ਇਕ ਫੋਨ ਨੰਬਰ ਹੁੰਦਾ ਸੀ। ਇਹ ਫੋਨ ਨੰਬਰ ਉਸ ਅੱਤਵਾਦੀ ਲੜਾਕੇ ਦਾ ਹੁੰਦਾ ਸੀ, ਜੋ ਉਸ ਔਰਤ/ਕੁੜੀ ਲਈ ਜ਼ਿੰਮੇਵਾਰ ਹੁੰਦਾ ਸੀ। 
ਹਰ ਜਗ੍ਹਾ ਤੋਂ ਆਈ. ਐੱਸ. ਦੇ ਲੜਾਕੇ ਇਸਲਾਮਿਕ ਕੋਰਟ ’ਚ ਆਉਂਦੇ, ਫੋਟੋਅਾਂ ਦੇਖ ਕੇ ਆਪਣੇ ਲਈ ਕੁੜੀਅਾਂ ਚੁਣਦੇ। ਇਹ ਇਕ ਤਰ੍ਹਾਂ ਨਾਲ ਕੁੜੀਅਾਂ ਦੀਅਾਂ ਫੋਟੋਅਾਂ ਦੀ ਪ੍ਰਦਰਸ਼ਨੀ ਹੁੰਦੀ ਸੀ, ਜਿੱਥੇ ਕਿਸੇ ਕੁੜੀ ਨੂੰ ਪਸੰਦ ਕਰਨ ਵਾਲਾ ਲੜਾਕਾ ਉਸ ਦਾ ਸੌਦਾ ਤੈਅ ਕਰਦਾ ਸੀ। ਖਰੀਦਣ ਤੋਂ ਬਾਅਦ ਲੜਕੀ ਦਾ ਨਵਾਂ ਮਾਲਕ ਚਾਹੇ ਉਸ ਨੂੰ ‘ਕਿਰਾਏ’ ਉੱਤੇ ਦੇਵੇ ਜਾਂ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਤੋਹਫੇ ’ਚ ਦੇ ਦੇਵੇ। 
ਨਾਦੀਆ ਨੇ ਦੱਸਿਆ ਸੀ ਕਿ ਆਈ. ਐੱਸ. ਦੇ ਅੱਤਵਾਦੀ ਬੇਹੋਸ਼ ਹੋਣ ਤਕ ਉਸ ਨਾਲ ਬਲਾਤਕਾਰ ਕਰਦੇ ਸਨ। ਆਈ. ਐੱਸ. ਨੇ ਨਾਦੀਆ ਅਤੇ ਲੱਗਭਗ 150 ਹੋਰ ਕੁੜੀਅਾਂ ਨੂੰ ਵੀ ਅਗਵਾ ਕੀਤਾ ਸੀ ਤੇ ਲੱਗਭਗ 3 ਮਹੀਨੇ ਉਨ੍ਹਾਂ ਸਾਰੀਅਾਂ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ। ਜ਼ਿਕਰਯੋਗ ਹੈ ਕਿ ਆਈ. ਐੱਸ. ਨੇ ਨਾਦੀਆ ਮੁਰਾਦ ਦੇ ਨਾਲ ਹੀ ਉਸ ਦੀ ਭੈਣ ਨੂੰ ਵੀ ਉੱਤਰੀ ਇਰਾਕ ਦੇ ਸਿੰਜਾਰ ਇਲਾਕੇ ’ਚ ਪੈਂਦੇ ਉਨ੍ਹਾਂ ਦੇ ਪਿੰਡ ਤੋਂ ਹੀ ਅਗਵਾ ਕਰ ਲਿਆ ਸੀ। ਇਸ ਦੌਰਾਨ ਨਾਦੀਆ ਦੇ 6 ਭਰਾਵਾਂ ਤੇ ਉਸ ਦੀ ਮਾਂ ਨੂੰ ਇਨ੍ਹਾਂ ਜੇਹਾਦੀ ਅੱਤਵਾਦੀਅਾਂ ਨੇ ਮਾਰ ਦਿੱਤਾ ਸੀ। ਅਗਵਾ ਕੀਤੀਅਾਂ ਇਨ੍ਹਾਂ ਦੋਹਾਂ ਭੈਣਾਂ ਨਾਲ ਅੱਤਵਾਦੀਅਾਂ ਵਲੋਂ ਕਈ ਵਾਰ ਬਲਾਤਕਾਰ ਕੀਤਾ ਗਿਆ।
ਉਹ ਨਾਦੀਆ ਹੀ ਸੀ, ਜਿਸ ਦੇ ਜ਼ਰੀਏ ਪਤਾ ਲੱਗਾ ਕਿ ਅੱਤਵਾਦੀ ਸਾਰੀਅਾਂ ਕੁੜੀਅਾਂ ਨੂੰ ਆਪਸ ’ਚ ਕਿਸੇ ਚੀਜ਼ ਵਾਂਗ ਬਦਲਦੇ ਰਹਿੰਦੇ ਸਨ। ਅੱਤਵਾਦੀਅਾਂ ਤੋਂ ਡਰ ਕੇ ਕੈਦ ਕੀਤੀਅਾਂ ਗਈਅਾਂ ਕਈ ਕੁੜੀਅਾਂ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਤਕ ਦੇ ਦਿੱਤੀ ਸੀ। ਇਕ ਦਿਨ ਕਿਸੇ ਤਰ੍ਹਾਂ ਮੌਕਾ ਪਾ ਕੇ ਨਾਦੀਆ ਉਨ੍ਹਾਂ ਦੇ ਕੈਦਖਾਨੇ ’ਚੋਂ ਭੱਜ ਨਿਕਲੀ ਤੇ ਮੋਸੁਲ ਦੇ ਇਕ ਸ਼ਰਨਾਰਥੀ ਕੈਂਪ ’ਚ ਪਹੁੰਚ ਗਈ। ਹਾਲਾਂਕਿ ਇਹ ਅੱਤਵਾਦੀਅਾਂ ਦਾ ਖੌਫ਼ ਹੀ ਹੈ ਕਿ ਨਾਦੀਆ ਆਪਣੇ ਭੱਜਣ ਦੀ ਘਟਨਾ ਬਾਰੇ ਖੁੱਲ੍ਹ ਕੇ ਨਹੀਂ ਦੱਸਦੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰਨ ’ਤੇ ਬਾਕੀ ਕੁੜੀਅਾਂ ਲਈ ਖਤਰਾ ਵਧ ਸਕਦਾ ਹੈ। 
ਨਾਦੀਆ ਨੇ ਦੁਨੀਆ ਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਈ. ਐੱਸ. ਦੇ ਖਾਤਮੇ ਲਈ ਅੱਗੇ ਆਉਣ, ਜਿਸ ਨੇ ਦੁਨੀਆ ਭਰ ’ਚ ਆਪਣੇ ਸੰਗਠਨ ਨੂੰ ਇਸਲਾਮ ਦਾ ਸੱਚਾ ਨੁਮਾਇੰਦਾ ਦੱਸਣ ’ਚ ਕੋਈ ਕਸਰ ਨਹੀਂ ਛੱਡੀ, ਜਦਕਿ ਆਈ. ਐੱਸ. ਦੀਅਾਂ ਹਰਕਤਾਂ ਸਰਾਸਰ ਗੈਰ-ਇਸਲਾਮੀ ਹਨ। ਆਈ. ਐੱਸ. ਦੇ ਜ਼ੁਲਮਾਂ ਦੀ ਕਹਾਣੀ ਕਾਫੀ ਲੰਮੀ ਹੈ। ਕਿਸੇ ਨੂੰ ਅਗਵਾ ਕਰਨਾ ਤੇ ਫਿਰ ਉਸ ਦੇ ਪਰਿਵਾਰ ਨੂੰ ਕਤਲ ਕਰ ਦੇਣਾ, ਅਗਵਾ ਕੀਤੀਅਾਂ ਔਰਤਾਂ ਨਾਲ ਬਲਾਤਕਾਰ ਕਰਨਾ ਆਖਿਰ ਧਰਮ ਦੇ ਦਾਇਰੇ ’ਚ ਕਿਵੇਂ ਆਉਂਦਾ ਹੈ? ਇਹ ਸਿਰਫ ਜ਼ੁਲਮ ਹੈ ਅਤੇ ਇੰਨਾ ਤੈਅ ਹੈ ਕਿ ਕੋਈ ਜ਼ਾਲਮ ਮੁਸਲਮਾਨ ਅਖਵਾਉਣ ਲਾਇਕ ਹੋ ਹੀ ਨਹੀਂ ਸਕਦਾ।
ਨਾਦੀਆ ਜਦੋਂ ਮੋਸੁਲ ਦੀਅਾਂ ਗਲੀਅਾਂ ’ਚ ਭੱਜ ਰਹੀ ਸੀ ਤਾਂ ਉਸ ਨੇ ਇਕ ਮੁਸਲਿਮ ਪਰਿਵਾਰ ਦੇ ਘਰ ਦਾ ਬੂਹਾ ਖੜਕਾਇਆ ਤੇ ਉਸ ਨੂੰ ਆਪਣੀ ਹੱਡਬੀਤੀ ਸੁਣਾਈ। ਉਸ ਪਰਿਵਾਰ ਨੇ ਨਾਦੀਆ ਨੂੰ ਕੁਰਦਿਸਤਾਨ ਦੀ ਹੱਦ ਤਕ ਸੁਰੱਖਿਅਤ ਪਹੁੰਚਾਉਣ ’ਚ ਮਦਦ ਕੀਤੀ। ਉਸ ਗੁੰਮਨਾਮ ਮੁਸਲਿਮ ਪਰਿਵਾਰ ਨੇ ਆਈ. ਐੱਸ. ਦੇ ਵਿਰੁੱਧ ਜਾ ਕੇ ਇਕ ਮਜ਼ਲੂਮ ਦੀ ਮਦਦ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਇਸਲਾਮ ’ਚ ਹਮਦਰਦੀ ਦੀ ਕਿੰਨੀ ਮਹੱਤਤਾ ਹੈ। ਆਪਣੀ ਜਾਨ ’ਤੇ ਖੇਡ ਕੇ ਮਜ਼ਲੂਮ ਦੀ ਹਿਫਾਜ਼ਤ ਕਰਨਾ ਇਸਲਾਮ ਦੀ ਸਹੀ ਸਿੱਖਿਆ ਨੂੰ ਦਰਸਾਉਂਦਾ ਹੈ। 
ਨੇਕੀ ਦੇ ਰਾਹ ’ਤੇ ਚੱਲਦਿਅਾਂ ਹਰ ਪੀੜਤ ਅਤੇ ਮਜ਼ਲੂਮ ਦੀ ਸਹਾਇਤਾ ਕਰਨਾ ਹੀ ਇਸਲਾਮ ਦਾ ਸੰਦੇਸ਼ ਹੈ ਤੇ ਇਸ ਨੂੰ ਅਪਣਾਉਣਾ ਹਰੇਕ ਮੁਸਲਮਾਨ ਦਾ ਫਰਜ਼ ਹੋਣਾ ਚਾਹੀਦਾ ਹੈ। ਆਈ. ਐੱਸ. ਸਮੇਤ ਉਹ ਸਾਰੇ ਲੋਕ, ਜੋ ਕਤਲੋ-ਗਾਰਤ ਤੇ ਦਹਿਸ਼ਤਗਰਦੀ ਦੇ ਕੰਮਾਂ ਨੂੰ ਇਸਲਾਮ ਦੇ ਹੁਕਮ ਮੁਤਾਬਿਕ ਦੱਸਦੇ ਹਨ, ਅਸਲ ’ਚ ਪਵਿੱਤਰ ਕੁਰਾਨ ਤੇ ਰਸੂਲ ਦੀਅਾਂ ਸਿੱਖਿਆਵਾਂ ਦਾ ਅਪਮਾਨ ਕਰਦੇ ਹਨ ਕਿਉਂਕਿ ਕੁਰਾਨ ਉਹ ਗ੍ਰੰਥ ਹੈ, ਜਿਸ ਨੇ ਇਕ ਕਤਲ ਦੇ ਅਪਰਾਧ ਨੂੰ ਪੂਰੀ ਇਨਸਾਨੀਅਤ ਦਾ ਕਤਲ ਕਰਨ ਦੇ ਅਪਰਾਧ ਦੇ ਬਰਾਬਰ ਰੱਖਿਆ ਤੇ ਕਿਹਾ ਕਿ ਜਿਸ ਨੇ ਕਿਸੇ ਬੇਗੁਨਾਹ ਦਾ ਕਤਲ ਕੀਤਾ ਜਾਂ ਜ਼ਮੀਨ ’ਤੇ ਕਿਤੇ ਦੰਗਾ-ਫਸਾਦ ਨੂੰ ਫੈਲਾਇਆ, ਸਮਝੋ ਉਸ ਨੇ ਪੂਰੀ ਇਨਸਾਨੀਅਤ ਦਾ ਕਤਲ ਕੀਤਾ (ਅਲ-ਕੁਰਾਨ-5.32)।
ਮਜ਼ਲੂਮਾਂ ਦੀ ਮਦਦ ਕਰਨਾ ਸਭ ਤੋਂ ਵੱਡੀ ਇਬਾਦਤ ਹੈ। ਉਸ ਵਿਅਕਤੀ ’ਤੇ ਕਦੇ ਅੱਤਿਆਚਾਰ ਨਾ ਕਰਨਾ, ਜਿਸ ਦਾ ਕੋਈ ਮਦਦਗਾਰ ਨਾ ਹੋਵੇ ਪਰ ਜਿਸ ਦਾ ਕੋਈ ਮਦਦਗਾਰ ਨਹੀਂ ਹੁੰਦਾ, ਉਸ ਦੀ ਮਦਦ ਅੱਲ੍ਹਾ ਕਰਦਾ ਹੈ ਪਰ ਇਸਲਾਮ ਦੇ ਨਾਂ ’ਤੇ ਕਤਲੋ-ਗਾਰਤ ਕਰਨ ਵਾਲੇ ਸਮੂਹ ਦੇ ਵਿਰੁੱਧ ਮੁਸਲਿਮ ਭਾਈਚਾਰੇ ਦੀ ਚੁੱਪ ਰੜਕਦੀ ਹੈ। ਇਹ ਚੁੱਪ ਇਕ ਤਰ੍ਹਾਂ ਨਾਲ ਆਈ. ਐੱਸ. ਦਾ ਅਸਿੱਧਾ ਸਮਰਥਨ ਹੈ। ਅੱਜ ਦੁਨੀਆ ਦੇ ਕਈ ਮੁਸਲਿਮ ਸ਼ਾਸਕਾਂ ਸਾਹਮਣੇ ਬੇਗੁਨਾਹਾਂ ਦੇ ਸਿਰ ਕਲਮ ਕੀਤੇ ਜਾ ਰਹੇ ਹਨ, ਕਮਜ਼ੋਰਾਂ ’ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਕਲੇਜੇ ਚਾਕ ਕੀਤੇ ਜਾ ਰਹੇ ਹਨ ਪਰ ਸਾਰੇ ਮੁਸਲਿਮ ਸ਼ਾਸਕ ਤਮਾਸ਼ਬੀਨ ਬਣੇ ਹੋਏ ਹਨ। 
ਇਸਲਾਮ ਦੀ ਮਾਨਤਾ ਅਨੁਸਾਰ ਕੁਰਾਨ ਜਿਸ ਜਗ੍ਹਾ ‘ਨਾਜ਼ਿਲ’ ਹੋਇਆ ਸੀ, ਪਹਿਲਾਂ ਉਥੋਂ ਦੇ ਇਨਸਾਨਾਂ ਦੀ ਨਜ਼ਰ ’ਚ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਸੀ। ਉਹ ਗੱਲ-ਗੱਲ ’ਤੇ ਇਕ-ਦੂਜੇ ਦਾ ਖੂਨ ਵਹਾ ਦਿੰਦੇ ਸਨ, ਲੁੱਟਮਾਰ ਕਰਦੇ ਸਨ। ਫਿਰ ਕੁਰਾਨ ਦੇ ਅਵਤਾਰ ਨੇ ਨਾ ਸਿਰਫ ਇਸ ਕਤਲੋ-ਗਾਰਤ ਨੂੰ ਨਾਜਾਇਜ਼ ਦੱਸਿਆ, ਸਗੋਂ ਕਾਤਲਾਂ ਲਈ ਸਜ਼ਾ ਦੀ ਵਿਵਸਥਾ ਵੀ ਤੈਅ ਕੀਤੀ। 
ਜਿਹੜੇ ਅੱਤਵਾਦੀ ਖੁਦ ਨੂੰ ਕੁਰਾਨ ਨੂੰ ਮੰਨਣ ਵਾਲੇ ਕਹਿੰਦੇ ਹਨ, ਉਨ੍ਹਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਸਲਾਮ ’ਚ ਇਹ ਸਖਤ ਤਾਕੀਦ ਕੀਤੀ ਗਈ ਹੈ ਕਿ ਅੱਲ੍ਹਾ ਦੀ ਬਣਾਈ ਇਸ ਧਰਤੀ ’ਤੇ ਕੋਈ ਫਸਾਦ, ਹਿੰਸਾ ਨਾ ਹੋਵੇ ਪਰ ਆਈ. ਐੱਸ. ਨੇ ਤਾਂ ਦੁਨੀਆ ਭਰ ’ਚ ਹਿੰਸਾ ਫੈਲਾਈ ਹੋਈ ਹੈ। ਭਾਰਤ ਦੇ ਕਸ਼ਮੀਰ ਸਮੇਤ ਕਈ ਸੂਬਿਅਾਂ ਤੋਂ ਨੌਜਵਾਨ ਆਈ. ਐੱਸ. ਵਿਚ ਸ਼ਾਮਿਲ ਹੋ ਕੇ ਮੁਸਲਿਮ ਸਮਾਜ ਨੂੰ ਕਲੰਕਿਤ ਕਰ ਚੁੱਕੇ ਹਨ। ਸੋਚਣ ਵਾਲੀ ਗੱਲ ਹੈ ਕਿ ਕੀ ਆਈ. ਐੱਸ. ਕੁਰਾਨ ਅਤੇ ਹਦੀਸ ਦੇ ਕਿਸੇ ਵੀ ਪੈਮਾਨੇ ’ਤੇ ਖਰਾ ਉਤਰਦਾ ਹੈ? 
ਜੇ ਸਹੀ ਇਸਲਾਮ ਦੇ ਵੱਕਾਰ ਅਤੇ ਨਸੀਹਤਾਂ ਨੂੰ ਕਾਇਮ ਰੱਖਣਾ ਹੈ ਤਾਂ ਆਈ. ਐੱਸ. ਦਾ ਜੜ੍ਹੋਂ ਨਾਸ਼ ਕਰਨਾ ਜ਼ਰੂਰੀ ਹੈ। ਪੈਗੰਬਰ ਮੁਹੰਮਦ ਸਾਹਿਬ ਦਾ ਫਰਮਾਨ ਹੈ ਕਿ ਕੋਈ ਵੀ ਆਦਮੀ ਜੇ ਮਦਦ ਲਈ ਪੁਕਾਰੇ ਅਤੇ ਮੁਸਲਮਾਨ ਉਸ ਦੀ ਮਦਦ ਨਾ ਕਰੇ ਤਾਂ ਉਹ ਮੁਸਲਮਾਨ ਨਹੀਂ ਹੋ ਸਕਦਾ ਪਰ ਇਥੇ ਤਾਂ ਪਤਾ ਨਹੀਂ ਕਿੰਨੀਅਾਂ ਮਾਸੂਮ  ਜਿੰਦਾਂ ਆਈ. ਐੱਸ. ਵਿਰੁੱਧ ਦੁਨੀਆ ਤੋਂ ਮਦਦ ਮੰਗ ਰਹੀਅਾਂ ਹਨ।                    (‘ਸਾਮਨਾ’ ਤੋਂ ਧੰਨਵਾਦ ਸਹਿਤ)