ਇਤਿਹਾਸ ਦੀ ਬੇਜੋੜ ਘਟਨਾ ਹੋਵੇਗੀ 'ਹਾਊਡੀ ਮੋਦੀ'

09/22/2019 2:25:24 AM

ਇਤਿਹਾਸ ਜਦੋਂ ਬਣਦਾ ਹੈ ਤਾਂ ਕੁਝ ਇਸ ਤਰ੍ਹਾਂ ਅਚਾਨਕ ਅਤੇ ਅਣਕਿਆਸੇ ਤੌਰ 'ਤੇ ਕਿ ਵਿਸ਼ਵ ਹੈਰਾਨ ਹੋ ਕੇ ਦੇਖਦਾ ਰਹਿ ਜਾਂਦਾ ਹੈ। ਅਮਰੀਕਾ ਦੇ ਪ੍ਰਸਿੱਧ ਨਗਰ ਹਿਊਸਟਨ ਵਿਚ 'ਹਾਊਡੀ ਮੋਦੀ', ਭਾਵ 'ਤੁਸੀਂ ਕਿਵੇਂ ਹੋ ਮੋਦੀ ਜੀ', ਦਾ ਪ੍ਰੋਗਰਾਮ ਅਮਰੀਕਾ ਦੇ ਇਤਿਹਾਸ ਹੀ ਨਹੀਂ, ਸਗੋਂ ਵਿਸ਼ਵ ਇਤਿਹਾਸ ਦੀ ਅਜਿਹੀ ਬੇਜੋੜ ਘਟਨਾ ਹੋਵੇਗੀ, ਜਿਸ 'ਤੇ ਆਉਣ ਵਾਲੇ ਲੰਮੇ ਸਮੇਂ ਤਕ ਚਰਚਾ ਹੋਵੇਗੀ।
50 ਹਜ਼ਾਰ ਲੋਕਾਂ ਦੀ ਭੀੜ ਨੂੰ ਇਕੱਠਿਆਂ ਸੰਬੋਧਨ ਕਰਨਾ ਇਹ ਕੋਈ ਵੀ ਪੱਛਮੀ ਦੇਸ਼ ਦਾ ਵੱਡੇ ਤੋਂ ਵੱਡਾ ਨੇਤਾ ਵੀ ਸੋਚ ਨਹੀਂ ਸਕਦਾ। ਉਥੇ ਇਸ ਤਰ੍ਹਾਂ ਦੀਆਂ ਵਿਸ਼ਾਲ ਜਨ-ਸਭਾਵਾਂ ਦਾ ਕੋਈ ਵਿਚਾਰ ਹੀ ਨਹੀਂ ਹੈ। 100-500 ਦੀ ਸਭਾ ਬਹੁਤ ਚੰਗੀ ਮੰਨੀ ਜਾਂਦੀ ਹੈ ਅਤੇ ਗਿਣਤੀ ਜੇਕਰ 1000-2000 ਤੋਂ ਉਪਰ ਚਲੀ ਗਈ ਤਾਂ ਇਸ ਨੂੰ ਇਤਿਹਾਸਿਕ ਕਹਿ ਦਿੱਤਾ ਜਾਂਦਾ ਹੈ।
ਅਮਰੀਕਾ ਵਿਚ ਰਹਿਣ ਵਾਲੇ, ਜ਼ਿਆਦਾਤਰ ਉਥੋਂ ਦੇ ਨਿਵਾਸੀ ਭਾਰਤੀਆਂ ਦੀ ਗਿਣਤੀ 25 ਲੱਖ ਤੋਂ ਜ਼ਿਆਦਾ ਹੈ। ਉਨ੍ਹਾਂ 'ਚੋਂ ਜ਼ਿਆਦਾਤਰ ਵਿਗਿਆਨੀ, ਇੰਜੀਨੀਅਰ, ਡਾਕਟਰ, ਸਾਫਟਵੇਅਰ ਅਤੇ ਇੰਟਰਨੈੱਟ ਦੇ ਸਿਖਰਲੇ ਮੁਖੀ ਹਨ। ਅੱਜ ਅਮਰੀਕਾ ਵਿਚ ਸਭ ਤੋਂ ਵੱਧ ਆਮਦਨ ਅਤੇ ਸਰਵਉੱਚ ਤਕਨੀਕੀ ਅਤੇ ਹੋਰ ਸਭ ਤੋਂ ਜ਼ਿਆਦਾ ਤਨਖਾਹ ਵਾਲੇ ਅਹੁਦੇ ਭਾਰਤੀ ਮੂਲ ਦੇ ਅਮਰੀਕੀਆਂ ਕੋਲ ਹਨ, ਉਨ੍ਹਾਂ ਕੋਲ ਇਸੇ ਕਾਰਨ ਸਿਆਸੀ ਅਤੇ ਸੰਸਦੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਵੀ ਸਮਰੱਥਾ ਹੋਣੀ ਚਾਹੀਦੀ ਹੈ, ਜੋ ਹੌਲੀ-ਹੌਲੀ ਉਹ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੀ ਤੁਲਨਾ ਸਿਰਫ ਯਹੂਦੀ ਸਮਾਜ ਨਾਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੀ ਗਿਣਤੀ 60 ਤੋਂ 80 ਲੱਖ ਤਕ ਦੱਸੀ ਜਾਂਦੀ ਹੈ ਪਰ ਮੀਡੀਆ ਅਤੇ ਸਿਆਸਤ 'ਤੇ ਉਨ੍ਹਾਂ ਦਾ ਆਪਣੀ ਗਿਣਤੀ ਤੋਂ ਵੀ ਕਈ ਗੁਣਾ ਜ਼ਿਆਦਾ ਪ੍ਰਭਾਵ ਹੈ।

ਡੂੰਘੇ ਕੂਟਨੀਤਿਕ ਅਤੇ ਯੁੱਧਨੀਤਕ ਅਰਥ
ਮੋਦੀ ਦੀ ਹਿਊਸਟਨ ਸਭਾ 'ਚ ਰਾਸ਼ਟਰਪਤੀ ਟਰੰਪ ਦੀ ਹਿੱਸੇਦਾਰੀ ਨਾ ਤਾਂ ਅਚਾਨਕ ਹੈ ਅਤੇ ਨਾ ਸਿਰਫ ਸਪਾਂਸਰਸ਼ਿਪ। ਇਸ ਦੇ ਬਹੁਤ ਡੂੰਘੇ ਕੂਟਨੀਤਕ ਅਤੇ ਯੁੱਧਨੀਤਕ ਅਹਿਮੀਅਤ ਵਾਲੇ ਅਰਥ ਹਨ। ਇਹ ਵਿਸ਼ਾਲ ਅਤੇ ਵਿਸ਼ਵਵਿਆਪੀ ਪ੍ਰਸਿੱਧੀ ਵਾਲਾ ਅਨੋਖਾ ਪ੍ਰੋਗਰਾਮ ਉਸ ਸਮੇਂ ਹੋ ਰਿਹਾ ਹੈ, ਜਦੋਂ ਭਾਰਤ ਨੇ ਮੋਦੀ-ਸ਼ਾਹ ਦੀ ਅਗਵਾਈ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਨਵਾਂ ਰੂਪ, ਨਵਾਂ ਸੁਰ ਅਤੇ ਨਵਾਂ ਵਿਧਾਨਕ ਦਰਜਾ ਦਿੱਤਾ ਹੈ। ਇਸ 'ਤੇ ਪਾਕਿਸਤਾਨ ਸਿਰਫ ਖਿਸਿਆਨੀ ਬਿੱਲੀ ਵਾਂਗ ਹੋ ਕੇ ਰਹਿ ਗਿਆ ਹੈ।
ਟਰੰਪ ਅਤੇ ਮੋਦੀ ਦੀ ਜੋੜੀ ਜਦੋਂ ਹਿਊਸਟਨ 'ਚ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਦੇ ਸਾਹਮਣੇ ਅਤੇ ਵਿਸ਼ਵ 'ਚ ਕਰੋੜਾਂ ਦਰਸ਼ਕਾਂ ਵਲੋਂ ਦੇਖੇ ਜਾਂਦੇ ਇਸ ਪ੍ਰੋਗਰਾਮ ਵਿਚ ਦੋਸਤੀ ਦਾ ਪ੍ਰਗਟਾਵਾ ਕਰੇਗੀ ਅਤੇ ਮੋਦੀ-ਮੋਦੀ-ਮੋਦੀ ਨਾਲ ਸਾਰਾ ਅਮਰੀਕਾ ਗੂੰਜੇਗਾ ਤਾਂ ਇਸ ਦਾ ਅਸਰ ਕੀ ਹੋਵੇਗਾ, ਇਹ ਸੋਚ ਕੇ ਦੁਸ਼ਮਣ ਪ੍ਰੇਸ਼ਾਨ ਅਤੇ ਦੋਸਤ ਬਾਗੋ-ਬਾਗ ਹਨ।
ਪੂਰੇ ਮੁਸਲਿਮ ਵਿਸ਼ਵ 'ਚ ਇਸ ਸਭਾ ਦਾ ਬਹੁਤ ਡੂੰਘਾ ਅਸਰ ਹੋਣ ਵਾਲਾ ਹੈ ਅਤੇ ਪਾਕਿਸਤਾਨ ਪਹਿਲਾਂ ਤੋਂ ਜ਼ਿਆਦਾ ਮੁਸਲਿਮ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਵਿਚਾਲੇ ਅਲੱਗ-ਥਲੱਗ ਹੋ ਜਾਵੇਗਾ, ਸਿਰਫ ਚੀਨ ਦੇ ਭਰੋਸੇ ਕਦੋਂ ਤਕ ਪਾਕਿਸਤਾਨ ਚੱਲੇਗਾ?
ਪਰ ਸਭ ਤੋਂ ਵੱਡੀ ਗੱਲ ਹੋਵੇਗੀ ਕਿ ਵਿਸ਼ਵਵਿਆਪੀ ਭਾਰਤੀ ਸਮਾਜ ਦਾ ਸਨਮਾਨ ਅਤੇ ਅਭਿਮਾਨ ਹੀ ਨਹੀਂ, ਉਨ੍ਹਾਂ ਦਾ ਮਨੋਬਲ ਵੀ ਅਸੀਮ ਆਕਾਸ਼ ਤਕ (ਪਹੁੰਚੇਗਾ)। ਹਰ ਭਾਰਤੀ, ਭਾਵੇਂ ਉਹ ਚੀਨ ਵਿਚ ਹੈ ਜਾਂ ਅਫਰੀਕਾ ਅਤੇ ਪੂਰਬੀ ਏਸ਼ੀਆ ਵਿਚ, ਹਿਊਸਟਨ ਦੀ ਸਭਾ ਤੋਂ ਪ੍ਰਭਾਵਿਤ ਅਤੇ ਰੋਮਾਂਚਿਤ ਹੈ ਅਤੇ ਅਜਿਹਾ ਹੀ ਉਨ੍ਹਾਂ ਦੇ ਮੇਜ਼ਬਾਨ ਦੇਸ਼ 'ਤੇ ਅਸਰ ਹੋਵੇਗਾ। ਵਿਦੇਸ਼ ਸਥਿਤ ਭਾਰਤੀਆਂ ਦਾ ਕੱਦ ਆਪਣੇ-ਆਪਣੇ ਦੇਸ਼ 'ਚ ਵਧਣ ਦਾ ਸਿੱਧਾ ਅਸਰ ਨਾ ਸਿਰਫ ਉਨ੍ਹਾਂ ਦੀ ਆਪਣੀ ਆਰਥਿਕ ਸਥਿਤੀ 'ਚ ਨਵੇਂ ਮੌਕਿਆਂ ਦੀ ਹਾਜ਼ਰੀ 'ਚ ਹੋਵੇਗਾ, ਸਗੋਂ ਭਾਰਤ ਦੇ ਯੁੱਧਨੀਤਕ ਸਬੰਧਾਂ 'ਤੇ ਵੀ ਉਸ ਸਭ ਦਾ ਸਾਕਾਰਾਤਮਕ ਨਤੀਜਾ ਹੋਵੇਗਾ।

ਚੀਨ ਨਾਲ ਸਾਡੇ ਸੰਬੰਧ
ਇਹ ਗੱਲ ਅਚਾਨਕ ਮਹਿਸੂਸ ਨਹੀਂ ਹੁੰਦੀ ਕਿ ਭਾਰਤ-ਅਮਰੀਕਾ ਦੋਸਤੀ ਦਾ ਹਿਊਸਟਨ ਅਧਿਆਏ ਉਸ ਸਮੇਂ ਰਚਿਆ ਜਾ ਰਿਹਾ ਹੈ, ਜਦੋਂ ਸਿਰਫ 15 ਦਿਨ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਦੀ ਯਾਤਰਾ 'ਤੇ ਆਉਣ ਵਾਲੇ ਹਨ। ਉਨ੍ਹਾਂ ਦੀ ਯਾਤਰਾ ਤੋਂ ਠੀਕ ਪਹਿਲਾਂ ਭਾਰਤ ਅਤੇ ਅਮਰੀਕਾ ਵਿਚਾਲੇ ਦੋਸਤੀ ਦਾ ਇਹ ਅਧਿਆਏ ਯੁੱਧਨੀਤਕ ਮਹੱਤਵ ਤੋਂ ਵੀ ਵਧ ਕੇ ਹੈ। ਚੀਨ ਨੇ ਨਾ ਸਿਰਫ ਕਸ਼ਮੀਰ ਦੇ ਮਾਮਲੇ 'ਚ ਗੈਰ-ਜ਼ਰੂਰੀ ਤੌਰ 'ਤੇ ਪਾਕਿਸਤਾਨ ਦਾ ਸਾਥ ਦਿੱਤਾ, ਸਗੋਂ ਇਸ ਮਾਮਲੇ ਨੂੰ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਵਿਚ ਵੀ ਲੈ ਗਿਆ, ਜਿੱਥੇ ਚੀਨ ਤੋਂ ਇਲਾਵਾ ਸਭ ਦੇਸ਼ਾਂ ਨੇ ਭਾਰਤ ਦਾ ਸਾਥ ਦਿੱਤਾ ਅਤੇ ਚੀਨ ਦੇ ਅਰਥਹੀਣ ਪ੍ਰਸਤਾਵ ਨੂੰ ਵੀਟੋ ਕਰ ਦਿੱਤਾ। ਚੀਨ ਦੀਆਂ ਅਖਬਾਰਾਂ ਵੀ ਭਾਰਤ ਵਿਰੁੱਧ ਲਿਖਦੀਆਂ ਆ ਰਹੀਆਂ ਹਨ। ਇਹ ਸਾਰੀਆਂ ਗੱਲਾਂ ਅਤੇ ਮਸੂਦ ਅਜ਼ਹਰ ਦੇ ਮਾਮਲੇ 'ਚ ਪਹਿਲਾਂ ਨਾਂਹ-ਨੁੱਕਰ ਅਤੇ ਬੜੀ ਦੇਰ ਬਾਅਦ ਉਸ ਨੂੰ ਅੱਤਵਾਦੀ ਐਲਾਨਣ ਦੇ ਇਕ ਰਸਮੀ ਐਲਾਨ ਲਈ ਸਮਰਥਨ ਵੀ ਸਭ ਨੂੰ ਯਾਦ ਹੈ। ਇਸ ਦ੍ਰਿਸ਼ 'ਚ ਹਿਊਸਟਨ ਦੀ ਸਭਾ ਅਸਲ 'ਚ ਵਿਸ਼ਵਵਿਆਪੀ ਭਾਰਤੀ ਪ੍ਰਭਾਵ ਦੇ ਵਿਸਥਾਰ ਅਤੇ ਚੀਨ ਦੀਆਂ ਪ੍ਰੇਸ਼ਾਨੀਆਂ ਦੇ ਵਧਦੇ ਜਾਣ ਦਾ ਹੀ ਪੈਮਾਨਾ ਹੈ।
ਚੀਨ ਦੇ ਨਾਲ ਨਾ ਸਿਰਫ ਸਾਡੇ ਸਰਹੱਦ ਸਬੰਧੀ ਵਿਵਾਦ ਹਨ, ਸਗੋਂ ਦਰਾਮਦ-ਬਰਾਮਦ 'ਚ ਵੀ ਅਨੇਕ ਮਹੱਤਵਪੂਰਨ ਮੁੱਦੇ ਹਨ, ਜਿਨ੍ਹਾਂ ਵਿਚ ਭਾਰਤ ਨੂੰ ਡੂੰਘਾ ਆਰਥਿਕ ਨੁਕਸਾਨ ਹੁੰਦਾ ਹੈ।
ਚੀਨ ਦੇ ਨਾਲ ਭਾਰਤ ਦਾ ਅਰਬ ਡਾਲਰ ਤੋਂ ਜ਼ਿਆਦਾ ਵਪਾਰ ਅਸੰਤੁਲਨ ਹੈ, ਭਾਵ ਭਾਰਤ ਦੇ ਨਾਲ ਲੱਗਭਗ 80 ਅਰਬ ਡਾਲਰ ਦੀ ਸਾਲਾਨਾ ਦਰਾਮਦ-ਬਰਾਮਦ 'ਚ ਅਰਬ ਡਾਲਰ ਦਾ ਸਾਮਾਨ ਅਸੀਂ ਚੀਨ ਤੋਂ ਲੈ ਰਹੇ ਹਾਂ ਅਤੇ ਸਿਰਫ 20 ਅਰਬ ਡਾਲਰ ਦਾ ਭਾਰਤੀ ਸਾਮਾਨ ਉਥੇ ਜਾ ਰਿਹਾ ਹੈ।
ਇਸ ਅਸੰਤੁਲਨ ਅਤੇ ਕੂਟਨੀਤਕ ਤੌਰ 'ਤੇ ਪਾਕਿਸਤਾਨ ਦਾ ਸਮਰਥਨ, ਸਾਨੂੰ ਚੀਨ ਪ੍ਰਤੀ ਸ਼ੱਕੀ ਬਣਾਈ ਰੱਖਦਾ ਹੈ। ਅਜਿਹੀ ਕੂਟਨੀਤਕ ਸਥਿਤੀ 'ਚ ਹਿਊਸਟਨ ਸਭਾ ਸਿਰਫ ਮੋਦੀ-ਮੋਦੀ ਦੇ ਨਾਅਰਿਆਂ ਅਤੇ ਭਾਰਤ ਦੇ ਭਗਤ ਭਾਈਚਾਰੇ ਦੀ ਖੁਸ਼ੀ ਦਾ ਹੀ ਇਜ਼ਹਾਰ ਨਹੀਂ, ਸਗੋਂ ਭਾਰਤ ਦੀ ਵਿਸ਼ਵ ਪੱਧਰ 'ਤੇ ਯੁੱਧਨੀਤਕ ਮਜ਼ਬੂਤੀ ਦੇ ਵਧਦੇ ਜਾਣ ਦਾ ਵੀ ਸਬੂਤ ਹੈ। ਚੀਨ ਯੁੱਧਨੀਤਕ ਚੁਣੌਤੀ ਦੇ ਰੂਪ 'ਚ ਜਦੋਂ ਸਾਡੇ ਸਾਹਮਣੇ ਹੋਵੇ ਤਾਂ ਹਿਊਸਟਨ ਦਾ ਮਹੱਤਵ ਹੋਰ ਵਧ ਜਾਂਦਾ ਹੈ।

ਇਕ ਸਵਾਮੀ ਵਿਵੇਕਾਨੰਦ ਉਹ ਸਨ, ਜੋ 100 ਸਾਲ ਤੋਂ ਵੀ ਪਹਿਲਾਂ 1893 'ਚ ਸ਼ਿਕਾਗੋ ਗਏ ਸਨ ਅਤੇ ਜਿਨ੍ਹਾਂ ਨੇ ਅਮਰੀਕਾ ਵਿਚ ਦਿੱਤੇ ਆਪਣੇ ਸੰਬੋਧਨ ਰਾਹੀਂ ਵਿਸ਼ਵ ਵਿਚ ਭਾਰਤ ਦੇ ਧਰਮ ਅਤੇ ਅਧਿਆਤਮ ਦਾ ਡੰਕਾ ਵਜਾਇਆ ਸੀ, ਜਿਸ ਦੀ ਗੂੰਜ ਅਜੇ ਵੀ ਸੁਣਾਈ ਦਿੰਦੀ ਹੈ।
ਇਕ ਨਰਿੰਦਰ ਇਹ ਹਨ, ਜੋ ਹਿਊਸਟਨ 'ਚ ਭਾਰਤ ਦੀ ਸ਼ਕਤੀ ਦੇ ਨਾਲ ਭਾਰਤ ਦੇ ਸਵਾ ਅਰਬ ਲੋਕਾਂ ਦੇ ਨਵੇਂ ਸੁਪਨਿਆਂ ਅਤੇ ਨਵੇਂ ਹਿੰਦੋਸਤਾਨ ਦੀ ਗੂੰਜ ਨਾਲ ਵਿਸ਼ਵ ਨੂੰ ਹੈਰਾਨ ਕਰਨਗੇ। ਨੀਯਤੀ ਦੇ ਸੰਕੇਤ ਸਮਝਣ 'ਚ ਦੇਰ ਭਾਵੇਂ ਹੋਵੇ ਪਰ ਭੁੱਲ ਨਹੀਂ ਹੋਣੀ ਚਾਹੀਦੀ।

                                                                                               —ਤਰੁਣ ਵਿਜੇ

KamalJeet Singh

This news is Content Editor KamalJeet Singh