‘ਮੋਦੀ ਨੂੰ ਹੋਰ ਕਿੰਨਾ ਸਮਾਂ ਚਾਹੀਦੈ?’

03/19/2019 7:25:33 AM

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਹਿਮਤੀ ਤੇ ਨਿਰਾਸ਼ਾ ਦੇ ਸੁਰਾਂ ਨੇ ਓਡਿਸ਼ਾ ਦੇ ਸ਼ਾਂਤ ਮਾਹੌਲ 'ਚ ਭੂਚਾਲ ਜਿਹਾ ਲੈ ਆਂਦਾ ਸੀ। ਕਿਸੇ ਸਮੇਂ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨੇੜਲੇ ਰਹੇ ਜਯ ਪਾਂਡਾ ਨੂੰ ਆਖਿਰ ਭਾਜਪਾ ਵਿਚ ਸ਼ਾਮਿਲ ਕਰ ਲਿਆ ਗਿਆ, ਜਿਨ੍ਹਾਂ ਨੂੰ ਪਾਰਟੀ ਵਲੋਂ ਕਾਫੀ ਸਮੇਂ ਤਕ ਉਡੀਕ ਕਰਵਾਈ ਗਈ। ਪਿਛਲੇ ਹਫਤੇ ਢੇਂਕਨਾਲ ਲੋਕ ਸਭਾ ਹਲਕੇ ਤੋਂ 4 ਵਾਰ ਐੱਮ. ਪੀ. ਰਹੇ 63 ਸਾਲਾ ਤਥਾਗਤ ਸਤਪਥੀ ਨੇ ਸਿਆਸਤ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਸਤਪਥੀ ਕੋਲ ਪਟਨਾਇਕ ਨੂੰ ਖੁਸ਼ ਕਰਨ ਲਈ ਸਭ ਕੁਝ ਸੀ : ਪਰਿਵਾਰਕ ਪਿਛੋਕੜ (ਉਹ ਓਡਿਸ਼ਾ ਦੇ ਮੂਲ ਸੱਤਾਧਾਰੀ ਜੋੜੇ ਦੇਵੇਂਦਰ ਅਤੇ ਨੰਦਿਨੀ ਸਤਪਥੀ ਦੇ ਜਾਨਸ਼ੀਨ ਹਨ), ਬੀਜੂ ਜਨਤਾ ਦਲ ਪ੍ਰਤੀ ਵਫ਼ਾਦਾਰੀ, ਸਮਲਿੰਗਤਾ ਅਤੇ ਨਸ਼ੇ 'ਤੇ ਸੰਸਦ 'ਚ ਉਨ੍ਹਾਂ ਦੇ ਵਿਚਾਰਾਂ ਤੇ ਗ੍ਰਹਿ ਖੇਤਰ 'ਚ ਆਪਣੀ ਮਾਤ-ਭਾਸ਼ਾ ਦਰਮਿਆਨ ਸੰਤੁਲਨ ਬਣਾਈ ਰੱਖਣ ਦੀ ਉਨ੍ਹਾਂ ਦੀ ਸਮਰੱਥਾ।
ਸਿਆਸਤ ਛੱਡਣ 'ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸਤਪਥੀ ਦੱਸਦੇ ਹਨ, ''ਮੈਂ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।'' ਕੀ ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਪਟਨਾਇਕ ਇਸ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਦੇਣਾ ਚਾਹੁੰਦੇ ਸਨ? ਇਸ 'ਤੇ ਸਤਪਥੀ ਦਾ ਕਹਿਣਾ ਹੈ, ''ਅਜਿਹਾ ਨਹੀਂ ਹੈ। ਉਨ੍ਹਾਂ ਦਾ ਰਵੱਈਆ ਮੇਰੇ ਪ੍ਰਤੀ ਇੰਨਾ ਚੰਗਾ ਰਿਹਾ ਹੈ ਕਿ ਉਨ੍ਹਾਂ ਨੇ ਢੇਂਕਨਾਲ 'ਚ ਕਦੇ ਵੀ ਮੇਰਾ ਬਦਲ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਮੇਰੇ ਸਮਾਨਾਂਤਰ ਕੋਈ ਸਿਸਟਮ ਖੜ੍ਹਾ ਕੀਤਾ। ਇਸ ਲਈ ਮੈਂ ਮੰਨਦਾ ਹਾਂ ਕਿ ਉਨ੍ਹਾਂ ਦਾ ਇਰਾਦਾ ਮੈਨੂੰ ਖੂੰਜੇ ਲਾਉਣ ਦਾ ਨਹੀਂ ਸੀ।''
ਖੇਤਰੀ ਮੀਡੀਆ ਨੇ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਖ਼ਬਰਾਂ ਛਾਪੀਆਂ ਕਿ ਸਤਪਥੀ ਆਪਣੀ ਪਤਨੀ ਅਧਿਆਸ਼ਾ ਲਈ ਟਿਕਟ ਚਾਹੁੰਦੇ ਸਨ, ਜਦਕਿ ਸਤਪਥੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਦੀ ਸਿਆਸਤ 'ਚ ਕੋਈ ਦਿਲਚਸਪੀ ਨਹੀਂ ਹੈ। ਜਯ ਪਾਂਡਾ ਵਾਂਗ ਭਾਜਪਾ ਵਿਚ ਜਾਣ ਦੇ ਸਵਾਲ 'ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਕਿਸੇ ਹੋਰ ਪਾਰਟੀ 'ਚ ਜਾਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਉਹ ਸ਼ੁਰੂ ਤੋਂ ਬੀਜੂ ਜਨਤਾ ਦਲ ਨਾਲ ਜੁੜੇ ਰਹੇ ਹਨ। 
ਸਤਪਥੀ ਪਹਿਲਾਂ ਓਡਿਸ਼ਾ ਗਣ ਪ੍ਰੀਸ਼ਦ ਨਾਲ ਜੁੜੇ ਹੋਏ ਸਨ, ਜੋ ਇਕ ਗੈਰ-ਸਿਆਸੀ ਸੰਗਠਨ ਹੈ। ਬਾਅਦ 'ਚ ਇਹ ਸੰਗਠਨ ਸਿਆਸੀ ਪਾਰਟੀ 'ਚ ਬਦਲ ਗਿਆ ਅਤੇ ਇਸ ਨੇ ਕਾਂਗਰਸ ਨਾਲ ਮਿਲ ਕੇ ਕੰਮ ਕੀਤਾ। ਸਤਪਥੀ ਦੀ ਮਾਂ ਨੰਦਿਨੀ ਕਾਂਗਰਸ ਪਾਰਟੀ 'ਚ ਰਹੀ ਹੈ ਪਰ ਉਹ ਆਪਣੀ ਮਾਂ ਵਾਂਗ ਕਾਂਗਰਸ 'ਚ ਨਹੀਂ ਗਏ। 
ਸੰਨ 2000 'ਚ ਜਦੋਂ ਪਟਨਾਇਕ ਮੁੱਖ ਮੰਤਰੀ ਚੁਣੇ ਗਏ ਤਾਂ ਸਤਪਥੀ ਨੇ ਆਪਣੀ ਰੋਜ਼ਾਨਾ ਉੜੀਆ ਅਖ਼ਬਾਰ 'ਧਾਰਿਤ੍ਰੀ' ਦੇ ਜ਼ਰੀਏ ਸਰਕਾਰੀ ਨੀਤੀਆਂ ਦੀ ਸਮੀਖਿਆ ਕੀਤੀ। 2004 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਪਟਨਾਇਕ ਉਨ੍ਹਾਂ ਨੂੰ ਮਿਲੇ ਅਤੇ ਸਤਪਥੀ ਦੀ  ਪਿਤਾ ਵਾਲੀ ਸੀਟ ਢੇਂਕਨਾਲ ਤੋਂ ਉਨ੍ਹਾਂ ਨੂੰ ਟਿਕਟ ਦਿੱਤੀ ਪਰ ਹੁਣ ਸਤਪਥੀ ਇਕ ਅਜਿਹੇ ਦੌਰ 'ਚ ਆਪਣੇ ਅਖ਼ਬਾਰ ਵੱਲ ਪਰਤਣ ਦੀ ਯੋਜਨਾ ਬਣਾ ਰਹੇ ਹਨ, ਜਦੋਂ ਬਹੁਤ ਸਾਰੇ ਪੱਤਰਕਾਰ ਸਿਆਸਤ 'ਚ ਆਉਣ ਲਈ ਉਤਾਵਲੇ ਹਨ। 
'ਧਾਰਿਤ੍ਰੀ' ਵਿਚ ਛਪਣ ਵਾਲੇ ਸੰਪਾਦਕੀ ਕਈ ਵਾਰ ਪਟਨਾਇਕ ਸਰਕਾਰ ਦੀਆਂ ਨੀਤੀਆਂ ਪ੍ਰਤੀ ਆਲੋਚਨਾਤਮਕ ਵੀ ਹੁੰਦੇ ਸਨ, ਜਿਸ ਤੋਂ ਉਨ੍ਹਾਂ ਦੇ ਕਈ ਮਿੱਤਰਾਂ ਨੇ ਅੰਦਾਜ਼ਾ ਲਾ ਲਿਆ ਕਿ ਸਤਪਥੀ ਪਾਰਟੀ ਛੱਡਣਾ ਚਾਹੁੰਦੇ ਹਨ। 
ਪਟਨਾਇਕ ਨਾਲ ਮਾਮਲਿਆਂ ਨੂੰ ਉਨ੍ਹਾਂ ਨੇ ਹਮੇਸ਼ਾ ਸਮਝਦਾਰੀ ਨਾਲ ਸੁਲਝਾਇਆ। ਉਨ੍ਹਾਂ ਦਾ ਕਹਿਣਾ ਹੈ, ''ਮੈਂ ਕਦੇ ਨੇਤਾ ਨਾਲ ਝਗੜਾ ਨਹੀਂ ਕੀਤਾ, ਕਦੇ ਉਨ੍ਹਾਂ ਦੇ ਜਾਂ ਪਾਰਟੀ ਵਿਰੁੱਧ ਕੋਈ ਗੱਲ ਨਹੀਂ ਕਹੀ। ਅਖ਼ਬਾਰ ਦੇ ਸੰਪਾਦਕੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਸਨ, ਨਾ ਕਿ ਨੇਤਾ ਦੇ ਵਿਰੁੱਧ।'' ਸਤਪਥੀ ਮੰਨਦੇ ਹਨ ਕਿ ਮੋਦੀ ਸਰਕਾਰ ਪ੍ਰਤੀ ਗੋਲ-ਮੋਲ ਰਵੱਈਆ ਅਪਣਾਉਣ ਲਈ ਉਨ੍ਹਾਂ ਨੇ ਬੀਜਦ ਦੀ ਨਿੰਦਾ ਕੀਤੀ ਸੀ। 
ਆਜ਼ਾਦ ਖਿਆਲਾਂ ਵਾਲਾ ਨੇਤਾ ਹੋਣ ਕਰਕੇ ਸਮਲਿੰਗਤਾ, ਭੰਗ ਦੀ ਵਰਤੋਂ, ਨੈੱਟ ਨਿਊਟ੍ਰੈਲਿਟੀ ਤੇ ਬੋਲਣ ਦੀ ਆਜ਼ਾਦੀ ਬਾਰੇ ਉਨ੍ਹਾਂ ਦੇ ਵਿਚਾਰ ਰਵਾਇਤ ਤੋਂ ਹਟ ਕੇ ਰਹੇ ਹਨ। ਸਤਪਥੀ ਦਾ ਕਹਿਣਾ ਹੈ ਕਿ ਕੁਝ ਕਾਨੂੰਨ ਅਜਿਹੇ ਹਨ, ਜੋ ਕਿਸੇ ਸਮੂਹ, ਸਮਾਜਿਕ ਤੌਰ 'ਤੇ ਢੁੱਕਵੇਂ ਸਨ ਪਰ ਹੁਣ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ। ਸਮਲਿੰਗਤਾ ਵਿਰੁੱਧ ਕਾਨੂੰਨ ਨੂੰ ਖਤਮ ਕਰਨ ਦੀ ਲੋੜ ਸੀ। ਹੁਣ ਜਦੋਂ ਉਹ ਸੰਸਦ ਨੂੰ ਛੱਡਣ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਅਫਸੋਸ ਇਕੋ ਇਕ ਗੱਲ ਦਾ ਹੈ ਕਿ ਮਾਰਚ 2017 'ਚ ਉਨ੍ਹਾਂ ਵਲੋਂ ਪੇਸ਼ ਕੀਤਾ ਗਿਆ ਪ੍ਰਾਈਵੇਟ ਮੈਂਬਰ ਬਿੱਲ ਪਾਸ ਨਹੀਂ ਹੋ ਸਕਿਆ। 
ਇਕ ਮੀਡੀਆ ਮੁਲਾਜ਼ਮ ਹੋਣ ਦੇ ਨਾਤੇ ਸਤਪਥੀ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਹੁਣ ਉਨ੍ਹਾਂ ਨੂੰ ਕੁਝ ਹੱਦਾਂ ਅੰਦਰ ਰਹਿ ਕੇ ਕੰਮ ਕਰਨਾ ਪਵੇਗਾ। ''ਉਹ ਲੋਕਤੰਤਰ ਨਹੀਂ ਹੁੰਦਾ, ਜਿੱਥੇ ਮੀਡੀਆ ਲੋਕਾਂ ਦੀ ਉਮੀਦ ਮੁਤਾਬਿਕ ਕੰਮ ਨਾ ਕਰ ਸਕੇ। ਓਡਿਸ਼ਾ ਅਤੇ ਦੇਸ਼ 'ਚ ਲਾਈਆਂ ਗਈਆਂ ਪਾਬੰਦੀਆਂ ਜਾਇਜ਼ ਨਹੀਂ ਹਨ। ਮੁੱਖ ਮੰਤਰੀ ਵਲੋਂ ਕਾਫੀ ਹੱਦ ਤਕ ਮੀਡੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ।''
ਅਤੇ ਆਖਿਰ 'ਚ ਸਿਆਸਤ 'ਚ ਬੁੱਢਿਆਂ 'ਤੇ ਨਿਸ਼ਾਨਾ। ''ਮੈਂ ਕਿਹਾ ਹੈ ਕਿ ਹਰ ਚੀਜ਼ ਦੀ ਹੱਦ ਹੁੰਦੀ ਹੈ।'' ਇਸ ਦੀ ਵਿਆਖਿਆ ਕਰਦਿਆਂ ਸਤਪਥੀ ਕਹਿੰਦੇ ਹਨ, ''5, 6, 7 ਕਾਰਜਕਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਰ ਕਿੰਨਾ ਸਮਾਂ ਚਾਹੀਦਾ ਹੈ? ਉਹ ਤਿੰਨ ਵਾਰ ਮੁੱਖ ਮੰਤਰੀ ਰਹੇ ਹਨ ਅਤੇ ਇਕ ਵਾਰ ਪ੍ਰਧਾਨ ਮੰਤਰੀ ਦਾ ਕਾਰਜਕਾਲ ਵੀ ਪੂਰਾ ਕਰ ਚੁੱਕੇ ਹਨ। ਦੂਜੇ ਪਾਸੇ ਪਟਨਾਇਕ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਹੁਣ ਉਨ੍ਹਾਂ ਨੂੰ ਨੌਜਵਾਨਾਂ ਲਈ ਰਾਹ ਛੱਡ ਦੇਣਾ ਚਾਹੀਦਾ ਹੈ ਕਿਉਂਕਿ 2020 ਤਕ ਭਾਰਤ ਦੀ 80 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਵਰਗ ਦੇ ਨੌਜਵਾਨਾਂ ਦੀ ਹੋਵੇਗੀ।''    -ਰਾਧਾ ਆਰ.   (ਮੁੰ. ਮਿ.)

Bharat Thapa

This news is Content Editor Bharat Thapa