ਕਿਵੇਂ ਬਦਲੇਗੀ ਦੇਸ਼ ਵਿਚ ''ਉੱਚ ਸਿੱਖਿਆ'' ਦੀ ਤਸਵੀਰ

09/15/2019 3:32:15 AM

ਇਹ ਬਦਕਿਸਮਤੀ ਹੀ ਹੈ ਕਿ ਹੁਣੇ ਜਿਹੇ 'ਟਾਈਮਜ਼ ਹਾਇਰ ਐਜੂਕੇਸ਼ਨ' (ਟੀ. ਐੱਚ. ਈ.) ਵਲੋਂ ਜਾਰੀ ਦੁਨੀਆ ਦੀਆਂ 300 ਬਿਹਤਰੀਨ ਯੂਨੀਵਰਸਿਟੀਆਂ ਦੀ ਵਰਲਡ ਰੈਂਕਿੰਗ ਸੂਚੀ 'ਚ ਇਕ ਵੀ ਭਾਰਤੀ ਯੂਨੀਵਰਸਿਟੀ ਨੂੰ ਜਗ੍ਹਾ ਨਹੀਂ ਮਿਲੀ ਹੈ, ਹਾਲਾਂਕਿ ਇਸ ਗੱਲ ਨਾਲ ਕੁਝ ਸਬਰ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਪ੍ਰਮੁੱਖ 500 ਯੂਨੀਵਰਸਿਟੀਆਂ ਦੀ ਸੂਚੀ 'ਚ ਭਾਰਤ ਦੀਆਂ 6 ਸੰਸਥਾਵਾਂ ਨੂੰ ਜਗ੍ਹਾ ਮਿਲੀ ਹੈ। ਸੰਸਥਾਵਾਂ 'ਚ ਖੋਜ ਦੇ ਪੱਧਰ ਅਤੇ ਪੜ੍ਹਾਈ ਦੇ ਮਾਹੌਲ ਵਰਗੇ ਕਈ ਕਾਰਕਾਂ ਦੇ ਆਧਾਰ 'ਤੇ ਇਹ ਸੂਚੀ ਤਿਆਰ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਕੇਦਰ ਸਰਕਾਰ ਦੇਸ਼ 'ਚ ਉੱਚ ਸਿੱਖਿਆ ਦੀ ਤਸਵੀਰ ਬਦਲਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਇਸ ਕੋਸ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ 'ਚ ਬਹੁਤ ਸਾਰੀਆਂ ਵਿਵਹਾਰਿਕ ਸਮੱਸਿਆਵਾਂ ਹਨ। ਸਾਨੂੰ ਇਸ ਗੱਲ 'ਤੇ ਵੀ ਵਿਚਾਰ ਕਰਨਾ ਪਵੇਗਾ ਕਿ ਭਾਰਤੀ ਵਿਦਿਆਰਥੀ ਖੋਜ ਦੇ ਮਾਮਲੇ 'ਚ ਕਿਉਂ ਪੱਛੜ ਜਾਂਦੇ ਹਨ? ਅਸਲ ਵਿਚ ਅੱਜ ਦੇ ਦੌਰ 'ਚ ਜਿਥੇ ਇਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਦੀ ਫੌਜ ਲਗਾਤਾਰ ਵਧਦੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸਾਡੀਆਂ ਯੂਨੀਵਰਸਿਟੀਆਂ ਵਿਸ਼ਵ ਰੈਂਕਿੰਗ ਵਿਚ ਵੀ ਲਗਾਤਾਰ ਪੱਛੜ ਰਹੀਆਂ ਹਨ।

ਰੋਜ਼ਗਾਰ ਦੀ ਗਾਰੰਟੀ ਨਹੀਂ
ਅਸਲ ਵਿਚ ਮੌਜੂਦਾ ਸਿੱਖਿਆ ਪ੍ਰਣਾਲੀ 'ਚ ਵਿਦਿਆਰਥੀਆਂ ਨੂੰ ਇਹ ਗਾਰੰਟੀ ਨਹੀਂ ਮਿਲ ਰਹੀ ਕਿ ਪੜ੍ਹਾਈ 'ਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਸੁਰੱਖਿਅਤ ਰੋਜ਼ਗਾਰ ਮਿਲ ਸਕੇਗਾ ਜਾਂ ਨਹੀਂ। ਸਿੱਖਿਆ ਤੰਤਰ 'ਚ ਅੱਜ ਕਈ ਊਣਤਾਈਆਂ ਨੇ ਜਨਮ ਲੈ ਲਿਆ ਹੈ। ਇਕ ਪਾਸੇ ਸਿੱਖਿਆ ਦੇ ਜ਼ਰੀਏ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਲਾਲਸਾ ਸਿੱਖਿਆ ਨੂੰ 'ਧੰਦੇ' ਦਾ ਰੂਪ ਦੇ ਰਹੀ ਹੈ ਤਾਂ ਦੂਜੇ ਪਾਸੇ ਸਿੱਖਿਆ ਜਗਤ ਨਾਲ ਜੁੜੇ ਮਾਫੀਆ ਨੇ ਸਿੱਖਿਆ ਨੂੰ ਇਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਅੱਜ ਨੌਜਵਾਨਾਂ 'ਚ ਇਕ ਬੌਖਲਾਹਟ ਜਨਮ ਲੈ ਰਹੀ ਹੈ, ਮਾਨਸਿਕ ਤਣਾਅ ਕਾਰਨ ਵਿਦਿਆਰਥੀਆਂ 'ਚ ਖ਼ੁਦਕੁਸ਼ੀ ਵਰਗੇ ਰੁਝਾਨ ਵਧ ਰਹੇ ਹਨ।
ਅੰਗਰੇਜ਼ਾਂ ਨੇ ਭਾਰਤ ਵਿਚ ਜਿਸ ਸਿੱਖਿਆ ਪ੍ਰਣਾਲੀ ਨੂੰ ਸ਼ੁਰੂ ਕੀਤਾ ਸੀ, ਉਸ ਪਿੱਛੇ ਉਨ੍ਹਾਂ ਦੀਆਂ ਆਪਣੀਆਂ ਵੱਖ-ਵੱਖ ਲੋੜਾਂ ਸਨ। ਆਜ਼ਾਦੀ ਤੋਂ ਬਾਅਦ ਕੁਝ ਹੱਦ ਤਕ ਅੰਗਰੇਜ਼ਾਂ ਦੀ ਸਿੱਖਿਆ ਨੀਤੀ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਯਤਨ ਕੀਤੇ ਗਏ ਪਰ ਇਹ ਕਾਫੀ ਸਿੱਧ ਨਹੀਂ ਹੋਏ। ਹੁਣ ਇਕ ਵਾਰ ਫਿਰ ਸਿੱਖਿਆ ਨੀਤੀ 'ਚ ਤਬਦੀਲੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਬਦਕਿਸਮਤੀ ਇਹ ਹੈ ਕਿ ਸਾਡੇ ਨੀਤੀਘਾੜੇ ਸਿੱਖਿਆ ਨੀਤੀ 'ਚ ਤਬਦੀਲੀ ਕਰਨ ਦੀ ਹੜਬੜਾਹਟ 'ਚ ਕੁਝ ਫੈਸਲੇ ਅਜਿਹੇ ਲੈ ਰਹੇ ਹਨ, ਜੋ ਸਿੱਖਿਆ ਦੇ ਅਸਲੀ ਉਦੇਸ਼ ਨੂੰ ਠੇਸ ਪਹੁੰਚਾ ਰਹੇ ਹਨ। ਸਵਾਲ ਇਹ ਹੈ ਕਿ ਕੀ ਸਾਡਾ ਮੁੱਖ ਉਦੇਸ਼ ਸਿੱਖਿਆ ਨੀਤੀ ਨੂੰ ਬਦਲਣਾ ਹੈ ਜਾਂ ਫਿਰ ਇਸ ਵਿਚ ਤਬਦੀਲੀ ਦੇ ਜ਼ਰੀਏ ਸਿੱਖਿਆ ਨੀਤੀ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੈ?

ਉੱਚ ਸਿੱਖਿਆ ਦੀ ਸਥਿਤੀ
ਸਾਡੇ ਨੀਤੀਘਾੜਿਆਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਿਰਫ ਸਿੱਖਿਆ ਨੀਤੀ ਵਿਚ ਤਬਦੀਲੀ ਕਰਨਾ ਹੀ ਹੈ। ਇਸ ਦੌਰ ਵਿਚ ਉੱਚ ਸਿੱਖਿਆ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਤਬਦੀਲੀ ਦੇ ਇਸ ਦੌਰ ਵਿਚ ਵੀ ਦੇਸ਼ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਪੁਰਾਣੀ ਲੀਹ 'ਤੇ ਹੀ ਚੱਲ ਰਹੀਆਂ ਹਨ ਕਿਉਂਕਿ ਉਨ੍ਹਾਂ 'ਚ ਨਾ ਤਾਂ ਕੰਮ ਕਰਨ ਦਾ ਤਰੀਕਾ ਬਦਲਿਆ ਹੈ ਅਤੇ ਨਾ ਹੀ ਉਥੇ ਕੰਮ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਬਦਲੀ ਹੈ। ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਜਿਸ ਤਰ੍ਹਾਂ ਦੀ ਗੰਦੀ ਸਿਆਸਤ ਪੱਸਰੀ ਹੋਈ ਹੈ, ਉਸ ਦਾ ਸਿੱਧਾ ਅਸਰ ਸਿੱਖਿਆ 'ਤੇ ਪੈ ਰਿਹਾ ਹੈ। ਜਿੱਥੇ ਇਕ ਪਾਸੇ ਅਧਿਆਪਕਾਂ ਦੇ ਵੱਖ-ਵੱਖ ਧੜੇ ਵਿਦਿਆਰਥੀਆਂ ਨਾਲ ਮਿਲ ਕੇ ਇਕ-ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ 'ਚ ਰਹਿੰਦੇ ਹਨ, ਉਥੇ ਹੀ ਦੂਜੇ ਪਾਸੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਵੱਖ-ਵੱਖ ਮਹਿਕਮਿਆਂ ਦਰਮਿਆਨ ਪੈਦਾ ਹੋਈ ਆਪਸੀ ਖਿੱਚੋਤਾਣ ਸਿੱਖਿਆ ਦੇ ਮੰਦਰਾਂ ਦਾ ਮਾਹੌਲ ਖਰਾਬ ਕਰ ਰਹੀ ਹੈ।
ਅੱਜ ਅਧਿਆਪਕਾਂ ਨੂੰ ਚੰਗੀਆਂ-ਖਾਸੀਆਂ ਤਨਖਾਹਾਂ ਮਿਲ ਰਹੀਆਂ ਹਨ। ਇਸ ਦੇ ਬਾਵਜੂਦ ਉਹ ਨੈਤਿਕਤਾ ਨੂੰ ਛਿੱਕੇ ਟੰਗ ਕੇ ਕਿਸੇ ਵੀ ਤਰ੍ਹਾਂ ਵੱਧ ਤੋਂ ਵੱਧ ਲਾਭ ਕਮਾਉਣ ਦਾ ਲਾਲਚ ਨਹੀਂ ਛੱਡ ਰਹੇ। ਲਾਲਚ ਦੇ ਇਸ ਮਾਹੌਲ 'ਚ ਇਕ ਅਧਿਆਪਕ ਲਈ ਆਪਣਾ ਹਿੱਤ ਹੀ ਸਭ ਤੋਂ ਉਪਰ ਹੋ ਗਿਆ ਹੈ, ਜਦਕਿ ਵਿਦਿਆਰਥੀਆਂ ਦੇ ਹਿੱਤ ਦੀ ਸੋਚ ਖਤਮ ਹੁੰਦੀ ਜਾ ਰਹੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਅਧਿਆਪਕ ਦੀ ਅੱਜ ਗੁਰੂ ਵਜੋਂ ਸਾਖ ਲਗਾਤਾਰ ਡਿੱਗ ਰਹੀ ਹੈ।
ਕੁਝ ਅਪਵਾਦਾਂ ਨੂੰ ਛੱਡ ਕੇ ਖੋਜ ਦੇ ਨਾਂ 'ਤੇ ਅੱਜ ਜੋ ਕੁਝ ਹੋ ਰਿਹਾ ਹੈ, ਉਹ ਖੋਜ ਦੀ ਸਾਰਥਕਤਾ 'ਤੇ ਹੀ ਸਵਾਲ ਖੜ੍ਹੇ ਕਰ ਰਿਹਾ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਲੈਬਾਰਟਰੀਆਂ 'ਚ ਸਾਜ਼ੋ-ਸਾਮਾਨ ਤਾਂ ਹੈ ਪਰ ਉਸ 'ਚੋਂ ਬਹੁਤਾ ਸੁਚੱਜੇ ਢੰਗ ਨਾਲ ਕੰਮ ਨਹੀਂ ਕਰਦਾ। ਜਿਹੜੀਆਂ ਲੈਬਾਰਟਰੀਆਂ ਵਿਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਪ੍ਰਯੋਗ ਵੀ ਠੀਕ ਢੰਗ ਨਾਲ ਨਹੀਂ ਹੋ ਸਕਦੇ, ਉਨ੍ਹਾਂ 'ਚ ਪੀ. ਐੱਚ. ਡੀ. ਦੀਆਂ ਖੋਜਾਂ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿਚ ਖੋਜ ਦਾ ਪੱਧਰ ਕੀ ਹੋਵੇਗਾ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਡਿਗਰੀਆਂ ਤਾਂ ਹਨ ਪਰ ਅਮਲੀ ਗਿਆਨ ਨਹੀਂ
ਅੱਜ ਇਕ ਪਾਸੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਨਵੇਂ-ਨਵੇਂ ਖੇਤਰਾਂ ਵਿਚ ਰੋਜ਼ਗਾਰ ਦੇ ਮੌਕੇ ਵੀ ਵਧ ਰਹੇ ਹਨ ਪਰ ਇਸ ਸਥਿਤੀ ਦੇ ਬਾਵਜੂਦ ਨੌਜਵਾਨਾਂ ਨੂੰ ਕਰੀਆਂ ਹਾਸਿਲ ਕਰਨ ਲਈ ਕਈ ਪਾਪੜ ਵੇਲਣੇ ਪੈ ਰਹੇ ਹਨ। ਨੌਜਵਾਨਾਂ ਕੋਲ ਡਿਗਰੀਆਂ ਤਾਂ ਹਨ ਪਰ ਅਮਲੀ ਗਿਆਨ ਨਹੀਂ ਹੈ। ਅਸਲ ਵਿਚ ਰੋਜ਼ਗਾਰ ਦੇ ਬਦਲਾਂ ਦੀ ਚੋਣ ਕਦੋਂ ਅਤੇ ਕਿਵੇਂ ਹੋਵੇ, ਇਹ ਵੀ ਇਕ ਸਮੱਸਿਆ ਹੀ ਹੈ। ਸਹੀ ਬਦਲ ਨਾ ਚੁਣ ਸਕਣ ਕਰਕੇ ਕਈ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਪੂਰਾ ਇਸਤੇਮਾਲ ਕਰਨ ਤੋਂ ਰਹਿ ਜਾਂਦੇ ਹਨ।
ਅੱਜ ਜਦੋਂ ਵਿਦਿਆਰਥੀਆਂ ਨੂੰ ਇਹ ਪਤਾ ਲੱਗਦਾ ਹੈ ਕਿ ਵਿਸ਼ੇਸ਼ ਸਿਲੇਬਸ ਪੜ੍ਹਨ ਵਾਲੇ ਜਾਂ ਵਿਸ਼ੇਸ਼ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਮਿਲ ਰਹੀਆਂ ਹਨ ਤਾਂ ਉਹ ਸਾਰੇ ਉਸ ਪਾਸੇ ਭੱਜਣ ਲੱਗਦੇ ਹਨ, ਬੇਸ਼ੱਕ ਉਨ੍ਹਾਂ ਦੀ ਉਸ ਵਿਚ ਦਿਲਚਸਪੀ ਹੋਵੇ ਜਾਂ ਨਾ। ਅਸੀਂ ਇਸ ਗੱਲ ਦਾ ਅੰਦਾਜ਼ਾ ਲਾਉਣ 'ਚ ਸਫਲ ਨਹੀਂ ਹੁੰਦੇ ਕਿ ਖਾਸ ਕੋਰਸ ਕਰਕੇ ਕੁਝ ਸਾਲਾਂ ਬਾਅਦ ਜਦੋਂ ਵਿਦਿਆਰਥੀ ਕਾਲਜ ਜਾਂ ਯੂਨੀਵਰਸਿਟੀ 'ਚੋਂ ਬਾਹਰ ਨਿਕਲਣਗੇ ਤਾਂ ਉਸ ਕੋਰਸ ਦੀ ਕਿੰਨੀ ਮੰਗ ਹੋਵੇਗੀ? ਸਿੱਖਿਆ ਜਗਤ ਨਾਲ ਜੁੜੇ ਮਾਹਿਰਾਂ ਨੂੰ ਅੱਜ ਇਸ ਗੱਲ ਦਾ ਜਾਇਜ਼ਾ ਲੈਣਾ ਪਵੇਗਾ ਕਿ ਆਉਣ ਵਾਲੇ ਵਰ੍ਹਿਆਂ 'ਚ ਕਿਸ ਤਰ੍ਹਾਂ ਦੇ ਕੋਰਸਾਂ ਦੀ ਲੋੜ ਹੋਵੇਗੀ?
ਇਹ ਬਦਕਿਸਮਤੀ ਹੀ ਹੈ ਕਿ ਯੂ. ਜੀ. ਸੀ. ਵਲੋਂ ਹਰ ਸਾਲ ਕਈ ਫਰਜ਼ੀ ਯੂਨੀਵਰਸਿਟੀਆਂ ਤੇ ਵਿੱਦਿਅਕ ਅਦਾਰਿਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਪਰ ਸਿਆਸੀ ਸਰਪ੍ਰਸਤੀ ਸਦਕਾ ਇਨ੍ਹਾਂ ਦੀ ਹੋਂਦ ਬਣੀ ਰਹਿੰਦੀ ਹੈ ਤੇ ਲੱਖਾਂ ਵਿਦਿਆਰਥੀ ਇਨ੍ਹਾਂ ਫਰਜ਼ੀ ਵਿੱਦਿਅਕ ਅਦਾਰਿਆਂ ਦੇ ਗੇੜ 'ਚ ਫਸ ਕੇ ਆਪਣਾ ਭਵਿੱਖ ਦਾਅ 'ਤੇ ਲਾ ਬੈਠਦੇ ਹਨ।
ਸਿੱਖਿਆ ਸਮਾਜ ਨੂੰ ਇਕ ਨਵਾਂ ਰਾਹ ਦਿਖਾਉਂਦੀ ਹੈ, ਸਮਾਜ ਵਿਚ ਆਪਸੀ ਸਮਝ ਅਤੇ ਵਿਗਿਆਨਿਕ ਸੋਚ ਨੂੰ ਵਿਕਸਿਤ ਕਰ ਕੇ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਨੂੰ ਰਫਤਾਰ ਦਿੰਦੀ ਹੈ। ਸਿੱਖਿਆ ਦੇ ਜ਼ਰੀਏ ਹੀ ਕਿਸੇ ਵੀ ਸਮਾਜ ਦੀ ਮਜ਼ਬੂਤੀ ਅਤੇ ਆਰਥਿਕ ਵਿਕਾਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਅੱਜ ਪੇਸ਼ੇਵਰਤਾ ਅਤੇ ਆਪਾ-ਧਾਪੀ ਦੇ ਇਸ ਦੌਰ 'ਚ ਇਹ ਇਕ ਵਿਚਾਰਨਯੋਗ ਸਵਾਲ ਹੈ ਕਿ ਕੀ ਸਿੱਖਿਆ ਉਕਤ ਸਾਰੇ ਉਦੇਸ਼ਾਂ ਦੀ ਪੂਰਤੀ ਕਰ ਰਹੀ ਹੈ?
ਭਾਰਤ ਵਿਚ ਆਜ਼ਾਦੀ ਤੋਂ ਬਾਅਦ ਸਿੱਖਿਆ ਪ੍ਰਣਾਲੀ 'ਤੇ ਵਿਚਾਰ ਕਰਨ ਲਈ ਕਈ ਕਮੇਟੀਆਂ ਬਣੀਆਂ ਅਤੇ ਇਨ੍ਹਾਂ ਸਾਰੀਆਂ ਕਮੇਟੀਆਂ ਨੇ ਕਦਰਾਂ-ਕੀਮਤਾਂ 'ਤੇ ਆਧਾਰਿਤ ਸਿੱਖਿਆ ਪ੍ਰਣਾਲੀ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਪਰ ਆਜ਼ਾਦੀ ਤੋਂ ਬਾਅਦ ਸਿੱਖਿਆ ਪ੍ਰਣਾਲੀ ਦੀ ਸਥਿਤੀ ਲਗਾਤਾਰ ਵਿਗੜਦੀ ਗਈ। ਅੱਜ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਬਚਾਈ ਰੱਖਣ ਅਤੇ ਦੇਸ਼ 'ਚੋਂ ਬੇਰੋਜ਼ਗਾਰੀ ਦੂਰ ਕਰਨ ਲਈ ਜ਼ਰੂਰੀ ਹੈ ਕਿ ਸਰਕਾਰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਸਿੱਖਿਆ ਮਾਹਿਰ ਪੂਰੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਕੋਈ ਠੋਸ ਅਤੇ ਸਾਰਥਕ ਪਹਿਲ ਕਰਨ।

                                                                                      —ਰੋਹਿਤ ਕੌਸ਼ਿਕ

KamalJeet Singh

This news is Content Editor KamalJeet Singh