ਆਪਣੇ ਮਾਣ-ਸਨਮਾਨ ਲਈ ਔਰਤਾਂ ਨੂੰ ਖ਼ੁਦ ਉੱਠਣਾ ਪਵੇਗਾ

09/18/2018 6:15:42 AM

ਦੇਸ਼ ਭਰ ’ਚ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਦੀਅਾਂ ਵਾਰਦਾਤਾਂ ਲਗਾਤਾਰ ਵਧ ਰਹੀਅਾਂ ਹਨ। ਚਾਰ ਮਹੀਨਿਅਾਂ ਦੀਅਾਂ ਛੋਟੀਅਾਂ ਬਾਲੜੀਅਾਂ ਤੋਂ ਲੈ ਕੇ ਅਧੇੜ ਉਮਰ ਦੀਅਾਂ ਔਰਤਾਂ ਤਕ ਨਾਲ ਦਿਨ-ਦਿਹਾੜੇ ਹੋ ਰਹੇ ਬਲਾਤਕਾਰਾਂ ਦੇ ਮਾਮਲੇ, ਘਰੇਲੂ ਹਿੰਸਾ ਤੇ ਹੋਰ ਹਰ ਕਿਸਮ ਦੇ ਜ਼ੁਲਮਾਂ ਦੀ ਸ਼ਿਕਾਰ ਔਰਤ ਜਾਤ ਭਾਰਤੀ ਇਤਿਹਾਸ ਦੇ ਸਭ ਤੋਂ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ। ਜਨਤਕ ਦਬਾਅ ਸਦਕਾ ਔਰਤਾਂ ’ਤੇ ਜ਼ੁਲਮ ਕਰਨ ਵਾਲੇ ਕਈ ਦੋਸ਼ੀ ਫੜੇ ਵੀ ਜਾਂਦੇ ਹਨ ਤੇ ਕੁਝ ਕੁ ਨੂੰ ਸਜ਼ਾਵਾਂ ਵੀ ਮਿਲ ਜਾਂਦੀਅਾਂ ਹਨ ਪਰ ਸਮੁੱਚੇ ਤੌਰ ’ਤੇ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। 
ਜਦੋਂ ਤੋਂ ਸੰਘ ਦੀ ਵਿਚਾਰਧਾਰਾ ਦੇ ਅਨੁਰੂਪ ਮੋਦੀ ਸਰਕਾਰ ਦੇਸ਼ ਦਾ ਸ਼ਾਸਨ ਚਲਾ ਰਹੀ ਹੈ, ਉਸ ਸਮੇਂ ਤੋਂ ਲੈ ਕੇ ਤਾਂ ਇਨ੍ਹਾਂ ਕੁਕਰਮਾਂ ’ਚ ਹੋਰ ਵਾਧਾ ਹੋ ਗਿਆ ਹੈ। ਅਫਸੋਸ ਇਸ ਗੱਲ ਦਾ ਹੈ ਕਿ ਕਈ ਰਾਜਸੀ ਨੇਤਾ ਔਰਤਾਂ ਨਾਲ ਹੋ ਰਹੇ ਅੱਤਿਆਚਾਰਾਂ ਵਾਸਤੇ ਖ਼ੁਦ ਔਰਤਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੰਦੇ ਹਨ। ਅਜਿਹੇ ‘ਭੱਦਰ ਪੁਰਸ਼’ ਔਰਤਾਂ ਦੇ ਲਿਬਾਸ, ਉਨ੍ਹਾਂ ਦੇ ਪੜ੍ਹਨ-ਲਿਖਣ, ਖਾਣ-ਪੀਣ, ਘੁੰਮਣ-ਫਿਰਨ ਤੇ ਲੜਕਿਅਾਂ ਨਾਲ ਗੱਲਾਂ-ਬਾਤਾਂ ਕਰਨ ਦੇ ਢੰਗਾਂ ਨੂੰ ਔਰਤਾਂ ਦੇ ਦੋਸ਼ਾਂ ਦੀ ਸੂਚੀ ਵਿਚ ਜੋੜ ਦਿੰਦੇ ਹਨ, ਜਿਨ੍ਹਾਂ ਦੇ ਸਿੱਟੇ ਵਜੋਂ ‘ਮਰਦਾਂ’ ਨੂੰ ਔਰਤ ਜਾਤ ’ਤੇ ਉਪਰੋਕਤ ਅਣਮਨੁੱਖੀ ਵਿਵਹਾਰ ਕਰਨ ਦਾ ਮੌਕਾ ਮਿਲ ਰਿਹਾ ਹੈ। 
ਇਸ ਤੋਂ ਵੱਧ ਅਭੱਦਰ, ਗੈਰ-ਸੰਵੇਦਨਸ਼ੀਲ, ਗੈਰ-ਸਮਾਜੀ ਤੇ ਗਿਰਾਵਟ ਭਰਿਆ ‘ਪ੍ਰਵਚਨ’ ਹੋਰ ਕੋਈ ਹੋ ਹੀ ਨਹੀਂ ਸਕਦਾ। ਉਂਝ ਤਾਂ ਸਮਾਜ ਦੀ ਅੱਧੀ ਵਸੋਂ, ਭਾਵ ਔਰਤਾਂ  ਨੂੰ ਬਰਾਬਰ ਦੀ ਅੱਧੀ ਗਿਣਤੀ ਦੇ ਮਰਦਾਂ ਵਾਂਗ ਮਨਭਾਉਂਦਾ ਪਹਿਰਾਵਾ ਪਹਿਨਣ, ਖਾਣ-ਪੀਣ ਤੇ ਨਿੱਜੀ ਆਜ਼ਾਦੀਅਾਂ ਮਾਣਨ ਦਾ ਪੂਰਾ-ਪੂਰਾ ਹੱਕ ਹੈ ਪਰ ਜੇਕਰ ‘ਬਲਾਤਕਾਰ’ ਵਰਗੇ ਅਣਮਨੁੱਖੀ ਕੁਕਰਮ ਨੂੰ ਕੋਈ ਸੱਜਣ ਜਾਂ ਸੰਸਥਾ ਭੜਕਾਊ ਕੱਪੜਿਅਾਂ ਨਾਲ ਜੋੜਦੀ ਹੈ, ਤਦ ਕੀ ਉਹ ਦੱਸ ਸਕਦੇ ਹਨ ਕਿ 2 ਸਾਲ, 4 ਸਾਲ ਜਾਂ 7 ਸਾਲ ਦੀਅਾਂ ਫੁੱਲਾਂ ਵਰਗੀਅਾਂ ਬੱਚੀਅਾਂ ਨਾਲ ਕੀਤਾ ਜਾ ਰਿਹਾ ਅਜਿਹਾ ਨਿੰਦਣਯੋਗ ਅਪਰਾਧ ਕੀ ਭੜਕਾਊ ਲਿਬਾਸ ਪਾਉਣ ਦਾ ਸਿੱਟਾ ਹੈ? ਅਸਲ ’ਚ ਅਜਿਹੇ ਲੋਕਾਂ ਦੀ ਮਾਨਸਿਕਤਾ ਤੇ ਵਿਚਾਰਧਾਰਾ ਹੀ ਇਸਤਰੀ-ਵਿਰੋਧੀ ਹੈ ਕਿਉਂਕਿ ਉਹ ਔਰਤ ਜਾਤ ਨੂੰ ਸਿਰਫ ਔਲਾਦ ਪੈਦਾ ਕਰਨ ਤੇ ਮਨੁੱਖ ਦੀਅਾਂ ਕਾਮਨਾਵਾਂ ਪੂਰੀਅਾਂ ਕਰਨ ਵਾਸਤੇ ਇਕ ਭੋਗਣ ਵਰਗੀ ਬਾਜ਼ਾਰੂ ਚੀਜ਼ ਹੀ ਸਮਝਦੇ ਹਨ, ਜਿਨ੍ਹਾਂ ਦਾ ਆਪਣਾ ਕੋਈ ਸਵੈਮਾਣ ਜਾਂ ਹੋਂਦ ਨਹੀਂ ਹੁੰਦੀ। 
ਔਰਤਾਂ ਦੀ ਗੁਲਾਮੀ ਤੇ ਅੱਤਿਆਚਾਰਾਂ ਦੀ ਕਹਾਣੀ ਸਮਾਜ ਦੀ ਕਾਣੀ ਵੰਡ ਵਾਲੀ ਵਿਵਸਥਾ ਨਾਲ ਜੁੜੀ ਹੋਈ ਹੈ। ਸਮਾਜ ’ਚ ਜਦੋਂ  ਪੈਦਾਵਾਰ ਦੇ ਸਾਧਨ ਤੇ ਉਤਪਾਦਨ ’ਤੇ ਔਰਤ ਦੀ ਬਰਾਬਰੀ ਦੀ ਭਾਗੀਦਾਰੀ ਨਹੀਂ ਹੈ, ਤਦ ਉਸ ਦਾ ਸਮਾਜਿਕ ਰੁਤਬਾ ਵੀ ਮਨੁੱਖ ਦੇ ਬਰਾਬਰ ਨਹੀਂ ਰਿਹਾ। ਇਸ ਤਰ੍ਹਾਂ ਆਰਥਿਕ ਪੱਖੋਂ ਅਧੀਨਗੀ ਜਾਂ ਨਿਰਭਰਤਾ ਦੀ ਸਥਿਤੀ ਔਰਤ ਦੇ ਸਮਾਜਿਕ ਰੁਤਬੇ ਨੂੰ ਤੈਅ ਕਰਦੀ ਹੈ, ਜੋ ਮੌਜੂਦਾ ਸਮੇਂ ’ਚ ਇਕ ਗੁਲਾਮ ਵਰਗਾ ਹੈ। ਭਾਰਤੀ ਇਤਿਹਾਸ ’ਚ ਜੂਏ ਦੀ ਖੇਡ ਵਿਚ ਔਰਤ ਦਾ ਹਾਰਨਾ ਤੇ ਉਸ ਨੂੰ ਬੇਇੱਜ਼ਤ ਹੋਣ ਲਈ ਜੇਤੂ ਧਿਰ ਦੇ ਹਵਾਲੇ ਕਰਨ ਵਰਗੀਅਾਂ ਕਹਾਣੀਅਾਂ ਔਰਤ ਦੀ ਤਰਸਯੋਗ ਦਸ਼ਾ ਨੂੰ ਬਿਆਨ ਕਰਨ ਲਈ ਕਾਫੀ ਹਨ। ਅਜਿਹੇ ਮਰਦ ਪ੍ਰਧਾਨ ਸਮਾਜ ’ਚ ਸਦੀਅਾਂ ਤੋਂ ਹੀ ਔਰਤਾਂ ਨਾਲ ਹਰ ਤਰ੍ਹਾਂ ਦੀਅਾਂ ਵਧੀਕੀਅਾਂ ਕੀਤੀਅਾਂ ਜਾਂਦੀਅਾਂ ਰਹੀਅਾਂ ਹਨ। 
ਵੱਖ-ਵੱਖ ਧਰਮਾਂ ਦੇ ਪਿਛੋਕੜ ’ਚ ਝਾਤੀ ਮਾਰਦਿਅਾਂ ਇਹ ਗੱਲ ਸਪੱਸ਼ਟ  ਹੋ ਜਾਂਦੀ ਹੈ ਕਿ ਬਹਤ ਸਾਰੇ ਧਰਮ ਗ੍ਰੰਥਾਂ ਅੰਦਰ ਔਰਤਾਂ ਪ੍ਰਤੀ ਨਿਖੇਧਾਤਮਕ ਤੇ ਇਤਰਾਜ਼ਯੋਗ ਟਿੱਪਣੀਅਾਂ, ਜਿਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਸੀ, ਨੂੰ ਤਾਂ ਅਜੇ ਤਕ ਸਾਂਭ ਕੇ ਰੱਖਿਆ ਹੋਇਆ ਹੈ, ਜਦਕਿ ਔਰਤਾਂ ਦੇ ਸਨਮਾਨ ’ਚ ਲਿਖੀਅਾਂ ਗੱਲਾਂ ਨੂੰ ਅਣਡਿੱਠ ਕਰ ਕੇ ਉਨ੍ਹਾਂ ਪ੍ਰਤੀ ਤ੍ਰਿਸਕਾਰ ਵਾਲਾ ਵਤੀਰਾ ਜਾਰੀ ਰੱਖਿਆ ਜਾ ਰਿਹਾ ਹੈ। ਕਈ ਧਰਮ ਗ੍ਰੰਥਾਂ ਅੰਦਰ ਇਸਤਰੀਅਾਂ ਨੂੰ ਮੂਰਖਾਂ, ਪਸ਼ੂਅਾਂ ਤੇ ਗੁਲਾਮਾਂ ਦੇ ਬਰਾਬਰ ਦੱਸਿਆ ਗਿਆ ਹੈ। ਸਾਡੀਅਾਂ ਬਹੁਤ ਸਾਰੀਅਾਂ ਲੋਕ ਕਥਾਵਾਂ, ਮੁਹਾਵਰੇ, ਲੋਕ-ਗੀਤ, ਚੁਟਕਲੇ ਔਰਤਾਂ ਪ੍ਰਤੀ ਮੰਦਭਾਵਨਾ ਪੈਦਾ ਕਰਨ ਵਾਲੇ ਹਨ। ਕਮਾਲ ਇਹ ਹੈ ਕਿ ਔਰਤਾਂ ਦੇ ਇਕ ਹਿੱਸੇ ਵਲੋਂ ਇਨ੍ਹਾਂ ਵਿਰੁੱਧ ਵਿਰੋਧ ਪ੍ਰਗਟ ਕਰਨ ਦੀ ਥਾਂ ਇਨ੍ਹਾਂ ਨੂੰ ਸਲਾਹਿਆ ਜਾਂਦਾ ਹੈ ਜਾਂ ਘੱਟੋ-ਘੱਟ ਬਹੁਤ ਹੀ ਸਹਿਜ ਢੰਗ ਨਾਲ ਸਵੀਕਾਰ ਕੀਤਾ ਜਾਂਦਾ ਹੈ। 
ਸੰਘ (ਆਰ. ਐੱਸ. ਐੱਸ.) ਨੇ ਭਾਰਤ ਦੇ ਧਰਮ-ਨਿਰਪੱਖ ਤੇ ਜਮਹੂਰੀ ਸਮਾਜਿਕ ਤਾਣੇ-ਬਾਣੇ ਨੂੰ ਮੂਲ ਰੂਪ ’ਚ ਤਬਦੀਲ ਕਰ ਕੇ ਇਕ ‘ਧਰਮ ਅਾਧਾਰਿਤ ਰਾਜ’ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਉਹ ਇਸ ਨੂੰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਨ। ਇਸ ਦਿਸ਼ਾ ਵੱਲ ਬਹੁਤ ਸਾਰੇ ਅਜਿਹੇ ਕਾਨੂੰਨਾਂ ’ਤੇ ਅਮਲ ਸ਼ੁਰੂ ਵੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਨਿਅਾਂ ਪਾਲਿਕਾ  ਤੇ ਕਾਰਜ ਪਾਲਿਕਾ ਦਾ ਇਕ ਚੋਖਾ ਹਿੱਸਾ ਮਾਨਸਿਕ ਤੌਰ ’ਤੇ ਸਵੀਕਾਰ ਕਰ ਚੁੱਕਾ ਹੈ। ਧਰਮ ਆਧਾਰਿਤ ਕਿਸੇ ਵੀ ਰਾਜ ’ਚ (ਸੰਘ ਦੇ ਕਲਪਿਤ ਹਿੰਦੂ ਰਾਸ਼ਟਰ ਸਮੇਤ) ਔਰਤਾਂ ਦੀ ਆਜ਼ਾਦੀ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸਮਾਜ ਅੰਦਰ ਪੀੜਤ ਇਨ੍ਹਾਂ ਔਰਤਾਂ ਦਾ ਸਬੰਧ ਵੀ ਉਸੇ ਧਰਮ ਨਾਲ ਹੋਵੇਗਾ, ਜਿਸ ਦੇ ਨਾਂ ’ਤੇ ਉਸ ‘ਰਾਸ਼ਟਰ’ ਦੀ ਸਥਾਪਨਾ ਕੀਤੀ ਗਈ ਹੋਵੇਗੀ। ‘ਮੁਸਲਿਮ ਰਾਸ਼ਟਰ’, ‘ਈਸਾਈ ਰਾਸ਼ਟਰ’, ‘ਖਾਲਿਸਤਾਨ’, ‘ਹਿੰਦੂ ਰਾਸ਼ਟਰ’ ਨਾਂ ਦੇ ਤੌਰ ’ਤੇ ਹੀ ਅਲੱਗ ਹਨ ਪਰ ਸਾਰ ਤੱਤ ਸਾਰਿਅਾਂ ਦਾ ਇਕੋ ਜਿਹਾ ਹੀ ਹੈ : ਧਾਰਮਿਕ ਕੱਟੜਵਾਦ, ਨਿੱਜੀ ਆਜ਼ਾਦੀਅਾਂ ਦਾ ਖਾਤਮਾ, ਲੋਕਰਾਜੀ ਰਵਾਇਤਾਂ ਦਾ ਘਾਣ, ਅਸਹਿਣਸ਼ੀਲਤਾ, ਆਪਸੀ ਭਾਈਚਾਰਕ ਸਾਂਝ ’ਚ ਤਰੇੜਾਂ  ਤੇ ਸਭ ਤੋਂ ਉਪਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਨੂੰ ਰਾਜਸੀ, ਸਮਾਜਿਕ ਤੇ ਵਿਚਾਰਧਾਰਕ ਪ੍ਰਵਾਨਗੀ। 
ਪਿਛਲੇ ਸਮੇਂ ਵਿਚ ਵੱਖ-ਵੱਖ ਧਰਮਾਂ ਤੇ ਮੱਠਾਂ ਦੇ ਕਈ ਧਰਮ ਗੁਰੂਅਾਂ ਵਲੋਂ ਆਪਣੀਅਾਂ ਹੀ ਸ਼ਰਧਾਲੂ ਤੇ ਪ੍ਰਚਾਰਕ ਔਰਤਾਂ/ਬਾਲੜੀਅਾਂ ਨਾਲ ਬਲਾਤਕਾਰ ਦੀਅਾਂ ਘਟਨਾਵਾਂ ਜਗ-ਜ਼ਾਹਿਰ ਹੋਈਅਾਂ ਹਨ। ਇਨ੍ਹਾਂ ’ਚੋਂ ਕੋਈ ਦੋਸ਼ੀ ਤਾਂ ਜੇਲਾਂ ਦੀ ਹਵਾ ਖਾ ਰਹੇ ਹਨ ਤੇ ਦੂਸਰਿਅਾਂ ਵਿਰੁੱਧ ਅਦਾਲਤੀ ਕਾਰਵਾਈ ਜਾਰੀ ਹੈ। ਇਨ੍ਹਾਂ ਮੁਜਰਿਮਾਂ ਨੂੰ ਕਾਨੂੰਨ ਦੇ ਸ਼ਿਕੰਜੇ ’ਚ ਲਿਆਉਣ ਲਈ ਪੀੜਤ ਔਰਤਾਂ ਨੇ ਆਪ ਤਾਂ ਵੱਡਾ  ਹੌਸਲਾ ਦਿਖਾਇਆ ਹੀ ਹੈ, ਨਾਲ ਹੀ ਇਸ ਨਾਲ ਜਿਹੜਾ ਰੋਹ ਇਨ੍ਹਾਂ ਘਟਨਾਵਾਂ ਤੋਂ ਆਮ ਲੋਕਾਂ ਦੇ ਦਿਲਾਂ ’ਚੋਂ ਉੱਠ ਕੇ ਇਕ ਵੱਡੇ ਤੂਫਾਨ ਦੇ ਰੂਪ ’ਚ ਸਾਹਮਣੇ ਆਇਆ ਹੈ, ਉਸ ਨੇ ਸਰਕਾਰਾਂ ਤੇ ਅਫਸਰਸ਼ਾਹੀ ਨੂੰ ਅਜਿਹੀਅਾਂ ਘਿਨਾਉਣੀਅਾਂ ਕਾਰਵਾਈਅਾਂ ਕਰਨ ਵਾਲੇ ਦੋਸ਼ੀਅਾਂ ਨੂੰ ਕਾਨੂੰਨ ਦੇ ਕਟਹਿਰੇ ’ਚ ਖੜ੍ਹੇ ਕਰਨ ਲਈ ਮਜਬੂਰ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। 
ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਇਨ੍ਹਾਂ ਨਾਮ-ਨਿਹਾਦ ‘ਧਰਮ ਗੁਰੂਅਾਂ’ ਜਾਂ ‘ਸੰਤਾਂ’ ਦੇ ਆਪਣੇ ਹੀ ਮੱਤ ਦੀਅਾਂ ਪੈਰੋਕਾਰ ਔਰਤਾਂ ਨਾਲ ਕੀਤੇ ਇਹ ਕੁਕਰਮ ਸਾਹਮਣੇ ਆਏ ਤਾਂ ਉਸੇ ਮੱਤ ਦੇ ਔਰਤਾਂ ਸਮੇਤ ਮਰਦ ਸ਼ਰਧਾਲੂਅਾਂ ਨੇ ਕੁਝ ਕੇਸਾਂ ’ਚ ਪੀੜਤਾਂ ਦੇ ਪੱਖ ’ਚ ਖੜ੍ਹੇ ਹੋਣ ਦੀ ਥਾਂ ਦੋਸ਼ੀ ਦਾ ਹੀ ਪੱਖ ਪੂਰਿਆ। ਔਰਤਾਂ ਦੀ ਬੇਪਤੀ ਦੇ ਦੋਸ਼ੀ ਕਥਿਤ ਧਰਮ ਗੁਰੂਅਾਂ ਲਈ ਸਭ ਤੋਂ ਵੱਧ ਅੱਥਰੂ ਔਰਤਾਂ ਨੇ ਕੇਰੇ ਹਨ। 
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਣਾ ਚਾਹੀਦਾ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਵਾਪਰਦੀ ਹੋਵੇ, ਸਭ ਤੋਂ ਪਹਿਲਾਂ ਇਸ ਦੇ ਵਿਰੋਧ ਦੀ ਸੁਰ ਉਸੇ ਧਰਮ/ਮੱਤ/ਪੰਥ ਦੇ ਆਮ ਸ਼ਰਧਾਲੂਅਾਂ ਵਲੋਂ ਉੱਠਣੀ ਚਾਹੀਦੀ ਹੈ। ਇਸ ਨਾਲ ਪੀੜਤਾਂ ਨੂੰ ਇਨਸਾਫ ਮਿਲੇਗਾ ਤੇ ਕੁਝ ਮੁਖੀਅਾਂ ਦੇ ਕੁਕਰਮੀ ਕੰਮਾਂ ਦਾ ਖਮਿਆਜ਼ਾ ਸਾਰੇ ਧਰਮ ਦੇ ਲੋਕਾਂ ਨੂੂੰ ਨਹੀਂ ਭੁਗਤਣਾ ਪਵੇਗਾ ਤੇ ਅੱਗੋਂ ਕਿਸੇ ਦੂਸਰੇ ਦੀ ਅਜਿਹਾ ਕੁਕਰਮ ਦੁਹਰਾਉਣ ਦੀ ਹਿੰਮਤ ਨਹੀਂ ਹੋਵੇਗੀ। ਇਹ ਸਬੰਧਤ ਧਰਮ ਦੀ ਸਭ ਤੋਂ ਵੱਡੀ ਸੇਵਾ ਸਿੱਧ ਹੋ ਸਕਦੀ ਹੈ। 
ਲੋੜ ਇਹ ਵੀ ਹੈ ਕਿ ਬਿਨਾਂ ਕਿਸੇ ਡਰ ਜਾਂ ਸਹਿਮ ਦੇ ਔਰਤਾਂ ਨੂੰ ਆਪਣੇ ਮਾਣ-ਸਨਮਾਨ ਤੇ ਵੱਕਾਰ ਲਈ ਆਪ ਉੱਠਣਾ  ਪਵੇਗਾ। ਉਨ੍ਹਾਂ ਦੇ ਨਾਲ ਬਾਕੀ ਸਮਾਜ ਦੇ ਲੋਕ ਵੀ ਆ ਮਿਲਣਗੇ। ਆਵਾਜ਼ ਬੁਲੰਦ ਕਰਨ ਸਮੇਂ ਕਿਸੇ ਆਸਥਾ ਦੇ ਪਰਦੇ ਹੇਠਾਂ ‘ਕਥਿਤ ਧਰਮ ਗੁਰੂਅਾਂ’ ਜਾਂ ‘ਬਾਬਿਅਾਂ’ ਦੇ ਧਨ ਤੇ ਬਾਹੂਬਲ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜਨਤਾ, ਸੰਗਤ, ਲੋਕਾਈ ਇਨ੍ਹਾਂ ਦੁਰਾਚਾਰੀਅਾਂ ਤੋਂ ਵੱਧ ਤਾਕਤਵਰ ਹੈ। ਇਸ ਦੇ ਨਾਲ ਹੀ ਇਸ ਹਕੀਕਤ ਨੂੰ ਵੀ ਦਿਮਾਗ ’ਚ ਰੱਖਣਾ ਹੋਵੇਗਾ ਕਿ ਨਾਬਰਾਬਰੀ ਤੇ ਬੇਇਨਸਾਫੀ ਉਪਰ ਆਧਾਰਿਤ ਸਮਾਜਿਕ-ਆਰਥਿਕ ਢਾਂਚੇ ਅੰਦਰ ਔਰਤਾਂ ਦੀ ਸੰਪੂਰਨ ਆਜ਼ਾਦੀ ਦੀ ਗਾਰੰਟੀ ਅਸੰਭਵ ਹੈ। ਪੂੰਜੀਵਾਦੀ ਵਿਕਸਿਤ ਤੇ ਘੱਟ ਵਿਕਸਿਤ ਜਾਂ ਵਿਕਾਸਸ਼ੀਲ ਰਾਸ਼ਟਰਾਂ ’ਚ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਦੀ ਮਾਤਰਾ ’ਚ ਤਾਂ ਕੋਈ ਕਮੀ ਹੋ ਸਕਦੀ ਹੈ ਪਰ ਇਨ੍ਹਾਂ ਜ਼ੁਲਮਾਂ ਦੀ ਸਮਾਜ ’ਚ ਮੌਜੂਦਗੀ ਤੋਂ ਇਨਕਾਰ ਬਿਲਕੁਲ ਨਹੀਂ ਕੀਤਾ ਜਾ ਸਕਦਾ। ਮਨੁੱਖ ਦੀ ਔਰਤਾਂ ਪ੍ਰਤੀ ਮਾਨਸਿਕਤਾ ਸਮਾਜਿਕ-ਆਰਥਿਕ ਢਾਂਚੇ ’ਤੇ ਇਸ ਦੇ ਉਪਰ ਉੱਸਰੇ ਸੱਭਿਆਚਾਰਕ ਤੇ ਸਿਆਸੀ ‘ਉਸਾਰ’ ਉਪਰ ਨਿਰਭਰ ਕਰਦੀ ਹੈ। ਇਸ ਨੂੰ ਇਕ-ਦੂਸਰੇ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।