ਹੈਰਾਨੀਜਨਕ ਹੋਣਗੇ ਹਿਮਾਚਲ ਦੇ ਚੋਣ ਨਤੀਜੇ

11/17/2017 6:10:50 AM

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ ਤੇ ਇਨ੍ਹਾਂ ਦੇ ਨਤੀਜੇ 18 ਦਸੰਬਰ ਨੂੰ ਆਉਣਗੇ। ਇਸੇ ਦਰਮਿਆਨ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਵਰਕਰਾਂ ਦੇ ਪੱਧਰ 'ਤੇ ਫੀਡਬੈਕ ਵੀ ਲਿਆ ਜਾ ਰਿਹਾ ਹੈ। 
ਸਾਰੀ ਚੋਣ ਮੁਹਿੰਮ ਤੇ ਵੋਟਿੰਗ ਤਕ ਸੂਬੇ ਦੇ ਵੋਟਰਾਂ ਨੇ ਚੁੱਪ ਵੱਟੀ ਰੱਖੀ। ਵੋਟਿੰਗ 'ਚ ਉਨ੍ਹਾਂ ਦੀ ਹਿੱਸੇਦਾਰੀ ਹੁਣ ਤਕ ਦੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਰਹੀ। ਔਰਤਾਂ ਨੇ 68 'ਚੋਂ 49 ਵਿਧਾਨ ਸਭਾ ਹਲਕਿਆਂ 'ਚ ਮਰਦਾਂ ਨੂੰ ਪਛਾੜਦਿਆਂ 77 ਫੀਸਦੀ ਵੋਟਿੰਗ ਕਰ ਕੇ ਬਾਜ਼ੀ ਮਾਰੀ ਤੇ ਹੋਰਨਾਂ ਵਿਧਾਨ ਸਭਾ ਹਲਕਿਆਂ 'ਚ ਵੀ ਇਨ੍ਹਾਂ ਦੀ ਹਿੱਸੇਦਾਰੀ ਬੇਮਿਸਾਲ ਰਹੀ, ਹਾਲਾਂਕਿ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਮਾਮਲੇ 'ਚ ਦੋਵੇਂ ਸਿਆਸੀ ਪਾਰਟੀਆਂ ਫ਼ਾਡੀ ਰਹੀਆਂ।
ਨੌਜਵਾਨਾਂ ਨੇ ਵੀ ਵੱਡੀ ਗਿਣਤੀ 'ਚ ਇਸ ਲੋਕਤੰਤਰੀ ਪ੍ਰਕਿਰਿਆ 'ਚ ਪਹਿਲੀ ਵਾਰ ਹਿੱਸਾ ਲੈ ਕੇ ਚੋਣ ਗਣਿਤ ਨੂੰ ਪ੍ਰਭਾਵਿਤ ਕਰਨ ਦਾ ਉਤਸ਼ਾਹ ਦਿਖਾਇਆ। ਚੋਣ ਕਮਿਸ਼ਨ ਵਲੋਂ ਪਿਛਲੇ ਕੁਝ ਮਹੀਨਿਆਂ ਤੋਂ ਸੂਬਾ ਅਤੇ ਜ਼ਿਲਾ ਪੱਧਰ 'ਤੇ 'ਸਵੀਪ ਪ੍ਰੋਗਰਾਮ' ਦੇ ਤਹਿਤ ਭਾਰੀ ਉਤਸ਼ਾਹ ਨਾਲ ਜਨ-ਜਾਗਰੂਕਤਾ ਮੁਹਿੰਮ ਚਲਾ ਕੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਸਾਰਿਆਂ ਨੂੰ ਚੋਣਾਂ 'ਚ ਅੱਗੇ ਵਧ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। 
ਸੂਬੇ 'ਚ ਪਹਿਲੀ ਵਾਰ ਇਸਤੇਮਾਲ ਹੋਈਆਂ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਤੋਂ ਵੀ ਆਮ ਵੋਟਰਾਂ ਨੂੰ ਜਾਣੂ ਕਰਵਾਇਆ ਗਿਆ। ਸਿੱਟੇ ਵਜੋਂ ਇਸ ਵਾਰ ਵੋਟਿੰਗ ਦੀ ਦਰ ਪਹਿਲਾਂ ਨਾਲੋਂ ਵਧੀ ਹੈ। ਸੂਬੇ 'ਚ ਚੋਣਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੇ ਵੀ ਭਾਰੀ ਯੋਗਦਾਨ ਦਿੱਤਾ। 
ਰਾਹੁਲ ਗਾਂਧੀ ਵਲੋਂ ਸਿਰਫ ਇਕ ਦਿਨ ਲਈ ਸੂਬੇ ਵਿਚ ਆ ਕੇ 3 ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਇਲਾਵਾ ਸੂਬੇ 'ਚ ਕਾਂਗਰਸ ਦੀ ਸਾਰੀ ਮੁਹਿੰਮ ਵੀਰਭੱਦਰ ਸਿੰਘ ਦੀ ਅਗਵਾਈ ਹੇਠ ਹੀ ਚਲਾਈ ਗਈ ਅਤੇ 83 ਸਾਲਾ ਇਸ ਬਜ਼ੁਰਗ ਨੇਤਾ ਨੇ ਬਹੁਤ ਹਿੰਮਤ ਨਾਲ ਆਪਣੀ ਚੋਣ ਮੁਹਿੰਮ ਚਲਾਈ। 
ਭਾਜਪਾ ਦੇ ਸਾਰੇ ਘਾਗ ਕੌਮੀ ਨੇਤਾਵਾਂ ਨੇ ਸੂਬੇ 'ਚ ਵੱਡੀਆਂ-ਵੱਡੀਆਂ ਰੈਲੀਆਂ ਕਰ ਕੇ ਚੋਣ ਮਾਹੌਲ ਨੂੰ ਗਰਮਾਈ ਰੱਖਿਆ। ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਕੇਂਦਰੀ ਲੀਡਰਸ਼ਿਪ ਨੂੰ ਸੂਬੇ ਤੋਂ ਮਿਲੀ ਫੀਡਬੈਕ ਦੇ ਆਧਾਰ 'ਤੇ ਭਾਜਪਾ ਦੇ ਸਭ ਤੋਂ ਵੱਧ ਹਰਮਨਪਿਆਰੇ ਨੇਤਾ ਪ੍ਰੋ. ਪ੍ਰੇਮ ਕੁਮਾਰ ਧੂਮਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣਾ ਪਿਆ। ਇਸ ਨਾਲ ਭਾਜਪਾ ਦੇ ਪੱਖ 'ਚ ਮਾਹੌਲ ਬਦਲ ਸਕਿਆ। 
ਇਸ ਵਾਰ ਬੇਸ਼ੱਕ ਟੱਕਰ ਫਿਰ ਧੂਮਲ ਤੇ ਵੀਰਭੱਦਰ ਸਿੰਘ ਵਿਚਾਲੇ ਹੋਈ ਅਤੇ ਇਨ੍ਹਾਂ 'ਚੋਂ ਕਿਸੇ ਇਕ ਦੀ ਅਗਵਾਈ ਹੇਠ ਸੂਬੇ ਦੀ ਸਰਕਾਰ ਬਣਨੀ ਹੈ ਪਰ ਨਾਲ ਹੀ ਮਾਕਪਾ ਨੂੰ ਵੀ ਉਮੀਦ ਹੈ ਕਿ ਉਸ ਦੇ ਦੋ-ਚਾਰ ਵਿਧਾਇਕ ਜ਼ਰੂਰ ਜਿੱਤ ਕੇ ਵਿਧਾਨ ਸਭਾ 'ਚ ਦਾਖਲ ਹੋ ਸਕਣਗੇ। ਕੁਝ ਬਾਗ਼ੀ ਉਮੀਦਵਾਰ ਵੀ ਜਿੱਤ ਹਾਸਿਲ ਕਰ ਕੇ ਦੋਹਾਂ ਪਾਰਟੀਆਂ ਦੇ ਸੱਤਾ ਵਿਚ ਆਉਣ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਗਣਿਤ ਪ੍ਰਭਾਵਿਤ ਕਰ ਸਕਦੇ ਹਨ। 
ਇਸ ਵਾਰ ਸੂਬੇ 'ਚ ਸਾਰੇ ਪੱਧਰ ਦੇ ਨੇਤਾਵਾਂ ਵਲੋਂ ਜਿਸ ਤਰ੍ਹਾਂ ਚੋਣ ਪ੍ਰਚਾਰ ਰੈਲੀਆਂ ਅਤੇ ਸਿਆਸੀ ਟਿੱਪਣੀਆਂ ਕੀਤੀਆਂ ਗਈਆਂ, ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ। ਆਮ ਲੋਕਾਂ ਦੇ ਮੁੱਦਿਆਂ ਜਾਂ ਸੂਬੇ ਦੇ ਵਿਕਾਸ ਦੀ ਗੱਲ ਕਰਨ ਦੀ ਬਜਾਏ ਨੇਤਾਵਾਂ ਵਲੋਂ ਨਿੱਜੀ ਦੂਸ਼ਣਬਾਜ਼ੀ ਕਾਰਨ ਹਿਮਾਚਲ ਦੇ ਵੋਟਰਾਂ ਨੂੰ ਨਿਰਾਸ਼ਾ ਹੋਈ। ਇਸੇ ਕਾਰਨ ਵੋਟਿੰਗ ਕਰਨ ਤਕ ਉਨ੍ਹਾਂ ਦੀ ਖਾਮੋਸ਼ੀ ਨੇ ਸਾਰਿਆਂ ਨੂੰ ਨਤੀਜੇ ਆਉਣ ਤਕ ਦੁਚਿੱਤੀ 'ਚ ਪਾਇਆ ਹੋਇਆ ਹੈ। 
ਇਨ੍ਹਾਂ ਚੋਣਾਂ 'ਚ ਸਰਕਾਰੀ ਸਕੂਲਾਂ-ਕਾਲਜਾਂ ਦੇ 55 ਹਜ਼ਾਰ ਅਧਿਆਪਕਾਂ ਨੇ ਚੋਣ ਪ੍ਰਕਿਰਿਆਵਾਂ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਪਰ ਇਸ ਨਾਲ ਸੂਬੇ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਜ਼ਰੂਰ ਨੁਕਸਾਨ ਹੋਇਆ ਹੈ। ਹੁਣ ਮਾਰਚ ਤਕ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪਿੱਛੇ ਛੁੱਟ ਗਈ ਪੜ੍ਹਾਈ ਨੂੰ ਤੇਜ਼ੀ ਨਾਲ ਮੁਕੰਮਲ ਕਰਵਾਉਣਾ ਪਵੇਗਾ। 
ਚੋਣ ਨਤੀਜੇ ਆਉਣ ਤਕ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਆਪੋ-ਆਪਣੀ ਜਿੱਤ-ਹਾਰ ਦਾ ਗਣਿਤ ਲੜਾ ਰਹੇ ਹਨ। ਹਰੇਕ ਪਾਰਟੀ ਦੇ ਉਮੀਦਵਾਰ ਦੀ ਸੰਭਾਵਨਾ ਨੂੰ ਚਾਪਲੂਸ ਤੇ ਵਿਸ਼ਵਾਸਘਾਤੀ ਠੇਸ ਪਹੁੰਚਾ ਸਕਦੇ ਹਨ। 
ਧਰਮ, ਫਿਰਕੇ, ਜਾਤ-ਪਾਤ ਅਤੇ ਖੇਤਰਵਾਦ ਦੀ ਸਿਆਸਤ ਕਰਨ ਵਾਲੇ ਉਮੀਦਵਾਰਾਂ ਦੀ ਜਿੱਤ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਕੁਲ ਮਿਲਾ ਕੇ ਸੂਬੇ 'ਚ ਕਿਹੜੀ ਸਿਆਸੀ ਪਾਰਟੀ ਸਰਕਾਰ ਬਣਾਉਣ 'ਚ ਸਫਲ ਹੋਵੇਗੀ, ਇਹ ਤਾਂ ਹੁਣ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।