ਦਲ-ਬਦਲੀ ਦੀਆਂ ਹਵਾਵਾਂ ਨਾਲ ਹਿੱਲਦੀ ਹਿਮਾਚਲ ਦੀ ਸਿਆਸਤ

05/09/2019 6:53:39 AM

ਡਾ. ਰਾਜੀਵ ਪਥਰੀਆ
ਸਿਰਫ 4 ਲੋਕ ਸਭਾ ਸੀਟਾਂ ਵਾਲੇ ਸੂਬੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੂੰ ਦਲ-ਬਦਲੀ ਦੀਆਂ ਹਵਾਵਾਂ ਨੇ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ। ਹਿਮਾਚਲ ’ਚ ਵੋਟਾਂ 19 ਮਈ ਨੂੰ ਪੈਣੀਆਂ ਹਨ ਪਰ ਚੋਣਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਵੱਡੇ ਨੇਤਾਵਾਂ ਅਤੇ ਵਰਕਰਾਂ ਨੇ ਪਾਰਟੀਆਂ ਬਦਲ ਲਈਆਂ ਹਨ ਅਤੇ ਕੁਝ ਬਿਹਤਰ ਆਫਤ ਦੀ ਉਡੀਕ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਸਮੇਂ ਇਥੇ ਦਲ-ਬਦਲੀ ਦੇ ਛੋਟੇ-ਮੋਟੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਵਾਰ ਲੋਕ ਸਭਾ ਚੋਣਾਂ ’ਚ ਇਸ ਦੀ ਸ਼ੁਰੂਆਤ ਖੁਦ ਪਾਰਟੀ ਬਦਲਣ ਦੇ ਮਾਹਿਰ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਨੇ ਭਾਜਪਾ ਨੂੰ ‘ਗੁੱਡ ਬਾਏ’ ਕਹਿ ਕੇ ਕੀਤੀ ਹੈ। ਉਨ੍ਹਾਂ ਤੋਂ ਬਾਅਦ ਤਿੰਨ ਵਾਰ ਐੱਮ. ਪੀ. ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸੰਗਠਨ ਮੰਤਰੀ ਰਹਿ ਚੁੱਕੇ ਸੁਰੇਸ਼ ਚੰਦੇਲ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ। ਹਾਲਾਂਕਿ ਸੁਰੇਸ਼ ਚੰਦੇਲ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਪਰ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਸਹਿ-ਕਨਵੀਨਰ ਬਣਾ ਕੇ ਅਹਿਮ ਭੂਮਿਕਾ ਦੇ ਦਿੱਤੀ ਹੈ।ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਸਿੰਘੀਰਾਮ ਅਤੇ ਕਾਂਗੜਾ ਦੇ ਸਾਬਕਾ ਵਿਧਾਇਕ ਸੁਰੇਂਦਰ ਕਾਕੂ ਨੇ ਵੀ ਇਨ੍ਹਾਂ ਚੋਣਾਂ ’ਚ ਪਾਰਟੀ ਅੰਦਰ ਆਪਣੀ ਅਣਦੇਖੀ ਕਾਰਨ ਭਾਜਪਾ ਦਾ ਪੱਲਾ ਫੜ ਲਿਆ ਹੈ। ਸਿੰਘੀਰਾਮ ਰਾਮਪੁਰ ਬੁਸ਼ੈਹਰ ਤੋਂ ਲਗਾਤਾਰ 6 ਵਾਰ ਕਾਂਗਰਸ ਦੀ ਟਿਕਟ ’ਤੇ ਚੋਣਾਂ ਜਿੱਤੇ ਹਨ। ਵੀਰਭੱਦਰ ਸਿੰਘ ਦੇ ਮੰਤਰੀ ਮੰਡਲ ’ਚ ਮੰਤਰੀ ਵੀ ਰਹੇ ਹਨ, ਜਦਕਿ ਓ. ਬੀ. ਸੀ. ਵਰਗ ਨਾਲ ਸਬੰਧ ਰੱਖਣ ਵਾਲੇ ਕਾਕੂ ਵੀ ਇਕ ਵਾਰ ਕਾਂਗੜਾ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਦੋਹਾਂ ਪਾਰਟੀਆਂ ਦੇ ਕਈ ਵਰਕਰਾਂ ਨੇ ਵੀ ਆਪੋ-ਆਪਣੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਸ਼ਾਇਦ ਪਹਿਲਾ ਮੌਕਾ ਹੈ, ਜਦੋਂ ਭਾਜਪਾ ਅਤੇ ਕਾਂਗਰਸ ਲੋਕ ਸਭਾ ਚੋਣਾਂ ’ਚ ਇਸ ਤਰ੍ਹਾਂ ਜੋੜ-ਤੋੜ ਦੀ ਸਿਆਸਤ ਕਰ ਕੇ ਸੂਬੇ ’ਚ ਦਲ-ਬਦਲੀ ਕਲਚਰ ਨੂੰ ਸ਼ਹਿ ਦੇਣ ਦਾ ਕੰਮ ਕਰ ਰਹੀਆਂ ਹਨ। ਸਾਬਕਾ ਮੰਤਰੀ ਅਤੇ ਐੱਮ. ਪੀ. ਡਾ. ਰਾਜਨ ਸੁਸ਼ਾਂਤ ਵੀ ਪਿਛਲੇ ਕਈ ਸਾਲਾਂ ਤੋਂ ਭਾਜਪਾ ਅੰਦਰ ਆਪਣੀ ਭੂਮਿਕਾ ਲੱਭਦੇ-ਲੱਭਦੇ ਥੱਕ ਜਾਣ ਤੋਂ ਬਾਅਦ ਹੁਣ ਕਾਂਗਰਸ ਦਾ ਹੱਥ ਫੜਨ ਦੀ ਕੋਸ਼ਿਸ਼ ’ਚ ਹਨ। ਪਿਛਲੇ ਦਿਨੀਂ ਕਾਂਗਰਸ ਹਾਈਕਮਾਨ ਨਾਲ ਉਨ੍ਹਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਹਿਮਾਚਲ ’ਚ ਦਲ-ਬਦਲੀ ਦੀ ਸ਼ੁਰੂਆਤ ਭਾਜਪਾ-ਹਿਵਿਕਾਂ ਗੱਠਜੋੜ ਦੀ ਸਰਕਾਰ ਵੇਲੇ (1998 ਤੋਂ 2003) ਹੀ ਹੋਈ ਸੀ। ਉਸ ਦੌਰਾਨ ਕਾਂਗਰਸ ਤੋਂ ਹਿਵਿਕਾਂ ’ਚ ਗਏ ਚੋਟੀ ਦੇ ਨੇਤਾ ਉਦੋਂ ਦੇ ਮੁੱਖ ਮੰਤਰੀ ਪ੍ਰੋ. ਧੂਮਲ ਦੀ ਕੂਟਨੀਤੀ ਦੀ ਵਜ੍ਹਾ ਕਰਕੇ ਭਾਜਪਾਈ ਬਣ ਗਏ ਸਨ, ਜਿਸ ਨਾਲ ਸੂਬੇ ’ਚ ਭਾਜਪਾ ਨੂੰ ਮਜਬੂਤੀ ਮਿਲੀ ਸੀ। ਉਸ ਤੋਂ ਬਾਅਦ ਕੁਝ ਕੁ ਨੇਤਾਵਾਂ ਨੇ ਕਾਂਗਰਸ ’ਚ ਵਾਪਸੀ ਵੀ ਕਰ ਲਈ ਸੀ। ਅੱਜ ਹਿਮਾਚਲ ਦੀ ਸਿਆਸਤ ’ਚ ਭਾਜਪਾ ਦੇ ਗੜ੍ਹ ਅੰਦਰ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਨਾਂ ਉੱਭਰਨ ਤੋਂ ਬਾਅਦ ਧੂਮਲ ਅਤੇ ਸ਼ਾਂਤਾ ਸਮਰਥਕ ਖੁਦ ਨੂੰ ਹਾਸ਼ੀਏ ’ਤੇ ਮਹਿਸੂਸ ਕਰ ਰਹੇ ਹਨ। ਹਾਲਾਂਕਿ ਖੁਦ ਸ਼ਾਂਤਾ ਕੁਮਾਰ ਪੂਰੀ ਮਜ਼ਬੂਤੀ ਨਾਲ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਉਹ ਆਪਣੇ ਸਾਰੇ ਸਮਰਥਕਾਂ ਨੂੰ ਜੈਰਾਮ ਠਾਕੁਰ ਦੇ ਪਿੱਛੇ ਨਹੀਂ ਚਲਾ ਸਕੇ ਹਨ, ਜਦਕਿ ਹਿਮਾਚਲ ’ਚ ਭਾਜਪਾ ਦੀ ਸਿਆਸਤ ਦੇ ਘਾਗ ਨੇਤਾ ਪ੍ਰੋ. ਧੂਮਲ ਨੇ ਇਨ੍ਹਾਂ ਬਦਲੇ ਹੋਏ ਸਿਆਸੀ ਹਾਲਾਤ ’ਚ ਫਿਲਹਾਲ ਚੁੱਪ ਵਰਤੀ ਹੋਈ ਹੈ। ਉਨ੍ਹਾਂ ਨਾਲ ਜੁੜੇ ਛੋਟੇ-ਵੱਡੇ ਨੇਤਾਵਾਂ ਤੇ ਵਰਕਰਾਂ ਦੀ ਪੁੱਛ-ਪ੍ਰਤੀਤ ਵੀ ਜੈਰਾਮ ਸਰਕਾਰ ’ਚ ਨਹੀਂ ਹੁੰਦੀ ਕਿਉਂਕਿ ਸਰਕਾਰ ਅਤੇ ਸੰਗਠਨ ’ਚ ਭਾਜਪਾ ਪੂਰੀ ਤਰ੍ਹਾਂ ਨਵਾਂ ਚਿਹਰਾ ਬਣਾਉਣ ਦੀ ਕੋਸ਼ਿਸ਼ ’ਚ ਹੈ, ਜਿਸ ਕਰਕੇ ਜੈਰਾਮ ਠਾਕੁਰ ਆਪਣੀ ਟੀਮ ਖੜ੍ਹੀ ਕਰ ਰਹੇ ਹਨ। ਜ਼ਾਹਿਰ ਹੈ ਕਿ ਅਜਿਹੀ ਸਥਿਤੀ ’ਚ ਧੂਮਲ ਨਾਲ ਸੱਤਾ ਅਤੇ ਸੰਗਠਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕ ਅੱਜ ਸਰਕਾਰ ਅਤੇ ਸੰਗਠਨ ’ਚ ਦਿਖਾਈ ਨਹੀਂ ਦਿੰਦੇ। ਸ਼ਾਇਦ ਇਹ ਇਕ ਵੱਡੀ ਵਜ੍ਹਾ ਹੈ ਕਿ ਵਰ੍ਹਿਆਂ ਤੋਂ ਭਾਜਪਾ ਨਾਲ ਜੁੜੇ ਲੋਕ ਹੁਣ ਹੌਲੀ-ਹੌਲੀ ਇਸ ਤੋਂ ਕਿਨਾਰਾ ਕਰਨ ਲੱਗੇ ਹਨ। ਭਾਜਪਾ ਦੇ ਲਗਭਗ ਅੱਧਾ ਦਰਜਨ ਸਾਬਕਾ ਮੰਤਰੀ ਅਤੇ ਵਿਧਾਇਕ ਵੀ ਇਨ੍ਹਾਂ ਬਦਲੇ ਹਾਲਾਤ ’ਚ ਆਪਣੀ ਅਣਦੇਖੀ ਨੂੰ ਬਰਦਾਸ਼ਤ ਨਹੀਂ ਕਰ ਰਹੇ। ਫਿਲਹਾਲ ਪੂਰਾ ਧੂਮਲ ਧੜਾ ਲੋਕ ਸਭਾ ਚੋਣਾਂ ਕਾਰਨ ਚੁੱਪ ਹੈ ਪਰ ਚੋਣਾਂ ਤੋਂ ਬਾਅਦ ਇਹ ਚੁੱਪ ਟੁੱਟ ਵੀ ਸਕਦੀ ਹੈ।

ਵੀਰਭੱਦਰ ਸਿੰਘ ਦੇ ਭਰੋਸੇ ’ਤੇ ਟਿਕੀ ਕਾਂਗਰਸ

ਲੋਕ ਸਭਾ ਚੋਣਾਂ ਦੇ ਪ੍ਰਚਾਰ ’ਚ ਜਿਥੇ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ 2 ਸਾਬਕਾ ਮੁੱਖ ਮੰਤਰੀਆਂ ਸ਼ਾਂਤਾ ਕੁਮਾਰ ਅਤੇ ਪ੍ਰੋ. ਧੂਮਲ ਦੇ ਸਹਾਰੇ ਹੈ, ਉਥੇ ਹੀ ਕਾਂਗਰਸ ਨੂੰ ਹੁਣ ਵੀ ਆਪਣੇ ਇਕਲੌਤੇ ਨੇਤਾ ਵੀਰਭੱਦਰ ਸਿੰਘ ’ਤੇ ਹੀ ਭਰੋਸਾ ਹੈ। ਕਾਂਗਰਸ ਨੇ ਬੇਸ਼ੱਕ ਹੀ ਇਸ ਵਾਰ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਸੂਬੇ ਦੇ ਸਾਬਕਾ ਕਾਂਗਰਸ ਪ੍ਰਧਾਨਾਂ ਦੇ ਨਾਂ ਵੀ ਸ਼ਾਮਲ ਕੀਤੇ ਹਨ ਪਰ ਫੀਲਡ ’ਚ ਸਿਰਫ ਵੀਰਭੱਦਰ ਸਿੰਘ ਅਤੇ ਕਿਤੇ-ਕਿਤੇ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਹੀ ਦਿਖਾਈ ਦੇ ਰਹੇ ਹਨ। ਭਾਜਪਾ ਦੇ ਮੁਕਾਬਲੇ ਕਾਂਗਰਸ ਕੋਲ ਇਸ ਵਾਰ ਸੋਮਿਆਂ ਦੀ ਕਾਫੀ ਘਾਟ ਹੈ, ਜਿਸ ਦਾ ਜ਼ਿਕਰ ਖੁਦ ਵੀਰਭੱਦਰ ਕਰ ਚੁੱਕੇ ਹਨ। ਭਾਜਪਾ ਦੇ ਕੇਂਦਰੀ ਨੇਤਾਵਾਂ ਨੇ ਵੀ ਹਿਮਾਚਲ ਦਾ ਰੁਖ਼ ਕਰ ਲਿਆ ਹੈ, ਜਦਕਿ ਕਾਂਗਰਸ ਦੇ ਕੇਂਦਰੀ ਨੇਤਾ ਅਜੇ ਤਕ ਇਥੇ ਨਹੀਂ ਪਹੁੰਚੇ ਹਨ। ਹਿਮਾਚਲ ਕਾਂਗਰਸ ਦੀ ਇੰਚਾਰਜ ਰਜਨੀ ਪਾਟਿਲ ਵੀ ਹੁਣ ਸ਼ਿਮਲਾ ਪਹੁੰਚੀ ਹੈ, ਜਦਕਿ ਵੋਟਿੰਗ ’ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਆਉਣ ਵਾਲੇ ਦਿਨਾਂ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀਆਂ ਰੈਲੀਆਂ ਅਤੇ ਰੋਡ ਸ਼ੋਅ ਵੀ ਹਿਮਾਚਲ ਪ੍ਰਦੇਸ਼ ’ਚ ਤੈਅ ਕੀਤੇ ਗਏ ਹਨ ਪਰ ਕਾਂਗਰਸ ਨੂੰ ਹੁਣ ਤਕ ਵੀ ਸਭ ਤੋਂ ਜ਼ਿਆਦਾ ਭਰੋਸਾ ਸਿਰਫ ਵੀਰਭੱਦਰ ਸਿੰਘ ’ਤੇ ਹੀ ਹੈ।
 

Bharat Thapa

This news is Content Editor Bharat Thapa