ਹਾਰਦਿਕ ਦੀ ਸੀ. ਡੀ. ਸਾਹਮਣੇ ਆਉਣ ਨਾਲ ਕਿਸ ਨੂੰ ਫਾਇਦਾ ਹੋਵੇਗਾ

11/15/2017 7:55:33 AM

ਹਾਰਦਿਕ ਪਟੇਲ ਜੋ ਖ਼ਦਸ਼ਾ ਜ਼ਾਹਿਰ ਕਰ ਰਹੇ ਸਨ, ਆਖਿਰ ਉਹ ਸੱਚ ਸਿੱਧ ਹੋਇਆ। ਉਹ ਪਿਛਲੇ ਕਈ ਦਿਨਾਂ ਤੋਂ ਕਹਿ ਰਹੇ ਸਨ ਕਿ ਉਨ੍ਹਾਂ ਦੀ ਕੋਈ ਫਰਜ਼ੀ ਸੀ. ਡੀ. ਸਾਹਮਣੇ ਆਉਣ ਵਾਲੀ ਹੈ ਤੇ ਭਾਜਪਾ ਵਾਲੇ ਅਜਿਹਾ ਕੰਮ ਕਰਨ ਵਾਲੇ ਹਨ। ਕੁਝ ਦਿਨਾਂ ਬਾਅਦ ਅਜਿਹੀ ਇਕ ਸੀ. ਡੀ. ਸਾਹਮਣੇ ਆਈ ਅਤੇ ਇਸ ਨੂੰ ਜਾਰੀ ਕਰਨ ਵਾਲੇ ਵੀ। ਹਾਰਦਿਕ ਪਟੇਲ ਵਲੋਂ ਫਿਰ ਸਫਾਈ ਦਿੱਤੀ ਗਈ। ਉਸ ਤੋਂ ਇਕ ਦਿਨ ਬਾਅਦ ਇਕ ਹੋਰ ਸੀ. ਡੀ. ਸਾਹਮਣੇ ਆਈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਸੀ. ਡੀਜ਼ ਸਾਹਮਣੇ ਆਉਣ। 
ਸੀ. ਡੀ. ਜਾਰੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਪਾਟੀਦਾਰ ਸਮਾਜ ਦੀਆਂ ਕੁੜੀਆਂ ਨੂੰ ਬਰਬਾਦ ਕਰ ਰਹੇ ਹਨ, ਉਨ੍ਹਾਂ ਦਾ ਯੌਨ ਸ਼ੋਸ਼ਣ ਕਰ ਰਹੇ ਹਨ, ਇਸ ਲਈ ਇਹ ਸੱਚ ਸਾਹਮਣੇ ਲਿਆਉਣ ਵਾਸਤੇ ਹੀ ਸੀ. ਡੀ. ਜਾਰੀ ਕੀਤੀ ਗਈ ਹੈ। 
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਨੇਤਾ ਦੀ ਸੀ. ਡੀ. ਸਾਹਮਣੇ ਆਈ ਹੋਵੇ। ਇਹ ਵੀ ਪਹਿਲੀ ਵਾਰ ਨਹੀਂ ਹੋਇਆ ਕਿ ਚੋਣਾਂ ਦੇ ਸਮੇਂ ਹੀ ਸੀ. ਡੀ. ਸਾਹਮਣੇ ਆਈ ਹੋਵੇ। ਸੀ. ਡੀ. ਸਾਹਮਣੇ ਆਉਣ ਤੋਂ ਬਾਅਦ ਗੁਜਰਾਤ 'ਚ ਚੋਣ ਮਾਹੌਲ ਗਰਮਾ ਗਿਆ ਹੈ। ਆਮ ਲੋਕਾਂ ਦਰਮਿਆਨ ਸੀ. ਡੀ. ਦੀ ਚਰਚਾ ਹੈ। 
ਸੋਸ਼ਲ ਮੀਡੀਆ ਵਿਚ ਸੀ. ਡੀ. ਨੂੰ ਲੈ ਕੇ ਲੋਕ ਆਪੋ-ਆਪਣੇ ਢੰਗ ਨਾਲ ਟਿੱਪਣੀਆਂ ਕਰ ਰਹੇ ਹਨ। ਹੁਣ ਸਵਾਲ ਉੱਠਦਾ ਹੈ ਕਿ ਕੀ ਸੀ. ਡੀ. ਸੋਸ਼ਲ ਮੀਡੀਆ ਦਾ ਹਿੱਸਾ ਬਣ ਕੇ ਹੀ ਰਹਿ ਜਾਵੇਗੀ ਜਾਂ ਇਹ ਚੋਣਾਂ 'ਚ ਵੋਟਿੰਗ ਨੂੰ ਵੀ ਪ੍ਰਭਾਵਿਤ ਕਰੇਗੀ? 
ਹਾਰਦਿਕ ਦੀ ਸੀ. ਡੀ. ਸਾਹਮਣੇ ਆਉਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਜਾਂ ਕੌਣ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ, ਇਹ ਕਿਸੇ ਤੋਂ ਲੁਕਿਆ ਨਹੀਂ। ਏ. ਬੀ. ਪੀ. ਨਿਊਜ਼ ਸੀ. ਐੱਸ. ਡੀ. ਐੱਸ. ਦਾ ਤਾਜ਼ਾ ਸਰਵੇ ਦੱਸ ਰਿਹਾ ਹੈ ਕਿ ਹਰੇਕ 3 'ਚੋਂ 2 ਪਟੇਲ ਹਾਰਦਿਕ ਨੂੰ ਜਾਣਦੇ ਹਨ।
ਸੌਰਾਸ਼ਟਰ ਤੇ ਕੱਛ ਵਰਗੇ ਪਾਟੀਦਾਰਾਂ ਦੇ ਗੜ੍ਹਾਂ ਵਿਚ ਕਾਂਗਰਸ ਭਾਜਪਾ ਦੇ ਬਰਾਬਰ ਆ ਗਈ ਹੈ। ਦੋਹਾਂ ਧਿਰਾਂ ਨੂੰ 42 ਫੀਸਦੀ ਵੋਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਹੈ। ਉੱਤਰੀ ਗੁਜਰਾਤ ਵਿਚ ਵੀ ਪਾਟੀਦਾਰ ਵੋਟਾਂ ਵੱਡੀ ਗਿਣਤੀ 'ਚ ਹਨ ਅਤੇ ਉਥੇ ਕਾਂਗਰਸ ਭਾਜਪਾ ਨਾਲੋਂ 5 ਫੀਸਦੀ ਅੱਗੇ ਹੈ। 
ਸਰਵੇ ਦੱਸਦਾ ਹੈ ਕਿ 18 ਤੋਂ 29 ਸਾਲ ਦਾ ਨੌਜਵਾਨ ਪਾਟੀਦਾਰ ਹਾਰਦਿਕ ਪਟੇਲ ਨੂੰ ਜ਼ਿਆਦਾ ਪਸੰਦ ਕਰਦਾ ਹੈ। ਪਿਛਲੇ 3 ਮਹੀਨਿਆਂ ਵਿਚ ਕਾਂਗਰਸ ਨੇ ਵੋਟਾਂ ਦਾ ਫਰਕ 12 ਤੋਂ ਘਟਾ ਕੇ 6 ਫੀਸਦੀ ਕਰ ਲਿਆ ਹੈ ਤੇ ਇਸ ਪਿੱਛੇ ਵੱਡੀ ਵਜ੍ਹਾ ਪਟੇਲਾਂ ਦਾ ਸਮਰਥਨ ਹੈ। ਅਜਿਹੀ ਸਥਿਤੀ 'ਚ ਸਵਾਲ ਉੱਠਦਾ ਹੈ ਕਿ ਕੀ ਹਾਰਦਿਕ ਪਟੇਲ ਦੀ ਹਰਮਨਪਿਆਰਤਾ ਨੂੰ ਰੋਕਣ ਲਈ ਸੀ. ਡੀ. ਜਾਰੀ ਕੀਤੀ ਗਈ ਹੈ? 
ਪਾਟੀਦਾਰਾਂ ਦਾ ਕਾਂਗਰਸ ਨਾਲ ਰਾਖਵੇਂਕਰਨ ਨੂੰ ਲੈ ਕੇ ਸਮਝੌਤਾ ਹੋਣ ਹੀ ਵਾਲਾ ਹੈ ਤੇ ਹੁਣ ਤਕ ਦੋਹਾਂ ਨੇ ਹਾਂ-ਪੱਖੀ ਸੰਕੇਤ ਦਿੱਤੇ ਹਨ। ਸਮਝੌਤਾ ਹੋਣ ਦੀ ਸੂਰਤ 'ਚ ਪਾਟੀਦਾਰਾਂ ਦੇ ਕਾਂਗਰਸ ਨਾਲ ਜੁੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋ ਪਾਰਟੀਆਂ ਦੀ ਟੱਕਰ ਹੋਣ 'ਤੇ ਅਜਿਹੀਆਂ ਵੋਟਾਂ ਫੈਸਲਾਕੁੰਨ ਸਿੱਧ ਹੁੰਦੀਆਂ ਹਨ, ਤਾਂ ਕੀ ਇਨ੍ਹਾਂ ਵੋਟਰਾਂ ਨੂੰ ਭਰਮਾਉਣ ਲਈ ਇਹ ਸੀ. ਡੀ. ਜਾਰੀ ਕੀਤੀ ਗਈ ਹੈ? ਅਜਿਹੇ ਬਹੁਤ ਸਾਰੇ ਹੋਰ ਸਵਾਲ ਵੀ ਉੱਠ ਰਹੇ ਹਨ ਅਤੇ ਵੋਟਿੰਗ ਵਾਲੇ ਦਿਨ ਤਕ ਉੱਠਦੇ ਰਹਿਣਗੇ।  
ਅਜਿਹੇ ਸਾਰੇ ਸਵਾਲਾਂ ਦਰਮਿਆਨ ਭਾਜਪਾ ਸੀ. ਡੀ. ਨੂੰ ਲੈ ਕੇ ਹਾਰਦਿਕ ਪਟੇਲ 'ਤੇ ਹੱਲਾ ਬੋਲਣ 'ਚ ਕੋਈ ਨਰਮੀ ਵਰਤਣ ਵਾਲੀ ਨਹੀਂ, ਇਹ ਤੈਅ ਲੱਗਦਾ ਹੈ ਪਰ ਕੀ ਸੀ. ਡੀ. ਆਉਣ ਨਾਲ ਹਾਰਦਿਕ ਨੂੰ ਸਿਰਫ ਨੁਕਸਾਨ ਹੀ ਹੋਵੇਗਾ? ਕੀ ਉਸ ਵਲੋਂ ਖ਼ੁਦ ਨੂੰ ਪੀੜਤ ਦੱਸਣ ਦੀਆਂ ਦਲੀਲਾਂ ਕੰਮ ਨਹੀਂ ਕਰਨਗੀਆਂ? 
ਆਖਿਰ ਗੁਜਰਾਤ ਦੇ ਲੋਕ ਦੇਖ ਚੁੱਕੇ ਹਨ ਕਿ ਕਿਸ ਤਰ੍ਹਾਂ 20-22 ਸਾਲਾਂ ਦੇ ਹਾਰਦਿਕ ਪਟੇਲ ਨੇ 2 ਸਾਲ ਪਹਿਲਾਂ ਪਾਟੀਦਾਰਾਂ ਨੂੰ ਓ. ਬੀ. ਸੀ. ਵਿਚ ਰਾਖਵਾਂਕਰਨ ਦੇਣ ਦੀ ਮੰਗ 'ਤੇ ਅੰਦੋਲਨ ਛੇੜਿਆ ਸੀ ਅਤੇ ਕਿਵੇਂ ਪੁਲਸ ਦੀਆਂ ਲਾਠੀਆਂ-ਡੰਡੇ, ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਵਾਛੜਾਂ ਸਹਿਣ ਦੇ ਨਾਲ-ਨਾਲ ਅੰਦੋਲਨ ਨੂੰ ਮਜ਼ਬੂਤ ਕੀਤਾ?
ਕਿਵੇਂ ਪੁਲਸ ਦੀ ਗੋਲੀ ਨਾਲ ਪਾਟੀਦਾਰ ਸਮਾਜ ਦੇ ਲੋਕਾਂ ਨੂੰ ਜਾਨ ਵੀ ਗੁਆਉਣੀ ਪਈ? ਕਿਵੇਂ ਹਾਰਦਿਕ ਨੂੰ ਸੂਬੇ 'ਚੋਂ 'ਤੜੀਪਾਰ' ਕੀਤਾ ਗਿਆ, ਉਸ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਕਿਵੇਂ ਪਾਟੀਦਾਰ ਸਮਾਜ ਨੂੰ ਵੰਡਣ ਦੀ ਚਾਲ ਚੱਲ ਕੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। 
ਇਹ ਸਭ ਅਜਿਹੇ ਤੱਥ ਹਨ, ਜਿਨ੍ਹਾਂ ਨੂੰ ਗੁਜਰਾਤ ਦੇ ਲੋਕ ਭੁੱਲੇ ਨਹੀਂ ਹਨ। ਹੁਣ ਜਦੋਂ ਹਾਰਦਿਕ ਦੀ ਸੀ. ਡੀ. ਸਾਹਮਣੇ ਆਈ ਹੈ ਤਾਂ ਗੁਜਰਾਤ ਦੇ ਲੋਕਾਂ ਨੂੰ ਪਾਟੀਦਾਰਾਂ ਦੇ ਰਾਖਵਾਂਕਰਨ ਅੰਦੋਲਨ ਵਿਚ ਹਾਰਦਿਕ ਪਟੇਲ ਦੀ ਭੂਮਿਕਾ ਵੀ ਚੇਤੇ ਆ ਰਹੀ ਹੋਵੇਗੀ, ਤਾਂ ਕੀ ਇਸ ਦਾ ਇਹ ਮਤਲਬ ਕੱਢਿਆ ਜਾਵੇ ਕਿ ਸੀ. ਡੀ. ਕਾਂਡ ਤੋਂ ਬਾਅਦ ਲੋਕ ਹਾਰਦਿਕ ਦੇ ਪੱਖ ਵਿਚ ਲਾਮਬੰਦ ਹੋ ਜਾਣਗੇ? ਇਸ ਦਾ ਸਿੱਧੇ ਤੌਰ 'ਤੇ ਹਾਂ ਜਾਂ ਨਾਂਹ ਵਿਚ ਜੁਆਬ ਨਹੀਂ ਦਿੱਤਾ ਜਾ ਸਕਦਾ ਪਰ ਸੀ. ਡੀ. ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਧੜਾ ਜ਼ਰੂਰ ਕੁਝ ਚਿੰਤਤ ਵੀ ਹੋਵੇਗਾ ਅਤੇ ਸੁੱਖ ਦਾ ਸਾਹ ਵੀ ਲਵੇਗਾ। 
ਚਿੰਤਤ ਇਹ ਸੋਚ ਕੇ ਹੋਵੇਗਾ ਕਿ ਉਮਰਦਰਾਜ਼ ਪਾਟੀਦਾਰ ਇਸ ਸੀ. ਡੀ. ਤੋਂ ਨਾਰਾਜ਼ ਹੋ ਸਕਦੇ ਹਨ। ਏ. ਬੀ. ਪੀ. ਨਿਊਜ਼ ਦਾ ਸਰਵੇ ਦੱਸ ਰਿਹਾ ਹੈ ਕਿ 50 ਸਾਲ ਤੋਂ ਜ਼ਿਆਦਾ ਉਮਰ ਦੇ ਪਾਟੀਦਾਰ ਭਾਜਪਾ ਪ੍ਰਤੀ ਝੁਕਾਅ ਰੱਖਦੇ ਹਨ। ਕਾਂਗਰਸ ਨੂੰ ਲੱਗ ਰਿਹਾ ਸੀ ਕਿ ਵੋਟਿੰਗ ਵਾਲਾ ਦਿਨ ਨੇੜੇ ਆਉਂਦੇ-ਆਉਂਦੇ ਇਸ ਵਰਗ ਨੂੰ ਵੀ ਨੌਜਵਾਨ ਪਾਟੀਦਾਰਾਂ ਨਾਲ ਲੁਭਾਇਆ ਜਾ ਸਕਦਾ ਹੈ ਪਰ ਸੀ. ਡੀ. ਸਾਹਮਣੇ ਆਉਣ ਤੋਂ ਬਾਅਦ ਹੋ ਸਕਦਾ ਹੈ ਕਿ ਇਹ ਵਰਗ ਆਪਣੀ ਸੋਚ ਨਾ ਬਦਲੇ। 
ਸਿਆਸਤ 'ਚ ਅਕਸ ਦੀ ਬਹੁਤ ਅਹਿਮੀਅਤ ਹੁੰਦੀ ਹੈ। ਸਰਵੇ ਦੱਸਦਾ ਹੈ ਕਿ ਵਪਾਰੀ ਅਤੇ ਕਿਸਾਨ ਚਾਹੇ ਭਾਜਪਾ ਨਾਲੋਂ ਨਾਰਾਜ਼ ਹੋਣ ਪਰ ਔਰਤਾਂ ਭਾਜਪਾ ਨਾਲ ਜੁੜੀਆਂ ਹੋਈਆਂ ਹਨ ਤੇ ਇਹ ਗੱਲ ਸ਼ਹਿਰੀ ਔਰਤਾਂ ਦੇ ਨਾਲ-ਨਾਲ ਦਿਹਾਤੀ ਔਰਤਾਂ 'ਤੇ ਵੀ ਲਾਗੂ ਹੁੰਦੀ ਹੈ। ਸੀ. ਡੀ. ਸਾਹਮਣੇ ਲਿਆਉਣ ਵਾਲੇ ਅਸ਼ਵਿਨ ਪਟੇਲ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਪਾਟੀਦਾਰ ਸਮਾਜ ਦੀਆਂ ਕੁੜੀਆਂ ਦਾ ਯੌਨ ਸ਼ੋਸ਼ਣ ਕਰ ਰਹੇ ਸਨ। ਕਾਂਗਰਸ ਚਿੰਤਤ ਹੈ ਕਿ ਜੇ ਇਹ ਦਲੀਲ ਕੰਮ ਕਰ ਗਈ ਤਾਂ ਮਹਿਲਾ ਵੋਟਰਾਂ ਦਰਮਿਆਨ ਸੰਨ੍ਹ ਲਾਉਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। 
ਫਿਰ ਵੀ ਕਾਂਗਰਸ ਕੁਝ ਸੁੱਖ ਦਾ ਸਾਹ ਲੈ ਸਕਦੀ ਹੈ ਕਿ ਸੀ. ਡੀ. ਸਾਹਮਣੇ ਆਉਣ ਤੋਂ ਬਾਅਦ ਬੇਸ਼ੱਕ ਹਾਰਦਿਕ ਪਟੇਲ ਇਸ 'ਤੇ ਜ਼ੋਰ-ਸ਼ੋਰ ਨਾਲ ਆਪਣੀ ਸਫਾਈ ਦਿੰਦੇ ਰਹਿਣ ਤੇ ਭਾਜਪਾ 'ਤੇ ਘਟੀਆ ਸਿਆਸਤ ਕਰਨ ਦਾ ਦੋਸ਼ ਲਾਉਂਦੇ ਰਹਿਣ ਪਰ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਧੱਕਾ ਜ਼ਰੂਰ ਲੱਗਾ ਹੈ। 
ਲੋਕਾਂ ਨੂੰ ਸਮਝਾਉਣ ਅਤੇ ਅਕਸ ਨੂੰ ਲੱਗਾ ਦਾਗ਼ ਮਿਟਾਉਣ ਵੱਲ ਉਨ੍ਹਾਂ ਦਾ ਧਿਆਨ ਜ਼ਿਆਦਾ ਹੋਵੇਗਾ ਅਤੇ ਭਾਜਪਾ ਤੋਂ ਬਦਲਾ ਲੈਣ ਦੀ ਭਾਵਨਾ ਵੀ ਉਬਾਲੇ ਮਾਰੇਗੀ। ਅਜਿਹੀ ਸਥਿਤੀ 'ਚ ਹਾਰਦਿਕ ਪਟੇਲ ਰਾਖਵੇਂਕਰਨ ਦੇ ਮੁੱਦੇ 'ਤੇ ਕਾਂਗਰਸ ਨਾਲ ਹਰ ਹਾਲ 'ਚ ਸਮਝੌਤਾ ਕਰਨ ਲਈ ਮਜਬੂਰ ਹੋ ਜਾਣਗੇ। 
ਉਹ ਆਪਣੀਆਂ ਸ਼ਰਤਾਂ 'ਚ ਢਿੱਲ ਵੀ ਦੇ ਸਕਦੇ ਹਨ। ਹਾਰਦਿਕ ਪਟੇਲ ਕਾਂਗਰਸ 'ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਦਬਾਅ ਪਾਉਂਦੇ ਰਹੇ ਹਨ। ਕੁਝ ਨੇਤਾ ਤਾਂ ਇਸੇ ਵਜ੍ਹਾ ਕਰਕੇ ਹਾਰਦਿਕ ਪਟੇਲ ਨੂੰ ਛੱਡ ਕੇ ਭਾਜਪਾ ਦੇ ਪੱਖ ਵਿਚ ਜਾ ਚੁੱਕੇ ਹਨ। ਗੁਜਰਾਤ 'ਚ ਪਾਟੀਦਾਰਾਂ ਦੇ ਨੇਤਾ ਦੇ ਨਾਲ-ਨਾਲ ਕਾਂਗਰਸ ਓ. ਬੀ. ਸੀ. ਅਤੇ ਦਲਿਤ ਨੇਤਾਵਾਂ ਨਾਲ ਵੀ ਗੱਠਜੋੜ ਕਰ ਰਹੀ ਹੈ। ਅਜਿਹੀ ਸਥਿਤੀ 'ਚ ਤਿੰਨਾਂ ਧੜਿਆਂ ਨੂੰ ਇਕੱਠੇ ਸੰਤੁਸ਼ਟ ਕਰਨਾ ਅਤੇ ਟਿਕਟਾਂ ਵੰਡਣਾ ਬਹੁਤ ਮੁਸ਼ਕਿਲ ਕੰਮ ਹੈ। 
ਦਲਿਤ ਨੇਤਾ ਜਿਗਨੇਸ਼ ਕਾਂਗਰਸ 'ਚ ਆ ਹੀ ਚੁੱਕੇ ਹਨ ਤੇ ਅਲਪੇਸ਼ ਠਾਕੋਰ ਦੀ ਜ਼ਿੱਦ ਵੀ ਹੱਦ 'ਚ ਹੈ। ਸਿਰਫ ਹਾਰਦਿਕ ਪਟੇਲ ਹੀ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਦਬਾਅ ਪਾਉਂਦੇ ਰਹੇ ਹਨ। ਅਜਿਹੀ ਸਥਿਤੀ 'ਚ ਕਾਂਗਰਸ ਸੋਚ ਸਕਦੀ ਹੈ ਕਿ ਸੀ. ਡੀ. ਸਾਹਮਣੇ ਆਉਣ ਤੋਂ ਬਾਅਦ ਹੁਣ ਸ਼ਾਇਦ ਹਾਰਦਿਕ ਪਟੇਲ ਕੁਝ ਨਰਮ ਹੋ ਜਾਣ। 
ਇਸ ਸਮੇਂ ਇਹ ਕਹਿਣਾ ਤਾਂ ਮੁਸ਼ਕਿਲ ਹੈ ਕਿ 9 ਅਤੇ 14 ਦਸੰਬਰ ਨੂੰ ਜਦੋਂ ਗੁਜਰਾਤ ਦੇ ਵੋਟਰ ਵੋਟ ਪਾਉਣ ਲਈ ਲਾਈਨ 'ਚ ਖੜ੍ਹੇ ਹੋਣਗੇ ਤਾਂ ਕੀ ਸੀ. ਡੀ. ਉਦੋਂ ਉਨ੍ਹਾਂ ਦੇ ਜ਼ਿਹਨ ਵਿਚ ਹੋਵੇਗੀ? ਖਾਸ ਤੌਰ 'ਤੇ ਪਾਟੀਦਾਰ ਸਮਾਜ ਦੇ ਲੋਕ ਕੀ ਹਾਰਦਿਕ ਪਟੇਲ ਨੂੰ ਸਿਆਸੀ ਤੌਰ 'ਤੇ ਪੀੜਤ ਵਜੋਂ ਦੇਖਣਗੇ ਜਾਂ ਪੀੜ ਪਹੁੰਚਾਉਣ ਵਾਲੇ ਵਜੋਂ। ਸਵਾਲ ਇਹ ਵੀ ਉੱਠਦਾ ਹੈ ਕਿ ਜੇ ਸੀ. ਡੀ. ਅਸਲੀ ਹੈ ਤਾਂ ਕੀ ਹਾਰਦਿਕ ਪਟੇਲ ਦੀ ਕਰਤੂਤ ਨਾਕਾਬਿਲੇ ਬਰਦਾਸ਼ਤ ਹੈ? 
ਆਖਿਰ ਨੇਤਾ ਦਾ ਮਤਲਬ ਹੁੰਦਾ ਹੈ ਅਗਵਾਈ ਕਰਨ ਵਾਲਾ ਅਤੇ ਅਗਵਾਈ ਕਰਨ ਵਾਲਾ ਅਜਿਹਾ ਹੋਣਾ ਚਾਹੀਦਾ ਹੈ, ਜੋ ਹਰ ਤਰ੍ਹਾਂ ਦੇ ਦੋਸ਼ (ਕਲੰਕ) ਤੋਂ ਰਹਿਤ ਹੋਵੇ, ਜਿਸ ਦਾ ਦਾਮਨ ਪਾਕ-ਸਾਫ ਹੋਵੇ ਅਤੇ ਜਿਸ ਦੀ ਹਰ ਗੱਲ 'ਤੇ ਅੱਖਾਂ ਮੀਚ ਕੇ ਭਰੋਸਾ ਕੀਤਾ ਜਾ ਸਕੇ। ਸੀ. ਡੀ. ਕਾਂਡ ਸਾਹਮਣੇ ਆਉਣ ਤੋਂ ਬਾਅਦ ਹਾਰਦਿਕ ਪਟੇਲ ਹੁਣ ਨੇਤਾ ਅਤੇ ਲੀਡਰਸ਼ਿਪ ਦੇ ਇਸ ਪੈਮਾਨੇ 'ਤੇ ਕਿੰਨੇ ਖਰੇ ਉਤਰਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ। 
(vijayv@abpnews.in)