ਪੰ. ਪ੍ਰੇਮਨਾਥ ਡੋਗਰਾ ਦੀ ਮਹਾਨਤਾ ਅੱਜ ਵੀ ਕਾਇਮ

02/20/2017 7:14:42 AM

ਮੌਤ ਦੇ 45 ਸਾਲਾਂ ਬਾਅਦ ਵੀ ਪੰ. ਪ੍ਰੇਮਨਾਥ ਡੋਗਰਾ ਦਾ ਨਾਂ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਰਿਹਾਇਸ਼ ਸਿਆਸੀ ਸਰਗਰਮੀਆਂ ਦਾ ਕੇਂਦਰ ਬਣੀ ਹੋਈ ਹੈ, ਜਿਸ ਤੋਂ ਉਥੇ ਆਉਣ-ਜਾਣ ਵਾਲਿਆਂ ਨੂੰ ਪੰਡਿਤ ਜੀ ਦੀ ਮਹਾਨਤਾ ਦਾ ਅਹਿਸਾਸ ਹੁੰਦਾ ਹੈ। 
ਪੰਡਿਤ ਡੋਗਰਾ ਇਕ ਖਿਡਾਰੀ ਸਨ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਬੁਢਾਪੇ ਵਿਚ ਵੀ ਬਣੀ ਰਹੀ। ਉਹ ਇਕ ਉੱਤਮ ਪ੍ਰਸ਼ਾਸਕ ਸਨ। ਉਨ੍ਹਾਂ ਦੀ ਪ੍ਰਸ਼ਾਸਨਿਕ ਯੋਗਤਾ ਦੀ ਤਾਰੀਫ ਉਨ੍ਹਾਂ ਦੇ ਵਿਰੋਧੀ ਵੀ ਕਰਦੇ ਸਨ, ਬੇਸ਼ੱਕ ਉਨ੍ਹਾਂ ਨੂੰ ਮਹਾਰਾਜਾ ਦੇ ਦਰਬਾਰੀਆਂ ਦੀਆਂ ਚਾਲਾਂ ਕਾਰਨ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਗਿਆ। 
ਪੰ. ਪ੍ਰੇਮਨਾਥ ਡੋਗਰਾ ਸਮਾਜਿਕ ਬੁਰਾਈਆਂ ਵਿਰੁੱਧ ਉਮਰ ਭਰ ਸਰਗਰਮ ਰਹੇ। ਜਦੋਂ 1931 ਵਿਚ ਮਹਾਰਾਜਾ ਨੇ ਸਾਰਿਆਂ ਲਈ ਧਾਰਮਿਕ ਅਸਥਾਨਾਂ ਦੇ ਬੂਹੇ ਖੋਲ੍ਹਣ ਦਾ ਹੁਕਮ ਦਿੱਤਾ ਤਾਂ ਪੰ. ਡੋਗਰਾ ਨੇ ਛੂਤ-ਛਾਤ ਦੀ ਬੁਰਾਈ ਵਿਰੁੱਧ ਸਫਲ ਸੰਘਰਸ਼ ਕੀਤਾ ਤੇ ਅਜਿਹੇ ਕਦਮ ਚੁੱਕੇ, ਜਿਨ੍ਹਾਂ ਨਾਲ ਤਣਾਅ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ। 
ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦੌਰ ਦੇਸ਼ ਦੀ ਦੁਖਦਾਈ ਵੰਡ ਨਾਲ 1947 ਵਿਚ ਸ਼ੁਰੂ ਹੋਇਆ। ਵੰਡ ਤੋਂ ਕੁਝ ਹਫਤੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਸ਼ਰਨਾਰਥੀ ਗੁਆਂਢੀ ਪੰਜਾਬ ਤੇ ਸਰਹੱਦੀ ਸੂਬੇ ਤੋਂ ਪਹੁੰਚਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਦੀ ਅਸਥਾਈ ਸਹਾਇਤਾ ਲਈ ਪੰਡਿਤ ਜੀ ਨੇ ਭੋਜਨ ਆਦਿ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਪਰ ਪਾਕਿਸਤਾਨ ਬਣਨ ਦੇ ਨਾਲ ਹੀ ਹਾਲਾਤ ਹੋਰ ਵਿਗੜ ਗਏ। ਇਸ ਪਿੱਛੋਂ ਜੰਮੂ-ਕਸ਼ਮੀਰ ਦੇ ਭਵਿੱਖ ਅਤੇ ਸੂਬੇ ਦੇ ਰਲੇਵੇਂ ਦਾ ਸਵਾਲ ਵੀ ਉੱਭਰ ਕੇ ਸਾਹਮਣੇ ਆਇਆ। 
ਜੰਮੂ-ਕਸ਼ਮੀਰ ਸੂਬੇ  ਦੇ ਮਹਾਰਾਜਾ ਹਰੀ ਸਿੰਘ ਹਾਲਾਂਕਿ ਧਰਮ ਨਿਰਪੱਖ ਅਤੇ ਪੱਕੇ ਭਾਰਤੀ ਸਨ ਪਰ ਸੂਬੇ ਦਾ ਰਲੇਵਾਂ ਭਾਰਤ ''ਚ ਕਰਨ ਦੇ ਰਾਹ ਵਿਚ ਉਨ੍ਹਾਂ ਸਾਹਮਣੇ ਕਈ ਅੜਚਨਾਂ ਸਨ। ਬਾਅਦ ਵਿਚ ਪਾਕਿਸਤਾਨੀ ਹਮਲੇ ਕਾਰਨ ਮਹਾਰਾਜਾ ਨੂੰ ਮਜਬੂਰੀ ਵਿਚ ਭਾਰਤ ਨਾਲ ਸੂਬੇ ਦਾ ਰਲੇਵਾਂ ਕਰਨਾ ਪਿਆ ਤੇ ਨਾਲ ਹੀ ਉਨ੍ਹਾਂ ਨੇ ਸੱਤਾ ਸ਼ੇਖ ਮੁਹੰਮਦ ਅਬਦੁੱਲਾ ਨੂੰ ਸੌਂਪ ਦਿੱਤੀ ਪਰ ਇਸ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਦੇ ਖ਼ਦਸ਼ੇ ਸਹੀ ਸਿੱਧ ਹੋਏ ਅਤੇ ਉਨ੍ਹਾਂ ਨੂੰ ਜਿਹੜੀਆਂ ਸਥਿਤੀਆਂ ਵਿਚ ਇਕ ਤਰ੍ਹਾਂ ਨਾਲ ਜਲਾਵਤਨੀ ਵਾਲਾ ਜੀਵਨ ਬਿਤਾਉਣਾ ਪਿਆ, ਉਹ ਇਕ ਵੱਖਰੀ, ਲੰਮੀ ਤੇ ਦੁੱਖਭਰੀ ਗਾਥਾ ਹੈ। 
ਪੰਡਿਤ ਜੀ ਤੇ ਉਨ੍ਹਾਂ ਦੇ ਸਾਥੀਆਂ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਹੱਥਾਂ ਦਾ ਖਿਡੌਣਾ ਬਣਨ ਦੀ ਬਜਾਏ ਰਾਸ਼ਟਰਵਾਦੀ ਸੰਗਠਨ ''ਪਰਜਾ ਪ੍ਰੀਸ਼ਦ'' ਦੀ ਨੀਂਹ ਰੱਖੀ, ਜਿਸ ਦਾ ਉਦੇਸ਼ ਭਾਰਤ ਦੀ ਏਕਤਾ ਅਤੇ ਸੂਬੇ ਵਿਚ ਲੋਕਤੰਤਰਿਕ ਕਦਰਾਂ-ਕੀਮਤਾਂ ਸਥਾਪਤ ਕਰਨਾ ਸੀ। ਫਿਰ ਵੀ ਨਵੇਂ ਸੱਤਾਧਾਰੀਆਂ ਨੂੰ ਇਹ ਗੱਲ ਰਾਸ ਨਹੀਂ ਆਈ ਕਿਉਂਕਿ ਮਹਾਰਾਜਾ ਦੇ ਸ਼ਾਸਨ ਦਾ ਅੰਤ ਹੋਣ ਤੋਂ ਬਾਅਦ ਇਕ ਅਨੋਖਾ ਖਲਾਅ ਪੈਦਾ ਹੋ ਗਿਆ ਸੀ। 
ਕਸ਼ਮੀਰ ਵਾਦੀ ਵਿਚ ਤਾਂ ਨੈਸ਼ਨਲ ਕਾਨਫਰੰਸ ਇਕ ਮਜ਼ਬੂਤ ਸੰਗਠਨ ਸੀ, ਜਿਸ ਨੇ ਉਥੋਂ ਦੀ ਕਮਾਨ ਹੱਥ ਵਿਚ ਲੈ ਲਈ ਪਰ ਜੰਮੂ ਵਿਚ ਕਈ ਤਰ੍ਹਾਂ ਦੇ ਮੌਕਾਪ੍ਰਸਤ ਸਰਗਰਮ ਹੋ ਗਏ। ਇਨ੍ਹਾਂ ''ਚੋਂ ਕੁਝ ਮਹਾਰਾਜਾ ਦੇ ਦਰਬਾਰੀ ਕਹੇ ਜਾਣ ਵਾਲੇ ਲੋਕ ਵੀ ਸ਼ਾਮਿਲ ਸਨ, ਜਿਹੜੇ ਨਵੇਂ ਸੱਤਾਧਾਰੀਆਂ ਦੀਆਂ ਨਜ਼ਰਾਂ ਵਿਚ ''ਚੰਗੇ'' ਬਣਨ ਲਈ ਅਤੇ ''ਵਾਹ-ਵਾਹ'' ਖੱਟਣ ਲਈ ਕਈ ਤਰ੍ਹਾਂ ਦੇ ਸੁਰ ਕੱਢਣ ਲੱਗੇ। ਚਾਰੇ ਪਾਸੇ ਇਹ ਨਾਅਰੇ ਗੂੰਜਣ ਲੱਗੇ ਕਿ ''ਇਕ ਨੇਤਾ ਸ਼ੇਖ ਮੁਹੰਮਦ ਅਬਦੁੱਲਾ, ਇਕ ਸੰਗਠਨ ਨੈਸ਼ਨਲ ਕਾਨਫਰੰਸ ਦਾ ਝੰਡਾ—ਹਲ ਵਾਲਾ।''
ਜ਼ਿਕਰਯੋਗ ਹੈ ਕਿ ਉਦੋਂ ਸੂਬੇ ਵਿਚ ਕਾਂਗਰਸ ਦੀ ਕੋਈ ਇਕਾਈ ਤਕ ਨਹੀਂ ਸੀ। ਕਮਿਊਨਿਸਟ ਤਾਂ ਪਹਿਲਾਂ ਹੀ ਨੈਸ਼ਨਲ ਕਾਨਫਰੰਸ ਵਿਚ ਵੜੇ ਹੋਏ ਸਨ। ਸੱਤਾ ਵਿਚ ਤਬਦੀਲੀ ਤੋਂ ਬਾਅਦ ਕਾਂਗਰਸੀਆਂ ਨੇ ਵੀ ਨੈਸ਼ਨਲ ਕਾਨਫਰੰਸ ਨੂੰ ਆਪਣਾ ''ਆਲ੍ਹਣਾ'' ਬਣਾ ਲਿਆ। 1965 ਵਿਚ ਪਹਿਲੀ ਵਾਰ ਲਾਲ ਬਹਾਦੁਰ ਸ਼ਾਸਤਰੀ ਦੇ ਸ਼ਾਸਨਕਾਲ ਦੌਰਾਨ 26 ਜਨਵਰੀ ਨੂੰ ਇਸ ਸੂਬੇ ਵਿਚ ਕਾਂਗਰਸ ਹੋਂਦ ਵਿਚ ਆਈ ਤੇ ਉਨ੍ਹੀਂ ਦਿਨੀਂ ਹੀ ਜੰਮੂ-ਕਸ਼ਮੀਰ ਵਿਚ ਸੀ. ਪੀ. ਆਈ. ਦੀ ਇਕਾਈ ਬਣੀ।
1947 ਤੋਂ ਲੈ ਕੇ 1965 ਤਕ ਪਰਜਾ ਪ੍ਰੀਸ਼ਦ ਹੀ ਵਿਰੋਧੀ ਧਿਰ ਦਾ ਇਕੋ-ਇਕ ਸਿਆਸੀ ਸੰਗਠਨ ਸੀ ਪਰ ਇਹ ਜ਼ਿੰਮੇਵਾਰੀ ਨਿਭਾਉਣ ਲਈ ਪੰ. ਗਣੇਸ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਈ ਸਖਤ ਇਮਤਿਹਾਨਾਂ ''ਚੋਂ ਲੰਘਣਾ ਪਿਆ। ਉਨ੍ਹਾਂ ਨੂੰ ਕਈ ਵਾਰ ਲੰਮੀਆਂ-ਲੰਮੀਆਂ ਜੇਲ ਯਾਤਰਾਵਾਂ ਕਰਨੀਆਂ ਪਈਆਂ, ਕਿੰਨੇ ਹੀ ਲੋਕਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਦੇਸ਼ ਦੀ ਵਿਰੋਧੀ ਧਿਰ ਦੇ ਆਗੂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵੀ ਕਸ਼ਮੀਰ ''ਚ ਕੈਦ ਦੌਰਾਨ ਰਹੱਸਮਈ ਹਾਲਤ ਵਿਚ ਮੌਤ ਹੋ ਗਈ।
ਪਰ ਇਹ ਪੰਡਿਤ ਪ੍ਰੇਮਨਾਥ ਡੋਗਰਾ ਦੇ ਸੰਘਰਸ਼ ਦਾ ਸਿੱਟਾ ਸੀ ਕਿ ਜੰਮੂ ਨੂੰ ਇਕ ਪਛਾਣ ਮਿਲੀ ਤੇ ਇਹ ਸੂਬਾ ਇਕ ਲੋਕਤੰਤਰਿਕ ਪ੍ਰਣਾਲੀ ਦੇ ਤਹਿਤ ਦੇਸ਼ ਦੇ ਇਕ ਹਿੱਸੇ ਵਜੋਂ ਨਿਰਮਾਣ ਤੇ ਵਿਕਾਸ ਦੇ ਰਾਹ ''ਤੇ ਅੱਗੇ ਵਧਣ ਲੱਗਾ। 1948 ਵਿਚ ਜਦੋਂ ਦੇਸ਼ ਦੇ ਸੰਵਿਧਾਨ ਦੇ ਗਠਨ ਦਾ ਕੰਮ ਸ਼ੁਰੂ ਹੋਇਆ ਤਾਂ ਇਸ ਸੂਬੇ ਤੋਂ ਭਾਰਤੀ ਸੰਸਦ ਵਿਚ 4 ਨੁਮਾਇੰਦੇ ਸ਼ਾਮਿਲ ਕੀਤੇ ਗਏ, ਜਿਨ੍ਹਾਂ ਵਿਚ ਕਸ਼ਮੀਰ ਤੋਂ ਚੋਟੀ ਦੇ ਨੇਤਾ ਸ਼ੇਖ ਮੁਹੰਮਦ ਅਬਦੁੱਲਾ, ਕਾਨੂੰਨ ਮਾਹਿਰ ਮਿਰਜ਼ਾ ਮੁਹੰਮਦ ਅਫਜ਼ਲ ਬੇਗ ਅਤੇ ਰਾਜਨੇਤਾ ਮੌਲਾਨਾ ਮੌਸੂਦ ਤੋਂ ਇਲਾਵਾ ਜੰਮੂ ਤੋਂ ਸ਼੍ਰੀ ਮੋਤੀ ਰਾਮ ਨੂੰ ਸ਼ਾਮਿਲ ਕੀਤਾ ਗਿਆ। 
ਜਦੋਂ ਦੇਸ਼ ਦੇ ਸੰਵਿਧਾਨ ਦੇ ਗਠਨ ਲਈ ਖਰੜਾ ਤਿਆਰ ਹੋ ਰਿਹਾ ਸੀ ਤਾਂ ਇਸ ਸੂਬੇ ਦਾ ਨਾਂ ਸਿਰਫ ਕਸ਼ਮੀਰ ਰੱਖਿਆ ਗਿਆ ਸੀ ਤੇ ਭਾਸ਼ਾ ਕਸ਼ਮੀਰੀ ਪਰ ਜਦੋਂ ਪੰਡਿਤ ਡੋਗਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕੌਮੀ ਪੱਧਰ ਦੇ ਕਾਨੂੰਨ ਮਾਹਿਰਾਂ ਤੇ ਨੇਤਾਵਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਵਿਚ ਐੱਨ. ਸੀ. ਚੈਟਰਜੀ, ਸ਼ਿਬਨ ਲਾਲ ਸਕਸੈਨਾ ਤੇ ਹੋਰ ਕਈ ਨੇਤਾ ਸ਼ਾਮਿਲ ਸਨ, ਜਿਨ੍ਹਾਂ ਦੇ ਦਖਲ ਨਾਲ ਦੇਸ਼ ਦੇ ਸੰਵਿਧਾਨ ''ਚ ਸੂਬੇ ਦਾ ਨਾਂ ''ਜੰਮੂ ਐਂਡ ਕਸ਼ਮੀਰ'' ਰੱਖਿਆ ਗਿਆ ਪਰ ''ਡੋਗਰੀ'' ਨੂੰ ਖੇਤਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਇਕ ਲੰਮੀ ਉਡੀਕ ਕਰਨੀ ਪਈ, ਜੋ 2002 ਵਿਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨਕਾਲ ਦੌਰਾਨ ਮੁੱਕੀ। 
ਪੰਡਿਤ ਪ੍ਰੇਮਨਾਥ ਡੋਗਰਾ ਲੋਕਤੰਤਰਿਕ ਕਦਰਾਂ-ਕੀਮਤਾਂ ਉੱਤੇ ਭਰੋਸਾ ਰੱਖਦੇ ਸਨ ਅਤੇ ਹਰੇਕ ਵਿਸ਼ੇ ''ਤੇ ਦਲੀਲ ਤੋਂ ਕੰਮ ਲੈਂਦੇ ਸਨ। ਉਹ ਦੇਸ਼ ਦੀ ਏਕਤਾ ਤੇ ਭਾਈਚਾਰੇ ਦੇ ਪੁਜਾਰੀ ਸਨ ਅਤੇ ਧਰਮ ਦੇ ਆਧਾਰ ''ਤੇ ਕਿਸੇ ਵੀ ਵਿਤਕਰੇ ਦੇ ਸਖ਼ਤ ਵਿਰੁੱਧ ਸਨ। 
ਇਕ ਸ਼ਰਧਾਂਜਲੀ : ਪੰਡਿਤ ਜੀ ਦੀ ਮੌਤ ਤੋਂ ਬਾਅਦ ਇਕ ਸਮਾਗਮ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਰ. ਐੱਸ. ਐੱਸ. ਦੇ ਇਕ ਵੱਡੇ ਅਹੁਦੇਦਾਰ ਮਾਧਵ ਰਾਓ ਮੁਲਯੇ ਨੇ ਕਿਹਾ ਸੀ ਕਿ ਪੰਡਿਤ ਜੀ ਇਕ ਅਨੋਖੀ ਸ਼ਖਸੀਅਤ ਸਨ। ਜਿਸ ਯੁੱਗ ਵਿਚ ਨਿੱਜੀ ਹਿੱਤ, ਲੁੱਟ-ਖਸੁੱਟ, ਭ੍ਰਿਸ਼ਟਾਚਾਰ ਤੇ ਠੱਗੀ ਵਰਗੀਆਂ ਬੁਰਾਈਆਂ ਸਮਾਜ ਵਿਚ ਘਰ ਕਰ ਚੁੱਕੀਆਂ ਹੋਣ, ਉਸ ਯੁੱਗ ਵਿਚ ਨਿਸ਼ਕਾਮ ਸੇਵਾ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਭਰਪੂਰ ਸ਼ਖ਼ਸੀਅਤ ਦਾ ਹੋਣਾ ਕੀ ਅਸਾਧਾਰਨ ਗੱਲ ਨਹੀਂ? ਅਜਿਹਾ ਮਹਾਨ ਜੀਵਨ (ਸ਼ਖ਼ਸੀਅਤ) ਅੱਜ ਦੀ ਪੀੜ੍ਹੀ ਲਈ ਮਾਰਗਦਰਸ਼ਕ ਬਣਨ ਦੀ ਤਾਕਤ ਰੱਖਦਾ ਹੈ।