ਗਊ ਰੱਖਿਆ ਦੇ ਨਾਂ ''ਤੇ ਹੋ ਰਹੀਆਂ ''ਬੇਵਕੂਫੀਆਂ'' ਨੂੰ ਸਖ਼ਤੀ ਨਾਲ ਰੋਕੇ ਸਰਕਾਰ

07/23/2017 4:34:19 AM

ਗਊ ਰੱਖਿਆ ਦੇ ਨਾਂ 'ਤੇ ਹੋਣ ਵਾਲੇ ਕਤਲਾਂ ਦੀ ਬੀਤੇ ਵੀਰਵਾਰ ਅਰੁਣ ਜੇਤਲੀ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋ-ਟੁੱਕ ਸ਼ਬਦਾਂ ਵਿਚ ਕੀਤੀ ਗਈ ਨਿੰਦਾ ਨਾਲ ਉਨ੍ਹਾਂ ਉਚੱਕਿਆਂ ਨੂੰ ਇਕ ਸਖਤ ਸੰਦੇਸ਼ ਜਾਣਾ ਚਾਹੀਦਾ ਹੈ, ਜਿਹੜੇ ਗਊ ਹੱਤਿਆ ਦੇ ਨਾਂ 'ਤੇ ਕਤਲ ਤੇ ਵੱਢ-ਟੁੱਕ ਕਰਨ ਦਾ ਕੰਮ ਕਰ ਰਹੇ ਹਨ। ਅਜਿਹੀਆਂ ਕਰਤੂਤਾਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਸੱਭਿਅਕ ਸਮਾਜ ਅਜਿਹੇ ਪਸ਼ੂਆਂ ਵਰਗੇ ਰਵੱਈਏ ਦੀ ਇਜਾਜ਼ਤ ਨਹੀਂ ਦੇ ਸਕਦਾ।
ਆਪਣੇ ਨਿੱਜੀ ਅਪਰਾਧਿਕ ਤੇ ਹੋਰ ਏਜੰਡਿਆਂ ਨੂੰ ਅੱਗੇ ਵਧਾਉਣ ਲਈ ਗਊ ਮਾਤਾ ਦਾ ਸਹਾਰਾ ਲੈਣ ਵਾਲੇ ਅਜਿਹੇ ਗੁੰਡਿਆਂ ਵਿਰੁੱਧ ਕਾਨੂੰਨ ਦੀ ਸਮੁੱਚੀ ਤਾਕਤ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਸੱਚੇ ਗਊ ਭਗਤ ਗਊ ਮਾਤਾ ਦੇ ਨਾਂ 'ਤੇ ਦੂਜਿਆਂ ਦਾ ਕਤਲ ਨਹੀਂ ਕਰਦੇ। 
ਇਸ ਦੇ ਨਾਲ-ਨਾਲ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੋਦੀ ਸਰਕਾਰ ਵਿਰੁੱਧ ਨਫਰਤ ਨਾਲ ਭਰੇ ਆਲੋਚਕਾਂ ਤੇ ਉਨ੍ਹਾਂ ਨਾਲ ਕਤਾਰਬੱਧ ਲੁਕੇ ਸੁਆਰਥੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਸਾਡੀਆਂ ਧਾਰਮਿਕ ਤੇ ਸੱਭਿਆਚਾਰਕ ਮਾਨਤਾਵਾਂ ਵਿਚ ਗਊ ਦੀ ਖਾਸ ਮਹੱਤਤਾ ਹੈ। ਇਸ ਤੱਥ ਨੂੰ ਮਾਨਤਾ ਦਿੰਦਿਆਂ ਹੀ ਸੰਵਿਧਾਨ ਘਾੜਿਆਂ ਨੇ ਸਰਵਸੰਮਤੀ ਨਾਲ ਭਵਿੱਖੀ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦਿਆਂ ਗਊਆਂ ਨੂੰ ਬਚਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਗੱਲ ਕਹੀ ਸੀ, ਨਾਲ ਹੀ ਦੁੱਧ ਦੇਣ ਵਾਲੀਆਂ ਗਊਆਂ ਤੇ ਉਨ੍ਹਾਂ ਦੇ ਵੱਛੇ-ਵੱਛੀਆਂ ਨੂੰ ਮਾਰਨ ਦੀ ਵਿਸ਼ੇਸ਼ ਤੌਰ 'ਤੇ ਮਨਾਹੀ ਕੀਤੀ ਸੀ।
ਇਤਿਹਾਸਿਕ ਕਾਰਨਾਂ ਕਰਕੇ ਹਿੰਦੂਆਂ ਲਈ ਗਊ ਰੱਖਿਆ ਹਮੇਸ਼ਾ ਤਰਜੀਹ ਵਾਲਾ ਵਿਸ਼ਾ ਰਿਹਾ ਹੈ। ਉਂਝ ਆਧੁਨਿਕ ਦੌਰ ਵਿਚ ਗਊ ਪ੍ਰਤੀ ਆਸਥਾ ਦੇ ਕੁਝ ਬਿੰਦੂਆਂ ਨੂੰ ਰੱਦ ਕੀਤਾ ਜਾ ਸਕਦਾ ਹੈ, ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਸੂਅਰ ਦਾ ਮਾਸ ਖਾਣ 'ਤੇ ਪਾਬੰਦੀ ਨੂੰ ਆਧੁਨਿਕ ਦੌਰ ਵਿਚ ਰੱਦ ਕੀਤਾ ਗਿਆ ਹੈ। ਕੁਝ ਵੀ ਹੋਵੇ, ਸੱਭਿਅਤਾ ਨਾਲ ਸੰਬੰਧਿਤ ਮਾਨਤਾ 'ਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ। ਗਊ ਮਾਤਾ ਸਦੀਆਂ ਤੋਂ ਨਾ ਸਿਰਫ ਹਿੰਦੂਆਂ, ਸਗੋਂ ਸਮੁੱਚੇ ਭਾਰਤੀਆਂ ਲਈ ਪਵਿੱਤਰ ਪਸ਼ੂ ਵਾਲਾ ਦਰਜਾ ਰੱਖਦੀ ਆ ਰਹੀ ਹੈ। 
ਮੈਂ ਇਥੇ 1967 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰਨਾ ਚਾਹਾਂਗਾ, ਜਦੋਂ ਸਿਆਸੀ ਤੌਰ 'ਤੇ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਕਾਂਗਰਸ ਨੂੰ ਪਹਿਲਾ ਵੱਡਾ ਝਟਕਾ ਲੱਗਾ ਸੀ ਤੇ ਉਸ ਦੀ ਇਕੋ-ਇਕ ਵਜ੍ਹਾ ਇਹ ਸੀ ਕਿ ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਸੰਸਦ ਭਵਨ ਦੇ ਸਾਹਮਣੇ ਜਦੋਂ ਹਜ਼ਾਰਾਂ ਸਾਧੂ-ਸੰਤਾਂ ਨੇ ਗਊ ਹੱਤਿਆ 'ਤੇ ਮੁਕੰਮਲ ਪਾਬੰਦੀ ਦੀ ਮੰਗ ਕਰਦਿਆਂ ਘਿਰਾਓ ਕੀਤਾ ਸੀ ਤਾਂ ਪੁਲਸ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਸਨ, ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਸਨ, ਹਾਲਾਂਕਿ ਸਰਕਾਰੀ ਰਿਪੋਰਟਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਕਾਫੀ ਘਟਾ ਕੇ ਦੱਸੀ ਗਈ ਸੀ। 
ਸ਼ਾਇਦ ਇਹੋ ਵਜ੍ਹਾ ਹੈ ਕਿ ਅਤਿ-ਆਧੁਨਿਕ ਮਾਨਸਿਕਤਾ ਵਾਲਾ ਕੋਈ ਕਾਂਗਰਸੀ ਨੇਤਾ ਵੀ ਜਨਤਕ ਤੌਰ 'ਤੇ ਗਊ ਹੱਤਿਆ ਦਾ ਸਮਰਥਨ ਨਹੀਂ ਕਰਦਾ। ਬੇਸ਼ੱਕ ਕੋਈ ਗਊ ਦਾ ਮਾਸ ਖਾਂਦਾ ਹੋਵੇ ਪਰ ਜਨਤਕ ਤੌਰ 'ਤੇ ਇਸ ਦੀ ਉਪਲਬਧਤਾ ਅਤੇ ਖਪਤ ਦੀ ਵਕਾਲਤ ਕਰਨਾ ਬਹੁਤ ਬੇਵਕੂਫੀ ਵਾਲਾ ਕਦਮ ਹੋਵੇਗਾ। ਦੇਸ਼ ਦੇ ਕੁਝ ਛੋਟੇ-ਛੋਟੇ ਇਲਾਕਿਆਂ, ਜਿਥੇ ਸ਼ਰੇਆਮ ਗਊ ਦਾ ਮਾਸ ਖਾਧਾ ਜਾਂਦਾ ਹੈ, ਵਿਚ ਵੀ ਅਜਿਹਾ ਸਥਾਨਕ ਲੋਕਾਂ ਦੀਆਂ ਵਿਸ਼ੇਸ਼ ਸੱਭਿਆਚਾਰਕ ਤੇ ਧਾਰਮਿਕ ਮਾਨਤਾਵਾਂ ਕਾਰਨ ਹੀ ਹੁੰਦਾ ਹੈ। 
ਆਪਣੇ ਬਚਪਨ ਵਿਚ ਮੈਂ ਅਕਸਰ ਦੇਖਦਾ ਸੀ ਕਿ ਪਰਿਵਾਰਕ ਹਵੇਲੀ ਦੇ ਖੁੱਲ੍ਹੇ ਵਿਹੜੇ ਵਿਚ ਇਕ ਜਾਂ ਦੋ ਗਊਆਂ ਲੰਮਾ ਰੱਸਾ ਪਾ ਕੇ ਕੀਲੇ ਨਾਲ ਬੰਨ੍ਹੀਆਂ ਹੁੰਦੀਆਂ ਸਨ, ਜੋ ਘਾਹ ਚਰਦੀਆਂ ਰਹਿੰਦੀਆਂ ਸਨ। ਜਦੋਂ ਕੋਈ ਗਊ ਬੁੱਢੀ ਹੋ ਜਾਂਦੀ ਤਾਂ ਉਸ ਨੂੰ ਨੇੜਲੀ ਗਊਸ਼ਾਲਾ ਵਿਚ ਥੋੜ੍ਹੇ ਜਿਹੇ ਪੈਸੇ ਦੇ ਕੇ ਸ਼ਰਧਾਪੂਰਵਕ ਉਥੇ ਭੇਜ ਦਿੱਤਾ ਜਾਂਦਾ ਸੀ ਤੇ ਉਸ ਦੀ ਥਾਂ ਦੁੱਧ ਦੇਣ ਵਾਲੀ ਸੱਜਰੀ ਗਊ ਘਰ ਦੇ ਵਿਹੜੇ ਦਾ ਸ਼ਿੰਗਾਰ ਬਣ ਜਾਂਦੀ ਸੀ। 
ਪਰ ਹੁਣ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਅਜਿਹੀਆਂ ਗਊਸ਼ਾਲਾਵਾਂ ਨਾ ਸਿਰਫ ਬੰਦ ਹੋ ਗਈਆਂ ਹਨ, ਸਗੋਂ ਉਨ੍ਹਾਂ ਦੇ ਪ੍ਰਬੰਧਕ ਗਊਸ਼ਾਲਾਵਾਂ ਦੀ ਜ਼ਮੀਨ ਹਥਿਆਉਣ ਵਾਸਤੇ ਇਕ-ਦੂਜੇ ਨਾਲ ਲੜ ਰਹੇ ਹਨ ਕਿਉਂਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਜ਼ਮੀਨਾਂ ਦੇ ਭਾਅ ਬਹੁਤ ਵਧ ਗਏ ਹਨ ਤੇ ਵਿਚਾਰੀਆਂ ਬੁੱਢੀਆਂ, ਲਾਵਾਰਿਸ ਗਊਆਂ ਸ਼ਹਿਰਾਂ ਵਿਚ ਕੂੜੇ ਦੇ ਢੇਰਾਂ 'ਤੇ ਦਿਖਾਈ ਦਿੰਦੀਆਂ ਹਨ। 
ਮੇਰੇ ਅਜਿਹਾ ਕਹਿਣ ਦਾ ਭਾਵ ਇਹ ਹੈ ਕਿ ਗਊਆਂ ਦੀ ਹੱਤਿਆ ਕਰਨ ਤੇ ਰੱਖਿਆ ਕਰਨ ਦੇ ਮੁੱਦੇ 'ਤੇ ਉਲਝਣ ਦੀ ਬਜਾਏ ਧਰਮਾਰਥ ਗਊਸ਼ਾਲਾਵਾਂ ਦੇ ਤਾਣੇ-ਬਾਣੇ ਨੂੰ ਨਵੇਂ ਸਿਰਿਓਂ ਊਰਜਾਵਾਨ ਬਣਾਉਣ ਦੀ ਲੋੜ ਹੈ, ਜਿਵੇਂ ਕਿ ਸਾਂਝੇ ਪੰਜਾਬ ਤੇ ਪੱਛਮੀ ਯੂ. ਪੀ. ਵਿਚ ਵਿਆਪਕ ਤੌਰ 'ਤੇ ਹੁੰਦਾ ਸੀ। ਉਸ ਦੌਰ ਵਿਚ ਆੜ੍ਹਤੀਏ ਵੀ ਆਪਣੀ ਆੜ੍ਹਤ ਦੇ ਇਕ ਰੁਪਏ 'ਚੋਂ ਇਕ ਪੈਸਾ ਗਊਸ਼ਾਲਾਵਾਂ ਲਈ ਵੱਖਰੇ ਤੌਰ 'ਤੇ ਕੱਢਦੇ ਸਨ। ਅੱਜਕਲ ਤਾਂ ਐੱਫ. ਸੀ. ਆਈ. ਦੇ ਭ੍ਰਿਸ਼ਟ ਤੰਤਰ ਕਾਰਨ ਪੰਜਾਬ 'ਚੋਂ ਆੜ੍ਹਤੀਏ ਲਗਭਗ ਗਾਇਬ ਹੀ ਹੋ ਗਏ ਹਨ। 
ਇਸੇ ਦਰਮਿਆਨ ਰਾਜ ਸਭਾ ਵਿਚ ਗਊ ਰੱਖਿਅਕਾਂ ਦੇ ਮੁੱਦੇ 'ਤੇ ਹੋਈ ਬਹਿਸ ਨੇ ਇਸ ਦੇ ਆਲੋਚਕਾਂ ਦਾ ਹੰਕਾਰ ਤੇ ਪਾਖੰਡ ਫਿਰ ਬੇਨਕਾਬ ਕਰ ਦਿੱਤਾ ਹੈ। ਕਪਿਲ ਸਿੱਬਲ ਨੇ ਅੱਗ ਉਗਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਗਲੇਪਣ ਤੇ ਤੀਹਰੇਪਣ ਦਾ ਦੋਸ਼ ਲਗਾਇਆ। 
ਆਪਣੀ ਗੱਲ ਕਹਿਣ ਤੋਂ ਬਾਅਦ ਉਨ੍ਹਾਂ ਨੇ ਫਟਾਫਟ ਪੈਸਾ ਕਮਾਉਣ ਲਈ ਕਚਹਿਰੀ ਵੱਲ ਭੱਜਣ ਦੀ ਜਲਦੀ ਕੀਤੀ। ਉਨ੍ਹਾਂ ਦਾ ਇਹ ਰਵੱਈਆ ਅਤੇ ਹੋਰਨਾਂ ਆਲੋਚਕਾਂ ਦੀ ਮੌਜੂਦਗੀ ਦਾ ਪੱਧਰ ਇਹ ਦਿਖਾਉਂਦਾ ਹੈ ਕਿ ਮੋਦੀ ਵਿਰੋਧੀ ਬ੍ਰਿਗੇਡ ਇਸ ਮੁੱਦੇ 'ਤੇ ਚਰਚਾ ਲਈ ਗੰਭੀਰ ਨਹੀਂ, ਸਗੋਂ ਸਿਰਫ ਹੰਗਾਮਾ ਹੀ ਖੜ੍ਹਾ ਕਰਨਾ ਚਾਹੁੰਦੀ ਹੈ। 
ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਗਊ ਰੱਖਿਆ ਦੇ ਮੁੱਦੇ 'ਤੇ ਸਰਕਾਰ ਵਿਰੁੱਧ ਲੜਾਈ ਨੂੰ ਇਸ ਦੇ ਨਤੀਜੇ ਤਕ ਨਹੀਂ ਲਿਜਾਣਾ ਚਾਹੁੰਦੀ ਕਿਉਂਕਿ ਉਸ ਨੂੰ ਪਤਾ ਹੈ ਕਿ ਦੇਸ਼ ਦਾ ਆਮ ਵੋਟਰ ਜੇ ਆਪਣੇ ਦਿਮਾਗ ਤੋਂ ਨਹੀਂ ਤਾਂ ਦਿਲੋਂ ਜ਼ਰੂਰ ਗਊ ਨੂੰ ਪਵਿੱਤਰ ਮੰਨਦਾ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਕਮਿਊਨਿਸਟਾਂ ਦੇ ਪੱਖ ਵਿਚ ਪੂਰੀ ਤਰ੍ਹਾਂ ਖੜ੍ਹੇ ਹੋਣ ਤੋਂ ਝਿਜਕਦੀ ਹੈ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਕੇਰਲਾ ਵਿਚ ਗਊ ਹੱਤਿਆ ਅਤੇ ਗਊ ਦਾ ਮਾਸ ਖਾਣ ਬਾਰੇ ਉਤਸਵ ਮਨਾਇਆ ਸੀ। 
ਉਂਝ ਵੀ ਪਿਛਲੇ 3 ਸਾਲਾਂ ਦੌਰਾਨ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਕਾਂਗਰਸ ਖੁਦ ਨੂੰ ਘੱਟਗਿਣਤੀਆਂ ਦੇ ਤੁਸ਼ਟੀਕਰਨ ਦੇ ਦੋਸ਼ ਤੋਂ ਬਚਾਉਣ ਪ੍ਰਤੀ ਕਾਫੀ ਚੌਕਸ ਹੋ ਗਈ ਲਗਦੀ ਹੈ। ਇਹੋ ਵਜ੍ਹਾ ਹੈ ਕਿ ਗਊ ਹੱਤਿਆ ਦੇ ਨਾਂ 'ਤੇ ਹੋਈਆਂ ਹੱਤਿਆਵਾਂ ਤੇ ਮਾਰਕੁਟਾਈ ਦਾ ਹਮਲਾਵਰ ਢੰਗ ਨਾਲ ਵਿਰੋਧ ਕਰਨ ਤੋਂ ਇਹ ਡਰਦੀ ਹੈ। 
ਪਰ ਸਰਕਾਰ ਨੂੰ ਗਊ ਰੱਖਿਆ ਦੇ ਨਾਂ 'ਤੇ ਹੋ ਰਹੀਆਂ ਬੇਵਕੂਫੀਆਂ ਨੂੰ ਸਖ਼ਤੀ ਨਾਲ ਰੋਕਣਾ ਪਵੇਗਾ ਕਿਉਂਕਿ ਵਿਵਸਥਾ ਨੂੰ ਦਰੁਸਤ ਕਰਨ ਦੇ ਜਿੰਨੇ ਵੀ ਯਤਨ ਕੀਤੇ ਗਏ ਹਨ, ਉਨ੍ਹਾਂ ਪ੍ਰਾਪਤੀਆਂ 'ਤੇ ਇਹ ਬੇਵਕੂਫੀਆਂ ਪਾਣੀ ਫੇਰ ਰਹੀਆਂ ਹਨ।