ਗੁੱਡ ਫ੍ਰਾਈਡੇ ਅਤੇ ਚੋਣਾਂ!

04/19/2019 8:08:03 AM

ਕੀ ਤੁਸੀਂ ਕਦੇ ਇਸ ਗੱਲ ’ਤੇ ਗੌਰ ਕੀਤਾ ਹੈ ਕਿ ਗੁੱਡ ਫ੍ਰਾਈਡੇ (ਜੋ ਅਸੀਂ ਅੱਜ ਮਨਾ ਰਹੇ ਹਾਂ) ਅਤੇ ਸਾਡੀਆਂ ਚੋਣਾਂ ’ਚ ਕੋਈ ਸਾਂਝੀ ਗੱਲ ਹੈ? ਮੈਂ ਸੋਚ ਰਿਹਾ ਸੀ ਕਿ ਕੀ ਇਨ੍ਹਾਂ ਦੋਹਾਂ ਖਾਸ ਦਿਨਾਂ ’ਚ ਕੋਈ ਅਜਿਹਾ ਸੰਯੋਗ ਹੈ ਕਿ ਦੋਵੇਂ ਇਕ ਹੀ ਸਮੇਂ ਦੇ ਆਸਪਾਸ ਆਉਂਦੇ ਹਨ? ਮੈਂ ਇਸ ਬਾਰੇ ਵਿਚਾਰ ਕੀਤਾ ਤੇ ਦੇਖਿਆ ਕਿ ਇਨ੍ਹਾਂ ਦੋਹਾਂ ’ਚ ਕਾਫੀ ਸਮਾਨਤਾਵਾਂ ਹਨ। ਇਹ ਦੋਵੇਂ ਮੌਕੇ (ਗੁੱਡ ਫ੍ਰਾਈਡੇ ਹੋਵੇ ਜਾਂ ਵੋਟਾਂ ਵਾਲਾ ਦਿਨ) ਚੋਣ ਕਰਨ ਦੇ ਨਾਲ-ਨਾਲ ਨਕਾਰਨ ਦੇ ਵੀ ਹੁੰਦੇ ਹਨ। ਯਿਸੂ ਮਸੀਹ ਨੂੰ ਸੂਲੀ ’ਤੇ ਲਟਕਾਏ ਜਾਣ ਤੋਂ ਪਹਿਲੀ ਰਾਤ ਜੂਡੀਆ ਦੇ ਗਵਰਨਰ ਪਾਇਲਟ ਸਾਹਮਣੇ ਪੇਸ਼ ਕੀਤਾ ਗਿਆ ਤੇ ਪਾਇਲਟ ਨੇ ਲੋਕਾਂ ਵੱਲ ਮੁੜਦਿਆਂ ਪੁੱਛਿਆ, ‘‘ਮੈਂ ਇਸ ਆਦਮੀ ਦਾ ਕੀ ਕਰਾਂਗਾ?’’ ਠੀਕ ਇਹੋ ਗੱਲ ਪੋਲਿੰਗ ਬੂਥ ਪੁੱਛਦਾ ਹੈ, ਜਦੋਂ ਤੁਸੀਂ ਵੋਟ ਪਾਉਣ ਲਈ ਉਥੇ ਜਾਂਦੇ ਹੋ। ਲੋਕ ਚਿੱਲਾ ਕੇ ਪਾਇਲਟ ਨੂੰ ਬੋਲੇ, ‘‘ਇਸ ਨੂੰ ਸੂਲੀ ’ਤੇ ਲਟਕਾ ਦਿਓ, ਇਸ ਨੂੰ ਸੂਲੀ ’ਤੇ ਲਟਕਾ ਦਿਓ।’’ ਜੋ ਲੋਕ ਇਹ ਚਿੱਲਾ ਰਹੇ ਸਨ, ਉਨ੍ਹਾਂ ਨੇ ਯਿਸੂ ਮਸੀਹ ਨੂੰ ਚਮਤਕਾਰੀ ਕੰਮ ਕਰਦਿਆਂ ਦੇਖਿਆ ਸੀ, ਜਿਵੇਂ ਇਕ ਅੰਨ੍ਹੇ ਨੂੰ ਦੇਖਣ ਦੀ ਸ਼ਕਤੀ ਦਿੰਦਿਆਂ, ਲੰਗੜੇ ਨੂੰ ਚਲਾਉਂਦਿਆਂ ਅਤੇ ਇਕ ਵਿਅਕਤੀ ਨੂੰ ਕਬਰ ’ਚੋਂ ਉਠਾਉਂਦਿਆਂ ਦੇਖਿਆ ਸੀ, ਜਿਸ ਨੂੰ ਲੋਕਾਂ ਨੇ ਮਰਿਆ ਹੋਇਆ ਸਮਝ ਲਿਆ ਸੀ ਤੇ ਫਿਰ ਵੀ ਉਹ ਚਿੱਲਾਉਂਦੇ ਹਨ ਕਿ ‘‘ਇਸ ਨੂੰ ਸੂਲੀ ’ਤੇ ਲਟਕਾ ਦਿਓ।’’ ਇਸੇ ਤਰ੍ਹਾਂ ਅੱਜਕਲ ਦੇਸ਼ ਭਰ ’ਚ ਚੱਲ ਰਹੀਆਂ ਚੋਣ ਸਰਗਰਮੀਆਂ ਤੋਂ ਬਾਅਦ ਬਹੁਤ ਸਾਰੇ ਉਮੀਦਵਾਰ ਆਖਰੀ ਨਤੀਜੇ ਨੂੰ ਕਾਫੀ ਬੇਯਕੀਨੀ ਨਾਲ ਦੇਖਣਗੇ ਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਬਹੁਤ ਸਾਰੇ ਪ੍ਰਾਜੈਕਟ ਪੂਰੇ ਕਰਨ, ਆਪਣੇ ਲੋਕ ਸਭਾ ਹਲਕੇ ਨੂੰ ਗਰੀਬੀ ’ਚੋਂ ਬਾਹਰ ਕੱਢਣ ਤੇ ਲੋਕਾਂ ਲਈ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ।

ਚੋਣ ਨਤੀਜੇ ਆਉਣ ’ਤੇ ਉਮੀਦਵਾਰ ਉਨ੍ਹਾਂ ਨੂੰ ਬੇਯਕੀਨੀ ਨਾਲ ਦੇਖਦੇ ਹਨ। ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਚੋਣਾਂ ਹਾਰ ਗਏ ਹਨ ਪਰ....ਯਿਸੂ ਮਸੀਹ ਵਾਲੀ ਘਟਨਾ ਤੇ ਚੋਣਾਂ ਦੀ ਸਮਾਨਤਾ ਇਥੇ ਹੀ ਖਤਮ ਨਹੀਂ ਹੋ ਜਾਂਦੀ ਕਿਉਂਕਿ ਯਿਸੂ ਮਸੀਹ ਆਪਣੀ ਮੌਤ ਦੇ ਜ਼ਰੀਏ ਵੀ ਜਿੱਤ ਗਏ ਸਨ। ਜਦੋਂ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਜਾਂ ਧਾਰਮਿਕ ਗ੍ਰੰਥ ਪੜ੍ਹਦੇ ਹੋ ਤਾਂ ਤੁਹਾਡੇ ਮਨ ’ਚ ਸਵਾਲ ਉੱਠ ਸਕਦਾ ਹੈ ਕਿ ਅਸੀਂ ਕਿਹੋ ਜਿਹੀ ਜਿੱਤ ਦੀ ਗੱਲ ਕਰ ਰਹੇ ਹਾਂ। ਇਕ ਪਵਿੱਤਰ ਆਦਮੀ, ਜਿਸ ਨੂੰ ਯੇਰੂਸ਼ਲਮ ਦੀਆਂ ਗਲੀਆਂ ’ਚ ਘੜੀਸਿਆ ਗਿਆ, ਰੋਮਨ ਸਿਪਾਹੀਆਂ ਵਲੋਂ ਕੋੜੇ ਮਾਰੇ ਗਏ, ਜਿਸ ’ਤੇ ਲੋਕਾਂ ਨੇ ਥੁੱਕਿਆ, ਇਥੋਂ ਤਕ ਕਿ ਜਿਸ ਨੂੰ ਭਾਰੀ ਲੱਕੜੀ ਦੀ ਸਲੀਬ ਚੁੱਕ ਕੇ ਲਿਜਾਣੀ ਪਈ, ਇਸ ਨੂੰ ਜੇਤੂ ਕਿਵੇਂ ਕਿਹਾ ਜਾ ਸਕਦਾ ਹੈ? ਜਿਸ ਵਿਅਕਤੀ ਦੇ ਹੱਥਾਂ ਤੇ ਲੱਤਾਂ ’ਚ ਕ੍ਰਾਸ (ਸਲੀਬ) ਨਾਲ ਕਿੱਲਾਂ ਗੱਡ ਦਿੱਤੀਆਂ ਗਈਆਂ, ਉਸ ਨੂੰ ਜੇਤੂ ਕਿਵੇਂ ਕਿਹਾ ਜਾ ਸਕਦਾ ਹੈ। ਇਥੇ ਇਕ ਸੱਚਾਈ ਲੁਕੀ ਹੈ ਕਿ ਆਪਣੀ ਮੌਤ ਦੇ ਜ਼ਰੀਏ ਹੀ ਉਹ ਤੁਹਾਡੇ ਲਈ ਤੇ ਮੇਰੇ ਲਈ ਮੁਕਤੀਦਾਤਾ ਬਣ ਸਕਦੇ ਸਨ ਕਿਉਂਕਿ ਉਹ ਮੇਰੀਆਂ ਗਲਤੀਆਂ ਤੇ ਪਾਪਾਂ ਦੀ ਜ਼ਿੰਮੇਵਾਰੀ ਆਪਣੇ ’ਤੇ ਲੈ ਕੇ ਮਰੇ ਸਨ, ਜਿਸ ਕਾਰਨ ਅੱਜ ਮੇਰੀ ਈਸ਼ਵਰ ਤਕ ਸਿੱਧੀ ਪਹੁੰਚ ਹੈ। ਉਹ ਮੈਨੂੰ ਬੁਰਾਈ ਦੀ ਤਾਕਤ ਤੋਂ ਮੁਕਤ ਕਰਨ ਲਈ ਮਰੇ ਸਨ। ਉਨ੍ਹਾਂ ਦੀ ਮੌਤ ਇਕ ਜਿੱਤ ਸੀ, ਜਦਕਿ ਚੋਣਾਂ ’ਚ ਹਾਰਨ ਵਾਲਾ ਤਾਂ ਬਾਹਰ ਹੋ ਜਾਂਦਾ ਹੈ। ਇਸ ਮਾਮਲੇ ’ਚ 2000 ਸਾਲ ਪਹਿਲਾਂ ‘ਗੁੱਡ ਫ੍ਰਾਈਡੇ’ ਵਾਲੇ ਦਿਨ ਪ੍ਰਭੂ ਯਿਸੂ ਹਾਰ ਕੇ ਵੀ ਜੇਤੂ ਰਹੇ ਸਨ।

(bobsbanter@gmail.com)

Bharat Thapa

This news is Content Editor Bharat Thapa